YouVersion logo
Ikona pretraživanja

ਮੱਤੀਯਾਹ 17

17
ਪ੍ਰਭੂ ਯਿਸ਼ੂ ਦਾ ਜਲਾਲੀ ਰੂਪ
1ਛੇ ਦਿਨਾਂ ਬਾਅਦ ਯਿਸ਼ੂ ਪਤਰਸ, ਯਾਕੋਬ ਅਤੇ ਉਸਦੇ ਭਰਾ ਯੋਹਨ ਨੂੰ ਅਲੱਗ ਇੱਕ ਉੱਚੇ ਪਹਾੜ ਉੱਤੇ ਲੈ ਗਏ। 2ਉੱਥੇ ਉਹਨਾਂ ਦੇ ਸਾਹਮਣੇ ਯਿਸ਼ੂ ਦਾ ਰੂਪ ਬਦਲ ਗਿਆ। ਉਸ ਦਾ ਚਿਹਰਾ ਸੂਰਜ ਵਰਗਾ ਚਮਕਣ ਲੱਗਾ ਅਤੇ ਉਸ ਦੇ ਕੱਪੜੇ ਚਾਨਣ ਵਰਗੇ ਚਿੱਟੇ ਹੋ ਗਏ। 3ਉਸ ਵੇਲੇ ਮੋਸ਼ੇਹ#17:3 ਮੋਸ਼ੇਹ ਅਰਥਾਤ ਇੱਕ ਆਗੂ ਸੀ ਜਿਸਨੇ ਇਸਰਾਏਲ ਲੋਕਾਂ ਨੂੰ ਗੁਲਾਮੀ ਤੋਂ ਬਾਹਰ ਕੱਢਿਆ ਸੀ ਅਤੇ ਏਲੀਯਾਹ#17:3 ਏਲੀਯਾਹ ਅਰਥਾਤ ਇੱਕ ਨਬੀ ਯਿਸ਼ੂ ਨਾਲ ਗੱਲਾਂ ਕਰਦੇ ਉਹਨਾਂ ਨੂੰ ਦਿਖਾਈ ਦਿੱਤੇ।
4ਤਦ ਪਤਰਸ ਨੇ ਯਿਸ਼ੂ ਨੂੰ ਆਖਿਆ, “ਪ੍ਰਭੂ ਜੀ, ਸਾਡਾ ਇੱਥੇ ਹੋਣਾ ਕਿੰਨਾ ਚੰਗਾ ਹੈ। ਜੇ ਤੁਸੀਂ ਚਾਹੋ, ਤਾਂ ਮੈਂ ਤਿੰਨ ਡੇਰੇ ਬਣਾਵਾਂ, ਇੱਕ ਤੁਹਾਡੇ ਲਈ, ਇੱਕ ਮੋਸ਼ੇਹ ਲਈ ਅਤੇ ਇੱਕ ਏਲੀਯਾਹ ਲਈ।”
5ਜਦੋਂ ਉਹ ਬੋਲ ਹੀ ਰਿਹਾ ਸੀ, ਤਾਂ ਇੱਕ ਚਮਕਦੇ ਬੱਦਲ ਨੇ ਉਨ੍ਹਾਂ ਨੂੰ ਢੱਕ ਲਿਆ ਅਤੇ ਬੱਦਲ ਵਿੱਚੋਂ ਇੱਕ ਆਵਾਜ਼ ਨੇ ਆਖਿਆ, “ਇਹ ਮੇਰਾ ਪੁੱਤਰ ਹੈ, ਜਿਸ ਨੂੰ ਮੈਂ ਪਿਆਰ ਕਰਦਾ ਹਾਂ; ਜਿਸ ਤੋਂ ਮੈਂ ਬਹੁਤ ਖੁਸ਼ ਹਾਂ। ਉਸ ਦੀ ਸੁਣੋ!”
6ਅਤੇ ਜਦੋਂ ਚੇਲਿਆਂ ਨੇ ਇਹ ਸੁਣਿਆ, ਤਾਂ ਉਹ ਮੂੰਹ ਭਾਰ ਡਿੱਗ ਗਏ ਅਤੇ ਬਹੁਤ ਡਰ ਗਏ। 7ਪਰ ਯਿਸ਼ੂ ਨੇੜੇ ਆਇਆ ਅਤੇ ਉਹਨਾਂ ਨੂੰ ਛੂਹ ਕੇ ਆਖਿਆ, “ਉੱਠੋ, ਡਰੋ ਨਾ।” 8ਪਰ ਜਦੋਂ ਉਹਨਾਂ ਨੇ ਆਪਣੀਆਂ ਅੱਖਾਂ ਚੁੱਕੀਆਂ, ਤਾਂ ਹੋਰ ਕਿਸੇ ਨੂੰ ਨਹੀਂ, ਪਰ ਇਕੱਲੇ ਯਿਸ਼ੂ ਨੂੰ ਹੀ ਵੇਖਿਆ।
9ਜਦੋਂ ਉਹ ਪਹਾੜ ਤੋਂ ਉੱਤਰ ਰਹੇ ਸਨ, ਤਾਂ ਯਿਸ਼ੂ ਨੇ ਉਹਨਾਂ ਨੂੰ ਹੁਕਮ ਦਿੱਤਾ, “ਜਦੋਂ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਾ ਜੀ ਉੱਠੇ, ਇਸ ਦਰਸ਼ਨ ਬਾਰੇ ਕਿਸੇ ਨੂੰ ਨਾ ਦੱਸਣਾ।”
10ਚੇਲਿਆਂ ਨੇ ਉਸਨੂੰ ਪੁੱਛਿਆ, “ਫਿਰ ਨੇਮ ਦੇ ਉਪਦੇਸ਼ਕ ਇਹ ਕਿਉਂ ਕਹਿੰਦੇ ਹਨ ਕਿ ਏਲੀਯਾਹ ਦਾ ਪਹਿਲਾਂ ਆਉਣਾ ਜ਼ਰੂਰੀ ਹੈ?”
11ਯਿਸ਼ੂ ਨੇ ਉੱਤਰ ਦਿੱਤਾ, “ਇਹ ਸੱਚ ਹੈ, ਕਿ ਏਲੀਯਾਹ ਆਵੇਗਾ ਅਤੇ ਸਭ ਕੁਝ ਠੀਕ ਕਰੇਂਗਾ। 12ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਏਲੀਯਾਹ ਤਾਂ ਆ ਚੁੱਕਾ ਹੈ ਪਰ ਉਹਨਾਂ ਨੇ ਉਸ ਨੂੰ ਪਛਾਣਿਆ ਨਹੀਂ, ਸਗੋਂ ਜੋ ਕੁਝ ਉਹ ਚਾਹੁੰਦੇ ਉਸ ਨਾਲ ਕੀਤਾ। ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਉਹਨਾਂ ਦੇ ਹੱਥੋਂ ਦੁੱਖ ਝੱਲੇਗਾ।” 13ਤਦ ਚੇਲੇ ਸਮਝ ਗਏ ਕਿ ਉਹ ਉਹਨਾਂ ਨਾਲ ਯੋਹਨ ਬਪਤਿਸਮਾ ਦੇਣ ਵਾਲੇ ਦੀ ਗੱਲ ਕਰ ਰਿਹਾ ਹੈ।
ਦੁਸ਼ਟ ਆਤਮਾ ਦੇ ਨਾਲ ਜਕੜੇ ਮੁੰਡੇ ਦੀ ਮੁਕਤੀ
14ਜਦੋਂ ਉਹ ਭੀੜ ਕੋਲ ਆਏ ਤਾਂ ਇੱਕ ਆਦਮੀ ਯਿਸ਼ੂ ਕੋਲ ਆਇਆ ਅਤੇ ਉਸ ਦੇ ਅੱਗੇ ਗੋਡੇ ਟੇਕੇ ਅਤੇ ਕਿਹਾ, 15“ਪ੍ਰਭੂ ਜੀ, ਮੇਰੇ ਪੁੱਤਰ ਉੱਤੇ ਕਿਰਪਾ ਕਰੋ, ਉਹ ਮਿਰਗੀ ਦੀ ਬਿਮਾਰੀ ਦੇ ਕਾਰਨ ਬਹੁਤ ਦੁੱਖ ਝੱਲ ਰਿਹਾ ਹੈ। ਅਕਸਰ ਉਹ ਅੱਗ ਅਤੇ ਪਾਣੀ ਵਿੱਚ ਡਿੱਗ ਪੈਂਦਾ ਹੈ। 16ਮੈਂ ਉਸਨੂੰ ਤੁਹਾਡੇ ਚੇਲਿਆਂ ਕੋਲ ਲਿਆਇਆ ਸੀ, ਪਰ ਉਹ ਉਸਨੂੰ ਚੰਗਾ ਨਾ ਕਰ ਸਕੇ।”
17ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ, “ਹੇ ਅਵਿਸ਼ਵਾਸੀ ਅਤੇ ਭ੍ਰਿਸ਼ਟ ਪੀੜ੍ਹੀ, ਕਦੋਂ ਤੱਕ ਮੈਂ ਤੁਹਾਡੇ ਨਾਲ ਰਹਾਂਗਾ? ਮੈਂ ਤੁਹਾਨੂੰ ਕਿੰਨਾ ਚਿਰ ਸਹਾਰਾਂਗਾ? ਮੁੰਡੇ ਨੂੰ ਇੱਥੇ ਮੇਰੇ ਕੋਲ ਲਿਆਓ।” 18ਅਤੇ ਯਿਸ਼ੂ ਨੇ ਉਸ ਦੁਸ਼ਟ ਆਤਮਾ ਨੂੰ ਝਿੜਕਿਆ ਅਤੇ ਉਹ ਉਸ ਵਿੱਚੋਂ ਬਾਹਰ ਆ ਗਿਆ ਅਤੇ ਉਸੇ ਵਕਤ ਉਹ ਮੁੰਡਾ ਚੰਗਾ ਹੋ ਗਿਆ।
19ਬਾਅਦ ਵਿੱਚ ਜਦੋਂ ਉਹ ਇਕੱਲਾ ਸੀ ਚੇਲੇ ਯਿਸ਼ੂ ਕੋਲ ਆਏ ਅਤੇ ਪੁੱਛਿਆ, “ਅਸੀਂ ਉਸ ਨੂੰ ਕਿਉਂ ਨਹੀਂ ਕੱਢ ਸਕੇ?”
20ਉਸਨੇ ਜਵਾਬ ਦਿੱਤਾ, “ਕਿਉਂਕਿ ਤੁਹਾਡਾ ਵਿਸ਼ਵਾਸ ਬਹੁਤ ਘੱਟ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੇ ਤੁਹਾਡੇ ਵਿੱਚ ਰਾਈ ਦੇ ਬੀਜ ਸਮਾਨ ਵਿਸ਼ਵਾਸ ਹੈ, ਤਾਂ ਤੁਸੀਂ ਇਸ ਪਹਾੜ ਨੂੰ ਕਹਿ ਸਕਦੇ ਹੋ, ‘ਇੱਥੋਂ ਹੱਟ ਕੇ ਉਸ ਥਾਂ ਚੱਲਿਆ ਜਾ,’ ਅਤੇ ਉਹ ਚੱਲਿਆ ਜਾਵੇਗਾ। ਤੁਹਾਡੇ ਲਈ ਕੁਝ ਵੀ ਅਸੰਭਵ ਨਹੀਂ ਹੋਵੇਗਾ।” 21ਪਰ ਇਹੋ ਜਿਹੀ ਦੁਸ਼ਟ ਜਾਤੀ ਵਰਤ ਅਤੇ ਪ੍ਰਾਰਥਨਾ ਤੋਂ ਬਿਨ੍ਹਾਂ ਨਹੀਂ ਨਿੱਕਲਦੀ।#17:21 ਕੁਝ ਲਿਖਤਾਂ ਵਿੱਚ ਇਹ ਸ਼ਬਦ ਸ਼ਾਮਲ ਨਹੀਂ ਹਨ।
ਦੂਸਰੀ ਵਾਰ ਯਿਸ਼ੂ ਦੀ ਆਪਣੀ ਮੌਤ ਦੇ ਬਾਰੇ ਭਵਿੱਖਬਾਣੀ
22ਜਦੋਂ ਉਹ ਗਲੀਲ ਵਿੱਚ ਇੱਕਠੇ ਹੋਏ, ਤਾਂ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀਂ ਫ਼ੜਵਾ ਦਿੱਤਾ ਜਾਵੇਗਾ। 23ਉਹ ਉਸਨੂੰ ਮਾਰ ਦੇਣਗੇ ਅਤੇ ਤੀਸਰੇ ਦਿਨ ਉਹ ਜੀ ਉੱਠੇਗਾ।” ਤਾਂ ਚੇਲੇ ਉਦਾਸ ਹੋ ਗਏ।
ਹੈਕਲ ਦਾ ਟੈਕਸ
24ਜਦੋਂ ਯਿਸ਼ੂ ਅਤੇ ਉਸਦੇ ਚੇਲੇ ਕਫ਼ਰਨਹੂਮ ਪਹੁੰਚੇ, ਤਾਂ ਹੈਕਲ ਦੇ ਵਸੂਲਣ ਵਾਲੇ ਪਤਰਸ ਕੋਲ ਆਏ ਅਤੇ ਪੁੱਛਿਆ, “ਕੀ ਤੁਹਾਡਾ ਗੁਰੂ ਹੈਕਲ ਦੀ ਚੁੰਗੀ#17:24 ਚੁੰਗੀ ਅਰਥ ਟੈਕਸ ਨਹੀਂ ਦਿੰਦਾ ਹੈ?”
25ਉਸਨੇ ਜਵਾਬ ਦਿੱਤਾ, “ਹਾਂ, ਉਹ ਦਿੰਦਾ ਹੈ।”
ਜਦੋਂ ਪਤਰਸ ਘਰ ਵਿੱਚ ਆਇਆ, ਤਾਂ ਯਿਸ਼ੂ ਨੇ ਅੱਗੋਂ ਹੀ ਉਸ ਨੂੰ ਕਿਹਾ, “ਸ਼ਿਮਓਨ ਤੈਨੂੰ ਕੀ ਲੱਗਦਾ ਹੈ?” ਯਿਸ਼ੂ ਨੇ ਪੁੱਛਿਆ। “ਧਰਤੀ ਦੇ ਰਾਜੇ ਕਿਸ ਤੋਂ ਚੁੰਗੀ ਵਸੂਲਦੇ#17:25 ਚੁੰਗੀ ਵਸੂਲਦੇ ਅਰਥਾਤ ਟੈਕਸ ਲੈਂਦੇ ਹਨ ਆਪਣੇ ਬੱਚਿਆਂ ਤੋਂ ਜਾਂ ਪਰਜਾ ਤੋਂ?”#17:25 ਉਹਨਾਂ ਦਿਨਾਂ ਵਿੱਚ ਰਾਜੇ ਆਮ ਤੌਰ ਤੇ ਉਹਨਾਂ ਲੋਕਾਂ ਕੋਲੋ ਟੈਕਸ ਲੈਂਦੇ ਸਨ ਜਿਨ੍ਹਾਂ ਉੱਤੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੁੰਦੀ ਸੀ, ਨਾ ਕਿ ਆਪਣੇ ਨਾਗਰਿਕਾਂ ਕੋਲੋ।
26ਤਾਂ ਪਤਰਸ ਜਵਾਬ ਦਿੱਤਾ, “ਪਰਜਾ ਤੋਂ।”
ਅਤੇ ਯਿਸ਼ੂ ਨੇ ਉਸਨੂੰ ਆਖਿਆ, “ਫਿਰ ਪੁੱਤਰ ਤਾਂ ਮਾਫ਼ ਹੋਏ। 27ਪਰ ਇਸ ਲਈ ਜੋ ਅਸੀਂ ਉਹਨਾਂ ਲਈ ਠੋਕਰ ਦਾ ਕਾਰਨ ਨਾ ਬਣੀਏ, ਝੀਲ ਤੇ ਜਾ ਆਪਣੀ ਕੁੰਡੀ ਸੁੱਟ ਅਤੇ ਜੋ ਮੱਛੀ ਪਹਿਲਾਂ ਫੜੇ ਉਸਦਾ ਮੂੰਹ ਖੋਲ੍ਹ ਤੁਹਾਨੂੰ ਇੱਕ ਸਿੱਕਾ ਮਿਲੇਗਾ, ਸੋ ਉਹ ਨੂੰ ਲੈ ਕੇ ਮੇਰੇ ਅਤੇ ਆਪਣੇ ਬਦਲੇ ਦੀ ਚੁੰਗੀ ਉਨ੍ਹਾਂ ਨੂੰ ਦੇ ਦੇਵੀਂ।”

Istaknuto

Podijeli

Kopiraj

None

Želiš li svoje istaknute stihove spremiti na sve svoje uređaje? Prijavi se ili registriraj

Videozapis za ਮੱਤੀਯਾਹ 17