ਕਹਾਉਤਾਂ 30
30
ਆਗੂਰ ਦੀਆਂ ਗੱਲਾਂ
1ਯਾਕੇਹ ਦੇ ਪੁੱਤਰ ਆਗੂਰ ਦੀਆਂ ਕਹਾਉਤਾਂ।
ਇਹ ਆਦਮੀ ਈਥੀਏਲ ਨੂੰ ਆਖਦਾ ਹੈ:
ਹੇ ਪਰਮੇਸ਼ਵਰ ਮੈਂ ਥੱਕ ਗਿਆ ਹਾਂ,
ਪਰ ਮੈਂ ਜਿੱਤ ਸਕਦਾ ਹਾਂ।
2ਸੱਚ-ਮੁੱਚ ਮੈਂ ਹੋਰ ਮਨੁੱਖਾਂ ਵਰਗਾ ਨਹੀਂ ਪਸ਼ੂ ਵਰਗਾ ਹਾਂ,
ਮੈਨੂੰ ਮਨੁੱਖੀ ਸਮਝ ਨਹੀਂ ਹੈ।
3ਮੈਂ ਬੁੱਧ ਦੀ ਸਿੱਖਿਆ ਨਹੀਂ ਪਾਈ,
ਨਾ ਹੀ ਮੈਂ ਪਵਿੱਤਰ ਪੁਰਖ ਦੇ ਗਿਆਨ ਨੂੰ ਪ੍ਰਾਪਤ ਕੀਤਾ ਹੈ।
4ਕੌਣ ਸਵਰਗ ਨੂੰ ਗਿਆ ਅਤੇ ਹੇਠਾਂ ਆਇਆ?
ਹਵਾ ਨੂੰ ਕਿਸ ਦੇ ਹੱਥਾਂ ਵਿੱਚ ਸਮੇਟਿਆ?
ਕਿਸ ਨੇ ਪਾਣੀਆਂ ਨੂੰ ਚਾਦਰ ਵਿੱਚ ਲਪੇਟ ਲਿਆ ਹੈ?
ਧਰਤੀ ਦੇ ਸਾਰੇ ਸਿਰਿਆਂ ਨੂੰ ਕਿਸ ਨੇ ਸਥਾਪਿਤ ਕੀਤਾ ਹੈ?
ਉਸਦਾ ਨਾਮ ਕੀ ਹੈ ਅਤੇ ਉਸਦੇ ਪੁੱਤਰ ਦਾ ਨਾਮ ਕੀ ਹੈ?
ਯਕੀਨਨ ਤੁਸੀਂ ਜਾਣਦੇ ਹੋ!
5ਪਰਮੇਸ਼ਵਰ ਦਾ ਹਰ ਇੱਕ ਬਚਨ ਤਾਇਆ ਹੋਇਆ,
ਉਹ ਉਨ੍ਹਾਂ ਲਈ ਇੱਕ ਢਾਲ ਹੈ ਜਿਹੜੇ ਉਸ ਵਿੱਚ ਪਨਾਹ ਲੈਂਦੇ ਹਨ।
6ਉਹ ਦੇ ਬਚਨਾਂ ਵਿੱਚ ਕੁਝ ਨਾ ਜੋੜੋ,
ਨਹੀਂ ਤਾਂ ਉਹ ਤੁਹਾਨੂੰ ਝਿੜਕੇਗਾ ਅਤੇ ਤੁਹਾਨੂੰ ਝੂਠਾ ਸਾਬਤ ਕਰੇਗਾ।
7“ਹੇ ਯਾਹਵੇਹ, ਮੈਂ ਤੇਰੇ ਤੋਂ ਦੋ ਵਰ ਮੰਗੇ ਹਨ,
ਮੇਰੇ ਮਰਨ ਤੋਂ ਪਹਿਲਾਂ ਉਹਨਾਂ ਨੂੰ ਮੈਨੂੰ ਦੇਣ ਤੋਂ ਨਾ ਮੁੱਕਰੀਂ।
8ਮਿੱਥਿਆ ਅਤੇ ਝੂਠ ਨੂੰ ਮੇਰੇ ਤੋਂ ਦੂਰ ਰੱਖੀ
ਮੈਨੂੰ ਨਾ ਗਰੀਬੀ ਨਾ ਅਮੀਰੀ ਦੇ,
ਪਰ ਮੈਨੂੰ ਸਿਰਫ ਮੇਰੀ ਰੋਜ਼ੀ-ਰੋਟੀ ਦਿਓ।
9ਨਹੀਂ ਤਾਂ ਕਿਤੇ ਅਜਿਹਾ ਨਾ ਹੋਵੇ ਕਿ ਮੇਰੇ ਕੋਲ ਬਹੁਤ ਜ਼ਿਆਦਾ ਹੋਵੇ,
ਅਤੇ ਮੈਂ ਤੇਰਾ ਇਨਕਾਰ ਕਰ ਦੋਵਾਂ
ਅਤੇ ਕਹਾਂ, ‘ਯਾਹਵੇਹ ਕੌਣ ਹੈ?’
ਜਾਂ ਮੈਂ ਕੰਗਾਲ ਹੋ ਜਾਵਾਂ ਅਤੇ ਚੋਰੀ ਕਰ ਲਵਾਂ,
ਅਤੇ ਮੈਂ ਪਰਮੇਸ਼ਵਰ ਦੇ ਨਾਮ ਦਾ ਨਿਰਾਦਰ ਕਰਾਂ।”
10ਕਿਸੇ ਨੌਕਰ ਨੂੰ ਉਸ ਦੇ ਮਾਲਕ ਦੀ ਨਿੰਦਿਆ ਨਾ ਕਰਨ ਦੇ,
ਨਹੀਂ ਤਾਂ ਉਹ ਤੁਹਾਨੂੰ ਸਰਾਪ ਦੇਣਗੇ ਅਤੇ ਤੁਸੀਂ ਇਸ ਦਾ ਭੁਗਤਾਨ ਕਰੋਗੇ।
11ਅਜਿਹੇ ਲੋਕ ਹਨ ਜੋ ਆਪਣੇ ਪਿਉ ਨੂੰ ਸਰਾਪ ਦਿੰਦੇ ਹਨ,
ਅਤੇ ਆਪਣੀਆਂ ਮਾਵਾਂ ਨੂੰ ਅਸੀਸ ਨਹੀਂ ਦਿੰਦੇ ਹਨ।
12ਕੁਝ ਹਨ ਜਿਹੜੇ ਆਪਣੀ ਨਿਗਾਹ ਵਿੱਚ ਸ਼ੁੱਧ ਹਨ
ਪਰ ਆਪਣੀ ਗੰਦਗੀ ਤੋਂ ਸ਼ੁੱਧ ਨਹੀਂ ਹੋਏ।
13ਜਿਨ੍ਹਾਂ ਦੀਆਂ ਅੱਖਾਂ ਸਦਾ ਹੰਕਾਰੀ ਹਨ,
ਜਿਨ੍ਹਾਂ ਦੀਆਂ ਨਜ਼ਰਾਂ ਬਹੁਤ ਘਿਣਾਉਣੀਆਂ ਹਨ।
14ਉਹ ਜਿਨ੍ਹਾਂ ਦੇ ਦੰਦ ਤਲਵਾਰਾਂ ਹਨ
ਅਤੇ ਜਿਨ੍ਹਾਂ ਦੀਆਂ ਦਾੜ੍ਹਾ ਛੁਰੀਆਂ ਹਨ,
ਧਰਤੀ ਵਿੱਚੋਂ ਮਸਕੀਨਾਂ ਨੂੰ
ਅਤੇ ਮਨੁੱਖਾਂ ਵਿੱਚੋਂ ਗਰੀਬਾਂ ਨੂੰ ਨਿਗਲਣ ਲਈ।
15ਜੋਕ ਦੀਆਂ ਦੋ ਧੀਆਂ ਹਨ।
ਜੋ ਦਿਓ! ਦਿਓ! ਆਖਦੀਆਂ ਰਹਿੰਦੀਆਂ ਹਨ।
ਤਿੰਨ ਚੀਜ਼ਾਂ ਹਨ ਜੋ ਕਦੇ ਵੀ ਸੰਤੁਸ਼ਟ ਨਹੀਂ ਹੁੰਦੀਆਂ,
ਸਗੋਂ ਚਾਰ ਹਨ ਜੋ ਕਦੇ ਬੱਸ ਨਹੀਂ ਆਖਦੀਆਂ,
16ਕਬਰ
ਅਤੇ ਬਾਂਝ ਕੁੱਖ,
ਧਰਤੀ ਜੋ ਪਾਣੀ ਨਾਲ ਕਦੇ ਨਹੀਂ ਰੱਜਦੀ,
ਅਤੇ ਅੱਗ ਜੋ ਕਦੇ ਬਸ ਨਹੀਂ ਕਹਿੰਦੀ।
17ਉਹ ਅੱਖ ਜੋ ਇੱਕ ਪਿਤਾ ਦਾ ਮਜ਼ਾਕ ਉਡਾਉਂਦੀ ਹੈ,
ਜੋ ਇੱਕ ਬੁੱਢੀ ਮਾਂ ਦਾ ਮਜ਼ਾਕ ਉਡਾਉਂਦੀ ਹੈ,
ਘਾਟੀ ਦੇ ਕਾਂ ਉਹ ਨੂੰ ਖੋਦ-ਖੋਦ ਕੱਢਣਗੇ,
ਗਿਰਝਾਂ ਦੇ ਬੱਚੇ ਉਹਨਾਂ ਨੂੰ ਖਾ ਜਾਣਗੇ।
18ਤਿੰਨ ਗੱਲਾਂ ਹਨ ਜੋ ਮੇਰੇ ਲਈ ਬਹੁਤ ਹੈਰਾਨੀਜਨਕ ਹਨ,
ਸਗੋਂ ਚਾਰ ਹਨ ਜੋ ਮੈਂ ਨਹੀਂ ਸਮਝਦਾ,
19ਅਕਾਸ਼ ਵਿੱਚ ਉਕਾਬ ਦਾ ਰਾਹ,
ਚੱਟਾਨ ਉੱਤੇ ਇੱਕ ਸੱਪ ਦਾ ਰਾਹ,
ਉੱਚੇ ਸਮੁੰਦਰਾਂ ਉੱਤੇ ਇੱਕ ਜਹਾਜ਼ ਦਾ ਰਾਹ,
ਅਤੇ ਇੱਕ ਮੁਟਿਆਰ ਦੇ ਨਾਲ ਇੱਕ ਆਦਮੀ ਦਾ ਰਾਹ।
20“ਇੱਕ ਵਿਭਚਾਰੀ ਔਰਤ ਦਾ ਇਹ ਤਰੀਕਾ ਹੈ,
ਉਹ ਖਾਂਦੀ ਹੈ ਅਤੇ ਆਪਣਾ ਮੂੰਹ ਪੂੰਝਦੀ ਹੈ
ਅਤੇ ਆਖਦੀ ਹੈ, ‘ਮੈਂ ਕੁਝ ਵੀ ਗਲਤ ਨਹੀਂ ਕੀਤਾ ਹੈ।’
21“ਤਿੰਨ ਚੀਜ਼ਾਂ ਦੇ ਅਧੀਨ ਧਰਤੀ ਕੰਬਦੀ ਹੈ,
ਸਗੋਂ ਚਾਰ ਜਿਹੜੀਆਂ ਉਸ ਤੋਂ ਬਰਦਾਸ਼ਤ ਨਹੀਂ ਹੁੰਦੀਆਂ,
22ਇੱਕ ਨੌਕਰ ਜੋ ਰਾਜਾ ਬਣ ਜਾਂਦਾ ਹੈ,
ਇੱਕ ਅਧਰਮੀ ਮੂਰਖ ਜਿਸ ਨੂੰ ਖਾਣ ਲਈ ਬਹੁਤ ਕੁਝ ਮਿਲਦਾ ਹੈ,
23ਘਿਣਾਉਣੀ ਔਰਤ ਦਾ ਵਿਆਹ ਹੋ ਜਾਂਦਾ ਹੈ,
ਇੱਕ ਦਾਸੀ ਉਸਦੀ ਮਾਲਕਣ ਦੀ ਜਗ੍ਹਾ ਲੈ ਲੈਂਦੀ ਹੈ।
24“ਧਰਤੀ ਉੱਤੇ ਚਾਰ ਚੀਜ਼ਾਂ ਛੋਟੀਆਂ ਹਨ,
ਫਿਰ ਵੀ ਉਹ ਬਹੁਤ ਸਿਆਣੀਆਂ ਹਨ,
25ਕੀੜੀਆਂ ਨਿਰਬਲ ਤਾਂ ਹਨ,
ਫਿਰ ਵੀ ਉਹ ਗਰਮੀਆਂ ਵਿੱਚ ਆਪਣਾ ਭੋਜਨ ਇਕੱਠਾ ਕਰ ਲੈਂਦੀਆਂ ਹਨ;
26ਪਹਾੜੀ ਸਹੈ ਭਾਵੇਂ ਨਿਰਬਲ ਹਨ,
ਫਿਰ ਵੀ ਉਹ ਚਟਾਨਾਂ ਵਿੱਚ ਆਪਣਾ ਘਰ ਬਣਾਉਂਦੇ ਹਨ;
27ਟਿੱਡੀਆਂ ਦਾ ਕੋਈ ਰਾਜਾ ਨਹੀਂ ਹੁੰਦਾ,
ਫਿਰ ਵੀ ਉਹ ਇੱਕਠੇ ਹੋ ਕੇ ਅੱਗੇ ਵਧਦੇ ਹਨ।
28ਕਿਰਲੀ ਨੂੰ ਹੱਥ ਨਾਲ ਫੜਿਆ ਜਾ ਸਕਦਾ ਹੈ,
ਫਿਰ ਵੀ ਇਹ ਰਾਜਿਆਂ ਦੇ ਮਹਿਲਾਂ ਵਿੱਚ ਰਹਿੰਦੀ ਹੈ।
29“ਤਿੰਨ ਵਸਤੂਆਂ ਹਨ ਜਿਨ੍ਹਾਂ ਦੀ ਤੋਰ ਠਾਠ ਵਾਲੀ ਹੈ,
ਸਗੋਂ ਚਾਰ ਹਨ ਜੋ ਸ਼ਾਨਦਾਰ ਢੰਗ ਨਾਲ ਚੱਲਦੀਆਂ ਹਨ,
30ਇੱਕ ਸ਼ੇਰ ਜਾਨਵਰਾਂ ਵਿੱਚੋਂ ਤਾਕਤਵਰ ਹੈ, ਜੋ ਕਿਸੇ ਦੇ ਅੱਗੇ ਪਿੱਠ ਨਹੀਂ ਭੁਆਉਂਦਾ,
31ਇੱਕ ਕੁੱਕੜ,
ਇੱਕ ਬੱਕਰਾ,
ਅਤੇ ਰਾਜਾ ਜਦ ਸੈਨਾਂ ਉਹ ਦੇ ਨਾਲ ਹੈ।
32“ਜੇ ਤੁਸੀਂ ਮੂਰਖ ਬਣ ਕੇ ਆਪਣੇ ਆਪ ਨੂੰ ਉੱਚਾ ਕਰਦੇ ਹੋ,
ਜਾਂ ਜੇ ਤੁਸੀਂ ਬੁਰਾਈ ਦੀ ਯੋਜਨਾ ਬਣਾਉਂਦੇ ਹੋ
ਤਾਂ ਆਪਣੇ ਮੂੰਹ ਉੱਤੇ ਹੱਥ ਰੱਖ!
33ਕਿਉਂਕਿ ਜਿਵੇਂ ਮਲਾਈ ਨੂੰ ਰਿੜਕਣ ਨਾਲ ਮੱਖਣ ਪੈਦਾ ਹੁੰਦਾ ਹੈ,
ਅਤੇ ਜਿਵੇਂ ਨੱਕ ਮਰੋੜਨ ਨਾਲ ਖੂਨ ਨਿਕਲਦਾ ਹੈ,
ਇਸ ਤਰ੍ਹਾਂ ਗੁੱਸੇ ਨੂੰ ਭੜਕਾਉਣ ਨਾਲ ਝਗੜਾ ਪੈਦਾ ਹੁੰਦਾ ਹੈ।”
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.