Лого на YouVersion
Икона за пребарување

ਮਰਕੁਸ 12

12
ਅੰਗੂਰੀ ਬਾਗ਼ ਦੇ ਕਿਸਾਨਾਂ ਦਾ ਦ੍ਰਿਸ਼ਟਾਂਤ
(ਮੱਤੀ 21:33-46, ਲੂਕਾ 20:9-19)
1 # ਯਸਾ 5:1-2 ਯਿਸੂ ਫਿਰ ਉਹਨਾਂ ਨੂੰ ਦ੍ਰਿਸ਼ਟਾਂਤਾਂ ਦੁਆਰਾ ਸਿੱਖਿਆ ਦੇਣ ਲੱਗੇ, “ਇੱਕ ਵਾਰ ਇੱਕ ਆਦਮੀ ਨੇ ਅੰਗੂਰਾਂ ਦਾ ਬਾਗ਼ ਲਾਇਆ । ਉਸ ਦੇ ਚਾਰੇ ਪਾਸੇ ਵਾੜ ਲਾਈ, ਅੰਗੂਰਾਂ ਦੇ ਰਸ ਲਈ ਇੱਕ ਚੁਬੱਚਾ ਬਣਾਇਆ ਅਤੇ ਪਹਿਰਾ ਦੇਣ ਦੇ ਲਈ ਮੁਨਾਰਾ ਵੀ ਬਣਾਇਆ । ਫਿਰ ਉਹ ਬਾਗ਼ ਕਿਸਾਨਾਂ ਨੂੰ ਠੇਕੇ ਉੱਤੇ ਦੇ ਕੇ ਆਪ ਪਰਦੇਸ ਚਲਾ ਗਿਆ । 2ਫਲ ਦੇ ਮੌਸਮ ਵਿੱਚ ਉਸ ਨੇ ਆਪਣੇ ਇੱਕ ਸੇਵਕ ਨੂੰ ਕਿਸਾਨਾਂ ਦੇ ਕੋਲ ਭੇਜਿਆ ਕਿ ਉਹ ਉਹਨਾਂ ਕੋਲੋਂ ਅੰਗੂਰਾਂ ਦਾ ਹਿੱਸਾ ਪ੍ਰਾਪਤ ਕਰੇ । 3ਪਰ ਕਿਸਾਨਾਂ ਨੇ ਉਸ ਸੇਵਕ ਨੂੰ ਫੜ ਕੇ ਮਾਰਿਆ ਅਤੇ ਖ਼ਾਲੀ ਹੱਥ ਵਾਪਸ ਭੇਜ ਦਿੱਤਾ । 4ਉਸ ਨੇ ਫਿਰ ਦੂਜੀ ਵਾਰ ਆਪਣੇ ਇੱਕ ਸੇਵਕ ਨੂੰ ਉਹਨਾਂ ਕੋਲ ਭੇਜਿਆ ਪਰ ਉਹਨਾਂ ਨੇ ਉਸ ਦਾ ਸਿਰ ਜ਼ਖ਼ਮੀ ਕਰ ਦਿੱਤਾ ਅਤੇ ਉਸ ਨੂੰ ਬਹੁਤ ਬੇਇੱਜ਼ਤ ਕੀਤਾ । 5ਮਾਲਕ ਨੇ ਇੱਕ ਹੋਰ ਸੇਵਕ ਨੂੰ ਭੇਜਿਆ । ਉਹਨਾਂ ਨੇ ਉਸ ਨੂੰ ਜਾਨੋਂ ਮਾਰ ਦਿੱਤਾ । ਇਸ ਤਰ੍ਹਾਂ ਕਈਆਂ ਨੂੰ ਉਹਨਾਂ ਨੇ ਕੁੱਟਿਆ ਅਤੇ ਕਈਆਂ ਨੂੰ ਕਤਲ ਕਰ ਦਿੱਤਾ । 6ਅੰਤ ਵਿੱਚ ਉਸ ਕੋਲ ਆਪਣਾ ਪਿਆਰਾ ਪੁੱਤਰ ਹੀ ਰਹਿ ਗਿਆ । ਉਸ ਨੇ ਇਹ ਸੋਚ ਕੇ ਕਿ ਕਿਸਾਨ ਘੱਟ ਤੋਂ ਘੱਟ ਮੇਰੇ ਪੁੱਤਰ ਦਾ ਤਾਂ ਆਦਰ ਕਰਨਗੇ ਹੀ, ਉਸ ਨੂੰ ਭੇਜਿਆ । 7ਪਰ ਉਹਨਾਂ ਕਿਸਾਨਾਂ ਨੇ ਆਪਸ ਵਿੱਚ ਕਿਹਾ, ‘ਇਹ ਹੀ ਵਾਰਿਸ ਹੈ । ਆਓ, ਇਸ ਨੂੰ ਮਾਰ ਦੇਈਏ ਤਾਂ ਬਾਗ਼ ਸਾਡਾ ਹੋ ਜਾਵੇਗਾ ।’ 8ਇਸ ਲਈ ਉਹਨਾਂ ਨੇ ਉਸ ਨੂੰ ਫੜਿਆ ਅਤੇ ਮਾਰ ਕੇ ਬਾਗ਼ ਵਿੱਚੋਂ ਬਾਹਰ ਸੁੱਟ ਦਿੱਤਾ ।”
9ਫਿਰ ਯਿਸੂ ਨੇ ਉਹਨਾਂ ਤੋਂ ਪੁੱਛਿਆ, “ਇਸ ਲਈ ਬਾਗ਼ ਦਾ ਮਾਲਕ ਕੀ ਕਰੇਗਾ ? ਉਹ ਆਵੇਗਾ ਅਤੇ ਕਿਸਾਨਾਂ ਦਾ ਨਾਸ਼ ਕਰੇਗਾ ਅਤੇ ਬਾਗ਼ ਦੂਜੇ ਕਿਸਾਨਾਂ ਨੂੰ ਦੇ ਦੇਵੇਗਾ । 10#ਭਜਨ 118:22-23ਕੀ ਤੁਸੀਂ ਪਵਿੱਤਰ-ਗ੍ਰੰਥ ਵਿੱਚ ਇਹ ਨਹੀਂ ਪੜ੍ਹਿਆ ?
‘ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦ ਕੀਤਾ, ਉਹ ਹੀ ਕੋਨੇ ਦਾ ਪੱਥਰ ਬਣਿਆ,
11ਇਹ ਕੰਮ ਪ੍ਰਭੂ ਦਾ ਹੈ ਅਤੇ ਸਾਡੀ ਨਜ਼ਰ ਵਿੱਚ ਅਨੋਖਾ ਹੈ ।’”
12ਯਹੂਦੀ ਆਗੂ ਯਿਸੂ ਨੂੰ ਫੜਨਾ ਚਾਹੁੰਦੇ ਸਨ ਕਿਉਂਕਿ ਉਹ ਸਮਝ ਗਏ ਸਨ ਕਿ ਇਹ ਦ੍ਰਿਸ਼ਟਾਂਤ ਉਹਨਾਂ ਦੇ ਬਾਰੇ ਹੀ ਕਿਹਾ ਗਿਆ ਹੈ ਪਰ ਉਹ ਲੋਕਾਂ ਤੋਂ ਡਰਦੇ ਸਨ, ਇਸ ਲਈ ਉਹ ਯਿਸੂ ਨੂੰ ਛੱਡ ਕੇ ਚਲੇ ਗਏ ।
ਟੈਕਸ ਦੇਣ ਸੰਬੰਧੀ ਪ੍ਰਸ਼ਨ
(ਮੱਤੀ 22:15-22, ਲੂਕਾ 20:20-26)
13ਇਸ ਦੇ ਬਾਅਦ ਉਹਨਾਂ ਨੇ ਕੁਝ ਫ਼ਰੀਸੀ ਅਤੇ ਹੇਰੋਦੇਸ ਦੇ ਧੜੇ ਦੇ ਲੋਕਾਂ ਨੂੰ ਯਿਸੂ ਕੋਲ ਭੇਜਿਆ ਤਾਂ ਜੋ ਉਹ ਯਿਸੂ ਨੂੰ ਗੱਲਾਂ ਦੇ ਜਾਲ ਵਿੱਚ ਫਸਾਉਣ । 14ਉਹ ਉਹਨਾਂ ਕੋਲ ਆਏ ਅਤੇ ਕਹਿਣ ਲੱਗੇ, “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੁਸੀਂ ਸੱਚੇ ਹੋ ਅਤੇ ਕਿਸੇ ਦੀ ਪਰਵਾਹ ਨਹੀਂ ਕਰਦੇ । ਤੁਸੀਂ ਕਿਸੇ ਦਾ ਮੂੰਹ ਦੇਖ ਕੇ ਨਹੀਂ ਕਹਿੰਦੇ ਸਗੋਂ ਸੱਚਾਈ ਨਾਲ ਪਰਮੇਸ਼ਰ ਦੇ ਰਾਹ ਉੱਤੇ ਚੱਲਣ ਲਈ ਲੋਕਾਂ ਨੂੰ ਸਿਖਾਉਂਦੇ ਹੋ । ਕੀ ਰੋਮੀ ਸਮਰਾਟ ਨੂੰ ਟੈਕਸ ਦੇਣਾ ਠੀਕ ਹੈ ਜਾਂ ਨਹੀਂ ? ਕੀ ਅਸੀਂ ਦੇਈਏ ਜਾਂ ਨਾ ਦੇਈਏ ?” 15ਉਹਨਾਂ ਦੇ ਦਿਲਾਂ ਦੇ ਕਪਟ ਨੂੰ ਜਾਣਦੇ ਹੋਏ ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਮੈਨੂੰ ਕਿਉਂ ਪਰਖ ਰਹੇ ਹੋ ? ਇੱਕ ਸਿੱਕਾ ਲਿਆਓ ਤਾਂ ਜੋ ਮੈਂ ਉਸ ਨੂੰ ਦੇਖਾਂ ।” 16ਉਹ ਲੈ ਆਏ । ਯਿਸੂ ਨੇ ਉਹਨਾਂ ਨੂੰ ਪੁੱਛਿਆ, “ਇਸ ਉੱਤੇ ਕਿਸ ਦੀ ਮੂਰਤ ਅਤੇ ਲਿਖਤ ਹੈ ?” ਉਹਨਾਂ ਨੇ ਉੱਤਰ ਦਿੱਤਾ, “ਸਮਰਾਟ ਦੀ ।” 17ਇਸ ਲਈ ਯਿਸੂ ਨੇ ਕਿਹਾ, “ਜੋ ਸਮਰਾਟ ਦਾ ਹੈ, ਸਮਰਾਟ ਨੂੰ ਦਿਓ ਅਤੇ ਜੋ ਪਰਮੇਸ਼ਰ ਦਾ ਹੈ, ਪਰਮੇਸ਼ਰ ਨੂੰ ਦਿਓ ।” ਉਹ ਸਾਰੇ ਉਹਨਾਂ ਦੇ ਇਸ ਉੱਤਰ ਉੱਤੇ ਹੈਰਾਨ ਰਹਿ ਗਏ ।
ਪੁਨਰ-ਉਥਾਨ ਸੰਬੰਧੀ ਪ੍ਰਸ਼ਨ
(ਮੱਤੀ 22:23-33, ਲੂਕਾ 20:27-40)
18 # ਰਸੂਲਾਂ 23:8 ਫਿਰ ਕੁਝ ਸਦੂਕੀ ਵੀ ਯਿਸੂ ਕੋਲ ਆਏ (ਜਿਹੜੇ ਪੁਨਰ-ਉਥਾਨ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ ।) 19#ਵਿਵ 25:5ਉਹਨਾਂ ਨੇ ਯਿਸੂ ਤੋਂ ਪੁੱਛਿਆ, “ਗੁਰੂ ਜੀ, ਮੂਸਾ ਨੇ ਸਾਡੇ ਲਈ ਲਿਖਿਆ ਹੈ ਕਿ ਜੇਕਰ ਕਿਸੇ ਦਾ ਭਰਾ ਬੇਔਲਾਦ ਮਰ ਜਾਵੇ ਅਤੇ ਉਸ ਦੀ ਪਤਨੀ ਜਿਊਂਦੀ ਰਹੇ ਤਾਂ ਉਸ ਦੇ ਭਰਾ ਨੂੰ ਚਾਹੀਦਾ ਹੈ ਕਿ ਉਸ ਔਰਤ ਨਾਲ ਵਿਆਹ ਕਰ ਕੇ ਆਪਣੇ ਮਰੇ ਹੋਏ ਭਰਾ ਦੇ ਲਈ ਔਲਾਦ ਪੈਦਾ ਕਰੇ । 20ਇੱਕ ਵਾਰ ਸੱਤ ਭਰਾ ਸਨ । ਸਾਰਿਆਂ ਤੋਂ ਵੱਡੇ ਨੇ ਇੱਕ ਔਰਤ ਨਾਲ ਵਿਆਹ ਕੀਤਾ ਪਰ ਉਹ ਬੇਔਲਾਦ ਮਰ ਗਿਆ । 21ਫਿਰ ਦੂਜੇ ਭਰਾ ਨੇ ਉਸ ਔਰਤ ਨਾਲ ਵਿਆਹ ਕੀਤਾ ਅਤੇ ਉਹ ਵੀ ਬੇਔਲਾਦ ਮਰ ਗਿਆ । ਤੀਜੇ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ । 22ਇਸੇ ਤਰ੍ਹਾਂ ਸੱਤੇ ਹੀ ਬੇਔਲਾਦ ਮਰ ਗਏ । ਸਾਰਿਆਂ ਦੇ ਬਾਅਦ ਉਹ ਔਰਤ ਵੀ ਮਰ ਗਈ । 23ਹੁਣ ਜਦੋਂ ਪੁਨਰ-ਉਥਾਨ ਵਾਲੇ ਦਿਨ ਮਰੇ ਹੋਏ ਜੀਅ ਉੱਠਣਗੇ ਤਾਂ ਇਹ ਔਰਤ ਕਿਸ ਦੀ ਪਤਨੀ ਹੋਵੇਗੀ ? ਕਿਉਂਕਿ ਸੱਤਾਂ ਨੇ ਹੀ ਉਸ ਨਾਲ ਵਿਆਹ ਕੀਤਾ ਸੀ ।”
24ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਕੀ ਤੁਸੀਂ ਭੁੱਲ ਤਾਂ ਨਹੀਂ ਕਰ ਰਹੇ ਹੋ ? ਨਾ ਤੁਸੀਂ ਪਵਿੱਤਰ-ਗ੍ਰੰਥਾਂ ਨੂੰ ਜਾਣਦੇ ਹੋ ਅਤੇ ਨਾ ਹੀ ਪਰਮੇਸ਼ਰ ਦੀ ਸਮਰੱਥਾ ਨੂੰ । 25ਜਦੋਂ ਮੁਰਦੇ ਜੀਅ ਉੱਠਦੇ ਹਨ ਤਾਂ ਉਹ ਸਵਰਗਦੂਤਾਂ ਦੇ ਵਾਂਗ ਹੁੰਦੇ ਹਨ । ਉਸ ਸਮੇਂ ਆਦਮੀਆਂ ਅਤੇ ਔਰਤਾਂ ਵਿੱਚ ਵਿਆਹ ਨਹੀਂ ਹੁੰਦਾ ।
26 # ਕੂਚ 3:6 “ਰਹੀ ਮੁਰਦਿਆਂ ਦੇ ਜੀਅ ਉੱਠਣ ਦੀ ਗੱਲ, ਕੀ ਤੁਸੀਂ ਮੂਸਾ ਦੀ ਪੁਸਤਕ ਵਿੱਚ ਬਲਦੀ ਝਾੜੀ ਦੀ ਕਥਾ ਨਹੀਂ ਪੜ੍ਹੀ ਕਿ ਪਰਮੇਸ਼ਰ ਨੇ ਮੂਸਾ ਨੂੰ ਕਿਹਾ, ‘ਮੈਂ ਅਬਰਾਹਾਮ ਦਾ ਪਰਮੇਸ਼ਰ, ਇਸਹਾਕ ਦਾ ਪਰਮੇਸ਼ਰ ਅਤੇ ਯਾਕੂਬ ਦਾ ਪਰਮੇਸ਼ਰ ਹਾਂ ।’ 27ਇਸ ਲਈ ਉਹ ਮੁਰਦਿਆਂ ਦੇ ਪਰਮੇਸ਼ਰ ਨਹੀਂ ਸਗੋਂ ਜਿਊਂਦੇ ਦੇ ਹਨ । ਤੁਸੀਂ ਬਹੁਤ ਵੱਡੀ ਭੁੱਲ ਕਰ ਰਹੇ ਹੋ !”
ਸਭ ਤੋਂ ਵੱਡਾ ਹੁਕਮ
(ਮੱਤੀ 22:34-40, ਲੂਕਾ 10:25-28)
28 # ਲੂਕਾ 10:25-28 ਇੱਕ ਵਿਵਸਥਾ ਦਾ ਸਿੱਖਿਅਕ ਇਸ ਬਹਿਸ ਨੂੰ ਸੁਣ ਰਿਹਾ ਸੀ । ਜਦੋਂ ਉਸ ਨੇ ਦੇਖਿਆ ਕਿ ਯਿਸੂ ਨੇ ਸਦੂਕੀਆਂ ਨੂੰ ਬਹੁਤ ਚੰਗੇ ਢੰਗ ਨਾਲ ਉੱਤਰ ਦਿੱਤਾ ਤਾਂ ਉਹ ਵੀ ਅੱਗੇ ਆਇਆ ਅਤੇ ਪੁੱਛਣ ਲੱਗਾ, “ਸਭ ਤੋਂ ਵੱਡਾ ਹੁਕਮ ਕਿਹੜਾ ਹੈ ?” 29#ਵਿਵ 6:4-5ਯਿਸੂ ਨੇ ਉੱਤਰ ਦਿੱਤਾ, “ਸਭ ਤੋਂ ਵੱਡਾ ਹੁਕਮ ਇਹ ਹੈ, ‘ਹੇ ਇਸਰਾਏਲ ਸੁਣ, ਪ੍ਰਭੂ ਸਾਡਾ ਪਰਮੇਸ਼ਰ ਹੀ ਕੇਵਲ ਇੱਕ ਪ੍ਰਭੂ ਹੈ । 30ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ, ਆਪਣੀ ਸਾਰੀ ਬੁੱਧ ਨਾਲ ਅਤੇ ਆਪਣੇ ਸਾਰੇ ਬਲ ਨਾਲ ਪਿਆਰ ਕਰ ।’ 31#ਲੇਵੀ 19:18ਦੂਜਾ ਵੱਡਾ ਹੁਕਮ ਇਹ ਹੈ, ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ । ਇਹਨਾਂ ਦੋਨਾਂ ਹੁਕਮਾਂ ਤੋਂ ਵੱਡਾ ਹੋਰ ਕੋਈ ਹੁਕਮ ਨਹੀਂ ।” 32#ਵਿਵ 4:35ਵਿਵਸਥਾ ਦੇ ਸਿੱਖਿਅਕ ਨੇ ਕਿਹਾ, “ਗੁਰੂ ਜੀ, ਤੁਸੀਂ ਬਿਲਕੁਲ ਠੀਕ ਦੱਸਿਆ ਹੈ, ਪਰਮੇਸ਼ਰ ਕੇਵਲ ਇੱਕ ਹੀ ਹੈ, ਉਹਨਾਂ ਤੋਂ ਸਿਵਾਏ ਦੂਜਾ ਕੋਈ ਨਹੀਂ ਹੈ । 33#ਹੋਸ਼ੇ 6:6ਇਸ ਲਈ ਜ਼ਰੂਰੀ ਹੈ ਕਿ ‘ਮਨੁੱਖ ਉਸ ਇੱਕ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਬੁੱਧ ਅਤੇ ਸਾਰੇ ਬਲ ਨਾਲ ਪਿਆਰ ਕਰੇ,’ ਅਤੇ ‘ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰੇ ।’ ਇਹਨਾਂ ਦੋਨਾਂ ਹੁਕਮਾਂ ਦੀ ਪਾਲਣਾ ਕਰਨਾ ਸਾਰੇ ਚੜ੍ਹਾਵਿਆਂ ਅਤੇ ਬਲੀਦਾਨਾਂ ਤੋਂ ਵੱਧ ਹੈ ।” 34ਯਿਸੂ ਨੇ ਦੇਖਿਆ ਕਿ ਉਸ ਨੇ ਸਿਆਣਪ ਨਾਲ ਉੱਤਰ ਦਿੱਤਾ ਹੈ ਇਸ ਲਈ ਉਸ ਨੂੰ ਕਿਹਾ, “ਤੂੰ ਪਰਮੇਸ਼ਰ ਦੇ ਰਾਜ ਤੋਂ ਦੂਰ ਨਹੀਂ ਹੈਂ ।” ਇਸ ਦੇ ਬਾਅਦ ਕਿਸੇ ਦੀ ਹਿੰਮਤ ਨਾ ਹੋਈ ਕਿ ਯਿਸੂ ਤੋਂ ਹੋਰ ਪ੍ਰਸ਼ਨ ਪੁੱਛੇ ।
ਮਸੀਹ ਸੰਬੰਧੀ ਪ੍ਰਸ਼ਨ
(ਮੱਤੀ 22:41-46, ਲੂਕਾ 20:41-44)
35ਫਿਰ ਯਿਸੂ ਨੇ ਹੈਕਲ ਵਿੱਚ ਉਪਦੇਸ਼ ਦਿੰਦੇ ਹੋਏ ਇਹ ਕਿਹਾ, “ਵਿਵਸਥਾ ਦੇ ਸਿੱਖਿਅਕ ਕਿਉਂ ਕਹਿੰਦੇ ਹਨ ਕਿ ਮਸੀਹ ਦਾਊਦ ਦਾ ਪੁੱਤਰ ਹੈ ? 36#ਭਜਨ 110:1ਜਦੋਂ ਕਿ ਦਾਊਦ ਆਪ ਪਵਿੱਤਰ ਆਤਮਾ ਦੀ ਪ੍ਰੇਰਨਾ ਨਾਲ ਕਹਿੰਦਾ ਹੈ,
‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ, ਤੂੰ ਮੇਰੇ ਸੱਜੇ ਹੱਥ ਬੈਠ, ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਦੇ ਥੱਲੇ ਨਾ ਕਰ ਦੇਵਾਂ ।’
37ਇਸ ਤਰ੍ਹਾਂ ਦਾਊਦ ਨੇ ਆਪ ਉਸ ਨੂੰ ਪ੍ਰਭੂ ਕਿਹਾ, ਫਿਰ ਉਹ ਉਸ ਦਾ ਪੁੱਤਰ ਕਿਸ ਤਰ੍ਹਾਂ ਹੋ ਸਕਦਾ ਹੈ ?” ਸਾਰੇ ਲੋਕ ਬੜੀ ਖ਼ੁਸ਼ੀ ਨਾਲ ਯਿਸੂ ਦੀਆਂ ਗੱਲਾਂ ਸੁਣ ਰਹੇ ਸਨ ।
ਪ੍ਰਭੂ ਯਿਸੂ ਵਿਵਸਥਾ ਦੇ ਸਿੱਖਿਅਕਾਂ ਦੇ ਵਿਰੁੱਧ ਚਿਤਾਵਨੀ ਦਿੰਦੇ ਹਨ
(ਮੱਤੀ 23:1-36, ਲੂਕਾ 20:45-47)
38ਉਹਨਾਂ ਨੇ ਆਪਣੇ ਉਪਦੇਸ਼ ਵਿੱਚ ਕਿਹਾ, “ਵਿਵਸਥਾ ਦੇ ਸਿੱਖਿਅਕਾਂ ਤੋਂ ਖ਼ਬਰਦਾਰ ਰਹੋ ਜਿਹੜੇ ਲੰਮੇ ਲੰਮੇ ਚੋਗੇ ਪਾ ਕੇ ਟਹਿਲਣਾ, ਬਜ਼ਾਰਾਂ ਵਿੱਚ ਸਲਾਮਾਂ ਲੈਣਾ, 39ਸਭਾਵਾਂ ਵਿੱਚ ਅਗਲੀਆਂ ਥਾਂਵਾ ਉੱਤੇ ਬੈਠਣਾ ਅਤੇ ਦਾਅਵਤਾਂ ਵਿੱਚ ਮਾਣਯੋਗ ਥਾਂਵਾਂ ਨੂੰ ਪਸੰਦ ਕਰਦੇ ਹਨ । 40ਉਹ ਵਿਧਵਾਵਾਂ ਦੇ ਘਰਾਂ ਨੂੰ ਹੜੱਪ ਕਰ ਜਾਂਦੇ ਹਨ । ਉਹ ਦਿਖਾਵੇ ਲਈ ਲੰਮੀਆਂ ਲੰਮੀਆਂ ਪ੍ਰਾਰਥਨਾਵਾਂ ਕਰਦੇ ਹਨ । ਉਹਨਾਂ ਦੀ ਸਜ਼ਾ ਬਹੁਤ ਸਖ਼ਤ ਹੋਵੇਗੀ ।”
ਇੱਕ ਗਰੀਬ ਵਿਧਵਾ ਦਾ ਦਾਨ
(ਲੂਕਾ 21:1-4)
41ਯਿਸੂ ਹੈਕਲ ਵਿੱਚ ਦਾਨ ਪਾਤਰ ਦੇ ਸਾਹਮਣੇ ਬੈਠ ਕੇ ਦੇਖ ਰਹੇ ਸਨ ਕਿ ਲੋਕ ਕਿਸ ਤਰ੍ਹਾਂ ਦਾਨ ਲਈ ਪੈਸੇ ਪਾ ਰਹੇ ਹਨ । ਬਹੁਤ ਸਾਰੇ ਅਮੀਰਾਂ ਨੇ ਉਸ ਵਿੱਚ ਬਹੁਤ ਦਾਨ ਪਾਇਆ । 42ਅਤੇ ਇੱਕ ਗਰੀਬ ਵਿਧਵਾ ਆਈ ਜਿਸ ਨੇ ਤਾਂਬੇ ਦੇ ਦੋ ਛੋਟੇ ਸਿੱਕੇ ਹੀ ਪਾਏ ਜਿਹਨਾਂ ਦਾ ਮੁੱਲ ਲਗਭਗ ਇੱਕ ਪੈਸਾ ਸੀ । 43ਯਿਸੂ ਨੇ ਆਪਣੇ ਚੇਲਿਆਂ ਨੂੰ ਸੱਦ ਕੇ ਕਿਹਾ, “ਇਹ ਸੱਚ ਜਾਣੋ, ਇਸ ਗਰੀਬ ਵਿਧਵਾ ਨੇ ਸਾਰੇ ਦਾਨੀਆਂ ਨਾਲੋਂ ਦਾਨ ਪਾਤਰ ਵਿੱਚ ਬਹੁਤਾ ਪਾਇਆ ਹੈ । 44ਕਿਉਂਕਿ ਬਾਕੀਆਂ ਨੇ ਆਪਣੇ ਬਹੁਤੇ ਵਿੱਚੋਂ ਜੋ ਵਾਧੂ ਸੀ ਪਾਇਆ ਹੈ ਪਰ ਇਸ ਨੇ ਜੋ ਕੁਝ ਇਸ ਦੀ ਗ਼ਰੀਬੀ ਵਿੱਚ ਇਸ ਦੇ ਕੋਲ ਸੀ ਆਪਣਾ ਸਾਰਾ ਕੁਝ ਦਾਨ ਵਿੱਚ ਦੇ ਦਿੱਤਾ ਹੈ ।”

Селектирано:

ਮਰਕੁਸ 12: CL-NA

Нагласи

Сподели

Копирај

None

Дали сакаш да ги зачуваш Нагласувањата на сите твои уреди? Пријави се или најави се