Logo de YouVersion
Icono de búsqueda

ਕੂਚ 23

23
1“ਹੋਰਨਾਂ ਲੋਕਾਂ ਦੇ ਵਿਰੁੱਧ ਝੂਠ ਨਾ ਬੋਲੋ। ਜੇ ਤੁਸੀਂ ਕਚਿਹਰੀ ਵਿੱਚ ਗਵਾਹ ਹੋ, ਤਾਂ ਕਿਸੇ ਬੁਰੇ ਆਦਮੀ ਦੀ ਝੂਠ ਬੋਲਕੇ ਸਹਾਇਤਾ ਨਾ ਕਰੋ।
2“ਕੁਝ ਵੀ ਗਲਤ ਕਰਨ ਵਾਲੇ ਲੋਕਾਂ ਦੇ ਟੋਲਿਆਂ ਦਾ ਅਨੁਸਰਣ ਨਾ ਕਰੋ। ਜੇਕਰ ਤੁਸੀਂ ਅਦਾਲਤ ਵਿੱਚ ਗਵਾਹ ਹੋ, ਤਾਂ ਉਨ੍ਹਾਂ ਬੰਦਿਆਂ ਦੀ ਖਾਤਰ ਆਪਣੀ ਗਵਾਹੀ ਨਾ ਬਦਲੋ ਜੋ ਗਲਤ ਹਨ। ਉਹੀ ਕਰੋ ਜੋ ਸਹੀ ਅਤੇ ਬੇਲਾਗ ਹੈ।
3“ਜੇ ਕਿਸੇ ਗਰੀਬ ਆਦਮੀ ਦਾ ਨਿਆਂ ਕੀਤਾ ਜਾਂਦਾ ਹੈ, ਤਾਂ ਕਈ ਵਾਰੀ ਲੋਕ ਉਸਦਾ ਪੱਖ ਲੈਂਦੇ ਹਨ ਕਿਉਂਕਿ ਉਨ੍ਹਾਂ ਨੂੰ ਉਸ ਉੱਪਰ ਤਰਸ ਆਉਂਦਾ ਹੈ। ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਉਸਦਾ ਪੱਖ ਤਾਂ ਹੀ ਲਵੋ ਜੇ ਉਹ ਸਹੀ ਹੈ।
4“ਜੇ ਤੁਹਾਨੂੰ ਕੋਈ ਗੁਆਚਿਆ ਹੋਇਆ ਬਲਦ ਜਾਂ ਖੋਤਾ ਨਜ਼ਰ ਆਵੇ ਤਾਂ ਤੁਹਾਨੂੰ ਇਸਦੇ ਮਾਲਕ ਨੂੰ ਵਪਸ ਕਰ ਦੇਣਾ ਚਾਹੀਦਾ ਹੈ। ਤੁਹਾਨੂੰ ਅਜਿਹਾ ਹੀ ਕਰਨਾ ਚਾਹੀਦਾ ਹੈ ਭਾਵੇਂ ਮਾਲਕ ਤੁਹਾਡਾ ਦੁਸ਼ਮਣ ਹੀ ਕਿਉਂ ਨਾ ਹੋਵੇ।
5“ਜੇ ਤਸੀਂ ਦੇਖਦੇ ਹੋ ਕਿ ਕੋਈ ਜਾਨਵਰ ਇਸ ਲਈ ਨਹੀਂ ਚੱਲ ਸੱਕਦਾ ਕਿਉਂਕਿ ਉਸ ਉੱਪਰ ਬਹੁਤ ਭਾਰ ਲਦਿਆ ਹੋਇਆ ਹੈ, ਤਾਂ ਤੁਹਾਨੂੰ ਰੁਕ ਕੇ ਉਸ ਜਾਨਵਰ ਦੀ ਸਹਾਇਤਾ ਜ਼ਰੂਰ ਕਰਨੀ ਚਾਹੀਦੀ ਹੈ ਭਾਵੇਂ ਇਹ ਤੁਹਾਡੇ ਕਿਸੇ ਦੁਸ਼ਮਣ ਦਾ ਹੀ ਹੋਵੇ।
6“ਤੁਹਾਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਕਿਸੇ ਗਰੀਬ ਆਦਮੀ ਨਾਲ ਪੱਖਪਾਤ ਨਾ ਕਰਨ ਦਿਓ। ਉਸਦਾ ਨਿਆਂ ਕਿਸੇ ਵੀ ਦੂਸਰੇ ਬੰਦੇ ਵਾਂਗ ਹੋਣਾ ਚਾਹੀਦਾ ਹੈ।
7“ਕਿਸੇ ਬੰਦੇ ਉੱਤੇ ਝੂਠੇ ਦੋਸ਼ ਨਾ ਲਾਓ ਅਤੇ ਕਿਸੇ ਵੀ ਬੇਕਸੂਰ ਜਾਂ ਇਮਾਨਦਾਰ ਬੰਦੇ ਨੂੰ ਮੌਤ ਦੀ ਸਜ਼ਾ ਨਾ ਦੇਵੋ ਕਿਉਂ ਜੋ ਮੈਂ ਕਦੇ ਵੀ ਬਦ ਵਿਅਕਤੀ ਨੂੰ ਬੇਕਸੂਰ ਨਹੀਂ ਸਮਝਾਂਗਾ।
8“ਜੇ ਕੋਈ ਆਦਮੀ ਤੁਹਾਨੂੰ ਪੈਸੇ ਦੇਕੇ ਆਪਣੇ ਲਈ ਹਾਮੀ ਭਰਾਉਣ ਦੀ ਕੋਸ਼ਿਸ਼ ਕਰਦਾ ਹੈ, ਜਦੋਂ ਕਿ ਉਹ ਗਲਤ ਹੈ, ਤਾਂ ਉਸ ਦੇ ਪੈਸੇ ਨੂੰ ਪ੍ਰਵਾਨ ਨਾ ਕਰੋ। ਇਸ ਤਰ੍ਹਾਂ ਦੀ ਰਿਸ਼ਵਤ ਮੁਨਸਫ਼ਾਂ ਨੂੰ ਅੰਨ੍ਹਿਆਂ ਕਰ ਦਿੰਦੀ ਹੈ ਤੇ ਉਹ ਸੱਚ ਨੂੰ ਨਹੀਂ ਦੇਖ ਸੱਕਦੇ। ਅਤੇ ਇਸ ਤਰ੍ਹਾਂ ਦੀ ਰਿਸ਼ਵਤ ਨੇਕ ਬੰਦਿਆਂ ਤੋਂ ਵੀ ਝੂਠ ਬੁਲਵਾ ਸੱਕਦੀ ਹੈ।
9“ਤੁਹਾਨੂੰ ਚਾਹੀਦਾ ਹੈ ਕਿ ਕਿਸੇ ਵਿਦੇਸ਼ੀ ਨਾਲ ਕਦੇ ਵੀ ਗਲਤ ਵਿਹਾਰ ਨਾ ਕਰੋ। ਚੇਤੇ ਰੱਖੋ ਕਿ ਇੱਕ ਸਮੇਂ ਤੁਸੀਂ ਵੀ ਵਿਦੇਸ਼ੀ ਸੀ ਜਦੋਂ ਤੁਸੀਂ ਮਿਸਰ ਦੀ ਧਰਤੀ ਉੱਤੇ ਰਹਿੰਦੇ ਸੀ।
ਖਾਸ ਛੁੱਟੀਆਂ
10“ਛੇ ਵਰ੍ਹਿਆਂ ਤੱਕ ਜ਼ਮੀਨ ਵਾਹੋ, ਬੀਜ ਬੀਜੋ ਅਤੇ ਆਪਣੀਆਂ ਫ਼ਸਲਾਂ ਵੱਢੋ। 11ਸੱਤਵਾਂ ਵਰ੍ਹਾ ਧਰਤੀ ਦੇ ਆਰਾਮ ਦਾ ਖਾਸ ਸਮਾਂ ਹੋਣਾ ਚਾਹੀਦਾ ਹੈ, ਆਪਣੇ ਖੇਤਾਂ ਵਿੱਚ ਕੁਝ ਨਾ ਬੀਜੋ। ਜੇ ਓੱਥੇ ਕੋਈ ਫ਼ਸਲਾਂ ਉੱਗਦੀਆਂ ਹਨ, ਤਾਂ ਇਹ ਗਰੀਬ ਲੋਕਾਂ ਨੂੰ ਲੈ ਲੈਣ ਦਿਓ ਅਤੇ ਜੋ ਉਹ ਛੱਡਣ ਜੰਗਲੀ ਜਾਨਵਰਾਂ ਨੂੰ ਖਾ ਲੈਣ ਦਿਓ। ਅਜਿਹਾ ਹੀ ਤੁਹਾਨੂੰ ਆਪਣੇ ਅੰਗੂਰਾਂ ਦੇ ਬਾਗਾਂ ਨਾਲ ਅਤੇ ਜੈਤੂਨ ਦੇ ਰੁੱਖਾਂ ਨਾਲ ਵੀ ਕਰਨਾ ਚਾਹੀਦਾ ਹੈ।
12“ਛੇ ਦਿਨ ਕੰਮ ਕਰੋ। ਫ਼ੇਰ ਸੱਤਵੇ ਦਿਨ ਛੁੱਟੀ ਕਰੋ। ਇਸ ਨਾਲ ਤੁਹਾਡੇ ਗੁਲਾਮਾਂ ਅਤੇ ਹੋਰਨਾਂ ਕਾਮਿਆਂ ਨੂੰ ਅਰਾਮ ਕਰਨ ਅਤੇ ਸੁਸਤਾਉਣ ਦਾ ਸਮਾਂ ਮਿਲ ਜਾਵੇਗਾ। ਅਤੇ ਤੁਹਾਡੇ ਬਲਦਾਂ ਅਤੇ ਖੋਤਿਆਂ ਨੂੰ ਵੀ ਅਰਾਮ ਕਰਨ ਦਾ ਸਮਾਂ ਮਿਲੇਗਾ।
13“ਇਨ੍ਹਾਂ ਸਾਰੇ ਕਨੂਨਾਂ ਦੀ ਪਾਲਣਾ ਕਰਨੀ ਯਾਦ ਰੱਖੋ। ਤੁਹਾਨੂੰ ਹੋਰਨਾਂ ਦੇਵਤਿਆਂ ਦੇ ਨਾਮ ਵੀ ਨਹੀਂ ਲੈਣੇ ਚਾਹੀਦੇ। ਤੁਹਾਨੂੰ ਉਨ੍ਹਾਂ ਨੂੰ ਆਪਣੇ ਬੁਲ੍ਹਾਂ ਤੇ ਵੀ ਨਹੀਂ ਸੁਣਨ ਦੇਣਾ ਚਾਹੀਦਾ।
14“ਹਰ ਸਾਲ ਤੁਹਾਡੇ ਲਈ ਤਿੰਨ ਖਾਸ ਛੁੱਟੀਆਂ ਹੋਣਗੀਆਂ। ਇਨ੍ਹਾਂ ਛੁੱਟੀਆਂ ਵੇਲੇ ਤੁਸੀਂ ਮੇਰੇ ਖਾਸ ਸਥਾਨ ਉੱਤੇ ਮੇਰੀ ਉਪਾਸਨਾ ਕਰਨ ਲਈ ਆਵੋਂਗੇ। 15ਪਹਿਲੀ ਛੁੱਟੀ ‘ਪਤੀਰੀ ਰੋਟੀ ਦਾ ਪਰਬ’ ਹੋਵੇਗੀ। ਇਹ ਉਸੇ ਤਰ੍ਹਾਂ ਹੈ ਜਿਵੇਂ ਮੈਂ ਹੁਕਮ ਦਿੱਤਾ ਸੀ। ਇਸ ਵੇਲੇ ਤੁਸੀਂ ਪਤੀਰੀ ਰੋਟੀ ਖਾਵੋਂਗੇ। ਇਹ ਸੱਤ ਦਿਨਾਂ ਤੱਕ ਜਾਰੀ ਰਹੇਗੀ। ਇਹ ਤੁਸੀਂ ਅਬੀਬ ਦੇ ਮਹੀਨੇ ਦੌਰਾਨ ਕਰੋਂਗੇ, ਕਿਉਂਕਿ ਇਹੀ ਉਹ ਸਮਾਂ ਸੀ ਜਦੋਂ ਤੁਸੀਂ ਮਿਸਰ ਤੋਂ ਬਾਹਰ ਆਏ। ਉਸ ਸਮੇਂ ਹਰ ਬੰਦਾ ਮੇਰੇ ਲਈ ਬਲੀ ਲੈ ਕੇ ਆਵੇਗਾ।
16“ਦੂਸਰੀ ਛੁੱਟੀ ‘ਪਹਿਲੇ ਫ਼ਲਾਂ ਦੇ ਪਰਬ’ ਦੀ ਹੋਵੇਗੀ ਇਹ ਛੁੱਟੀ ਗਰਮੀਆਂ ਦੇ ਸ਼ੁਰੂ ਵਿੱਚ ਹੋਵੇਗੀ ਜਦੋਂ ਤੁਸੀਂ ਉਨ੍ਹਾਂ ਫ਼ਸਲਾਂ ਦੀ ਵਾਢੀ ਸ਼ੁਰੂ ਕਰਦੇ ਹੋ, ਜੋ ਤੁਸੀਂ ਆਪਣੇ ਖੇਤਾਂ ਵਿੱਚ ਬੀਜੀਆਂ ਸਨ।
“ਤੀਸਰੀ ਛੁੱਟੀ ‘ਵਾਢੀ ਦੇ ਪਰਬ’ ਦੀ ਹੋਵੇਗੀ ਇਹ ਪਤਝੜ ਦੇ ਮੌਸਮ ਵਿੱਚ ਹੋਵੇਗੀ ਜਦੋਂ ਤੁਸੀਂ ਆਪਣੇ ਖੇਤਾਂ ਦੀਆਂ ਸਾਰਿਆਂ ਫ਼ਸਲਾਂ ਇਕੱਠੀਆਂ ਕਰਦੇ ਹੋ।
17“ਇਸ ਲਈ ਹਰ ਸਾਲ ਤਿੰਨ ਵਾਰੀ ਸਾਰੇ ਆਦਮੀ ਖਾਸ ਸਥਾਨ ਉੱਤੇ ਤੁਹਾਡੇ ਯਹੋਵਾਹ ਪਰਮੇਸ਼ੁਰ ਦੇ ਸਨਮੁੱਖ ਹੋਣ ਲਈ ਆਉਣਗੇ।
18“ਜਦੋਂ ਤੁਸੀਂ ਕਿਸੇ ਜਾਨਵਰ ਨੂੰ ਮਾਰਕੇ ਇਸਦੇ ਖੂਨ ਨੂੰ ਬਲੀ ਵਜੋਂ ਚੜ੍ਹਾਉਂਦੇ ਹੋ, ਤੁਹਾਨੂੰ ਖਮੀਰ ਵਾਲੀ ਰੋਟੀ ਭੇਟ ਨਹੀਂ ਕਰਨੀ ਚਾਹੀਦੀ। ਇਸ ਬਲੀ ਦੇ ਮਾਸ ਦਾ ਕੋਈ ਵੀ ਹਿੱਸਾ ਅਗਲੇ ਦਿਨ ਲਈ ਨਾ ਬਚਾਓ।
19“ਜਦੋਂ ਤੁਸੀਂ ਵਾਢੀ ਵੇਲੇ ਆਪਣੀਆਂ ਫ਼ਸਲਾਂ ਇੱਕਤਰ ਕਰੋ, ਤੁਹਾਨੂੰ ਵਾਢੀ ਕੀਤੀ ਹੋਈ ਹਰ ਚੀਜ਼ ਦਾ ਪਹਿਲਾ ਫ਼ਲ ਤੁਹਾਡੇ ਯਹੋਵਾਹ ਪਰਮੇਸ਼ੁਰ ਦੇ ਘਰ ਲੈ ਕੇ ਆਉਣਾ ਚਾਹੀਦਾ ਹੈ।
“ਤੁਹਾਨੂੰ ਕਿਸੇ ਬਕਰੋਟੇ ਨੂੰ ਉਸਦੀ ਮਾਂ ਦੇ ਦੁੱਧ ਵਿੱਚ ਨਹੀਂ ਉਬਾਲਣਾ ਚਾਹੀਦਾ।”
ਪਰਮੇਸ਼ੁਰ ਇਸਰਾਏਲ ਦੀ ਆਪਣੀ ਧਰਤੀ ਲੈਣ ਵਿੱਚ ਮਦਦ ਕਰੇਗਾ
20ਪਰਮੇਸ਼ੁਰ ਨੇ ਆਖਿਆ, “ਮੈਂ ਤੁਹਾਡੇ ਅੱਗੇ ਇੱਕ ਦੂਤ ਭੇਜ ਰਿਹਾ ਹਾਂ। ਇਹ ਦੂਤ ਤੁਹਾਨੂੰ ਉਸ ਸਥਾਨ ਤੇ ਲੈ ਜਾਵੇਗਾ ਜਿਸ ਨੂੰ ਮੈਂ ਤੁਹਾਡੇ ਲਈ ਤਿਆਰ ਕੀਤਾ ਹੈ। ਦੂਤ ਤੁਹਾਡੀ ਰੱਖਿਆ ਕਰੇਗਾ। 21ਦੂਤ ਦਾ ਹੁਕਮ ਮੰਨਣਾ ਅਤੇ ਉਸ ਦੇ ਪਿੱਛੇ ਚੱਲਣਾ। ਉਸ ਦੇ ਖਿਲਾਫ਼ ਬਗਾਵਤ ਨਹੀਂ ਕਰਨੀ। ਦੂਤ ਉਨ੍ਹਾਂ ਮੰਦੀਆਂ ਗੱਲਾਂ ਨੂੰ ਮਾਫ਼ ਨਹੀਂ ਕਰੇਗਾ ਜਿਹੜੀਆਂ ਤੁਸੀਂ ਸਦੇ ਖਿਲਾਫ਼ ਕਰੋਂਗੇ। ਉਸ ਦੇ ਅੰਦਰ ਮੇਰੀ ਸ਼ਕਤੀ ਹੈ। 22ਤੁਹਾਨੂੰ ਉਸਦੀ ਹਰ ਗੱਲ ਮੰਨਣੀ ਚਾਹੀਦੀ ਹੈ। ਤੁਹਾਨੂੰ ਹਰ ਉਹ ਗੱਲ ਕਰਨੀ ਚਾਹੀਦੀ ਹੈ ਜੋ ਮੈਂ ਤੁਹਾਨੂੰ ਆਖਦਾ ਹਾਂ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਮੈਂ ਤੁਹਾਡੇ ਅੰਗ ਸੰਗ ਹੋਵਾਂਗਾ। ਮੈਂ ਤੁਹਾਡੇ ਸਾਰੇ ਦੁਸ਼ਮਣਾਂ ਦੇ ਵਿਰੁੱਧ ਹੋਵਾਂਗਾ। ਅਤੇ ਮੈਂ ਹਰ ਉਸ ਬੰਦੇ ਦਾ ਦੁਸ਼ਮਣ ਹੇਵਾਂਗਾ ਜਿਹੜਾ ਤੁਹਾਡੇ ਵਿਰੁੱਧ ਹੋਵੇਗਾ।”
23ਪਰਮੇਸ਼ੁਰ ਨੇ ਆਖਿਆ, “ਮੇਰਾ ਦੂਤ ਧਰਤੀ ਉੱਤੇ ਤੁਹਾਡੀ ਅਗਵਾਈ ਕਰੇਗਾ। ਉਹ ਤੁਹਾਡੀ ਬਹੁਤ ਸਾਰੇ ਵਖਰੇ ਲੋਕਾਂ ਦੇ ਖਿਲਾਫ਼ ਅਗਵਾਈ ਕਰੇਗਾ-ਅਮੋਰੀਆਂ, ਹਿੱਤੀਆਂ, ਫ਼ਰਿੱਜ਼ੀਆਂ, ਕਨਾਨੀਆਂ, ਹਿੱਵੀਆਂ ਅਤੇ ਯਬੂਸੀਆਂ ਦੇ। ਪਰ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਹਰਾ ਦਿਆਂਗਾ।
24“ਉਨ੍ਹਾਂ ਲੋਕਾਂ ਦੇਵਤਿਆਂ ਦੀ ਉਪਾਸਨਾ ਨਹੀਂ ਕਰਨੀ। ਕਦੇ ਵੀ ਉਨ੍ਹਾਂ ਦੇਵਤਿਆਂ ਅੱਗੇ ਸਿਰ ਨਹੀਂ ਝੁਕਾਉਣਾ। ਤੁਹਾਨੂੰ ਕਦੇ ਵੀ ਉਨ੍ਹਾਂ ਲੋਕਾਂ ਵਾਂਗ ਨਹੀਂ ਰਹਿਣਾ ਚਾਹੀਦਾ। ਤੁਹਾਨੂੰ ਉਨ੍ਹਾਂ ਦੇ ਬੁੱਤ ਤੋੜ ਦੇਣੇ ਚਾਹੀਦੇ ਹਨ। ਅਤੇ ਤੁਹਾਨੂੰ ਉਹ ਪੱਥਰ ਤੋੜ ਦੇਣੇ ਚਾਹੀਦੇ ਹਨ ਜੋ ਉਨ੍ਹਾਂ ਦੇ ਦੇਵਤਿਆਂ ਨੂੰ ਚੇਤੇ ਕਰਾਉਣ ਵਿੱਚ ਸਹਾਇਤਾ ਕਰਦੇ ਹਨ। 25ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੀਦੀ ਹੈ। ਜੇ ਤੁਸੀਂ ਅਜਿਹਾ ਕਰੋਂਗੇ, ਤਾਂ ਮੈਂ ਤੁਹਾਨੂੰ ਚੋਖੀ ਰੋਟੀ ਅਤੇ ਪਾਣੀ ਦਾ ਵਰਦਾਨ ਦਿਆਂਗਾ, ਮੈਂ ਤੁਹਾਡੀਆਂ ਸਾਰੀਆਂ ਬਿਮਾਰੀਆਂ ਦੂਰ ਕਰ ਦਿਆਂਗਾ। 26ਤੁਹਾਡੀਆਂ ਸਾਰੀਆਂ ਔਰਤਾਂ ਬੱਚੇ ਜੰਮਣ ਦੇ ਯੋਗ ਹੋਣਗੀਆਂ। ਉਨ੍ਹਾਂ ਦਾ ਕੋਈ ਬੱਚਾ ਜਨਮ ਸਮੇਂ ਨਹੀਂ ਮਰੇਗਾ। ਅਤੇ ਮੈਂ ਤੁਹਾਨੂੰ ਲੰਮੀ ਉਮਰ ਦਾ ਵਰ ਦਿਆਂਗਾ।
27“ਜਦੋਂ ਤੁਸੀਂ ਆਪਣੇ ਦੁਸ਼ਮਣਾਂ ਨਾਲ ਯੁੱਧ ਕਰੋਂਗੇ, ਤਾਂ ਮੈਂ ਆਪਣੀ ਮਹਾਨ ਸ਼ਕਤੀ ਤੁਹਾਡੇ ਅੱਗੇ ਭੇਜਾਂਗਾ। ਮੈਂ ਤੁਹਾਡੇ ਸਾਰੇ ਦੁਸ਼ਮਣਾਂ ਨੂੰ ਹਰਾਉਣ ਵਿੱਚ ਤੁਹਾਡੀ ਮਦਦ ਕਰਾਂਗਾ। ਜਿਹੜੇ ਲੋਕ ਤੁਹਾਡੇ ਵਿਰੁੱਧ ਹਨ ਉਹ ਯੁੱਧ ਵਿੱਚ ਘਬਰਾ ਜਾਣਗੇ ਅਤੇ ਭੱਜ ਜਾਣਗੇ। 28ਮੈਂ ਤੁਹਾਡੇ ਅੱਗੇ-ਅੱਗੇ ਹਾਰਨੈਟ#23:28 ਹਾਰਨੈਟ ਇਸਦਾ ਭਾਵ ਅਸਲੀ ਹਾਰਨੈਟ ਜਾਂ ਇਸਦਾ ਭਾਵ ਪਰਮੇਸ਼ੁਰ ਦਾ ਦੂਤ ਜਾਂ ਉਸਦੀ ਮਹਾਨ ਸ਼ਕਤੀ ਹੋ ਸੱਕਦਾ ਹੈ। ਨੂੰ ਭੇਜਾਂਗਾ। ਉਹ ਤੁਹਾਡੇ ਦੁਸ਼ਮਣਾਂ ਨੂੰ ਭਜਾ ਦੇਵਾਂਗਾ। ਹਿੱਵੀ ਲੋਕ, ਕਨਾਨੀ ਲੋਕ ਅਤੇ ਹਿੱਤੀ ਲੋਕ ਤੁਹਾਡਾ ਦੇਸ਼ ਛੱਡ ਜਾਣਗੇ। 29ਪਰ ਮੈਂ ਸਾਰੇ ਲੋਕਾਂ ਨੂੰ ਛੇਤੀ ਹੀ, ਇੱਕ ਸਾਲ ਦੇ ਅੰਦਰ-ਅੰਦਰ ਤੁਹਾਡਾ ਦੇਸ਼ ਛੱਡ ਜਾਣ ਲਈ ਮਜ਼ਬੂਰ ਨਹੀਂ ਕਰਾਂਗਾ। ਜੇ ਮੈਂ ਸਾਰੇ ਲੋਕਾਂ ਨੂੰ ਬਹੁਤੀ ਛੇਤੀ ਇਸ ਧਰਤੀ ਵਿੱਚੋਂ ਕੱਢ ਦਿਆਂਗਾ, ਇਹ ਖਾਲੀ ਹੋ ਜਾਵੇਗੀ ਅਤੇ ਸਾਰੇ ਜੰਗਲੀ ਜਾਨਵਰ ਵੱਧ ਜਾਣਗੇ ਅਤੇ ਧਰਤੀ ਉੱਤੇ ਕਬਜ਼ਾ ਕਰ ਲੈਣਗੇ। ਉਹ ਤੁਹਾਡੇ ਲਈ ਬਹੁਤ ਵੱਡੀ ਮੁਸੀਬਤ ਬਣ ਜਾਣਗੇ। 30ਇਸ ਲਈ ਮੈਂ ਇਨ੍ਹਾਂ ਲੋਕਾਂ ਨੂੰ ਥੋੜਾ-ਥੋੜਾ ਕਰਕੇ ਤੁਹਾਡੇ ਦੇਸ਼ ਵਿੱਚੋਂ ਕੱਢਾਂਗਾ ਜਦੋਂ ਤੱਕ ਕਿ ਤੁਹਾਡੀ ਗਿਣਤੀ ਵੱਧ ਜਾਵੇਗੀ ਅਤੇ ਤੁਸੀਂ ਜ਼ਮੀਨ ਉੱਤੇ ਕਾਬੂ ਪਾ ਲਵੋਂਗੇ।
31“ਮੈਂ ਤੁਹਾਨੂੰ ਲਾਲ ਸਾਗਰ ਤੋਂ ਲੈ ਕੇ ਫ਼ਰਾਤ ਨਦੀ ਤੱਕ ਦੀ ਸਾਰੀ ਧਰਤੀ ਦੇ ਦਿਆਂਗਾ। ਪੱਛਮੀ ਸਰਹੱਦ ਫ਼ਲਿਸਤੀ ਸਾਗਰ (ਭੂਮੱਧ ਸਾਗਰ) ਹੋਵੇਗੀ, ਅਤੇ ਪੂਰਬੀ ਸਰਹੱਦ ਅਰਬ ਦਾ ਮਾਰੂਥਲ ਹੋਵੇਗੀ। ਮੈਂ ਤੁਹਾਨੂੰ ਓੱਥੇ ਰਹਿੰਦੇ ਲੋਕਾਂ ਨੂੰ ਹਰਾਉਣ ਵਿੱਚ ਮਦਦ ਦੇਵਾਂਗਾ। ਅਤੇ ਤੁਸੀਂ ਉਨ੍ਹਾਂ ਸਾਰੇ ਲੋਕਾਂ ਨੂੰ ਉੱਥੋਂ ਕੱਢ ਦਿਉਂਗੇ।
32“ਤੁਹਾਨੂੰ ਉਨ੍ਹਾਂ ਲੋਕਾਂ ਨਾਲ ਜਾਂ ਉਨ੍ਹਾਂ ਦੇ ਦੇਵਤਿਆਂ ਨਾਲ ਕੋਈ ਇਕਰਾਰਨਾਮੇ ਨਹੀਂ ਕਰਨੇ ਚਾਹੀਦੇ। 33ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਠਹਿਰਣ ਨਾ ਦੇਣਾ। ਜੇ ਤੁਸੀਂ ਉਨ੍ਹਾਂ ਨੂੰ ਰਹਿਣ ਦਿਉਂਗੇ ਤਾਂ ਉਹ ਤੁਹਾਡੇ ਲਈ ਇੱਕ ਫ਼ੰਧੇ ਵਾਂਗ ਹੋਣਗੇ-ਉਹ ਤੁਹਾਡੇ ਕੋਲੋਂ ਮੇਰੇ ਵਿਰੁੱਧ ਪਾਪ ਕਰਾਉਣਗੇ। ਅਤੇ ਤੁਸੀਂ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਕਰਨ ਲੱਗ ਪਵੋਂਗੇ।”

Actualmente seleccionado:

ਕੂਚ 23: PERV

Destacar

Compartir

Copiar

None

¿Quieres tener guardados todos tus destacados en todos tus dispositivos? Regístrate o inicia sesión