ਰੋਮੀਆਂ 8

8
ਜੀਵਨ ਦੇਣ ਵਾਲਾ ਆਤਮਾ
1ਸੋ ਹੁਣ ਉਨ੍ਹਾਂ ਉੱਤੇ ਜਿਹੜੇ ਮਸੀਹ ਯਿਸੂ ਵਿੱਚ ਹਨ ਸਜ਼ਾ ਦਾ ਹੁਕਮ ਨਹੀਂ ਹੈ। [ਉਹ ਸਰੀਰ ਦੇ ਅਨੁਸਾਰ ਨਹੀਂ, ਸਗੋਂ ਆਤਮਾ ਦੇ ਅਨੁਸਾਰ ਚੱਲਦੇ ਹਨ।]#8:1 ਕੁਝ ਹਸਤਲੇਖਾਂ ਵਿੱਚ ਇਹ ਭਾਗ ਵੀ ਪਾਇਆ ਜਾਂਦਾ ਹੈ। 2ਕਿਉਂਕਿ ਮਸੀਹ ਯਿਸੂ ਵਿੱਚ ਜੀਵਨ ਦੇ ਆਤਮਾ ਦੀ ਬਿਵਸਥਾ ਨੇ ਤੁਹਾਨੂੰ#8:2 ਕੁਝ ਹਸਤਲੇਖਾਂ ਵਿੱਚ “ਤੁਹਾਨੂੰ” ਦੇ ਸਥਾਨ 'ਤੇ “ਸਾਨੂੰ” ਲਿਖਿਆ ਹੈ। ਪਾਪ ਅਤੇ ਮੌਤ ਦੀ ਬਿਵਸਥਾ ਤੋਂ ਅਜ਼ਾਦ ਕਰ ਦਿੱਤਾ, 3ਇਸ ਲਈ ਕਿ ਜੋ ਕੰਮ ਸਰੀਰ ਦੇ ਕਾਰਨ ਨਿਰਬਲ ਹੋਣ ਕਰਕੇ ਬਿਵਸਥਾ ਨਾ ਕਰ ਸਕੀ ਉਹ ਪਰਮੇਸ਼ਰ ਨੇ ਕੀਤਾ। ਉਸ ਨੇ ਆਪਣੇ ਪੁੱਤਰ ਨੂੰ ਪਾਪੀ ਸਰੀਰ ਦੀ ਸਮਾਨਤਾ ਵਿੱਚ ਅਤੇ ਪਾਪ-ਬਲੀ ਦੇ ਰੂਪ ਵਿੱਚ ਭੇਜ ਕੇ ਸਰੀਰ ਵਿੱਚ ਹੀ ਪਾਪ ਉੱਤੇ ਸਜ਼ਾ ਦਾ ਹੁਕਮ ਦਿੱਤਾ 4ਤਾਂਕਿ ਬਿਵਸਥਾ ਦੀਆਂ ਧਾਰਮਿਕ ਸ਼ਰਤਾਂ ਨੂੰ ਸਾਡੇ ਵਿੱਚ ਜਿਹੜੇ ਸਰੀਰ ਦੇ ਅਨੁਸਾਰ ਨਹੀਂ ਸਗੋਂ ਆਤਮਾ ਦੇ ਅਨੁਸਾਰ ਚੱਲਦੇ ਹਾਂ, ਪੂਰਾ ਕੀਤਾ ਜਾ ਸਕੇ। 5ਕਿਉਂਕਿ ਜਿਹੜੇ ਸਰੀਰਕ ਹਨ ਉਹ ਸਰੀਰ ਦੀਆਂ ਗੱਲਾਂ ਉੱਤੇ, ਪਰ ਜਿਹੜੇ ਆਤਮਕ ਹਨ ਉਹ ਆਤਮਾ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ। 6ਕਿਉਂ ਜੋ ਸਰੀਰਕ ਗੱਲਾਂ ਉੱਤੇ ਮਨ ਲਾਉਣਾ ਮੌਤ ਹੈ, ਪਰ ਆਤਮਕ ਗੱਲਾਂ ਉੱਤੇ ਮਨ ਲਾਉਣਾ ਜੀਵਨ ਅਤੇ ਸ਼ਾਂਤੀ ਹੈ, 7ਕਿਉਂਕਿ ਸਰੀਰਕ ਗੱਲਾਂ ਉੱਤੇ ਲੱਗਾ ਹੋਇਆ ਮਨ ਪਰਮੇਸ਼ਰ ਨਾਲ ਵੈਰ ਹੈ, ਕਿਉਂ ਜੋ ਇਹ ਪਰਮੇਸ਼ਰ ਦੀ ਬਿਵਸਥਾ ਦੇ ਅਧੀਨ ਨਹੀਂ ਹੈ ਅਤੇ ਨਾ ਹੀ ਹੋ ਸਕਦਾ ਹੈ; 8ਅਤੇ ਜਿਹੜੇ ਸਰੀਰਕ ਹਨ ਉਹ ਪਰਮੇਸ਼ਰ ਨੂੰ ਖੁਸ਼ ਨਹੀਂ ਕਰ ਸਕਦੇ।
9ਪਰੰਤੂ ਤੁਸੀਂ ਸਰੀਰਕ ਨਹੀਂ ਸਗੋਂ ਆਤਮਕ ਹੋ, ਪਰ ਤਾਂ ਹੀ ਜੇ ਪਰਮੇਸ਼ਰ ਦਾ ਆਤਮਾ ਤੁਹਾਡੇ ਅੰਦਰ ਵਾਸ ਕਰਦਾ ਹੈ, ਪਰ ਜਿਸ ਦੇ ਕੋਲ ਮਸੀਹ ਦਾ ਆਤਮਾ ਨਹੀਂ ਹੈ ਉਹ ਮਸੀਹ ਦਾ ਨਹੀਂ ਹੈ। 10ਜੇ ਮਸੀਹ ਤੁਹਾਡੇ ਵਿੱਚ ਹੈ ਤਾਂ ਭਾਵੇਂ ਸਰੀਰ ਪਾਪ ਦੇ ਕਾਰਨ ਮੁਰਦਾ ਹੈ, ਪਰ ਆਤਮਾ ਧਾਰਮਿਕਤਾ ਦੇ ਕਾਰਨ ਜੀਉਂਦਾ#8:10 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਜੀਵਨ” ਲਿਖਿਆ ਹੈ। ਹੈ। 11ਜੇ ਉਸ ਦਾ ਆਤਮਾ ਜਿਸ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਇਆ ਤੁਹਾਡੇ ਅੰਦਰ ਵਾਸ ਕਰਦਾ ਹੈ ਤਾਂ ਜਿਸ ਨੇ ਮਸੀਹ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਇਆ ਉਹ ਤੁਹਾਡੇ ਅੰਦਰ ਵਾਸ ਕਰਨ ਵਾਲੇ ਆਪਣੇ ਆਤਮਾ ਦੇ ਦੁਆਰਾ ਤੁਹਾਡੇ ਮਰਨਹਾਰ ਸਰੀਰਾਂ ਨੂੰ ਵੀ ਜਿਵਾਏਗਾ।
ਆਤਮਾ ਦੀ ਅਗਵਾਈ ਵਿੱਚ ਚੱਲਣਾ
12ਸੋ ਹੇ ਭਾਈਓ, ਅਸੀਂ ਸਰੀਰ ਦੇ ਕਰਜ਼ਦਾਰ ਨਹੀਂ ਹਾਂ ਕਿ ਸਰੀਰ ਦੇ ਅਨੁਸਾਰ ਜੀਵਨ ਗੁਜ਼ਾਰੀਏ। 13ਕਿਉਂਕਿ ਜੇ ਤੁਸੀਂ ਸਰੀਰ ਦੇ ਅਨੁਸਾਰ ਜੀਵਨ ਗੁਜ਼ਾਰਦੇ ਹੋ ਤਾਂ ਤੁਹਾਡਾ ਮਰਨਾ ਨਿਸ਼ਚਿਤ ਹੈ। ਪਰ ਜੇ ਤੁਸੀਂ ਆਤਮਾ ਦੇ ਦੁਆਰਾ ਸਰੀਰ ਦੇ ਕੰਮਾਂ ਨੂੰ ਮਾਰਦੇ ਹੋ ਤਾਂ ਤੁਸੀਂ ਜੀਓਗੇ। 14ਕਿਉਂਕਿ ਜਿੰਨੇ ਪਰਮੇਸ਼ਰ ਦੇ ਆਤਮਾ ਦੀ ਅਗਵਾਈ ਵਿੱਚ ਚੱਲਦੇ ਹਨ ਉਹੀ ਪਰਮੇਸ਼ਰ ਦੇ ਪੁੱਤਰ ਹਨ। 15ਕਿਉਂ ਜੋ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਕਿ ਤੁਸੀਂ ਫੇਰ ਤੋਂ ਡਰੋ, ਸਗੋਂ ਪੁਤਰੇਲੇਪਣ ਦਾ ਆਤਮਾ ਮਿਲਿਆ ਹੈ ਜਿਸ ਦੇ ਰਾਹੀਂ ਅਸੀਂ “ਹੇ ਅੱਬਾ ਹੇ ਪਿਤਾ” ਪੁਕਾਰਦੇ ਹਾਂ। 16ਆਤਮਾ ਆਪ ਸਾਡੀ ਆਤਮਾ ਦੇ ਨਾਲ ਗਵਾਹੀ ਦਿੰਦਾ ਹੈ ਕਿ ਅਸੀਂ ਪਰਮੇਸ਼ਰ ਦੀ ਸੰਤਾਨ ਹਾਂ; 17ਅਤੇ ਜੇ ਸੰਤਾਨ ਹਾਂ ਤਾਂ ਵਾਰਸ ਵੀ ਹਾਂ ਅਰਥਾਤ ਪਰਮੇਸ਼ਰ ਦੇ ਵਾਰਸ ਅਤੇ ਮਸੀਹ ਦੇ ਨਾਲ ਸੰਗੀ ਵਾਰਸ, ਪਰ ਤਾਂ ਹੀ ਜੇ ਉਸ ਦੇ ਨਾਲ ਦੁੱਖ ਝੱਲਦੇ ਹਾਂ ਕਿ ਉਸ ਦੇ ਨਾਲ ਮਹਿਮਾ ਵੀ ਪਾਈਏ।
ਹਾਉਕਿਆਂ ਤੋਂ ਮਹਿਮਾ ਤੱਕ
18ਕਿਉਂਕਿ ਮੈਂ ਸਮਝਦਾ ਹਾਂ ਕਿ ਵਰਤਮਾਨ ਸਮੇਂ ਦੇ ਦੁੱਖ ਉਸ ਆਉਣ ਵਾਲੀ ਮਹਿਮਾ ਦੇ ਸਾਹਮਣੇ ਕੁਝ ਵੀ ਨਹੀਂ ਹਨ ਜੋ ਸਾਡੇ ਉੱਤੇ ਪਰਗਟ ਹੋਣ ਵਾਲੀ ਹੈ। 19ਕਿਉਂਕਿ ਸ੍ਰਿਸ਼ਟੀ ਬੜੀ ਉਤਸੁਕਤਾ ਨਾਲ ਪਰਮੇਸ਼ਰ ਦੇ ਪੁੱਤਰਾਂ ਦੇ ਪਰਗਟ ਹੋਣ ਦੀ ਉਡੀਕ ਕਰ ਰਹੀ ਹੈ, 20ਕਿਉਂ ਜੋ ਇਹ ਵਿਅਰਥਤਾ ਦੇ ਅਧੀਨ ਕੀਤੀ ਗਈ ਪਰ ਆਪਣੀ ਇੱਛਾ ਨਾਲ ਨਹੀਂ, ਸਗੋਂ ਉਸ ਅਧੀਨ ਕਰਨ ਵਾਲੇ ਦੇ ਕਾਰਨ ਇਸ ਆਸ ਵਿੱਚ 21ਕਿ ਇਹ ਵੀ ਨਾਸ ਦੀ ਗੁਲਾਮੀ ਤੋਂ ਅਜ਼ਾਦ ਹੋ ਕੇ ਪਰਮੇਸ਼ਰ ਦੀ ਸੰਤਾਨ ਦੀ ਮਹਿਮਾਮਈ ਅਜ਼ਾਦੀ ਨੂੰ ਪ੍ਰਾਪਤ ਕਰੇ। 22ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਰੀ ਸ੍ਰਿਸ਼ਟੀ ਹੁਣ ਤੱਕ ਹਉਕੇ ਭਰਦੀ ਹੈ ਅਤੇ ਇਸ ਨੂੰ ਜਣੇਪੇ ਦੀਆਂ ਪੀੜਾਂ ਲੱਗੀਆਂ ਹੋਈਆਂ ਹਨ। 23ਕੇਵਲ ਐਨਾ ਹੀ ਨਹੀਂ, ਸਗੋਂ ਅਸੀਂ ਵੀ ਜਿਨ੍ਹਾਂ ਕੋਲ ਆਤਮਾ ਦਾ ਪਹਿਲਾ ਫਲ ਹੈ, ਆਪਣੇ ਆਪ ਵਿੱਚ ਹਉਕੇ ਭਰਦੇ ਹਾਂ ਅਤੇ ਉਤਸੁਕਤਾ ਨਾਲ ਪੁਤਰੇਲੇਪਣ ਅਰਥਾਤ ਆਪਣੇ ਸਰੀਰ ਦੇ ਛੁਟਕਾਰੇ ਦੀ ਉਡੀਕ ਕਰਦੇ ਹਾਂ। 24ਕਿਉਂਕਿ ਇਸੇ ਆਸ ਦੇ ਦੁਆਰਾ ਅਸੀਂ ਬਚਾਏ ਗਏ ਹਾਂ; ਪਰ ਵਿਖਾਈ ਦੇਣ ਵਾਲੀ ਆਸ, ਆਸ ਨਹੀਂ ਹੁੰਦੀ, ਕਿਉਂਕਿ ਜਿਸ ਚੀਜ਼ ਨੂੰ ਕੋਈ ਵੇਖ ਰਿਹਾ ਹੈ ਉਸ ਦੀ ਆਸ ਕੀ ਕਰੇਗਾ? 25ਪਰ ਜੇ ਅਸੀਂ ਉਸ ਚੀਜ਼ ਦੀ ਆਸ ਰੱਖਦੇ ਹਾਂ ਜੋ ਵਿਖਾਈ ਨਹੀਂ ਦਿੰਦੀ ਤਾਂ ਅਸੀਂ ਧੀਰਜ ਸਹਿਤ ਉਤਸੁਕਤਾ ਨਾਲ ਉਸ ਦੀ ਉਡੀਕ ਕਰਦੇ ਹਾਂ।
26ਇਸੇ ਤਰ੍ਹਾਂ ਆਤਮਾ ਵੀ ਸਾਡੀ ਨਿਰਬਲਤਾ ਵਿੱਚ ਸਾਡੀ ਸਹਾਇਤਾ ਕਰਦਾ ਹੈ, ਕਿਉਂਕਿ ਅਸੀਂ ਨਹੀਂ ਜਾਣਦੇ ਕਿ ਕਿਹੜੀ ਗੱਲ ਲਈ ਕਿਸ ਤਰ੍ਹਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ, ਪਰ ਆਤਮਾ ਆਪ ਸਾਡੇ ਲਈ ਇਸ ਤਰ੍ਹਾਂ ਹਉਕੇ ਭਰ-ਭਰ ਕੇ ਸਿਫ਼ਾਰਸ਼ ਕਰਦਾ ਹੈ ਜੋ ਵਰਣਨ ਤੋਂ ਬਾਹਰ ਹੈ। 27ਪਰ ਮਨਾਂ ਦਾ ਜਾਂਚਣ ਵਾਲਾ ਜਾਣਦਾ ਹੈ ਕਿ ਆਤਮਾ ਦੀ ਕੀ ਇੱਛਾ ਹੈ, ਕਿਉਂਕਿ ਉਹ ਸੰਤਾਂ#8:27 ਅਰਥਾਤ ਪਵਿੱਤਰ ਲੋਕਾਂ ਲਈ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਬੇਨਤੀ ਕਰਦਾ ਹੈ।
28ਅਸੀਂ ਜਾਣਦੇ ਹਾਂ ਕਿ ਜਿਹੜੇ ਪਰਮੇਸ਼ਰ ਨਾਲ ਪਿਆਰ ਕਰਦੇ ਹਨ ਉਨ੍ਹਾਂ ਲਈ ਸਾਰੀਆਂ ਗੱਲਾਂ ਮਿਲ ਕੇ ਭਲਾਈ ਹੀ ਪੈਦਾ ਕਰਦੀਆਂ ਹਨ ਅਰਥਾਤ ਜਿਹੜੇ ਉਸ ਦੇ ਮਕਸਦ ਅਨੁਸਾਰ ਸੱਦੇ ਹੋਏ ਹਨ। 29ਕਿਉਂਕਿ ਜਿਨ੍ਹਾਂ ਨੂੰ ਉਸ ਨੇ ਪਹਿਲਾਂ ਤੋਂ ਜਾਣਿਆ ਉਨ੍ਹਾਂ ਨੂੰ ਪਹਿਲਾਂ ਤੋਂ ਠਹਿਰਾਇਆ ਵੀ ਕਿ ਉਸ ਦੇ ਪੁੱਤਰ ਦੇ ਸਰੂਪ ਵਿੱਚ ਬਦਲਦੇ ਜਾਣ ਤਾਂਕਿ ਉਹ ਬਹੁਤ ਭਾਈਆਂ ਵਿੱਚੋਂ ਜੇਠਾ ਹੋਵੇ; 30ਅਤੇ ਜਿਨ੍ਹਾਂ ਨੂੰ ਉਸ ਨੇ ਪਹਿਲਾਂ ਤੋਂ ਠਹਿਰਾਇਆ ਉਨ੍ਹਾਂ ਨੂੰ ਬੁਲਾਇਆ ਵੀ ਅਤੇ ਜਿਨ੍ਹਾਂ ਨੂੰ ਬੁਲਾਇਆ ਉਨ੍ਹਾਂ ਨੂੰ ਧਰਮੀ ਵੀ ਠਹਿਰਾਇਆ ਅਤੇ ਜਿਨ੍ਹਾਂ ਨੂੰ ਧਰਮੀ ਠਹਿਰਾਇਆ ਉਨ੍ਹਾਂ ਨੂੰ ਵਡਿਆਈ ਵੀ ਦਿੱਤੀ।
ਵਿਸ਼ਵਾਸੀ ਦੀ ਜਿੱਤ
31ਸੋ ਅਸੀਂ ਇਨ੍ਹਾਂ ਗੱਲਾਂ ਦੇ ਬਾਰੇ ਕੀ ਕਹੀਏ? ਜੇ ਪਰਮੇਸ਼ਰ ਸਾਡੇ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋ ਸਕਦਾ ਹੈ? 32ਜਦੋਂ ਉਸ ਨੇ ਆਪਣੇ ਪੁੱਤਰ ਦਾ ਵੀ ਸਰਫਾ ਨਾ ਕੀਤਾ, ਸਗੋਂ ਉਸ ਨੂੰ ਸਾਡੇ ਸਭਨਾਂ ਦੇ ਲਈ ਦੇ ਦਿੱਤਾ ਤਾਂ ਉਹ ਸਾਨੂੰ ਉਸ ਦੇ ਨਾਲ ਸਾਰੀਆਂ ਵਸਤਾਂ ਵੀ ਖੁੱਲ੍ਹੇ ਦਿਲ ਕਿਵੇਂ ਨਾ ਦੇਵੇਗਾ? 33ਪਰਮੇਸ਼ਰ ਦੇ ਚੁਣੇ ਹੋਇਆਂ ਦੇ ਵਿਰੁੱਧ ਕੌਣ ਦੋਸ਼ ਲਾਵੇਗਾ? ਪਰਮੇਸ਼ਰ ਹੈ ਜਿਹੜਾ ਧਰਮੀ ਠਹਿਰਾਉਂਦਾ ਹੈ। 34ਫਿਰ ਕੌਣ ਹੈ ਜਿਹੜਾ ਦੋਸ਼ੀ ਠਹਿਰਾਵੇਗਾ? ਮਸੀਹ ਯਿਸੂ ਉਹ ਹੈ ਜਿਹੜਾ ਮਰਿਆ, ਬਲਕਿ ਮੁਰਦਿਆਂ ਵਿੱਚੋਂ ਜਿਵਾਇਆ ਗਿਆ ਅਤੇ ਉਹੀ ਪਰਮੇਸ਼ਰ ਦੇ ਸੱਜੇ ਪਾਸੇ ਹੈ ਅਤੇ ਸਾਡੇ ਲਈ ਬੇਨਤੀ ਵੀ ਕਰਦਾ ਹੈ। 35ਕੌਣ ਸਾਨੂੰ ਮਸੀਹ ਦੇ ਪ੍ਰੇਮ ਤੋਂ ਅਲੱਗ ਕਰੇਗਾ? ਕੀ ਕਸ਼ਟ, ਜਾਂ ਪਰੇਸ਼ਾਨੀ, ਜਾਂ ਸਤਾਓ, ਜਾਂ ਕਾਲ, ਜਾਂ ਨੰਗੇਜ, ਜਾਂ ਸੰਕਟ, ਜਾਂ ਤਲਵਾਰ? 36ਜਿਵੇਂ ਲਿਖਿਆ ਹੈ:
ਅਸੀਂ ਤੇਰੀ ਖਾਤਰ ਸਾਰਾ ਦਿਨ
ਮਾਰੇ ਜਾਂਦੇ ਹਾਂ,
ਅਸੀਂ ਵੱਢੀਆਂ ਜਾਣ ਵਾਲੀਆਂ ਭੇਡਾਂ ਵਾਂਗ
ਸਮਝੇ ਜਾਂਦੇ ਹਾਂ। # ਜ਼ਬੂਰ 44:22
37ਪਰ ਇਨ੍ਹਾਂ ਸਾਰੀਆਂ ਗੱਲਾਂ ਵਿੱਚ ਅਸੀਂ ਉਸ ਦੇ ਦੁਆਰਾ ਜਿਸ ਨੇ ਸਾਨੂੰ ਪਿਆਰ ਕੀਤਾ, ਜੇਤੂਆਂ ਨਾਲੋਂ ਵੀ ਵਧਕੇ ਹਾਂ। 38ਕਿਉਂਕਿ ਮੈਨੂੰ ਯਕੀਨ ਹੈ ਕਿ ਨਾ ਮੌਤ, ਨਾ ਜੀਵਨ, ਨਾ ਸਵਰਗਦੂਤ, ਨਾ ਹਕੂਮਤਾਂ, ਨਾ ਵਰਤਮਾਨ ਗੱਲਾਂ, ਨਾ ਆਉਣ ਵਾਲੀਆਂ ਗੱਲਾਂ, ਨਾ ਸ਼ਕਤੀਆਂ, 39ਨਾ ਉਚਾਈ, ਨਾ ਡੂੰਘਾਈ ਅਤੇ ਨਾ ਹੀ ਸ੍ਰਿਸ਼ਟੀ ਦੀ ਕੋਈ ਹੋਰ ਵਸਤੂ ਸਾਨੂੰ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਪਰਮੇਸ਼ਰ ਦੇ ਪ੍ਰੇਮ ਤੋਂ ਅਲੱਗ ਕਰ ਸਕੇਗੀ।

നിലവിൽ തിരഞ്ഞെടുത്തിരിക്കുന്നു:

ਰੋਮੀਆਂ 8: PSB

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക

ਰੋਮੀਆਂ 8 - നുള്ള വീഡിയോ