YouVersion logo
Ikona pretraživanja

ਮੱਤੀਯਾਹ 20

20
ਅੰਗੂਰੀ ਬਾਗ਼ ਦੇ ਮਜ਼ਦੂਰਾਂ ਦਾ ਦ੍ਰਿਸ਼ਟਾਂਤ
1“ਸਵਰਗ ਦਾ ਰਾਜ ਇੱਕ ਘਰ ਦੇ ਮਾਲਕ ਵਰਗਾ ਹੈ ਜਿਹੜਾ ਸਵੇਰੇ ਤੜਕੇ ਘਰੋਂ ਨਿੱਕਲਿਆ ਤਾਂ ਕਿ ਆਪਣੇ ਅੰਗੂਰੀ ਬਾਗ਼ ਵਿੱਚ ਮਜ਼ਦੂਰ ਲਾਵੇ। 2ਅਤੇ ਉਹ ਮਜ਼ਦੂਰਾਂ ਨੂੰ ਇੱਕ ਦੀਨਾਰ#20:2 ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ ਹੈ। ਦਿਹਾੜੀ ਦੇਣ ਲਈ ਸਹਿਮਤ ਹੋ ਗਿਆ ਅਤੇ ਉਹਨਾਂ ਨੂੰ ਆਪਣੇ ਬਾਗ਼ ਵਿੱਚ ਭੇਜ ਦਿੱਤਾ।
3“ਅਤੇ ਸਵੇਰ ਦੇ ਨੌਂ ਕੁ ਵਜੇ ਉਹ ਬਾਹਰ ਗਿਆ ਅਤੇ ਉਸਨੇ ਬਾਜ਼ਾਰਾਂ ਵਿੱਚ ਖੜ੍ਹੇ ਹੋਰਾਂ ਨੂੰ ਜੋ ਕੁਝ ਵੀ ਨਹੀਂ ਕਰ ਰਹੇ ਸਨ ਵੇਖਿਆ। 4ਅਤੇ ਉਹਨਾਂ ਨੂੰ ਆਖਿਆ, ‘ਤੁਸੀਂ ਵੀ ਜਾਓ ਅਤੇ ਮੇਰੇ ਬਾਗ ਵਿੱਚ ਕੰਮ ਕਰੋ ਅਤੇ ਜੋ ਵੀ ਸਹੀ ਹੱਕ ਹੋਵੇਗਾ ਉਹ ਮੈਂ ਤੁਹਾਨੂੰ ਦਿਆਂਗਾ।’ ” 5ਅਤੇ ਉਹ ਗਏ।
“ਉਹ ਫਿਰ ਦੁਬਾਰਾ ਦਿਨ ਦੇ ਤਿੰਨ ਕੁ ਵਜੇ ਬਾਹਰ ਗਿਆ ਅਤੇ ਉਸੇ ਤਰ੍ਹਾਂ ਹੀ ਕੀਤਾ। 6ਲਗਭਗ ਸ਼ਾਮ ਦੇ ਪੰਜ ਵਜੇ ਉਹ ਬਾਹਰ ਗਿਆ ਅਤੇ ਉਸ ਨੇ ਹੋਰਨਾਂ ਨੂੰ ਆਸ-ਪਾਸ ਖੜ੍ਹੇ ਵੇਖਿਆ। ਉਸਨੇ ਉਹਨਾਂ ਨੂੰ ਪੁੱਛਿਆ, ‘ਤੁਸੀਂ ਸਾਰਾ ਦਿਨ ਇੱਥੇ ਵਿਹਲੇ ਕਿਉਂ ਖੜ੍ਹੇ ਹੋ?’ ”
7ਉਹਨਾਂ ਨੇ ਉੱਤਰ ਦਿੱਤਾ, “ ‘ਕਿਉਂਕਿ ਸਾਨੂੰ ਕਿਸੇ ਨੇ ਕੰਮ ਨਹੀਂ ਦਿੱਤਾ।’
“ਉਸਨੇ ਉਹਨਾਂ ਨੂੰ ਕਿਹਾ, ‘ਤੁਸੀਂ ਵੀ ਜਾਓ ਅਤੇ ਮੇਰੇ ਬਾਗ਼ ਵਿੱਚ ਕੰਮ ਕਰੋ।’
8“ਜਦੋਂ ਸ਼ਾਮ ਹੋਈ, ਤਾਂ ਬਾਗ਼ ਦੇ ਮਾਲਕ ਨੇ ਆਪਣੇ ਮੁੱਖੀ ਨੂੰ ਕਿਹਾ, ‘ਮਜ਼ਦੂਰਾਂ ਨੂੰ ਸੱਦ ਅਤੇ ਪਿੱਛਲਿਆਂ ਤੋਂ ਲੈ ਕੇ ਪਹਿਲਿਆਂਂ ਤੱਕ ਉਹਨਾਂ ਨੂੰ ਮਜ਼ਦੂਰੀ ਦੇ।’
9“ਅਤੇ ਜਦੋਂ ਉਹ ਮਜ਼ਦੂਰ ਆਏ ਜਿਹੜੇ ਸ਼ਾਮ ਦੇ ਪੰਜ ਕੁ ਵਜੇ ਕੰਮ ਤੇ ਲੱਗੇ ਸਨ ਤਾਂ ਉਹਨਾਂ ਨੂੰ ਵੀ ਇੱਕ ਦੀਨਾਰ ਮਿਲਿਆ। 10ਅਤੇ ਜਦੋਂ ਉਹ ਆਏ ਜਿੰਨ੍ਹਾ ਨੂੰ ਪਹਿਲਾਂ ਕੰਮ ਤੇ ਲਗਾਇਆ ਸੀ, ਉਹਨਾਂ ਇਹ ਸਮਝਿਆ ਕਿ ਸਾਨੂੰ ਵੱਧ ਮਿਲੇਗਾ। ਪਰ ਉਹਨਾਂ ਨੂੰ ਵੀ ਇੱਕ ਦੀਨਾਰ ਹੀ ਮਿਲਿਆ। 11ਜਦੋਂ ਉਹਨਾਂ ਨੂੰ ਦੀਨਾਰ ਮਿਲੇ, ਤਾਂ ਉਹ ਮਾਲਕ ਦੇ ਵਿਰੁੱਧ ਬੁੜ-ਬੁੜ ਕਰਨ ਲੱਗੇ। 12ਅਤੇ ਬੋਲੇ ਜੋ ਇਨ੍ਹਾਂ ਪਿੱਛਲਿਆਂ ਨੇ ਇੱਕੋ ਘੰਟਾ ਕੰਮ ਕੀਤਾ, ‘ਅਤੇ ਤੁਸੀਂ ਇਨ੍ਹਾਂ ਨੂੰ ਵੀ ਸਾਡੇ ਬਰਾਬਰ ਕਰ ਦਿੱਤਾ ਜਿਨ੍ਹਾਂ ਨੇ ਸਾਰਾ ਦਿਨ ਦਾ ਭਾਰ ਅਤੇ ਧੁੱਪ ਸਹੀ।’
13“ਤਦ ਉਸਨੇ ਉਹਨਾਂ ਵਿੱਚੋਂ ਇੱਕ ਨੂੰ ਉੱਤਰ ਦਿੱਤਾ, ‘ਮਿੱਤਰ! ਮੈਂ ਤੁਹਾਡੇ ਨਾਲ ਬੇਇਨਸਾਫ਼ੀ ਨਹੀਂ ਕਰਦਾ। ਕੀ ਤੁਸੀਂ ਮੇਰੇ ਨਾਲ ਇੱਕ ਦੀਨਾਰ ਤੇ ਕੰਮ ਕਰਨ ਲਈ ਸਹਿਮਤ ਨਹੀਂ ਹੋਏ ਸੀ? 14ਤੁਸੀਂ ਆਪਣੇ ਪੈਸੇ ਲੈ ਕੇ ਚਲੇ ਜਾਓ। ਮੇਰੀ ਮਰਜ਼ੀ ਹੈ ਕਿ ਅੰਤ ਵਿੱਚ ਆਏ ਮਜ਼ਦੂਰ ਨੂੰ ਵੀ ਉੱਨਾ ਹੀ ਦੇਵਾਂ ਜਿੰਨ੍ਹਾਂ ਤੁਹਾਨੂੰ ਦਿੱਤਾ। 15ਕੀ ਭਲਾ ਮੈਨੂੰ ਇਹ ਅਧਿਕਾਰ ਨਹੀਂ ਕਿ ਜੋ ਚਾਹੇ ਮੈਂ ਆਪਣੇ ਪੈਸੇ ਨਾਲ ਕਰਾਂ? ਜਾਂ ਕੀ ਤੁਸੀਂ ਈਰਖਾ ਕਰ ਰਹੇ ਹੋ ਕਿਉਂਕਿ ਮੈਂ ਖੁੱਲ੍ਹੇ ਦਿਲ ਵਾਲਾ ਹਾਂ?’
16“ਇਸੇ ਤਰ੍ਹਾਂ ਜਿਹੜੇ ਪਹਿਲੇ ਹਨ ਪਿਛਲੇ ਹੋਣਗੇ ਅਤੇ ਜਿਹੜੇ ਪਿਛਲੇ ਹਨ ਉਹ ਪਹਿਲੇ ਹੋਣਗੇ।”
ਆਪਣੀ ਮੌਤ ਬਾਰੇ ਯਿਸ਼ੂ ਦੀ ਤੀਸਰੀ ਭਵਿੱਖਬਾਣੀ
17ਜਦੋਂ ਯਿਸ਼ੂ ਯੇਰੂਸ਼ਲੇਮ ਨੂੰ ਜਾ ਰਹੇ ਸਨ ਅਤੇ ਰਾਸਤੇ ਵਿੱਚ ਬਾਰਾਂ ਚੇਲਿਆਂ ਨੂੰ ਇੱਕ ਪਾਸੇ ਕਰਕੇ ਉਹਨਾਂ ਨੂੰ ਆਖਿਆ, 18“ਅਸੀਂ ਯੇਰੂਸ਼ਲੇਮ ਨੂੰ ਜਾ ਰਹੇ ਹਾਂ ਅਤੇ ਮਨੁੱਖ ਦਾ ਪੁੱਤਰ ਮੁੱਖ ਜਾਜਕਾਂ ਅਤੇ ਬਿਵਸਥਾ ਦੇ ਉਪਦੇਸ਼ਕਾਂ ਦੇ ਹੱਥੀ ਫੜਵਾਇਆ ਜਾਵੇਗਾ। ਅਤੇ ਉਹ ਉਸਨੂੰ ਮੌਤ ਦੀ ਸਜ਼ਾ ਦਾ ਹੁਕਮ ਦੇਣਗੇ। 19ਅਤੇ ਉਹ ਉਸਨੂੰ ਗ਼ੈਰ-ਯਹੂਦੀਆਂ ਦੇ ਹਵਾਲੇ ਕਰ ਦੇਣਗੇ ਤਾਂ ਕਿ ਉਹ ਉਸਦਾ ਮਜ਼ਾਕ ਉਡਾਉਣ, ਕੋਰੜੇ ਮਾਰਨ ਅਤੇ ਸਲੀਬ ਉੱਤੇ ਚੜ੍ਹਾਉਣ। ਪਰ ਤੀਸਰੇ ਦਿਨ ਉਹ ਫਿਰ ਜੀ ਉੱਠੇਗਾ!”
ਇੱਕ ਮਾਂ ਦੀ ਬੇਨਤੀ
20ਤਦ ਜ਼ਬਦੀ ਦੇ ਪੁੱਤਰ ਦੀ ਮਾਤਾ ਆਪਣੇ ਪੁੱਤਰ ਨੂੰ ਯਿਸ਼ੂ ਕੋਲ ਲਿਆਈ ਅਤੇ ਉਹਨਾਂ ਅੱਗੇ ਗੋਡੇ ਟੇਕ ਕੇ ਇੱਕ ਬੇਨਤੀ ਕਰਨ ਲੱਗੀ।
21ਯਿਸ਼ੂ ਨੇ ਉਸਨੂੰ ਪੁੱਛਿਆ, “ਤੂੰ ਕੀ ਚਾਹੁੰਦੀ ਹੈ?”
ਉਸ ਨੇ ਬੇਨਤੀ ਕੀਤੀ, “ਆਗਿਆ ਦਿਓ ਜੋ ਤੁਹਾਡੇ ਰਾਜ ਵਿੱਚ ਮੇਰੇ ਇਹ ਦੋਵੇਂ ਪੁੱਤਰ ਇੱਕ ਤੁਹਾਡੇ ਸੱਜੇ ਅਤੇ ਦੂਸਰਾ ਤੁਹਾਡੇ ਖੱਬੇ ਹੱਥ ਬੈਠੇ।”
22ਯਿਸ਼ੂ ਨੇ ਉਸਨੂੰ ਜਵਾਬ ਦਿੱਤਾ, “ਤੁਸੀਂ ਨਹੀਂ ਜਾਣਦੇ ਜੋ ਕੀ ਮੰਗਦੇ ਹੋ; ਤਦ ਯਿਸ਼ੂ ਨੇ ਉਸਦੇ ਪੁੱਤਰਾਂ ਨੂੰ ਪੁੱਛਿਆ ਕੀ ਉਹ ਪਿਆਲਾ ਜਿਹੜਾ ਮੈਂ ਪੀਣ ਜਾ ਰਿਹਾ ਹਾਂ ਤੁਸੀਂ ਪੀ ਸਕਦੇ ਹੋ?”
ਉਹਨਾਂ ਨੇ ਜਵਾਬ ਦਿੱਤਾ, “ਅਸੀਂ ਪੀ ਸਕਦੇ ਹਾਂ।”
23ਯਿਸ਼ੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਮੇਰਾ ਪਿਆਲਾ ਤਾਂ ਜ਼ਰੂਰ ਪੀਓਗੇ, ਪਰ ਮੇਰੇ ਸੱਜੇ ਜਾਂ ਖੱਬੇ ਬਿਠਾਉਣਾ ਇਹ ਮੇਰਾ ਕੰਮ ਨਹੀਂ ਹੈ। ਇਹ ਜਗ੍ਹਾਵਾਂ ਉਹਨਾਂ ਲਈ ਹਨ ਜਿਨ੍ਹਾਂ ਲਈ ਮੇਰੇ ਪਿਤਾ ਨੇ ਉਹਨਾਂ ਨੂੰ ਤਿਆਰ ਕੀਤਾ ਹੈ।”
24ਜਦੋਂ ਉਹਨਾਂ ਦਸਾਂ ਚੇਲਿਆਂ ਨੇ ਇਹ ਸੁਣਿਆ, ਤਾਂ ਉਹਨਾਂ ਦੋਵਾਂ ਭਰਾਵਾਂ ਨਾਲ ਗੁੱਸੇ ਹੋਏ। 25ਯਿਸ਼ੂ ਨੇ ਉਹਨਾਂ ਸਾਰਿਆਂ ਨੂੰ ਕੋਲ ਸੱਦ ਕੇ ਆਖਿਆ, “ਤੁਸੀਂ ਜਾਣਦੇ ਹੋ ਗ਼ੈਰ-ਯਹੂਦੀਆਂ ਦੇ ਅਧਿਕਾਰੀ ਉਹਨਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਉਹ ਜਿਹੜੇ ਉੱਚ ਅਧਿਕਾਰੀ ਹਨ ਉਹਨਾਂ ਉੱਤੇ ਅਧਿਕਾਰ ਜਮਾਉਂਦੇ ਹਨ। 26ਤੁਹਾਡੇ ਵਿੱਚ ਅਜਿਹਾ ਨਾ ਹੋਵੇ ਪਰ ਜੋ ਕੋਈ ਤੁਹਾਡੇ ਵਿੱਚੋਂ ਕੋਈ ਵੱਡਾ ਹੋਣਾ ਚਾਹੇ ਸੋ ਸੇਵਾਦਾਰ ਹੋਵੇ, 27ਅਤੇ ਜੋ ਵੀ ਕੋਈ ਤੁਹਾਡੇ ਵਿੱਚੋਂ ਅਧਿਕਾਰੀ ਬਣਨਾ ਚਾਹੁੰਦਾ ਹੋਵੇ ਉਹ ਤੁਹਾਡਾ ਨੌਕਰ ਹੋਵੇ। 28ਜਿਵੇਂ ਕਿ ਮਨੁੱਖ ਦਾ ਪੁੱਤਰ ਵੀ ਆਪਣੀ ਸੇਵਾ ਕਰਾਉਣ ਨਹੀਂ, ਪਰ ਸੇਵਾ ਕਰਨ ਆਇਆ ਅਤੇ ਬਹੁਤਿਆਂ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਆਇਆ ਹੈ।”
ਦੋ ਅੰਨ੍ਹਿਆਂ ਨੂੰ ਚੰਗਾ ਕਰਨਾ
29ਜਦੋਂ ਯਿਸ਼ੂ ਅਤੇ ਉਸ ਦੇ ਚੇਲੇ ਯੇਰੀਖ਼ੋ ਨਗਰ ਵਿੱਚੋਂ ਬਾਹਰ ਆ ਰਹੇ ਸਨ, ਤਦ ਇੱਕ ਬਹੁਤ ਵੱਡੀ ਭੀੜ ਉਹਨਾਂ ਦੇ ਪਿੱਛੇ ਤੁਰ ਪਈ। 30ਅਤੇ ਦੋ ਅੰਨ੍ਹੇ ਜਿਹੜੇ ਸੜਕ ਦੇ ਕਿਨਾਰੇ ਬੈਠੇ ਸਨ, ਜਦੋਂ ਉਹਨਾਂ ਨੇ ਸੁਣਿਆ ਕਿ ਯਿਸ਼ੂ ਉਸ ਰਾਸਤੇ ਵੱਲ ਦੀ ਜਾ ਰਹੇ ਹਨ, ਤਾਂ ਉਹ ਉੱਚੀ ਪੁਕਾਰ ਕੇ ਕਹਿਣ ਲੱਗੇ, “ਪ੍ਰਭੂ ਜੀ, ਦਾਵੀਦ ਦੇ ਪੁੱਤਰ, ਸਾਡੇ ਉੱਤੇ ਕਿਰਪਾ ਕਰੋ!”
31ਭੀੜ ਨੇ ਉਹਨਾਂ ਨੂੰ ਝਿੜਕਿਆ ਅਤੇ ਕਿਹਾ ਚੁੱਪ ਕਰੋ, ਪਰ ਉਹ ਹੋਰ ਹੀ ਉੱਚੀ ਆਵਾਜ਼ ਨਾਲ ਬੋਲੇ, “ਪ੍ਰਭੂ ਜੀ, ਦਾਵੀਦ ਦੇ ਪੁੱਤਰ ਸਾਡੇ ਉੱਤੇ ਕਿਰਪਾ ਕਰੋ!”
32ਤਦ ਯਿਸ਼ੂ ਨੇ ਰੁਕ ਕੇ ਉਹਨਾਂ ਨੂੰ ਕੋਲ ਬੁਲਾਇਆ ਅਤੇ ਕਿਹਾ, “ਤੁਸੀਂ ਕੀ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਕਰਾਂ?”
33ਉਹਨਾਂ ਨੇ ਜਵਾਬ ਦਿੱਤਾ, “ਪ੍ਰਭੂ ਜੀ, ਅਸੀਂ ਵੇਖਣਾ ਚਾਹੁੰਦੇ ਹਾਂ।”
34ਯਿਸ਼ੂ ਨੇ ਤਰਸ ਖਾ ਕੇ ਉਹਨਾਂ ਦੀਆਂ ਅੱਖਾਂ ਨੂੰ ਛੂਹਿਆ। ਅਤੇ ਤੁਰੰਤ ਹੀ ਉਹ ਵੇਖਣ ਲੱਗੇ ਅਤੇ ਉਹ ਦੇ ਮਗਰ ਤੁਰ ਪਏ।

Istaknuto

Podijeli

Kopiraj

None

Želiš li svoje istaknute stihove spremiti na sve svoje uređaje? Prijavi se ili registriraj

Videozapis za ਮੱਤੀਯਾਹ 20