Logo YouVersion
Icona Cerca

ਯੂਹੰਨਾ 4

4
ਪ੍ਰਭੂ ਯਿਸੂ ਅਤੇ ਸਾਮਰੀ ਔਰਤ
1ਜਦੋਂ ਯਿਸੂ ਨੂੰ ਇਹ ਪਤਾ ਲੱਗਾ ਕਿ ਫ਼ਰੀਸੀਆਂ ਨੇ ਸੁਣ ਲਿਆ ਹੈ ਕਿ ਉਹ ਯੂਹੰਨਾ ਤੋਂ ਵੀ ਜ਼ਿਆਦਾ ਚੇਲੇ ਬਣਾਉਂਦੇ ਅਤੇ ਬਪਤਿਸਮਾ ਦਿੰਦੇ ਹਨ । 2(ਭਾਵੇਂ ਯਿਸੂ ਆਪ ਨਹੀਂ ਸਗੋਂ ਉਹਨਾਂ ਦੇ ਚੇਲੇ ਬਪਤਿਸਮਾ ਦਿੰਦੇ ਸਨ ।) 3ਤਦ ਉਹਨਾਂ ਨੇ ਯਹੂਦੀਯਾ ਨੂੰ ਛੱਡ ਦਿੱਤਾ ਅਤੇ ਦੁਬਾਰਾ ਗਲੀਲ ਨੂੰ ਚਲੇ ਗਏ । 4ਉਹਨਾਂ ਲਈ ਸਾਮਰੀਯਾ ਦੇ ਇਲਾਕੇ ਵਿੱਚੋਂ ਲੰਘਣਾ ਜ਼ਰੂਰੀ ਸੀ । 5#ਉਤ 33:19, ਯਹੋ 24:32ਉਹ ਸਾਮਰੀਯਾ ਇਲਾਕੇ ਦੇ ਸ਼ਹਿਰ ਸੁਖਾਰ ਵਿੱਚ ਆਏ ਜੋ ਉਸ ਜ਼ਮੀਨ ਦੇ ਨੇੜੇ ਸੀ ਜਿਹੜੀ ਯਾਕੂਬ ਨੇ ਆਪਣੇ ਪੁੱਤਰ ਯੂਸਫ਼ ਨੂੰ ਦਿੱਤੀ ਸੀ । 6ਉੱਥੇ ਯਾਕੂਬ ਦਾ ਖੂਹ ਸੀ ਅਤੇ ਯਿਸੂ ਯਾਤਰਾ ਕਰਦੇ ਥੱਕ ਗਏ ਸਨ ਇਸ ਲਈ ਉਹ ਉਸ ਖੂਹ ਦੇ ਕੋਲ ਬੈਠ ਗਏ । ਇਹ ਦੁਪਹਿਰ ਦਾ ਸਮਾਂ ਸੀ ।
7ਉੱਥੇ ਇੱਕ ਸਾਮਰੀ ਔਰਤ ਪਾਣੀ ਭਰਨ ਦੇ ਲਈ ਆਈ । ਯਿਸੂ ਨੇ ਉਸ ਨੂੰ ਕਿਹਾ, “ਮੈਨੂੰ ਪਾਣੀ ਪਿਲਾ ਦੇ ।” 8(ਯਿਸੂ ਦੇ ਚੇਲੇ ਸ਼ਹਿਰ ਵਿੱਚ ਭੋਜਨ ਮੁੱਲ ਲੈਣ ਗਏ ਹੋਏ ਸਨ ।) 9#ਅਜ਼ 4:1-5, ਨਹ 4:1-2ਉਸ ਸਾਮਰੀ ਔਰਤ ਨੇ ਯਿਸੂ ਨੂੰ ਕਿਹਾ, “ਮੈਂ ਸਾਮਰੀ ਔਰਤ ਹਾਂ ਅਤੇ ਤੁਸੀਂ ਯਹੂਦੀ ਹੋ । ਫਿਰ ਤੁਸੀਂ ਮੇਰੇ ਕੋਲੋਂ ਪਾਣੀ ਕਿਉਂ ਮੰਗ ਰਹੇ ਹੋ ?” (ਕਿਉਂਕਿ ਯਹੂਦੀਆਂ ਅਤੇ ਸਾਮਰੀਆਂ ਵਿੱਚ ਕੋਈ ਮਿਲਵਰਤਣ ਨਹੀਂ ਸੀ ।) 10ਯਿਸੂ ਨੇ ਉੱਤਰ ਦਿੱਤਾ, “ਜੇਕਰ ਤੂੰ ਜਾਣਦੀ ਕਿ ਪਰਮੇਸ਼ਰ ਦਾ ਵਰਦਾਨ ਕੀ ਹੈ ਅਤੇ ਜੋ ਤੇਰੇ ਕੋਲੋਂ ਪਾਣੀ ਮੰਗ ਰਿਹਾ ਹੈ ਉਹ ਕੌਣ ਹੈ ਤਾਂ ਤੂੰ ਉਸ ਤੋਂ ਮੰਗਦੀ ਅਤੇ ਉਹ ਤੈਨੂੰ ਜੀਵਨ ਦਾ ਪਾਣੀ ਦਿੰਦਾ ।” 11ਔਰਤ ਨੇ ਕਿਹਾ, “ਸ੍ਰੀਮਾਨ ਜੀ, ਤੁਹਾਡੇ ਕੋਲ ਪਾਣੀ ਕੱਢਣ ਦੇ ਲਈ ਕੁਝ ਵੀ ਨਹੀਂ ਹੈ ਅਤੇ ਖੂਹ ਬਹੁਤ ਡੂੰਘਾ ਹੈ । ਫਿਰ ਤੁਹਾਡੇ ਕੋਲ ਜੀਵਨ ਦਾ ਪਾਣੀ ਕਿੱਥੋਂ ਆਇਆ ? 12ਕੀ ਤੁਸੀਂ ਸਾਡੇ ਪੁਰਖੇ ਯਾਕੂਬ ਨਾਲੋਂ ਵੀ ਵੱਡੇ ਹੋ ਜਿਸ ਨੇ ਸਾਨੂੰ ਇਹ ਖੂਹ ਦਿੱਤਾ ਸੀ ? ਉਸ ਨੇ ਆਪ, ਉਸ ਦੇ ਪੁੱਤਰਾਂ ਨੇ ਅਤੇ ਉਸ ਦੇ ਪਸ਼ੂਆਂ ਨੇ ਵੀ ਇਸ ਵਿੱਚੋਂ ਪਾਣੀ ਪੀਤਾ ਸੀ ।” 13ਯਿਸੂ ਨੇ ਉੱਤਰ ਦਿੱਤਾ, “ਜਿਹੜਾ ਕੋਈ ਇਸ ਪਾਣੀ ਵਿੱਚੋਂ ਪੀਵੇਗਾ, ਉਹ ਫਿਰ ਪਿਆਸਾ ਹੋਵੇਗਾ 14ਪਰ ਜਿਹੜਾ ਉਸ ਪਾਣੀ ਨੂੰ ਪੀਵੇਗਾ ਜੋ ਮੈਂ ਦੇਵਾਂਗਾ, ਉਹ ਫਿਰ ਕਦੀ ਪਿਆਸਾ ਨਹੀਂ ਹੋਵੇਗਾ ਸਗੋਂ ਉਹ ਪਾਣੀ ਉਸ ਦੇ ਅੰਦਰ ਅਨੰਤ ਜੀਵਨ ਦੇ ਪਾਣੀ ਦਾ ਸ੍ਰੋਤ ਬਣ ਜਾਵੇਗਾ ।” 15ਔਰਤ ਨੇ ਕਿਹਾ, “ਸ੍ਰੀਮਾਨ ਜੀ, ਮੈਨੂੰ ਉਹ ਪਾਣੀ ਦਿਓ ਕਿ ਮੈਂ ਫਿਰ ਪਿਆਸੀ ਨਾ ਹੋਵਾਂ ਅਤੇ ਨਾ ਹੀ ਇੱਥੇ ਪਾਣੀ ਭਰਨ ਦੇ ਲਈ ਆਵਾਂ ।”
16ਯਿਸੂ ਨੇ ਉਸ ਨੂੰ ਕਿਹਾ, “ਜਾ, ਆਪਣੇ ਪਤੀ ਨੂੰ ਸੱਦ ਕੇ ਇੱਥੇ ਲਿਆ ।” 17ਔਰਤ ਨੇ ਉੱਤਰ ਦਿੱਤਾ, “ਮੇਰਾ ਪਤੀ ਨਹੀਂ ਹੈ ।” ਯਿਸੂ ਨੇ ਕਿਹਾ, “ਤੂੰ ਠੀਕ ਉੱਤਰ ਦਿੱਤਾ ਹੈ, ‘ਮੇਰਾ ਪਤੀ ਨਹੀਂ ਹੈ ।’ 18ਤੂੰ ਪੰਜ ਪਤੀ ਕਰ ਚੁੱਕੀ ਹੈਂ ਅਤੇ ਜਿਹੜਾ ਆਦਮੀ ਤੇਰੇ ਨਾਲ ਹੁਣ ਹੈ, ਉਹ ਵੀ ਤੇਰਾ ਪਤੀ ਨਹੀਂ ਹੈ । ਤੂੰ ਮੈਨੂੰ ਸੱਚ ਦੱਸਿਆ ਹੈ ।” 19ਔਰਤ ਨੇ ਕਿਹਾ, “ਸ੍ਰੀਮਾਨ ਜੀ, ਮੈਨੂੰ ਲੱਗਦਾ ਹੈ ਕਿ ਤੁਸੀਂ ਨਬੀ ਹੋ । 20ਸਾਡੇ ਪੁਰਖਿਆਂ ਨੇ ਇਸ ਪਹਾੜ ਉੱਤੇ ਭਗਤੀ ਕੀਤੀ ਹੈ ਪਰ ਤੁਸੀਂ ਯਹੂਦੀ ਕਹਿੰਦੇ ਹੋ ਕਿ ਯਰੂਸ਼ਲਮ ਵਿੱਚ ਹੀ ਉਹ ਥਾਂ ਹੈ ਜਿੱਥੇ ਭਗਤੀ ਕਰਨੀ ਚਾਹੀਦੀ ਹੈ ।” 21ਯਿਸੂ ਨੇ ਉਸ ਨੂੰ ਕਿਹਾ, “ਬੀਬੀ, ਮੇਰੇ ਵਿੱਚ ਵਿਸ਼ਵਾਸ ਕਰ, ਉਹ ਸਮਾਂ ਆ ਰਿਹਾ ਹੈ ਜਦੋਂ ਤੁਸੀਂ ਨਾ ਇਸ ਪਹਾੜ ਉੱਤੇ ਨਾ ਹੀ ਯਰੂਸ਼ਲਮ ਵਿੱਚ ਪਿਤਾ ਦੀ ਭਗਤੀ ਕਰੋਗੇ । 22ਤੁਸੀਂ ਸਾਮਰੀ ਉਸ ਦੀ ਭਗਤੀ ਕਰਦੇ ਹੋ ਜਿਸ ਨੂੰ ਤੁਸੀਂ ਨਹੀਂ ਜਾਣਦੇ ਪਰ ਅਸੀਂ ਉਸ ਦੀ ਭਗਤੀ ਕਰਦੇ ਹਾਂ ਜਿਸ ਨੂੰ ਅਸੀਂ ਜਾਣਦੇ ਹਾਂ ਕਿਉਂਕਿ ਮੁਕਤੀ ਯਹੂਦੀਆਂ ਤੋਂ ਹੀ ਹੈ । 23ਉਹ ਸਮਾਂ ਆ ਰਿਹਾ ਹੈ ਸਗੋਂ ਆ ਚੁੱਕਾ ਹੈ ਜਦੋਂ ਕਿ ਸੱਚੇ ਭਗਤ ਪਿਤਾ ਦੀ ਭਗਤੀ ਸੱਚਾਈ ਅਤੇ ਆਤਮਾ ਨਾਲ ਕਰਨਗੇ ਕਿਉਂਕਿ ਪਿਤਾ ਅਜਿਹੇ ਭਗਤਾਂ ਨੂੰ ਹੀ ਚਾਹੁੰਦੇ ਹਨ । 24ਪਰਮੇਸ਼ਰ ਆਤਮਾ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਉਹਨਾਂ ਦੇ ਭਗਤ ਆਤਮਾ ਅਤੇ ਸੱਚਾਈ ਨਾਲ ਉਹਨਾਂ ਦੀ ਭਗਤੀ ਕਰਨ ।”
25ਔਰਤ ਨੇ ਕਿਹਾ, “ਮੈਂ ਜਾਣਦੀ ਹਾਂ ਕਿ ਮਸੀਹ ਜਿਹੜੇ ਪਰਮੇਸ਼ਰ ਦੇ ਮਸਹ ਕੀਤੇ ਹੋਏ ਹਨ ਆ ਰਹੇ ਹਨ ਅਤੇ ਜਦੋਂ ਉਹ ਆਉਣਗੇ ਉਹ ਸਾਨੂੰ ਸਭ ਕੁਝ ਦੱਸਣਗੇ ।” 26ਯਿਸੂ ਨੇ ਕਿਹਾ, “ਮੈਂ ਜਿਹੜਾ ਤੇਰੇ ਨਾਲ ਗੱਲਾਂ ਕਰ ਰਿਹਾ ਹਾਂ, ਉਹ ਹੀ ਹਾਂ ।”
27ਇਸ ਸਮੇਂ ਤੱਕ ਯਿਸੂ ਦੇ ਚੇਲੇ ਆ ਗਏ ਅਤੇ ਇਹ ਦੇਖ ਕੇ ਕਿ ਯਿਸੂ ਇੱਕ ਔਰਤ ਨਾਲ ਗੱਲਾਂ ਕਰ ਰਹੇ ਹਨ, ਉਹਨਾਂ ਨੂੰ ਬਹੁਤ ਹੈਰਾਨੀ ਹੋਈ ਪਰ ਕਿਸੇ ਨੇ ਯਿਸੂ ਤੋਂ ਨਾ ਪੁੱਛਿਆ, “ਤੁਸੀਂ ਕੀ ਚਾਹੁੰਦੇ ਹੋ ?” ਜਾਂ “ਤੁਸੀਂ ਇਸ ਔਰਤ ਨਾਲ ਕਿਉਂ ਗੱਲਾਂ ਕਰ ਰਹੇ ਹੋ ?”
28ਪਰ ਉਹ ਔਰਤ ਆਪਣਾ ਪਾਣੀ ਵਾਲਾ ਘੜਾ ਉੱਥੇ ਹੀ ਛੱਡ ਕੇ ਸ਼ਹਿਰ ਵਿੱਚ ਵਾਪਸ ਗਈ ਅਤੇ ਲੋਕਾਂ ਨੂੰ ਕਹਿਣ ਲੱਗੀ, 29“ਆਓ, ਇੱਕ ਆਦਮੀ ਨੂੰ ਦੇਖੋ, ਜਿਸ ਨੇ ਮੈਨੂੰ ਉਹ ਸਭ ਕੁਝ ਦੱਸ ਦਿੱਤਾ ਹੈ, ਜੋ ਮੈਂ ਅੱਜ ਤੱਕ ਕੀਤਾ ਹੈ । ਕਿਤੇ ਇਹ ਹੀ ਤਾਂ ਮਸੀਹ ਨਹੀਂ ?” 30ਲੋਕ ਸ਼ਹਿਰ ਵਿੱਚੋਂ ਬਾਹਰ ਨਿਕਲੇ ਅਤੇ ਯਿਸੂ ਕੋਲ ਆਉਣ ਲੱਗੇ ।
31ਚੇਲਿਆਂ ਨੇ ਯਿਸੂ ਨੂੰ ਬੇਨਤੀ ਕੀਤੀ, “ਹੇ ਰੱਬੀ, ਕੁਝ ਖਾ ਲਵੋ ।” 32ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੇਰੇ ਕੋਲ ਖਾਣ ਲਈ ਉਹ ਭੋਜਨ ਹੈ ਜਿਸ ਦੇ ਬਾਰੇ ਤੁਸੀਂ ਕੁਝ ਨਹੀਂ ਜਾਣਦੇ ।” 33ਇਹ ਸੁਣ ਕੇ ਚੇਲੇ ਆਪਸ ਵਿੱਚ ਕਹਿਣ ਲੱਗੇ, “ਕੀ ਕੋਈ ਇਹਨਾਂ ਦੇ ਖਾਣ ਲਈ ਭੋਜਨ ਲਿਆਇਆ ਹੈ ?” 34ਪਰ ਯਿਸੂ ਨੇ ਉਹਨਾਂ ਨੂੰ ਕਿਹਾ, “ਮੇਰਾ ਭੋਜਨ ਇਹ ਹੈ ਕਿ ਮੈਂ ਆਪਣੇ ਭੇਜਣ ਵਾਲੇ ਦੀ ਇੱਛਾ ਨੂੰ ਪੂਰੀ ਕਰਾਂ ਅਤੇ ਉਹਨਾਂ ਦੇ ਦਿੱਤੇ ਹੋਏ ਕੰਮ ਨੂੰ ਪੂਰਾ ਕਰਾਂ ।
35“ਕੀ ਤੁਸੀਂ ਇਸ ਤਰ੍ਹਾਂ ਨਹੀਂ ਕਹਿੰਦੇ ਹੋ, ‘ਚਾਰ ਮਹੀਨੇ ਬਾਕੀ ਹਨ ਅਤੇ ਫਿਰ ਵਾਢੀ ਹੋਵੇਗੀ’ ? ਮੈਂ ਤੁਹਾਨੂੰ ਦੱਸਦਾ ਹਾਂ, ਆਪਣੀਆਂ ਅੱਖਾਂ ਖੋਲ ਕੇ ਖੇਤਾਂ ਵੱਲ ਦੇਖੋ ! ਫ਼ਸਲ ਪੱਕ ਚੁੱਕੀ ਹੈ ਅਤੇ ਵੱਢਣ ਦੇ ਯੋਗ ਹੈ । 36ਵਾਢੇ ਆਪਣੀ ਮਜ਼ਦੂਰੀ ਪ੍ਰਾਪਤ ਕਰ ਰਹੇ ਹਨ ਅਤੇ ਅਨੰਤ ਜੀਵਨ ਦੇ ਲਈ ਫਲ ਇਕੱਠਾ ਕਰ ਰਹੇ ਹਨ ਤਾਂ ਜੋ ਬੀਜਣ ਵਾਲੇ ਅਤੇ ਵੱਢਣ ਵਾਲੇ ਦੋਵੇਂ ਮਿਲ ਕੇ ਖ਼ੁਸ਼ੀ ਮਨਾਉਣ । 37ਇਸ ਲਈ ਇੱਥੇ ਇਹ ਕਹਾਵਤ ਠੀਕ ਢੁੱਕਦੀ ਹੈ ‘ਬੀਜੇ ਕੋਈ ਅਤੇ ਵੱਢੇ ਕੋਈ ।’ 38ਮੈਂ ਤੁਹਾਨੂੰ ਉਸ ਫ਼ਸਲ ਨੂੰ ਵੱਢਣ ਲਈ ਭੇਜਿਆ ਹੈ ਜਿਸ ਦੇ ਲਈ ਤੁਸੀਂ ਕੋਈ ਮਿਹਨਤ ਨਹੀਂ ਕੀਤੀ, ਦੂਜਿਆਂ ਨੇ ਮਿਹਨਤ ਕੀਤੀ ਹੈ ਅਤੇ ਤੁਸੀਂ ਉਹਨਾਂ ਦੀ ਮਿਹਨਤ ਦਾ ਫਲ ਪ੍ਰਾਪਤ ਕਰ ਰਹੇ ਹੋ ।”
39ਉਸ ਸ਼ਹਿਰ ਦੇ ਬਹੁਤ ਸਾਰੇ ਸਾਮਰੀ ਲੋਕਾਂ ਨੇ ਉਸ ਦੀ ਗਵਾਹੀ ਸੁਣ ਕੇ ਯਿਸੂ ਵਿੱਚ ਵਿਸ਼ਵਾਸ ਕੀਤਾ ਜੋ ਉਸ ਔਰਤ ਨੇ ਕਿਹਾ ਸੀ ਕਿ, “ਉਸ ਨੇ ਮੈਨੂੰ ਉਹ ਸਭ ਕੁਝ ਦੱਸ ਦਿੱਤਾ ਹੈ ਜੋ ਮੈਂ ਅੱਜ ਤੱਕ ਕੀਤਾ ਹੈ ।” 40ਉਹ ਸਾਮਰੀ ਯਿਸੂ ਕੋਲ ਆਏ ਅਤੇ ਬੇਨਤੀ ਕਰਨ ਲੱਗੇ ਕਿ ਉਹ ਉਹਨਾਂ ਦੇ ਨਾਲ ਠਹਿਰਨ । ਯਿਸੂ ਉਹਨਾਂ ਦੇ ਕੋਲ ਦੋ ਦਿਨ ਠਹਿਰੇ । 41ਸਾਮਰੀਯਾ ਦੇ ਬਹੁਤ ਸਾਰੇ ਹੋਰ ਵੀ ਰਹਿਣ ਵਾਲਿਆਂ ਨੇ ਯਿਸੂ ਦੇ ਵਚਨ ਸੁਣ ਕੇ ਉਹਨਾਂ ਵਿੱਚ ਵਿਸ਼ਵਾਸ ਕੀਤਾ । 42ਉਹਨਾਂ ਲੋਕਾਂ ਨੇ ਉਸ ਔਰਤ ਨੂੰ ਕਿਹਾ, “ਹੁਣ ਅਸੀਂ ਕੇਵਲ ਤੇਰੇ ਕਹਿਣ ਉੱਤੇ ਹੀ ਵਿਸ਼ਵਾਸ ਨਹੀਂ ਕਰਦੇ ਸਗੋਂ ਅਸੀਂ ਆਪ ਉਹਨਾਂ ਨੂੰ ਸੁਣਿਆ ਹੈ ਅਤੇ ਜਾਣਦੇ ਹਾਂ ਕਿ ਉਹ ਹੀ ਸੰਸਾਰ ਦੇ ਸੱਚੇ ਮੁਕਤੀਦਾਤਾ ਹਨ ।”
ਪ੍ਰਭੂ ਯਿਸੂ ਦਾ ਇੱਕ ਸਰਕਾਰੀ ਅਫ਼ਸਰ ਦੇ ਪੁੱਤਰ ਨੂੰ ਚੰਗਾ ਕਰਨਾ
43ਦੋ ਦਿਨਾਂ ਦੇ ਬਾਅਦ ਯਿਸੂ ਉਸ ਥਾਂ ਤੋਂ ਗਲੀਲ ਨੂੰ ਗਏ । 44#ਮੱਤੀ 13:57, ਮਰ 6:4, ਲੂਕਾ 4:24ਯਿਸੂ ਨੇ ਆਪ ਇਸ ਗੱਲ ਦੀ ਗਵਾਹੀ ਦਿੱਤੀ, “ਨਬੀ ਦਾ ਆਪਣੇ ਦੇਸ਼ ਵਿੱਚ ਆਦਰ ਨਹੀਂ ਹੁੰਦਾ ।” 45#ਯੂਹ 2:23ਜਦੋਂ ਉਹ ਗਲੀਲ ਵਿੱਚ ਪਹੁੰਚੇ ਤਾਂ ਗਲੀਲ ਦੇ ਰਹਿਣ ਵਾਲਿਆਂ ਨੇ ਉਹਨਾਂ ਦਾ ਸੁਆਗਤ ਕੀਤਾ ਕਿਉਂਕਿ ਇਹ ਲੋਕ ਯਰੂਸ਼ਲਮ ਵਿੱਚ ਪਸਾਹ ਦੇ ਤਿਉਹਾਰ ਦੇ ਲਈ ਗਏ ਹੋਏ ਸਨ ਅਤੇ ਉਹਨਾਂ ਨੇ ਉਹ ਸਾਰੇ ਕੰਮ ਦੇਖੇ ਜਿਹੜੇ ਯਿਸੂ ਨੇ ਤਿਉਹਾਰ ਦੇ ਸਮੇਂ ਕੀਤੇ ਸਨ ।
46 # ਯੂਹ 2:1-11 ਯਿਸੂ ਫਿਰ ਗਲੀਲ ਦੇ ਪਿੰਡ ਕਾਨਾ ਵਿੱਚ ਆਏ ਜਿੱਥੇ ਉਹਨਾਂ ਨੇ ਪਾਣੀ ਨੂੰ ਮੈਅ ਬਣਾਇਆ ਸੀ । ਉੱਥੇ ਇੱਕ ਸਰਕਾਰੀ ਅਫ਼ਸਰ ਸੀ ਜਿਸ ਦਾ ਪੁੱਤਰ ਕਫ਼ਰਨਾਹੂਮ ਵਿੱਚ ਬਿਮਾਰ ਸੀ । 47ਉਸ ਨੇ ਸੁਣਿਆ ਕਿ ਯਿਸੂ ਯਹੂਦੀਯਾ ਦੇ ਇਲਾਕੇ ਤੋਂ ਗਲੀਲ ਵਿੱਚ ਆਏ ਹੋਏ ਹਨ ਤਾਂ ਉਹ ਯਿਸੂ ਕੋਲ ਆਇਆ ਅਤੇ ਬੇਨਤੀ ਕੀਤੀ ਕਿ ਉਹ ਕਫ਼ਰਨਾਹੂਮ ਵਿੱਚ ਚੱਲ ਕੇ ਉਸ ਦੇ ਪੁੱਤਰ ਨੂੰ ਚੰਗਾ ਕਰਨ ਕਿਉਂਕਿ ਉਹ ਆਖ਼ਰੀ ਸਾਹਾਂ ਤੇ ਸੀ । 48ਯਿਸੂ ਨੇ ਉਸ ਨੂੰ ਕਿਹਾ, “ਤੁਸੀਂ ਤਦ ਤੱਕ ਵਿਸ਼ਵਾਸ ਨਹੀਂ ਕਰੋਗੇ ਜਦੋਂ ਤੱਕ ਕਿ ਤੁਸੀਂ ਚਿੰਨ੍ਹ ਅਤੇ ਚਮਤਕਾਰ ਨਾ ਦੇਖ ਲਵੋ ।” 49ਸਰਕਾਰੀ ਅਫ਼ਸਰ ਨੇ ਕਿਹਾ, “ਸ੍ਰੀਮਾਨ ਜੀ, ਮੇਰੇ ਪੁੱਤਰ ਦੇ ਮਰਨ ਤੋਂ ਪਹਿਲਾਂ ਚੱਲੋ ।” 50ਯਿਸੂ ਨੇ ਉਸ ਨੂੰ ਕਿਹਾ, “ਜਾ, ਤੇਰਾ ਪੁੱਤਰ ਜਿਊਂਦਾ ਰਹੇਗਾ !” ਉਸ ਨੇ ਯਿਸੂ ਦੇ ਇਹਨਾਂ ਸ਼ਬਦਾਂ ਵਿੱਚ ਵਿਸ਼ਵਾਸ ਕੀਤਾ ਅਤੇ ਚਲਾ ਗਿਆ । 51ਅਜੇ ਉਹ ਰਾਹ ਵਿੱਚ ਹੀ ਸੀ ਕਿ ਉਸ ਦੇ ਸੇਵਕ ਅੱਗੋਂ ਉਸ ਨੂੰ ਮਿਲੇ ਅਤੇ ਕਿਹਾ, “ਤੁਹਾਡਾ ਪੁੱਤਰ ਜਿਊਂਦਾ ਹੈ ।” 52ਉਸ ਨੇ ਸੇਵਕਾਂ ਤੋਂ ਪੁੱਛਿਆ, “ਉਹ ਕਿਸ ਸਮੇਂ ਚੰਗਾ ਹੋ ਗਿਆ ਸੀ ?” ਸੇਵਕਾਂ ਨੇ ਉੱਤਰ ਦਿੱਤਾ, “ਕੱਲ੍ਹ ਦੁਪਹਿਰ ਦੇ ਕੋਈ ਇੱਕ ਵਜੇ ਉਸ ਦਾ ਬੁਖ਼ਾਰ ਉਤਰ ਗਿਆ ਸੀ ।” 53ਪਿਤਾ ਨੂੰ ਯਾਦ ਆਇਆ ਕਿ ਇਹ ਉਹ ਹੀ ਸਮਾਂ ਸੀ ਜਦੋਂ ਯਿਸੂ ਨੇ ਉਸ ਨੂੰ ਕਿਹਾ ਸੀ, “ਤੇਰਾ ਪੁੱਤਰ ਜਿਊਂਦਾ ਰਹੇਗਾ ।” ਇਸ ਲਈ ਉਸ ਨੇ ਅਤੇ ਉਸ ਦੇ ਸਾਰੇ ਪਰਿਵਾਰ ਦੇ ਲੋਕਾਂ ਨੇ ਵਿਸ਼ਵਾਸ ਕੀਤਾ । 54ਇਹ ਦੂਜਾ ਚਮਤਕਾਰੀ ਚਿੰਨ੍ਹ ਸੀ ਜਿਹੜਾ ਯਿਸੂ ਨੇ ਯਹੂਦੀਯਾ ਤੋਂ ਆ ਕੇ ਗਲੀਲ ਵਿੱਚ ਦਿਖਾਇਆ ।

Attualmente Selezionati:

ਯੂਹੰਨਾ 4: CL-NA

Evidenziazioni

Condividi

Copia

None

Vuoi avere le tue evidenziazioni salvate su tutti i tuoi dispositivi?Iscriviti o accedi

YouVersion utilizza i cookie per personalizzare la tua esperienza. Utilizzando il nostro sito Web, accetti il nostro utilizzo dei cookie come descritto nella nostra Privacy Policy