Logo de YouVersion
Icono de búsqueda

ਉਤਪਤ 46

46
ਪਰਮੇਸ਼ੁਰ ਇਸਰਾਏਲ ਨੂੰ ਤਸੱਲੀ ਦਿੰਦਾ ਹੈ
1ਇਸ ਲਈ ਇਸਰਾਏਲ ਨੇ ਮਿਸਰ ਵੱਲ ਆਪਣਾ ਸਫ਼ਰ ਸ਼ੁਰੂ ਕੀਤਾ। ਪਹਿਲਾਂ ਇਸਰਾਏਲ ਅਤੇ ਉਸ ਦੇ ਨਾਲ ਹਰ ਕੋਈ ਬਏਰਸਬਾ ਪਹੁੰਚਿਆ। ਉੱਥੇ ਇਸਰਾਏਲ ਨੇ ਪਰਮੇਸ਼ੁਰ, ਆਪਣੇ ਪਿਤਾ ਇਸਹਾਕ ਦੇ ਪਰਮੇਸ਼ੁਰ, ਦੀ ਉਪਾਸਨਾ ਕੀਤੀ। ਉਸ ਨੇ ਬਲੀਆਂ ਚੜ੍ਹਾਈਆਂ। 2ਰਾਤ ਵੇਲੇ, ਪਰਮੇਸ਼ੁਰ ਨੇ ਇਸਰਾਏਲ ਨਾਲ ਸੁਪਨੇ ਵਿੱਚ ਗੱਲ ਕੀਤੀ। ਪਰਮੇਸ਼ੁਰ ਨੇ ਆਖਿਆ, “ਯਾਕੂਬ, ਯਾਕੂਬ।”
ਅਤੇ ਇਸਰਾਏਲ ਨੇ ਜਵਾਬ ਦਿੱਤਾ, “ਮੈਂ ਇੱਥੇ ਹਾਂ।”
3ਫ਼ੇਰ ਪਰਮੇਸ਼ੁਰ ਨੇ ਆਖਿਆ, “ਮੈਂ ਪਰਮੇਸ਼ੁਰ ਹਾਂ, ਤੇਰੇ ਪਿਤਾ ਦਾ ਪਰਮੇਸ਼ੁਰ। ਮਿਸਰ ਜਾਣ ਤੋਂ ਨਾ ਡਰ। ਮਿਸਰ ਵਿੱਚ ਮੈਂ ਤੈਨੂੰ ਇੱਕ ਮਹਾਨ ਕੌਮ ਬਣਾ ਦਿਆਂਗਾ। 4ਮੈਂ ਤੇਰੇ ਨਾਲ ਮਿਸਰ ਜਾਵਾਂਗਾ। ਅਤੇ ਮੈਂ ਤੈਨੂੰ ਮਿਸਰ ਵਿੱਚੋਂ ਇੱਕ ਵਾਰ ਫ਼ੇਰ ਬਾਹਰ ਕੱਢ ਲਿਆਵਾਂਗਾ। ਤੇਰੀ ਮੌਤ ਮਿਸਰ ਵਿੱਚ ਹੋਵੇਗੀ, ਪਰ ਯੂਸੁਫ਼ ਤੇਰੇ ਨਾਲ ਹੋਵੇਗਾ ਜਦੋਂ ਤੂੰ ਮਰੇਂਗਾ ਉਹ ਆਪਣੇ ਹੱਥਾਂ ਨਾਲ ਤੇਰੀਆਂ ਅੱਖਾਂ ਬੰਦ ਕਰੇਗਾ।”
ਇਸਰਾਏਲ ਮਿਸਰ ਨੂੰ ਜਾਂਦਾ ਹੈ
5ਫ਼ੇਰ ਯਾਕੂਬ ਬਏਰਸਬਾ ਤੋਂ ਚੱਲ ਪਿਆ ਅਤੇ ਮਿਸਰ ਵੱਲ ਨੂੰ ਸਫ਼ਰ ਕੀਤਾ। ਇਸਰਾਏਲ ਦੇ ਪੁੱਤਰ, ਆਪਣੇ ਪਿਤਾ, ਆਪਣੀਆਂ ਪਤਨੀਆਂ ਅਤੇ ਆਪਣੇ ਸਾਰੇ ਬੱਚਿਆਂ ਨੂੰ ਮਿਸਰ ਲੈ ਆਏ। ਉਨ੍ਹਾਂ ਨੇ ਉਨ੍ਹਾਂ ਗੱਡੀਆਂ ਵਿੱਚ ਸਫ਼ਰ ਕੀਤਾ ਜਿਹੜੀਆਂ ਫ਼ਿਰਊਨ ਨੇ ਭੇਜੀਆਂ ਸਨ। 6ਉਨ੍ਹਾਂ ਨਾਲ ਉਨ੍ਹਾਂ ਦੇ ਸਾਰੇ ਪਸ਼ੂ ਅਤੇ ਹੋਰ ਸਾਰੀਆਂ ਚੀਜ਼ਾਂ ਵੀ ਸਨ ਜਿਹੜੀਆਂ ਕਨਾਨ ਦੀ ਧਰਤੀ ਉੱਤੇ ਉਨ੍ਹਾਂ ਦੀਆਂ ਸਨ। ਇਸ ਲਈ ਇਸਰਾਏਲ ਆਪਣੇ ਸਾਰੇ ਬੱਚਿਆਂ ਅਤੇ ਆਪਣੇ ਪਰਿਵਾਰ ਨਾਲ ਮਿਸਰ ਚੱਲਾ ਗਿਆ। 7ਉਸ ਦੇ ਨਾਲ ਉਸ ਦੇ ਪੁੱਤਰ ਅਤੇ ਪੋਤਰੇ, ਉਸ ਦੀਆਂ ਧੀਆਂ ਅਤੇ ਪੋਤਰੀਆਂ ਸਨ। ਉਸ ਦਾ ਸਾਰਾ ਪਰਿਵਾਰ ਉਸ ਦੇ ਨਾਲ ਮਿਸਰ ਚੱਲਾ ਗਿਆ।
ਯਾਕੂਬ ਦਾ ਪਰਿਵਾਰ
8ਇਸਰਾਏਲ ਦੇ ਪੁੱਤਰਾਂ ਅਤੇ ਉਸ ਦੇ ਪਰਿਵਾਰ ਵਾਲੇ ਜਿਹੜੇ ਉਸ ਦੇ ਨਾਲ ਮਿਸਰ ਵਿੱਚ ਗਏ, ਉਨ੍ਹਾਂ ਦੇ ਨਾਮ ਇਹ ਹਨ:
ਰਊਬੇਨ ਯਾਕੂਬ ਦਾ ਪਹਿਲਾ ਪੁੱਤਰ ਸੀ। 9ਰਊਬੇਨ ਦੇ ਪੁੱਤਰ ਸਨ ਹਨੋਕ, ਫ਼ੱਲੂ, ਹਸਰੋਨ ਅਤੇ ਕਰਮੀ।
10ਸਿਮਓਨ ਦੇ ਪੁੱਤਰ ਸਨ ਯਮੂਏਲ, ਯਾਮੀਨ, ਓਹਦ, ਯਾਕੀਨ ਅਤੇ ਸੋਹਰ। ਉਨ੍ਹਾਂ ਵਿੱਚ ਸ਼ਾਊਲ ਵੀ ਸੀ (ਸ਼ਾਊਲ ਕਨਾਨੀ ਔਰਤ ਤੋਂ ਜੰਮਿਆ ਸੀ।)
11ਲੇਵੀ ਦੇ ਪੁੱਤਰ ਸਨ ਗੇਰਸ਼ੋਨ, ਕਹਾਥ ਅਤੇ ਮਰਾਰੀ।
12ਯਹੂਦਾਹ ਦੇ ਪੁੱਤਰ ਸਨ ਏਰ, ਓਨਾਨ, ਸ਼ੇਲਾਹ, ਫ਼ਰਸ ਅਤੇ ਜ਼ਾਰਹ। (ਏਰ ਅਤੇ ਓਨਾਨ ਉਦੋਂ ਹੀ ਮਰ ਗਏ ਸਨ ਜਦੋਂ ਅਜੇ ਉਹ ਕਨਾਨ ਵਿੱਚ ਹੀ ਸਨ।) ਫ਼ਰਸ ਦੇ ਪੁੱਤਰ ਸਨ ਹਸਰੋਨ ਅਤੇ ਹਾਮੂਲ।
13ਯਿੱਸਾਕਾਰ ਦੇ ਪੁੱਤਰ ਸਨ ਤੋਲਾ, ਪੁੱਵਾਹ ਯੋਬ ਅਤੇ ਸਿਮਰੋਨ।
14ਜ਼ਬੁਲੂਨ ਦੇ ਪੁੱਤਰ ਸਨ ਸਰਦ, ਏਲੋਨ ਅਤੇ ਯਹਲਏਲ।
15ਰਊਬੇਨ, ਸਿਮਓਨ, ਲੇਵੀ, ਯਹੂਦਾਹ, ਯਿੱਸਾਕਾਰ ਅਤੇ ਜ਼ਬੁਲੂਨ ਯਾਕੂਬ ਦੇ ਉਸ ਦੀ ਪਤਨੀ ਲੇਆਹ ਤੋਂ, ਪੁੱਤਰ ਸਨ। ਲੇਆਹ ਨੇ ਉਨ੍ਹਾਂ ਪੁੱਤਰਾਂ ਨੂੰ ਪਦਨ ਅਰਾਮ ਵਿੱਚ ਜਨਮ ਦਿੱਤਾ ਸੀ। ਉਸ ਦੀ ਇੱਕ ਧੀ ਸੀ ਜਿਸਦਾ ਨਾਮ ਦੀਨਾਹ ਸੀ। ਉਸ ਦੇ ਪਰਿਵਾਰ ਵਿੱਚ 33 ਸਦੱਸ ਸਨ।
16ਗਾਦ ਦੇ ਪੁੱਤਰ ਸਨ ਸਿਫ਼ਯੋਨ, ਹੱਗੀ, ਸ਼ੂਨੀ, ਅਸਬੋਨ, ਏਰੀ, ਅਰੋਦੀ ਅਤੇ ਅਰਏਲੀ।
17ਆਸ਼ੇਰ ਦੇ ਪੁੱਤਰ ਯਿਮਨਾਹ, ਯਿਸ਼ਵਾਹ, ਯਿਸ਼ਵੀ, ਬਰੀਆਹ ਅਤੇ ਉਨ੍ਹਾਂ ਦੀ ਭੈਣ ਸਰਹ ਸੀ। ਬਰੀਆਹ ਦੇ ਪੁੱਤਰ ਸਨ ਹਬਰ ਅਤੇ ਮਲਕੀਏਲ।
18ਇਹ ਸਾਰੇ ਉੱਤਰਾਧਿਕਾਰੀ ਯਾਕੂਬ ਦੇ ਉਸ ਦੀ ਪਤਨੀ ਦੀ ਦਾਸੀ, ਜ਼ਿਲਫ਼ਾਹ ਤੋਂ ਸਨ। (ਜ਼ਿਲਫ਼ਾਹ ਉਹ ਦਾਸੀ ਸੀ ਜੋ ਲਾਬਾਨ ਨੇ ਆਪਣੀ ਧੀ ਲੇਆਹ ਨੂੰ ਦਿੱਤੀ ਸੀ। ਇਸ ਪਰਿਵਾਰ ਵਿੱਚ 16 ਸਦੱਸ ਸਨ।)
19ਬਿਨਯਾਮੀਨ ਵੀ ਯਾਕੂਬ ਦੇ ਨਾਲ ਸੀ। ਬਿਨਯਾਮੀਨ ਯਾਕੂਬ ਦਾ ਰਾਖੇਲ ਤੋਂ, ਪੁੱਤਰ ਸੀ (ਯੂਸੁਫ਼ ਵੀ ਰਾਖੇਲ ਦਾ ਪੁੱਤਰ ਸੀ, ਪਰ ਯੂਸੁਫ਼ ਪਹਿਲਾਂ ਹੀ ਮਿਸਰ ਵਿੱਚ ਸੀ।)
20ਮਿਸਰ ਵਿੱਚ, ਯੂਸੁਫ਼ ਦੇ ਦੋ ਪੁੱਤਰ ਸਨ, ਮਨੱਸ਼ਹ ਅਤੇ ਇਫ਼ਰਾਈਮ। (ਯੂਸੁਫ਼ ਦੀ ਪਤਨੀ ਓਨ ਸ਼ਹਿਰ ਦੇ ਜਾਜਕ ਪੋਟੀਫ਼ਰ ਦੀ ਧੀ, ਆਸਨਥ ਸੀ।)
21ਬਿਨਯਾਮੀਨ ਦੇ ਪੁੱਤਰ ਸਨ ਬਲਾ, ਬਕਰ, ਅਸ਼ਬੇਲ, ਗੇਰਾ, ਨਾਮਾਨ, ਏਹੀ, ਰੋਸ਼, ਮੁੱਫ਼ੀਮ, ਹੁੱਫ਼ੀਮ ਅਤੇ ਆਰਦ।
22ਉਹ ਯਾਕੂਬ ਦੇ ਪੁੱਤਰ, ਉਸ ਦੀ ਪਤਨੀ ਰੱਖੇਲ ਦੀ ਕੁੱਖੋਂ, ਇਸ ਪਰਿਵਾਰ ਵਿੱਚ 14 ਸਦੱਸ ਸਨ।
23ਦਾਨ ਦਾ ਪੁੱਤਰ ਹੁਸ਼ੀਮ ਸੀ।
24ਨਫ਼ਤਾਲੀ ਦੇ ਪੁੱਤਰ ਸਨ ਯਹਸਏਲ, ਗੂਨੀ, ਯੇਸਰ ਅਤੇ ਸ਼ਿੱਲੇਮ।
25ਇਹ ਯਾਕੂਬ ਅਤੇ ਬਿਲਹਾਹ ਦੇ ਪੁੱਤਰ ਸਨ। (ਬਿਲਹਾਹ ਉਹ ਦਾਸੀ ਸੀ ਜਿਸ ਨੂੰ ਲਾਬਾਨ ਨੇ ਆਪਣੀ ਧੀ ਰਾਖੇਲ ਨੂੰ ਦਿੱਤਾ ਸੀ।) ਇਸ ਪਰਿਵਾਰ ਵਿੱਚ 7 ਮੈਂਬਰ ਸਨ।
26ਯਾਕੂਬ ਦੇ ਸਿੱਧੇ ਉੱਤਰਾਧਿਕਾਰੀਆਂ ਦੀ ਗਿਣਤੀ, ਜਿਹੜੇ ਉਸ ਦੇ ਨਾਮ ਮਿਸਰ ਵਿੱਚ ਗਏ ਸਨ, 66 ਸੀ। (ਯਾਕੂਬ ਦੇ ਪੁੱਤਰਾਂ ਦੀਆਂ ਪਤਨੀਆਂ ਨੂੰ ਇਸ ਗਿਣਤੀ ਵਿੱਚ ਸ਼ਾਮਿਲ ਨਹੀਂ ਸੀ ਕੀਤਾ ਗਿਆ।) 27ਇਨ੍ਹਾਂ ਤੋਂ ਇਲਾਵਾ, ਯੂਸੁਫ਼ ਦੇ ਦੋ ਪੁੱਤਰ ਸਨ। ਉਹ ਮਿਸਰ ਵਿੱਚ ਜਨਮੇ ਸਨ। ਇਸ ਤਰ੍ਹਾਂ ਮਿਸਰ ਵਿੱਚ ਯਾਕੂਬ ਦੇ ਪਰਿਵਾਰ ਵਾਲੇ ਲੋਕਾਂ ਦੀ ਕੁਲ ਗਿਣਤੀ 70 ਸੀ।
ਇਸਰਾਏਲ ਮਿਸਰ ਵਿੱਚ ਪਹੁੰਚਦਾ ਹੈ
28ਯਾਕੂਬ ਨੇ ਯੂਸੁਫ਼ ਨਾਲ ਮੁਲਾਕਾਤ ਕਰਨ ਲਈ ਪਹਿਲਾਂ ਯਹੂਦਾਹ ਨੂੰ ਭੇਜਿਆ। ਯਹੂਦਾਹ ਗੋਸ਼ਨ ਦੀ ਧਰਤੀ ਉੱਤੇ ਯੂਸੁਫ਼ ਕੋਲ ਗਿਆ। ਫ਼ੇਰ ਯਾਕੂਬ ਅਤੇ ਉਸ ਦੇ ਆਦਮੀ ਉਸ ਧਰਤੀ ਉੱਤੇ ਗਏ। 29ਯੂਸੁਫ਼ ਨੂੰ ਪਤਾ ਲੱਗਿਆ ਕਿ ਉਸ ਦਾ ਪਿਤਾ ਆ ਰਿਹਾ ਹੈ। ਇਸ ਲਈ ਯੂਸੁਫ਼ ਨੇ ਆਪਣਾ ਰੱਥ ਤਿਆਰ ਕੀਤਾ ਅਤੇ ਆਪਣੇ ਪਿਤਾ ਇਸਰਾਏਲ ਨੂੰ ਮਿਲਣ ਲਈ ਗੋਸ਼ਨ ਚੱਲਾ ਗਿਆ। ਜਦੋਂ ਯੂਸੁਫ਼ ਨੇ ਆਪਣੇ ਪਿਤਾ ਨੂੰ ਦੇਖਿਆ ਉਹ ਉਸ ਦੇ ਗਲ ਨਾਲ ਚਿੰਬੜ ਗਿਆ ਅਤੇ ਕਾਫ਼ੀ ਚਿਰ ਰੋਂਦਾ ਰਿਹਾ।
30ਫ਼ੇਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, “ਹੁਣ ਮੈਂ ਸ਼ਾਂਤੀ ਨਾਲ ਮਰ ਸੱਕਾਂਗਾ। ਮੈਂ ਤੇਰਾ ਚਿਹਰਾ ਦੇਖ ਲਿਆ ਹੈ ਅਤੇ ਮੈਂ ਜਾਣਦਾ ਹਾਂ ਕਿ ਤੂੰ ਹਾਲੇ ਜਿਉਂਦਾ ਹੈ।”
31ਯੂਸੁਫ਼ ਨੇ ਆਪਣੇ ਭਰਾਵਾਂ ਅਤੇ ਆਪਣੇ ਪਿਤਾ ਦੇ ਹੋਰ ਸਾਰੇ ਪਰਿਵਾਰਾਂ ਨੂੰ ਆਖਿਆ, “ਮੈਂ ਫ਼ਿਰਊਨ ਨੂੰ ਜਾਕੇ ਖ਼ਬਰ ਦਿੰਦਾ ਹਾਂ ਕਿ ਤੁਸੀਂ ਇੱਥੇ ਆ ਗਏ ਹੋ। ਮੈਂ ਫ਼ਿਰਊਨ ਨੂੰ ਆਖਾਂਗਾ, ‘ਮੇਰੇ ਭਰਾਵਾਂ ਨੇ ਅਤੇ ਮੇਰੇ ਪਿਤਾ ਦੇ ਬਾਕੀ ਦੇ ਪਰਿਵਾਰਾਂ ਨੇ ਕਨਾਨ ਦੀ ਧਰਤੀ ਛੱਡ ਦਿੱਤੀ ਹੈ ਅਤੇ ਇੱਥੇ ਮੇਰੇ ਕੋਲ ਆ ਗਏ ਹਨ। 32ਉਹ ਆਜੜੀਆਂ ਦਾ ਪਰਿਵਾਰ ਹਨ। ਉਨ੍ਹਾਂ ਨੇ ਹਮੇਸ਼ਾ ਭੇਡਾਂ ਅਤੇ ਪਸ਼ੂ ਰੱਖੇ ਹਨ। ਅਤੇ ਉਨ੍ਹਾਂ ਨੇ ਆਪਣੇ ਸਾਰੇ ਪਸ਼ੂ ਅਤੇ ਹੋਰ ਚੀਜ਼ਾਂ ਆਪਣੇ ਨਾਲ ਲੈ ਆਂਦੀਆਂ ਹਨ।’ 33ਜਦੋਂ ਫ਼ਿਰਊਨ ਤੁਹਾਨੂੰ ਸੱਦੇਗਾ, ਉਹ ਤੁਹਾਨੂੰ ਪੁੱਛੇਗਾ, ‘ਤੁਸੀਂ ਕੀ ਕੰਮ ਕਰਦੇ ਹੋ?’ 34ਤੁਸੀਂ ਉਸ ਨੂੰ ਦੱਸਣਾ, ‘ਅਸੀਂ ਆਜੜੀ ਹਾਂ। ਅਸੀਂ ਆਪਣੀ ਸਾਰੀ ਉਮਰ ਆਜੜੀ ਹੀ ਰਹੇ ਹਾਂ ਬਿਲਕੁਲ ਸਾਡੇ ਪੁਰਖਿਆਂ ਵਾਂਗ।’ ਫ਼ੇਰ ਫ਼ਿਰਊਨ ਤੁਹਾਨੂੰ ਗੋਸ਼ਨ ਦੀ ਧਰਤੀ ਉੱਤੇ ਰਹਿਣ ਦੀ ਆਗਿਆ ਦੇ ਦੇਵੇਗਾ। ਮਿਸਰੀ ਲੋਕ ਆਜੜੀਆਂ ਨੂੰ ਪਸੰਦ ਨਹੀਂ ਕਰਦੇ, ਇਸ ਲਈ ਬਿਹਤਰ ਹੈ ਕਿ ਤੁਸੀਂ ਗੋਸ਼ਨ ਵਿਖੇ ਰਹੋ।”

Actualmente seleccionado:

ਉਤਪਤ 46: PERV

Destacar

Compartir

Copiar

None

¿Quieres tener guardados todos tus destacados en todos tus dispositivos? Regístrate o inicia sesión