ਰੋਮੀਆਂ 9
9
ਇਸਰਾਏਲੀਆਂ ਵੱਲੋਂ ਪਰਮੇਸ਼ਰ ਦਾ ਇਨਕਾਰ
1ਮੈਂ ਮਸੀਹ ਵਿੱਚ ਸੱਚ ਕਹਿੰਦਾ ਹਾਂ, ਝੂਠ ਨਹੀਂ ਬੋਲਦਾ ਅਤੇ ਮੇਰਾ ਵਿਵੇਕ ਵੀ ਪਵਿੱਤਰ ਆਤਮਾ ਵਿੱਚ ਮੇਰੀ ਗਵਾਹੀ ਦਿੰਦਾ ਹੈ 2ਕਿ ਮੈਨੂੰ ਵੱਡਾ ਸੋਗ ਹੈ ਅਤੇ ਮੇਰਾ ਮਨ ਲਗਾਤਾਰ ਦੁਖੀ ਰਹਿੰਦਾ ਹੈ। 3ਮੈਂ ਚਾਹੁੰਦਾ ਸੀ ਕਿ ਆਪਣੇ ਭਾਈਆਂ ਦੇ ਲਈ ਜਿਹੜੇ ਸਰੀਰ ਦੇ ਅਨੁਸਾਰ ਮੇਰੇ ਸੰਬੰਧੀ ਹਨ ਆਪ ਮਸੀਹ ਵੱਲੋਂ ਸਰਾਪੀ ਠਹਿਰਾਇਆ ਜਾਂਦਾ। 4ਉਹ ਇਸਰਾਏਲੀ ਹਨ ਅਤੇ ਪੁਤਰੇਲਾਪਣ, ਮਹਿਮਾ, ਨੇਮ, ਬਿਵਸਥਾ ਨੂੰ ਪ੍ਰਾਪਤ ਕਰਨਾ, ਸੇਵਾ-ਉਪਾਸਨਾ ਅਤੇ ਵਾਇਦੇ, ਇਹ ਉਨ੍ਹਾਂ ਦੇ ਹੀ ਹਨ। 5ਪੁਰਖੇ ਉਨ੍ਹਾਂ ਵਿੱਚੋਂ ਹੀ ਹਨ ਅਤੇ ਮਸੀਹ ਵੀ ਸਰੀਰ ਦੇ ਅਨੁਸਾਰ ਉਨ੍ਹਾਂ ਵਿੱਚੋਂ ਹੀ ਹੋਇਆ ਜਿਹੜਾ ਸਾਰਿਆਂ ਉੱਤੇ ਯੁਗੋ-ਯੁਗ ਧੰਨ ਪਰਮੇਸ਼ਰ ਹੈ। ਆਮੀਨ।
ਪਰਮੇਸ਼ਰ ਦੀ ਕਿਰਪਾ ਦੁਆਰਾ ਚੋਣ
6ਪਰ ਇਹ ਨਹੀਂ ਕਿ ਪਰਮੇਸ਼ਰ ਦਾ ਵਚਨ ਵਿਅਰਥ ਹੋ ਗਿਆ, ਕਿਉਂਕਿ ਜਿਹੜੇ ਇਸਰਾਏਲ ਦੀ ਅੰਸ ਵਿੱਚੋਂ ਹਨ ਉਹ ਸਾਰੇ ਇਸਰਾਏਲੀ ਨਹੀਂ ਹਨ 7ਅਤੇ ਨਾ ਹੀ ਅਬਰਾਹਾਮ ਦੀ ਅੰਸ ਹੋਣ ਕਰਕੇ ਸਾਰੇ ਸੰਤਾਨ ਹਨ, ਪਰ ਲਿਖਿਆ ਹੈ,“ਇਸਹਾਕ ਤੋਂ ਤੇਰੀ ਅੰਸ ਪੁਕਾਰੀ ਜਾਵੇਗੀ।”#ਉਤਪਤ 21:12 8ਅਰਥਾਤ ਸਰੀਰ ਦੀ ਸੰਤਾਨ ਪਰਮੇਸ਼ਰ ਦੀ ਸੰਤਾਨ ਨਹੀਂ ਹੈ, ਸਗੋਂ ਵਾਇਦੇ ਦੀ ਸੰਤਾਨ ਅੰਸ ਗਿਣੀ ਜਾਂਦੀ ਹੈ। 9ਕਿਉਂਕਿ ਵਾਇਦੇ ਦਾ ਵਚਨ ਇਹ ਹੈ,“ਮੈਂ ਇਸੇ ਸਮੇਂ ਦੇ ਅਨੁਸਾਰ ਆਵਾਂਗਾ ਅਤੇ ਸਾਰਾਹ ਦੇ ਇੱਕ ਪੁੱਤਰ ਹੋਵੇਗਾ।”#ਉਤਪਤ 18:10,14
10ਕੇਵਲ ਐਨਾ ਹੀ ਨਹੀਂ, ਬਲਕਿ ਜਦੋਂ ਰਿਬਕਾਹ ਵੀ ਇੱਕ ਮਨੁੱਖ ਅਰਥਾਤ ਸਾਡੇ ਪੁਰਖੇ ਇਸਹਾਕ ਤੋਂ ਗਰਭਵਤੀ ਹੋਈ 11ਤਾਂ ਹਾਲਾਂਕਿ ਬੱਚੇ ਅਜੇ ਜਨਮੇ ਵੀ ਨਹੀਂ ਸਨ ਅਤੇ ਨਾ ਉਨ੍ਹਾਂ ਕੁਝ ਭਲਾ ਜਾਂ ਬੁਰਾ ਕੀਤਾ ਸੀ, ਪਰ ਇਸ ਲਈ ਕਿ ਪਰਮੇਸ਼ਰ ਦੀ ਚੋਣ ਦਾ ਉਦੇਸ਼ 12ਕੰਮਾਂ ਅਨੁਸਾਰ ਨਹੀਂ ਸਗੋਂ ਬੁਲਾਉਣ ਵਾਲੇ ਦੇ ਕਾਰਨ ਪੂਰਾ ਹੋਵੇ, ਰਿਬਕਾਹ ਨੂੰ ਕਿਹਾ ਗਿਆ,“ਵੱਡਾ ਛੋਟੇ ਦੀ ਟਹਿਲ ਕਰੇਗਾ।”#ਉਤਪਤ 25:23 13ਜਿਵੇਂ ਲਿਖਿਆ ਹੈ:“ਮੈਂ ਯਾਕੂਬ ਨੂੰ ਪਿਆਰਾ ਜਾਣਿਆ, ਪਰ ਏਸਾਉ ਨੂੰ ਪਿਆਰਾ ਨਾ ਜਾਣਿਆ।”#ਮਲਾਕੀ 1:2-3
ਪਰਮੇਸ਼ਰ ਦੀ ਚੋਣ ਸਹੀ ਹੈ
14ਤਾਂ ਅਸੀਂ ਕੀ ਕਹੀਏ? ਕੀ ਪਰਮੇਸ਼ਰ ਅਨਿਆਂਈ ਹੈ? ਬਿਲਕੁਲ ਨਹੀਂ! 15ਕਿਉਂਕਿ ਉਹ ਮੂਸਾ ਨੂੰ ਕਹਿੰਦਾ ਹੈ,“ਜਿਸ ਉੱਤੇ ਮੈਂ ਦਇਆ ਕਰਨੀ ਚਾਹਾਂ ਮੈਂ ਦਇਆ ਕਰਾਂਗਾ ਅਤੇ ਜਿਸ ਉੱਤੇ ਰਹਿਮ ਕਰਨਾ ਚਾਹਾਂ ਮੈਂ ਰਹਿਮ ਕਰਾਂਗਾ।”#ਕੂਚ 33:19 16ਸੋ ਇਹ ਨਾ ਤਾਂ ਚਾਹੁਣ ਵਾਲੇ ਦੀ ਅਤੇ ਨਾ ਹੀ ਦੌੜ ਭੱਜ ਕਰਨ ਵਾਲੇ ਦੀ, ਸਗੋਂ ਦਇਆ ਕਰਨ ਵਾਲੇ ਪਰਮੇਸ਼ਰ ਦੀ ਮਰਜ਼ੀ ਹੈ। 17ਕਿਉਂਕਿ ਲਿਖਤ ਫ਼ਿਰਊਨ ਨੂੰ ਕਹਿੰਦੀ ਹੈ,“ਮੈਂ ਤੈਨੂੰ ਇਸੇ ਲਈ ਖੜ੍ਹਾ ਕੀਤਾ ਕਿ ਤੇਰੇ ਵਿੱਚ ਆਪਣੀ ਸਮਰੱਥਾ ਪਰਗਟ ਕਰਾਂ ਤਾਂਕਿ ਸਾਰੀ ਧਰਤੀ ਉੱਤੇ ਮੇਰੇ ਨਾਮ ਦੀ ਘੋਸ਼ਣਾ ਹੋਵੇ।”#ਕੂਚ 9:16 18ਸੋ ਉਹ ਜਿਸ ਉੱਤੇ ਚਾਹੁੰਦਾ ਹੈ ਦਇਆ ਕਰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਕਠੋਰ ਬਣਾ ਦਿੰਦਾ ਹੈ।
19ਹੁਣ ਤੂੰ ਮੈਨੂੰ ਕਹੇਂਗਾ, “ਤਾਂ ਉਹ ਅਜੇ ਵੀ ਦੋਸ਼ ਕਿਉਂ ਲੱਭਦਾ ਹੈ? ਕਿਉਂਕਿ ਉਸ ਦੀ ਮਰਜ਼ੀ ਦਾ ਸਾਹਮਣਾ ਕਿਸ ਨੇ ਕੀਤਾ?” 20ਹੇ ਮਨੁੱਖਾ, ਤੂੰ ਪਰਮੇਸ਼ਰ ਦੇ ਸਾਹਮਣੇ ਮੁੜ ਕੇ ਜਵਾਬ ਦੇਣ ਵਾਲਾ ਕੌਣ ਹੁੰਦਾ ਹੈਂ? ਕੀ ਸਿਰਜਣਾ ਆਪਣੇ ਸਿਰਜਣਹਾਰ ਨੂੰ ਕਹੇਗੀ, “ਤੂੰ ਮੈਨੂੰ ਅਜਿਹਾ ਕਿਉਂ ਬਣਾਇਆ?” 21ਕੀ ਘੁਮਿਆਰ ਨੂੰ ਮਿੱਟੀ ਉੱਤੇ ਹੱਕ ਨਹੀਂ ਕਿ ਮਿੱਟੀ ਦੇ ਇੱਕੋ ਪੇੜੇ ਤੋਂ ਇੱਕ ਆਦਰ ਦਾ ਅਤੇ ਇੱਕ ਨਿਰਾਦਰ ਦਾ ਬਰਤਨ ਬਣਾਵੇ? 22ਤਾਂ ਇਸ ਵਿੱਚ ਕੀ ਹੈਰਾਨੀ ਹੈ ਕਿ ਪਰਮੇਸ਼ਰ ਨੇ ਆਪਣਾ ਕ੍ਰੋਧ ਅਤੇ ਆਪਣੀ ਸਮਰੱਥਾ ਪਰਗਟ ਕਰਨ ਦੀ ਇੱਛਾ ਨਾਲ ਕ੍ਰੋਧ ਦੇ ਬਰਤਨਾਂ ਨੂੰ ਜੋ ਨਾਸ ਲਈ ਤਿਆਰ ਕੀਤੇ ਗਏ ਸਨ ਬੜੇ ਧੀਰਜ ਨਾਲ ਸਹਿਣ ਕੀਤਾ 23ਤਾਂਕਿ ਉਹ ਆਪਣੀ ਮਹਿਮਾ ਦੇ ਧਨ ਨੂੰ ਉਨ੍ਹਾਂ ਦਇਆ ਦੇ ਬਰਤਨਾਂ ਉੱਤੇ ਪਰਗਟ ਕਰੇ ਜਿਨ੍ਹਾਂ ਨੂੰ ਉਸ ਨੇ ਮਹਿਮਾ ਦੇ ਲਈ ਪਹਿਲਾਂ ਹੀ ਤਿਆਰ ਕੀਤਾ, 24ਅਰਥਾਤ ਸਾਡੇ ਉੱਤੇ ਜਿਨ੍ਹਾਂ ਨੂੰ ਉਸ ਨੇ ਨਾ ਕੇਵਲ ਯਹੂਦੀਆਂ ਵਿੱਚੋਂ, ਬਲਕਿ ਪਰਾਈਆਂ ਕੌਮਾਂ ਵਿੱਚੋਂ ਵੀ ਬੁਲਾਇਆ। 25ਜਿਵੇਂ ਕਿ ਉਹ ਹੋਸ਼ੇਆ ਦੀ ਪੁਸਤਕ ਵਿੱਚ ਕਹਿੰਦਾ ਹੈ:
ਮੈਂ ਉਨ੍ਹਾਂ ਨੂੰ ਜਿਹੜੇ “ਮੇਰੀ ਪਰਜਾ” ਨਹੀਂ ਸਨ
“ਆਪਣੀ ਪਰਜਾ” ਕਹਾਂਗਾ
ਅਤੇ ਉਸ ਨੂੰ ਜਿਹੜੀ “ਪਿਆਰੀ” ਨਹੀਂ ਸੀ
“ਪਿਆਰੀ” ਕਹਾਂਗਾ। #
ਹੋਸ਼ੇਆ 2:23
26 ਅਤੇ ਇਸ ਤਰ੍ਹਾਂ ਹੋਵੇਗਾ ਕਿ ਜਿਸ ਸਥਾਨ 'ਤੇ ਉਨ੍ਹਾਂ ਨੂੰ ਕਿਹਾ ਗਿਆ ਸੀ,
“ਤੁਸੀਂ ਮੇਰੀ ਪਰਜਾ ਨਹੀਂ ਹੋ,”
ਉੱਥੇ ਹੀ ਉਹ “ਜੀਉਂਦੇ ਪਰਮੇਸ਼ਰ ਦੀ
ਸੰਤਾਨ” ਕਹਾਉਣਗੇ। #
ਹੋਸ਼ੇਆ 1:10
27ਯਸਾਯਾਹ ਇਸਰਾਏਲ ਦੇ ਵਿਖੇ ਪੁਕਾਰ ਕੇ ਕਹਿੰਦਾ ਹੈ,“ਭਾਵੇਂ ਇਸਰਾਏਲ ਦੀ ਸੰਤਾਨ ਦੀ ਗਿਣਤੀ ਸਮੁੰਦਰ ਦੀ ਰੇਤ ਜਿੰਨੀ ਹੋਵੇ, ਤਾਂ ਵੀ ਥੋੜ੍ਹੇ ਹੀ ਬਚਾਏ ਜਾਣਗੇ, 28ਕਿਉਂਕਿ ਪ੍ਰਭੂ ਆਪਣਾ ਨਿਆਂ ਧਰਤੀ ਉੱਤੇ ਪੂਰੀ ਤਰ੍ਹਾਂ ਅਤੇ ਛੇਤੀ ਹੀ ਪੂਰਾ ਕਰੇਗਾ।”#ਯਸਾਯਾਹ 10:22-23 29ਜਿਵੇਂ ਯਸਾਯਾਹ ਨੇ ਪਹਿਲਾਂ ਹੀ ਕਿਹਾ ਸੀ,
“ਜੇ ਸੈਨਾ ਦੇ ਯਹੋਵਾਹ ਨੇ ਸਾਡੇ ਲਈ
ਅੰਸ ਨਾ ਛੱਡੀ ਹੁੰਦੀ
ਤਾਂ ਅਸੀਂ ਸਦੂਮ ਜਿਹੇ ਹੋ ਜਾਂਦੇ
ਅਤੇ ਅਮੂਰਾਹ ਜਿਹੇ ਬਣ ਜਾਂਦੇ।” #
ਯਸਾਯਾਹ 1:9
ਇਸਰਾਏਲੀਆਂ ਦਾ ਅਵਿਸ਼ਵਾਸ
30ਤਾਂ ਅਸੀਂ ਕੀ ਕਹੀਏ? ਇਸ ਦਾ ਭਾਵ ਇਹ ਹੈ ਕਿ ਪਰਾਈਆਂ ਕੌਮਾਂ ਜਿਹੜੀਆਂ ਧਾਰਮਿਕਤਾ ਦੀ ਖੋਜ ਨਹੀਂ ਕਰਦੀਆਂ ਸਨ, ਉਨ੍ਹਾਂ ਨੇ ਧਾਰਮਿਕਤਾ ਅਰਥਾਤ ਉਸ ਧਾਰਮਿਕਤਾ ਨੂੰ ਜਿਹੜੀ ਵਿਸ਼ਵਾਸ ਦੇ ਦੁਆਰਾ ਹੈ, ਪ੍ਰਾਪਤ ਕੀਤਾ; 31ਪਰ ਇਸਰਾਏਲੀ ਧਾਰਮਿਕਤਾ ਦੀ ਬਿਵਸਥਾ ਦਾ ਪਿੱਛਾ ਕਰਦੇ ਹੋਏ ਵੀ#9:31 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਧਾਰਮਿਕਤਾ ਦੀ” ਲਿਖਿਆ ਹੈ। ਬਿਵਸਥਾ ਤੱਕ ਨਾ ਪਹੁੰਚੇ। 32ਕਿਉਂ? ਕਿਉਂਕਿ ਉਨ੍ਹਾਂ ਵਿਸ਼ਵਾਸ ਦੁਆਰਾ ਨਹੀਂ, ਸਗੋਂ#9:32 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਬਿਵਸਥਾ ਦੇ” ਲਿਖਿਆ ਹੈ। ਕੰਮਾਂ ਦੁਆਰਾ ਇਸ ਦੀ ਖੋਜ ਕੀਤੀ; ਇਸ ਤਰ੍ਹਾਂ ਉਨ੍ਹਾਂ ਠੋਕਰ ਦੇ ਪੱਥਰ ਤੋਂ ਹੀ ਠੋਕਰ ਖਾਧੀ। 33ਜਿਵੇਂ ਲਿਖਿਆ ਹੈ:
ਵੇਖ ਮੈਂ ਸੀਯੋਨ ਵਿੱਚ ਠੋਕਰ ਦਾ ਪੱਥਰ
ਅਤੇ ਠੋਕਰ ਦੀ ਚਟਾਨ ਰੱਖਦਾ ਹਾਂ ਅਤੇ
ਉਸ ਉੱਤੇ ਵਿਸ਼ਵਾਸ ਕਰਨ ਵਾਲਾ
ਸ਼ਰਮਿੰਦਾ ਨਾ ਹੋਵੇਗਾ। #
ਯਸਾਯਾਹ 8:14; 28:16
നിലവിൽ തിരഞ്ഞെടുത്തിരിക്കുന്നു:
ਰੋਮੀਆਂ 9: PSB
ഹൈലൈറ്റ് ചെയ്യുക
പങ്ക് വെക്കു
പകർത്തുക
നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
PUNJABI STANDARD BIBLE©
Copyright © 2023 by Global Bible Initiative