Logo de YouVersion
Icono de búsqueda

ਉਤਪਤ 50

50
ਯਾਕੂਬ ਦਾ ਸਸੱਕਾਰ
1ਜਦੋਂ ਇਸਰਾਏਲ ਦਾ ਦੇਹਾਂਤ ਹੋਇਆ ਤਾਂ ਯੂਸੁਫ਼ ਬਹੁਤ ਉਦਾਸ ਹੋ ਗਿਆ। ਉਹ ਆਪਣੇ ਪਿਤਾ ਨਾਲ ਚਿਬੜ ਗਿਆ ਅਤੇ ਉਸ ਨਾਲ ਲੱਗ ਕੇ ਰੋ ਪਿਆ ਅਤੇ ਉਸ ਨੂੰ ਚੁੰਮਣ ਲੱਗਾ। 2ਯੂਸੁਫ਼ ਨੇ ਹਕੀਮਾਂ ਨੂੰ ਆਪਣੇ ਪਿਤਾ ਦੀ ਲਾਸ਼ ਉੱਤੇ ਦਵਾਈਆਂ ਲਾਕੇ ਸੁਰੱਖਿਅਤ ਰੱਖਣ ਦਾ ਆਦੇਸ਼ ਦਿੱਤਾ। ਇਸ ਲਈ ਉਨ੍ਹਾਂ ਨੇ ਇਸਰਾਏਲ ਦੇ ਸ਼ਰੀਰ ਨੂੰ ਸੁਰੱਖਿਅਤ ਰੱਖਣ ਲਈ ਮਿਸਰੀਆਂ ਵਾਂਗ ਖਾਸ ਤਰੀਕੇ ਨਾਲ 40 ਦਿਨਾਂ ਲਈ ਉਸ ਤੇ ਦਵਾਈਆਂ ਲਾਈਆਂ। 3ਜਦੋਂ ਮਿਸਰੀਆਂ ਨੇ ਇਹੋ ਜਿਹੇ ਖਾਸ ਢੰਗ ਨਾਲ ਲਾਸ਼ ਨੂੰ ਤਿਆਰ ਕੀਤਾ ਤਾਂ ਉਨ੍ਹਾਂ ਨੇ ਇਸ ਨੂੰ ਦਫ਼ਨ ਕਰਨ ਤੋਂ ਪਹਿਲਾਂ 40 ਦਿਨ ਇੰਤਜ਼ਾਰ ਕੀਤਾ। ਫ਼ੇਰ ਮਿਸਰੀਆਂ ਨੇ ਯਾਕੂਬ ਦਾ ਖਾਸ ਸਮੇਂ ਤੱਕ ਸੋਗ ਮਨਾਇਆ। ਇਹ ਸਮਾਂ 70 ਦਿਨ ਦਾ ਸੀ।
4ਸੱਤਰ ਦਿਨਾਂ ਮਗਰੋਂ, ਸੋਗ ਦਾ ਸਮਾਂ ਖਤਮ ਹੋ ਗਿਆ। ਇਸ ਲਈ ਯੂਸੁਫ਼ ਨੇ ਫ਼ਿਰਊਨ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਯੂਸੁਫ਼ ਨੇ ਆਖਿਆ, “ਕਿਰਪਾ ਕਰਕੇ ਫ਼ਿਰਊਨ ਨੂੰ ਇਹ ਦੱਸੋ: 5‘ਜਦੋਂ ਮੇਰਾ ਪਿਤਾ ਮਰਨ ਕਿਨਾਰੇ ਸੀ, ਮੈਂ ਉਸ ਨਾਲ ਇੱਕ ਇਕਰਾਰ ਕੀਤਾ ਸੀ। ਕਿ ਮੈਂ ਉਸ ਨੂੰ ਕਨਾਨ ਦੇਸ਼ ਦੀ ਇੱਕ ਗੁਫ਼ਾ ਵਿੱਚ ਦਫ਼ਨ ਕਰਾਂਗਾ। ਇਹ ਉਹੀ ਗੁਫ਼ਾ ਹੈ ਜਿਹੜੀ ਉਸ ਨੇ ਆਪਣੇ ਵਾਸਤੇ ਤਿਆਰ ਕੀਤੀ ਸੀ। ਇਸ ਲਈ ਕਿਰਪਾ ਕਰਕੇ ਮੈਨੂੰ ਜਾਣ ਦਿਉ ਅਤੇ ਆਪਣੇ ਪਿਤਾ ਨੂੰ ਦਫ਼ਨਾਉਣ ਦਿਉ। ਫ਼ੇਰ ਮੈਂ ਤੁਹਾਡੇ ਕੋਲ ਇੱਥੇ ਵਾਪਸ ਆ ਜਾਵਾਂਗਾ।’”
6ਫ਼ਿਰਊਨ ਨੇ ਆਖਿਆ, “ਆਪਣਾ ਇਕਰਾਰ ਨਿਭਾ। ਜਾਹ ਅਤੇ ਜਾਕੇ ਆਪਣੇ ਪਿਤਾ ਨੂੰ ਦਫ਼ਨਾ।”
7ਇਸ ਲਈ ਯੂਸੁਫ਼ ਆਪਣੇ ਪਿਤਾ ਨੂੰ ਦਫ਼ਨ ਕਰਨ ਲਈ ਚੱਲਾ ਗਿਆ। ਫ਼ਿਰਊਨ ਦੇ ਸਾਰੇ ਅਧਿਕਾਰੀ, ਫ਼ਿਰਊਨ ਦੇ ਬਜ਼ੁਰਗ (ਆਗੂ) ਅਤੇ ਮਿਸਰ ਦੇ ਸਾਰੇ ਬਜ਼ੁਰਗ ਯੂਸੁਫ਼ ਦੇ ਨਾਲ ਗਏ। 8ਯੂਸੁਫ਼ ਦੇ ਪਰਿਵਾਰ ਦੇ ਸਾਰੇ ਲੋਕ, ਉਸ ਦੇ ਭਰਾ ਅਤੇ ਉਸ ਦੇ ਪਿਤਾ ਦੇ ਪਰਿਵਾਰ ਦੇ ਸਾਰੇ ਲੋਕ ਉਸ ਦੇ ਨਾਲ ਗਏ। ਸਿਰਫ਼ ਬੱਚੇ ਅਤੇ ਜਾਨਵਰ ਹੀ ਗੋਸ਼ਨ ਦੀ ਧਰਤੀ ਉੱਤੇ ਰਹੇ। 9ਇਹ ਲੋਕਾਂ ਦਾ ਬਹੁਤ ਵੱਡਾ ਟੋਲਾ ਸੀ। ਇਨ੍ਹਾਂ ਨਾਲ ਸਿਪਾਹੀਆਂ ਦਾ ਵੀ ਇੱਕ ਟੋਲਾ ਸੀ ਜਿਹੜਾ ਰੱਥਾਂ ਅਤੇ ਘੋੜਿਆਂ ਉੱਤੇ ਸਵਾਰ ਸੀ।
10ਉਹ ਯਰਦਨ ਨਦੀ ਦੇ ਪੂਰਬ ਵੱਲ ਗੋਰੇਨ-ਹਾ-ਆਤਾਦ#50:10 ਗੋਰੇਨ-ਹਾ-ਆਤਾਦ ਜਾਂ, “ਆਤਾਦ ਦਾ ਖਲਵਾੜਾ।” ਵੱਲ ਗਏ। ਇਸ ਸਥਾਨ ਉੱਤੇ, ਉਨ੍ਹਾਂ ਨੇ ਇਸਰਾਏਲ ਦੇ ਸਸੱਕਾਰ ਲਈ ਲੰਮੀਆਂ ਰੀਤਾਂ ਕੀਤੀਆਂ। ਇਹ ਸਸੱਕਾਰ ਦੀਆਂ ਰੀਤਾਂ ਸੱਤਾਂ ਦਿਨਾਂ ਤੱਕ ਜਾਰੀ ਰਹੀਆਂ। 11ਕਨਾਨ ਵਿੱਚ ਰਹਿਣ ਵਾਲੇ ਲੋਕਾਂ ਨੇ ਗੋਰੇਨ-ਹਾ-ਆਤਾਦ ਵਿੱਚ ਹੋ ਰਹੀਆਂ ਇਨ੍ਹਾਂ ਸਸੱਕਾਰ ਦੀਆਂ ਰੀਤਾਂ ਨੂੰ ਦੇਖਿਆ। ਉਨ੍ਹਾਂ ਨੇ ਸੋਚਿਆ, “ਇਹ ਮਿਸਰੀਆਂ ਲਈ ਸੋਗ ਦਾ ਕੋਈ ਵੱਡਾ ਅਵਸਰ ਹੈ।” ਇਸ ਲਈ ਉਨ੍ਹਾਂ ਨੇ ਉਸ ਜਗ਼੍ਹਾ ਨੂੰ ਆਬੇਲ-ਮਿੱਸਰਾਈਮ ਬੁਲਾਇਆ, ਜੋ ਕਿ ਯਰਦਨ ਨਦੀ ਦੇ ਪਾਰ ਹੈ।
12ਇਸ ਲਈ ਯਾਕੂਬ ਦੇ ਪੁੱਤਰਾਂ ਨੇ ਉਵੇਂ ਹੀ ਕੀਤਾ ਜਿਵੇਂ ਉਨ੍ਹਾਂ ਦੇ ਪਿਤਾ ਨੇ ਆਖਿਆ ਸੀ। 13ਉਨ੍ਹਾਂ ਨੇ ਉਸ ਦੇ ਸ਼ਰੀਰ ਨੂੰ ਚੁੱਕ ਕੇ ਕਨਾਨ ਲਿਆਂਦਾ ਅਤੇ ਮਾਕਫ਼ੇਲਾਹ ਵਿਖੇ ਗੁਫ਼ਾ ਵਿੱਚ ਦਫ਼ਨਾਇਆ। ਇਹ ਉਹੀ ਗੁਫ਼ਾ ਸੀ ਜਿਹੜੀ ਮਮਰੇ ਨੇੜੇ ਦੇ ਉਸ ਖੇਤ ਵਿੱਚ ਸੀ ਜਿਸ ਨੂੰ ਅਬਰਾਹਾਮ ਨੇ ਹਿੱਤੀ ਅਫ਼ਰੋਨ ਤੋਂ ਖਰੀਦਿਆ ਸੀ। ਅਬਰਾਹਾਮ ਨੇ ਉਸ ਗੁਫ਼ਾ ਨੂੰ ਕਬਰਸਤਾਨ ਵਜੋਂ ਖਰੀਦਿਆ ਸੀ। 14ਜਦੋਂ ਯੂਸੁਫ਼ ਨੇ ਆਪਣੇ ਪਿਤਾ ਨੂੰ ਦਫ਼ਨਾ ਦਿੱਤਾ ਤਾਂ ਉਹ ਅਤੇ ਉਸ ਦੇ ਟੋਲੇ ਦਾ ਹਰ ਕੋਈ ਉਸ ਦੇ ਨਾਲ ਵਾਪਸ ਮਿਸਰ ਨੂੰ ਚੱਲਾ ਗਿਆ।
ਭਰਾ ਹਾਲੇ ਵੀ ਯੂਸੁਫ਼ ਤੋਂ ਭੈਭੀਤ ਹਨ
15ਜਦੋਂ ਯਾਕੂਬ ਮਰਿਆ, ਯੂਸੁਫ਼ ਦੇ ਭਰਾ ਫ਼ਿਕਰਮੰਦ ਹੋ ਗਏ। ਉਹ ਇਸ ਗੱਲੋਂ ਭੈਭੀਤ ਸਨ ਕਿ ਯੂਸੁਫ਼ ਹਾਲੇ ਵੀ ਉਨ੍ਹਾਂ ਨਾਲ, ਵਰ੍ਹਿਆਂ ਬਾਦ ਉਨ੍ਹਾਂ ਵੱਲੋਂ ਉਸ ਨਾਲ ਕੀਤੇ ਵਿਹਾਰ ਕਾਰਣ ਨਾਰਾਜ਼ ਹੋਵੇਗਾ। ਉਨ੍ਹਾਂ ਨੇ ਆਖਿਆ, “ਸ਼ਾਇਦ ਯੂਸੁਫ਼ ਹਾਲੇ ਵੀ ਸਾਨੂੰ ਉਸ ਕਾਰਣ ਨਫ਼ਰਤ ਕਰਦਾ ਹੈ ਜੋ ਅਸੀਂ ਕੀਤਾ ਸੀ।” 16ਇਸ ਲਈ ਭਰਾਵਾਂ ਨੇ ਯੂਸੁਫ਼ ਨੂੰ ਇਹ ਸੰਦੇਸ਼ ਭੇਜਿਆ: “ਤੁਹਾਡੇ ਪਿਤਾ ਨੇ ਮਰਨ ਤੋਂ ਪਹਿਲਾਂ, ਸਾਨੂੰ ਤੈਨੂੰ ਇਹ ਸੰਦੇਸ਼ ਦੇਣ ਲਈ ਆਖਿਆ ਸੀ। 17ਉਸ ਨੇ ਆਖਿਆ ਸੀ, ‘ਯੂਸੁਫ਼ ਨੂੰ ਆਖਣਾ ਕਿ ਮੈਂ ਉਸ ਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਆਪਣੇ ਭਰਾਵਾਂ ਨੂੰ ਉਨ੍ਹਾਂ ਦੇ ਭੈੜੇ ਕਾਰਿਆਂ ਲਈ ਮਾਫ਼ ਕਰ ਦੇਵੇ।’ ਇਸ ਲਈ ਹੁਣ ਯੂਸੁਫ਼, ਅਸੀਂ ਤੈਨੂੰ ਬੇਨਤੀ ਕਰਦੇ ਹਾਂ ਕਿਰਪਾ ਕਰਕੇ ਸਾਨੂੰ ਸਾਡੇ ਉਹਾਂ ਭੈੜੇ ਕੰਮਾਂ ਲਈ ਮਾਫ਼ ਕਰਦੇ ਜਿਹੜੇ ਅਸੀਂ ਤੇਰੇ ਨਾਲ ਕੀਤੇ ਸਨ। ਅਸੀਂ ਪਰਮੇਸ਼ੁਰ ਦੇ, ਤੇਰੇ ਪਿਤਾ ਦੇ ਪਰਮੇਸ਼ੁਰ ਦੇ ਸੇਵਕ ਹਾਂ।”
ਇਸ ਸੰਦੇਸ਼ ਨੇ ਯੂਸੁਫ਼ ਨੂੰ ਬਹੁਤ ਉਦਾਸ ਕਰ ਦਿੱਤਾ ਅਤੇ ਉਹ ਰੋ ਪਿਆ। 18ਉਸ ਦੇ ਭਰਾ ਉਸ ਦੇ ਕੋਲ ਗਏ ਅਤੇ ਉਸ ਦੇ ਸਾਹਮਣੇ ਝੁਕ ਕੇ ਸਲਾਮ ਕੀਤਾ। ਉਨ੍ਹਾਂ ਨੇ ਆਖਿਆ, “ਅਸੀਂ ਤੁਹਾਡੇ ਨੌਕਰ ਹੋਵਾਂਗੇ।”
19ਫ਼ੇਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਭੈਭੀਤ ਨਾ ਹੋਵੋ। ਭਲਾ, ਮੈਂ ਪਰਮੇਸ਼ੁਰ ਦੇ ਥਾਂ ਹਾਂ? 20ਇਹ ਸੱਚ ਹੈ ਕਿ ਤੁਸੀਂ ਮੇਰੇ ਨਾਲ ਕੁਝ ਬੁਰਾ ਕਰਨ ਦੀ ਵਿਉਂਤ ਬਣਾਈ ਸੀ। ਪਰ ਅਸਲ ਵਿੱਚ ਪਰਮੇਸ਼ੁਰ ਚੰਗੀਆਂ ਗੱਲਾਂ ਦੀ ਵਿਉਂਤ ਬਣਾ ਰਿਹਾ ਸੀ। ਪਰਮੇਸ਼ੁਰ ਦੀ ਵਿਉਂਤ ਮੇਰੀ ਵਰਤੋਂ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਕਰਨ ਦੀ ਸੀ। ਅਤੇ ਇਹੀ ਹੈ ਜੋ ਵਾਪਰਿਆ ਹੈ! 21ਇਸ ਲਈ ਭੈਭੀਤ ਨਾ ਹੋਵੋ। ਮੈਂ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਸਹਾਰਾ ਦਿਆਂਗਾ।” ਜੋ ਯੂਸੁਫ਼ ਨੇ ਆਖਿਆ, ਉਸ ਨੇ ਉਸ ਦੇ ਭਰਾਵਾਂ ਨੂੰ ਸੁੱਖ ਦਿੱਤਾ।
22ਯੂਸੁਫ਼ ਨੇ ਮਿਸਰ ਵਿੱਚ ਆਪਣੇ ਪਿਤਾ ਦੇ ਪਰਿਵਾਰ ਨਾਲ ਰਹਿਣਾ ਜਾਰੀ ਰੱਖਿਆ। ਯੂਸੁਫ਼ ਜਦੋਂ 110 ਵਰ੍ਹਿਆਂ ਦਾ ਸੀ ਤਾਂ ਉਸ ਦਾ ਦੇਹਾਂਤ ਹੋ ਗਿਆ। 23ਯੂਸੁਫ਼ ਦੇ ਜੀਵਨ ਕਾਲ ਵਿੱਚ ਇਫ਼ਰਾਈਮ ਦੇ ਪੁੱਤਰ ਅਤੇ ਪੋਤਰੇ ਹੋਏ। ਅਤੇ ਉਸ ਦੇ ਪੁੱਤਰ ਮਨੱਸ਼ਹ ਦਾ ਇੱਕ ਪੁੱਤਰ ਸੀ, ਮਾਕੀਰ। ਯੂਸੁਫ਼ ਮਾਕੀਰ ਦੇ ਬੱਚਿਆਂ ਨੂੰ ਦੇਖਣ ਤੱਕ ਜੀਵਿਆ।
ਯੂਸੁਫ਼ ਦੀ ਮੌਤ
24ਜਦੋਂ ਯੂਸੁਫ਼ ਮਰਨ ਕੰਢੇ ਸੀ, ਉਸ ਨੇ ਆਪਣੇ ਭਰਾਵਾਂ ਨੂੰ ਆਖਿਆ, “ਮੇਰੇ ਮਰਨ ਦਾ ਸਮਾਂ ਆ ਪਹੁੰਚਿਆ ਹੈ। ਪਰ ਮੈਂ ਜਾਣਦਾ ਹਾਂ ਕਿ ਪਰਮੇਸ਼ੁਰ ਤੁਹਾਡਾ ਧਿਆਨ ਰੱਖੇਗਾ ਅਤੇ ਤੁਹਾਨੂੰ ਇਸ ਦੇਸ਼ ਵਿੱਚੋਂ ਬਾਹਰ ਲੈ ਜਾਵੇਗਾ। ਪਰ ਪਰਮੇਸ਼ੁਰ ਤੁਹਾਡੀ ਉਸ ਧਰਤੀ ਉੱਤੇ ਅਗਵਾਈ ਕਰੇਗਾ ਜਿਸ ਨੂੰ ਉਸ ਨੇ, ਅਬਰਾਹਾਮ ਇਸਹਾਕ ਅਤੇ ਯਾਕੂਬ ਨੂੰ ਦੇਣ ਦਾ ਇਕਰਾਰ ਕੀਤਾ ਸੀ।”
25ਫ਼ੇਰ ਯੂਸੁਫ਼ ਨੇ ਆਪਣੇ ਲੋਕਾਂ ਨੂੰ ਇੱਕ ਇਕਰਾਰ ਕਰਨ ਲਈ ਆਖਿਆ। ਯੂਸੁਫ਼ ਨੇ ਆਖਿਆ, “ਇਕਰਾਰ ਕਰੋ ਕਿ ਤੁਸੀਂ ਮੇਰੀਆਂ ਅਸਥੀਆਂ ਆਪਣੇ ਨਾਲ ਲੈ ਜਾਵੋਂਗੇ ਜਦੋਂ ਪਰਮੇਸ਼ੁਰ ਨਵੀਂ ਧਰਤੀ ਉੱਤੇ ਤੁਹਾਡੀ ਅਗਵਾਈ ਕਰੇਗਾ।”
26ਯੂਸੁਫ਼ ਜਦੋਂ 110 ਵਰ੍ਹਿਆਂ ਦਾ ਸੀ, ਉਸ ਦਾ ਮਿਸਰ ਵਿੱਚ ਦੇਹਾਂਤ ਹੋ ਗਿਆ। ਹਕੀਮਾਂ ਨੇ ਉਸ ਦੇ ਸ਼ਰੀਰ ਨੂੰ ਦਫ਼ਨਾਏ ਜਾਣ, ਲਈ ਤਿਆਰ ਕੀਤਾ ਅਤੇ ਮਿਸਰ ਵਿੱਚ ਇੱਕ ਤਾਬੂਤ ਵਿੱਚ ਰੱਖ ਦਿੱਤਾ।

Actualmente seleccionado:

ਉਤਪਤ 50: PERV

Destacar

Compartir

Copiar

None

¿Quieres tener guardados todos tus destacados en todos tus dispositivos? Regístrate o inicia sesión