ਹੋਸ਼ੇਆ 6
6
ਇਸਰਾਏਲ ਤੋਂ ਪਛਤਾਵਾ
1“ਆਓ, ਅਸੀਂ ਯਾਹਵੇਹ ਵੱਲ ਮੁੜੀਏ,
ਉਸ ਨੇ ਸਾਨੂੰ ਪਾੜ ਦਿੱਤਾ
ਪਰ ਉਹ ਸਾਨੂੰ ਚੰਗਾ ਕਰੇਗਾ;
ਉਸ ਨੇ ਸਾਨੂੰ ਜ਼ਖਮੀ ਕੀਤਾ
ਪਰ ਉਹ ਸਾਡੇ ਜ਼ਖਮਾਂ ਤੇ ਪੱਟੀ ਬੰਨ੍ਹੇਗਾ।
2ਦੋ ਦਿਨਾਂ ਬਾਅਦ ਉਹ ਸਾਨੂੰ ਜੀਉਂਦਾ ਕਰੇਗਾ,
ਤੀਜੇ ਦਿਨ ਉਹ ਸਾਨੂੰ ਬਹਾਲ ਕਰੇਗਾ,
ਤਾਂ ਜੋ ਅਸੀਂ ਉਸ ਦੀ ਹਜ਼ੂਰੀ ਵਿੱਚ ਰਹਿ ਸਕੀਏ।
3ਆਓ ਅਸੀਂ ਯਾਹਵੇਹ ਨੂੰ ਮੰਨੀਏ;
ਆਓ ਅਸੀਂ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰੀਏ,
ਜਿਵੇਂ ਹੀ ਸੂਰਜ ਚੜ੍ਹਦਾ ਹੈ,
ਉਹ ਪ੍ਰਗਟ ਹੋਵੇਗਾ;
ਉਹ ਸਾਡੇ ਕੋਲ ਸਰਦੀਆਂ ਦੇ ਮੀਂਹ ਵਾਂਗ ਆਵੇਗਾ,
ਬਸੰਤ ਦੀ ਬਾਰਿਸ਼ ਵਾਂਗ ਜੋ ਧਰਤੀ ਨੂੰ ਸਿੰਜਦੀ ਹੈ।
4“ਇਫ਼ਰਾਈਮ, ਮੈਂ ਤੇਰੇ ਨਾਲ ਕੀ ਕਰ ਸਕਦਾ ਹਾਂ?
ਹੇ ਯਹੂਦਾਹ, ਮੈਂ ਤੇਰੇ ਨਾਲ ਕੀ ਕਰ ਸਕਦਾ ਹਾਂ?
ਤੇਰਾ ਪਿਆਰ ਸਵੇਰ ਦੀ ਧੁੰਦ ਵਰਗਾ ਹੈ,
ਤੜਕੇ ਦੀ ਤ੍ਰੇਲ ਵਰਗਾ ਹੈ ਜੋ ਅਲੋਪ ਹੋ ਜਾਂਦੀ ਹੈ।
5ਇਸ ਲਈ ਮੈਂ ਤੁਹਾਨੂੰ ਆਪਣੇ ਨਬੀਆਂ ਨਾਲ ਵੱਢ ਸੁੱਟਿਆ,
ਮੈਂ ਤੁਹਾਨੂੰ ਆਪਣੇ ਮੂੰਹ ਦੇ ਬੋਲਾਂ ਨਾਲ ਮਾਰਿਆ,
ਤਦ ਮੇਰੇ ਨਿਆਉਂ ਸੂਰਜ ਦੇ ਚਾਨਣ ਵਾਂਗੂੰ ਨਿਕਲਦੇ ਹਨ।
6ਕਿਉਂ ਜੋ ਮੈਂ ਬਲੀਦਾਨ ਨੂੰ ਨਹੀਂ, ਸਗੋਂ ਦਯਾ ਦੀ ਇੱਛਾ ਰੱਖਦਾ ਹਾਂ,
ਅਤੇ ਪਰਮੇਸ਼ਵਰ ਦਾ ਗਿਆਨ ਹੋਮ ਬਲੀਆਂ ਨਾਲੋਂ ਵੱਧ ਕੇ।
7ਉਨ੍ਹਾਂ ਨੇ ਆਦਮ ਵਾਂਗੂੰ ਨੇਮ ਦੀ ਉਲੰਘਣਾ ਕੀਤੀ;
ਉੱਥੇ ਉਹਨਾਂ ਨੇ ਮੇਰੇ ਨਾਲ ਧੋਖਾ ਕੀਤਾ।
8ਗਿਲਆਦ ਕੁਕਰਮੀਆਂ ਦਾ ਸ਼ਹਿਰ ਹੈ,
ਲਹੂ ਦੇ ਪੈਰਾਂ ਦੇ ਨਿਸ਼ਾਨਾਂ ਨਾਲ ਰੰਗਿਆ ਹੋਇਆ ਹੈ।
9ਜਿਵੇਂ ਲੁਟੇਰੇ ਸ਼ਿਕਾਰ ਲਈ ਘਾਤ ਵਿੱਚ ਪਏ ਰਹਿੰਦੇ ਹਨ,
ਉਸੇ ਤਰ੍ਹਾਂ ਜਾਜਕਾਂ ਦੇ ਜੱਥੇ ਵੀ;
ਉਹ ਸ਼ੇਕੇਮ ਦੇ ਰਾਹ ਵਿੱਚ ਕਤਲ ਕਰਦੇ ਹਨ,
ਆਪਣੀਆਂ ਬੁਰੀਆਂ ਯੋਜਨਾਵਾਂ ਨੂੰ ਪੂਰਾ ਕਰਦੇ ਹਨ।
10ਮੈਂ ਇਸਰਾਏਲ ਵਿੱਚ ਇੱਕ ਭਿਆਨਕ ਚੀਜ਼ ਵੇਖੀ ਹੈ,
ਉੱਥੇ ਇਫ਼ਰਾਈਮ ਵੇਸਵਾ ਨੂੰ ਦਿੱਤਾ ਜਾਂਦਾ ਹੈ,
ਇਸਰਾਏਲ ਨੂੰ ਭ੍ਰਿਸ਼ਟ ਕੀਤਾ ਜਾਂਦਾ ਹੈ।
11“ਹੇ ਯਹੂਦਾਹ, ਤੇਰੇ ਲਈ ਵੀ ਵਾਢੀ ਦਾ ਸਮਾਂ ਠਹਿਰਾਇਆ ਗਿਆ ਹੈ।
“ਜਦੋਂ ਮੈਂ ਆਪਣੇ ਲੋਕਾਂ ਦੇ ਪੁਰਾਣੇ ਦਿਨ ਵਾਪਸ ਲਿਆਵਾਂਗਾ।
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.