ਲੂਕਾ 6
6
ਸਬਤ ਦੇ ਦਿਨ ਦਾ ਪ੍ਰਭੂ
  1ਫਿਰ ਇਸ ਤਰ੍ਹਾਂ ਹੋਇਆ ਕਿ ਸਬਤ ਦੇ ਦਿਨ ਯਿਸੂ ਅਨਾਜ ਦੇ ਖੇਤਾਂ ਵਿੱਚੋਂ ਦੀ ਲੰਘ ਰਿਹਾ ਸੀ ਅਤੇ ਉਸ ਦੇ ਚੇਲੇ ਸਿੱਟੇ ਤੋੜਨ ਅਤੇ ਹੱਥਾਂ 'ਤੇ ਮਸਲ ਕੇ ਖਾਣ ਲੱਗੇ। 2ਤਦ ਫ਼ਰੀਸੀਆਂ ਵਿੱਚੋਂ ਕੁਝ ਨੇ ਕਿਹਾ, “ਜੋ ਸਬਤ ਦੇ ਦਿਨ ਕਰਨਾ ਯੋਗ ਨਹੀਂ ਹੈ, ਤੁਸੀਂ ਕਿਉਂ ਕਰਦੇ ਹੋ?” 3ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ,“ਕੀ ਤੁਸੀਂ ਇਹ ਨਹੀਂ ਪੜ੍ਹਿਆ ਕਿ ਜਦੋਂ ਦਾਊਦ ਨੂੰ ਭੁੱਖ ਲੱਗੀ ਅਤੇ ਉਸ ਦੇ ਸਾਥੀ ਉਸ ਦੇ ਨਾਲ ਸਨ ਤਾਂ ਉਸ ਨੇ ਕੀ ਕੀਤਾ?  4ਕਿਵੇਂ ਉਹ ਪਰਮੇਸ਼ਰ ਦੇ ਘਰ ਵਿੱਚ ਗਿਆ ਅਤੇ ਹਜ਼ੂਰੀ ਦੀਆਂ ਰੋਟੀਆਂ ਲੈ ਕੇ ਖਾਧੀਆਂ ਅਤੇ ਆਪਣੇ ਸਾਥੀਆਂ ਨੂੰ ਵੀ ਦਿੱਤੀਆਂ ਜਿਨ੍ਹਾਂ ਨੂੰ ਖਾਣਾ ਯਾਜਕਾਂ ਦੇ ਬਿਨਾਂ ਹੋਰ ਕਿਸੇ ਨੂੰ ਯੋਗ ਨਹੀਂ ਹੈ?”  5ਫਿਰ ਉਸ ਨੇ ਉਨ੍ਹਾਂ ਨੂੰ ਕਿਹਾ,“ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਵੀ ਪ੍ਰਭੂ ਹੈ।”
ਸੁੱਕੇ ਹੱਥ ਵਾਲੇ ਮਨੁੱਖ ਨੂੰ ਚੰਗਾ ਕਰਨਾ
  6ਫਿਰ ਇਸ ਤਰ੍ਹਾਂ ਹੋਇਆ ਕਿ ਇੱਕ ਹੋਰ ਸਬਤ ਦੇ ਦਿਨ ਉਹ ਸਭਾ-ਘਰ ਵਿੱਚ ਜਾ ਕੇ ਉਪਦੇਸ਼ ਦੇਣ ਲੱਗਾ। ਉੱਥੇ ਇੱਕ ਮਨੁੱਖ ਸੀ ਜਿਸ ਦਾ ਸੱਜਾ ਹੱਥ ਸੁੱਕਾ ਹੋਇਆ ਸੀ; 7ਸ਼ਾਸਤਰੀ ਅਤੇ ਫ਼ਰੀਸੀ ਯਿਸੂ ਦੀ ਤਾਕ ਵਿੱਚ ਸਨ ਕਿ ਉਹ ਸਬਤ ਦੇ ਦਿਨ ਉਸ ਨੂੰ ਚੰਗਾ ਕਰਦਾ ਹੈ ਜਾਂ ਨਹੀਂ ਤਾਂਕਿ ਉਨ੍ਹਾਂ ਨੂੰ ਉਸ ਉੱਤੇ ਦੋਸ਼ ਲਾਉਣ ਦਾ ਮੌਕਾ ਮਿਲ ਸਕੇ। 8ਪਰ ਯਿਸੂ ਉਨ੍ਹਾਂ ਦੇ ਵਿਚਾਰਾਂ ਨੂੰ ਜਾਣਦਾ ਸੀ। ਸੋ ਉਸ ਨੇ ਸੁੱਕੇ ਹੱਥ ਵਾਲੇ ਮਨੁੱਖ ਨੂੰ ਕਿਹਾ,“ਉੱਠ ਅਤੇ ਵਿਚਕਾਰ ਖੜ੍ਹਾ ਹੋ ਜਾ।” ਤਦ ਉਹ ਉੱਠ ਕੇ ਖੜ੍ਹਾ ਹੋ ਗਿਆ। 9ਯਿਸੂ ਨੇ ਉਨ੍ਹਾਂ ਨੂੰ ਕਿਹਾ,“ਮੈਂ ਤੁਹਾਡੇ ਕੋਲੋਂ ਪੁੱਛਦਾ ਹਾਂ, ਕੀ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ ਜਾਂ ਬੁਰਾ ਕਰਨਾ; ਜਾਨ ਬਚਾਉਣਾ ਜਾਂ ਨਾਸ ਕਰਨਾ?”  10ਫਿਰ ਉਸ ਨੇ ਚਾਰੇ ਪਾਸੇ ਉਨ੍ਹਾਂ ਸਾਰਿਆਂ ਵੱਲ ਵੇਖ ਕੇ ਉਸ ਮਨੁੱਖ ਨੂੰ ਕਿਹਾ,“ਆਪਣਾ ਹੱਥ ਅੱਗੇ ਕਰ।” ਤਾਂ ਉਸ ਨੇ ਕੀਤਾ ਅਤੇ ਉਸ ਦਾ ਹੱਥ#6:10 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਦੂਜੇ ਹੱਥ ਵਰਗਾ” ਲਿਖਿਆ ਹੈ। ਚੰਗਾ ਹੋ ਗਿਆ। 11ਪਰ ਉਹ ਗੁੱਸੇ ਨਾਲ ਭਰ ਗਏ ਅਤੇ ਆਪਸ ਵਿੱਚ ਸਲਾਹ ਕਰਨ ਲੱਗੇ ਕਿ ਯਿਸੂ ਦਾ ਕੀ ਕਰੀਏ।
ਬਾਰਾਂ ਰਸੂਲ
  12ਫਿਰ ਉਨ੍ਹੀਂ ਦਿਨੀਂ ਇਸ ਤਰ੍ਹਾਂ ਹੋਇਆ ਕਿ ਉਹ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਗਿਆ ਅਤੇ ਸਾਰੀ ਰਾਤ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦਾ ਰਿਹਾ। 13ਜਦੋਂ ਦਿਨ ਚੜ੍ਹਿਆ ਤਾਂ ਉਸ ਨੇ ਆਪਣੇ ਚੇਲਿਆਂ ਨੂੰ ਸੱਦ ਕੇ ਉਨ੍ਹਾਂ ਵਿੱਚੋਂ ਬਾਰਾਂ ਨੂੰ ਚੁਣਿਆ ਜਿਨ੍ਹਾਂ ਨੂੰ ਉਸ ਨੇ ਰਸੂਲ ਨਾਮ ਵੀ ਦਿੱਤਾ, ਅਰਥਾਤ 14ਸ਼ਮਊਨ ਜਿਸ ਦਾ ਨਾਮ ਉਸ ਨੇ ਪਤਰਸ ਰੱਖਿਆ ਅਤੇ ਉਸ ਦਾ ਭਰਾ ਅੰਦ੍ਰਿਯਾਸ, ਯਾਕੂਬ, ਯੂਹੰਨਾ, ਫ਼ਿਲਿੱਪੁਸ, ਬਰਥੁਲਮਈ, 15ਮੱਤੀ, ਥੋਮਾ, ਹਲਫ਼ਈ ਦਾ ਪੁੱਤਰ ਯਾਕੂਬ, ਸ਼ਮਊਨ ਜਿਹੜਾ ਜ਼ੇਲੋਤੇਸ ਕਹਾਉਂਦਾ ਹੈ, 16ਯਾਕੂਬ ਦਾ ਪੁੱਤਰ ਯਹੂਦਾ ਅਤੇ ਯਹੂਦਾ ਇਸਕਰਿਯੋਤੀ ਜਿਹੜਾ ਵਿਸ਼ਵਾਸਘਾਤੀ ਨਿੱਕਲਿਆ।
ਭੀੜ ਵਿੱਚ ਯਿਸੂ ਦੇ ਸਾਮਰਥੀ ਕੰਮ
  17ਫਿਰ ਉਹ ਉਨ੍ਹਾਂ ਦੇ ਨਾਲ ਹੇਠਾਂ ਉੱਤਰ ਕੇ ਇੱਕ ਪੱਧਰੀ ਥਾਂ 'ਤੇ ਖੜ੍ਹਾ ਹੋ ਗਿਆ ਅਤੇ ਚੇਲਿਆਂ ਦਾ ਇੱਕ ਵੱਡਾ ਸਮੂਹ ਅਤੇ ਸਾਰੇ ਯਹੂਦਿਯਾ, ਯਰੂਸ਼ਲਮ ਅਤੇ ਸੂਰ ਅਤੇ ਸੈਦਾ ਦੇ ਤਟਵਰਤੀ ਇਲਾਕੇ ਤੋਂ ਲੋਕਾਂ ਦੀ ਇੱਕ ਵੱਡੀ ਭੀੜ ਵੀ ਉੱਥੇ ਸੀ 18ਜਿਹੜੀ ਉਸ ਦੀ ਸੁਣਨ ਅਤੇ ਆਪਣੀਆਂ ਬਿਮਾਰੀਆਂ ਤੋਂ ਚੰਗੇ ਹੋਣ ਲਈ ਆਈ ਸੀ; ਭ੍ਰਿਸ਼ਟ ਆਤਮਾਵਾਂ ਤੋਂ ਦੁਖੀ ਲੋਕ ਵੀ ਚੰਗੇ ਕੀਤੇ ਗਏ। 19ਸਭ ਲੋਕ ਉਸ ਨੂੰ ਛੂਹਣਾ ਚਾਹੁੰਦੇ ਸਨ, ਕਿਉਂਕਿ ਉਸ ਵਿੱਚੋਂ ਸਮਰੱਥਾ ਨਿੱਕਲ ਕੇ ਸਾਰਿਆਂ ਨੂੰ ਚੰਗਾ ਕਰ ਰਹੀ ਸੀ।
ਧੰਨ ਵਚਨ
  20ਤਦ ਉਸ ਨੇ ਆਪਣੇ ਚੇਲਿਆਂ ਵੱਲ ਤੱਕ ਕੇ ਕਿਹਾ,
  “ਧੰਨ ਹੋ ਤੁਸੀਂ ਜਿਹੜੇ ਦੀਨ ਹੋ,
  ਕਿਉਂਕਿ ਪਰਮੇਸ਼ਰ ਦਾ ਰਾਜ ਤੁਹਾਡਾ ਹੈ।
  21  ਧੰਨ ਹੋ ਤੁਸੀਂ ਜਿਹੜੇ ਹੁਣ ਭੁੱਖੇ ਹੋ,
  ਕਿਉਂਕਿ ਤੁਸੀਂ ਤ੍ਰਿਪਤ ਕੀਤੇ ਜਾਓਗੇ।
  ਧੰਨ ਹੋ ਤੁਸੀਂ ਜਿਹੜੇ ਹੁਣ ਰੋਂਦੇ ਹੋ,
  ਕਿਉਂਕਿ ਤੁਸੀਂ ਹੱਸੋਗੇ।
  22  ਧੰਨ ਹੋ ਤੁਸੀਂ ਜਦੋਂ ਮਨੁੱਖ ਦੇ ਪੁੱਤਰ ਦੇ ਕਾਰਨ ਲੋਕ
  ਤੁਹਾਡੇ ਨਾਲ ਵੈਰ ਰੱਖਣ
  ਅਤੇ ਤੁਹਾਨੂੰ ਸਮਾਜ ਵਿੱਚੋਂ ਛੇਕ ਦੇਣ ਅਤੇ ਤਾਅਨੇ ਮਾਰਨ
  ਅਤੇ ਬੁਰਾ ਕਹਿ ਕੇ ਤੁਹਾਡਾ ਨਾਮ ਬਦਨਾਮ ਕਰਨ  #  6:22   ਮੂਲ ਸ਼ਬਦ ਅਰਥ: ਕੱਢ ਦੇਣ    ;
  23  “ਉਸ ਦਿਨ ਅਨੰਦ ਕਰੋ ਅਤੇ ਖੁਸ਼ੀ ਨਾਲ ਉੱਛਲੋ, ਕਿਉਂਕਿ ਵੇਖੋ, ਤੁਹਾਡਾ ਪ੍ਰਤਿਫਲ ਸਵਰਗ ਵਿੱਚ ਬਹੁਤ ਹੈ; ਇਸ ਲਈ ਕਿ ਉਨ੍ਹਾਂ ਦੇ ਪੁਰਖਿਆਂ ਨੇ ਵੀ ਨਬੀਆਂ ਨਾਲ ਇਸੇ ਤਰ੍ਹਾਂ ਕੀਤਾ ਸੀ।”
ਤੁਹਾਡੇ ਉੱਤੇ ਹਾਏ
  24  “ਪਰ ਹਾਏ ਤੁਹਾਡੇ ਉੱਤੇ ਜੋ ਧਨਵਾਨ ਹੋ,
  ਕਿਉਂਕਿ ਤੁਸੀਂ ਆਪਣਾ ਸੁੱਖ ਭੋਗ ਚੁੱਕੇ।
  25  ਹਾਏ ਤੁਹਾਡੇ ਉੱਤੇ ਜਿਹੜੇ ਹੁਣ ਰੱਜੇ ਹੋਏ ਹੋ,
  ਕਿਉਂਕਿ ਤੁਸੀਂ ਭੁੱਖੇ ਹੋਵੋਗੇ।
  ਹਾਏ ਤੁਹਾਡੇ ਉੱਤੇ ਜਿਹੜੇ ਹੁਣ ਹੱਸਦੇ ਹੋ,
  ਕਿਉਂਕਿ ਤੁਸੀਂ ਰੋਵੋਗੇ ਅਤੇ ਵਿਰਲਾਪ ਕਰੋਗੇ।
  26  ਹਾਏ ਤੁਹਾਡੇ ਉੱਤੇ ਜਦੋਂ ਸਭ ਲੋਕ ਤੁਹਾਡੀ ਪ੍ਰਸ਼ੰਸਾ ਕਰਨ,
  ਕਿਉਂਕਿ ਉਨ੍ਹਾਂ ਦੇ ਪੁਰਖਿਆਂ ਨੇ ਵੀ
  ਝੂਠੇ ਨਬੀਆਂ ਨਾਲ ਇਸੇ ਤਰ੍ਹਾਂ
  ਕੀਤਾ ਸੀ।
ਵੈਰੀਆਂ ਨੂੰ ਪਿਆਰ ਕਰੋ
  27  “ਪਰ ਮੈਂ ਤੁਹਾਨੂੰ ਜਿਹੜੇ ਸੁਣਦੇ ਹੋ, ਕਹਿੰਦਾ ਹਾਂ, ਆਪਣੇ ਵੈਰੀਆਂ ਨੂੰ ਪਿਆਰ ਕਰੋ, ਜਿਹੜੇ ਤੁਹਾਡੇ ਨਾਲ ਨਫ਼ਰਤ ਕਰਦੇ ਹਨ ਉਨ੍ਹਾਂ ਦਾ ਭਲਾ ਕਰੋ।  28ਜਿਹੜੇ ਤੁਹਾਨੂੰ ਸਰਾਪ ਦੇਣ ਉਨ੍ਹਾਂ ਨੂੰ ਅਸੀਸ ਦਿਓ; ਜਿਹੜੇ ਤੁਹਾਡੇ ਨਾਲ ਬੁਰਾ ਕਰਨ ਉਨ੍ਹਾਂ ਲਈ ਪ੍ਰਾਰਥਨਾ ਕਰੋ।  29ਜਿਹੜਾ ਤੇਰੀ ਇੱਕ ਗੱਲ੍ਹ 'ਤੇ ਚਪੇੜ ਮਾਰੇ ਤਾਂ ਦੂਜੀ ਵੀ ਉਸ ਦੇ ਵੱਲ ਕਰ ਦੇ ਅਤੇ ਜਿਹੜਾ ਤੇਰਾ ਚੋਗਾ ਖੋਹ ਲਵੇ ਉਸ ਨੂੰ ਕੁੜਤਾ ਲੈਣ ਤੋਂ ਵੀ ਨਾ ਰੋਕ।  30ਜੋ ਕੋਈ ਤੇਰੇ ਕੋਲੋਂ ਮੰਗੇ ਉਸ ਨੂੰ ਦੇ ਅਤੇ ਜਿਹੜਾ ਤੇਰੀਆਂ ਵਸਤਾਂ ਖੋਹ ਲਵੇ ਉਸ ਤੋਂ ਵਾਪਸ ਨਾ ਮੰਗ।  31ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਕਰੋ।  32ਜੇ ਤੁਸੀਂ ਉਨ੍ਹਾਂ ਨਾਲ ਹੀ ਪਿਆਰ ਕਰਦੇ ਹੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਇਸ ਵਿੱਚ ਤੁਹਾਡੀ ਕੀ ਸੋਭਾ ਹੈ? ਕਿਉਂਕਿ ਪਾਪੀ ਵੀ ਆਪਣੇ ਪਿਆਰ ਕਰਨ ਵਾਲਿਆਂ ਨਾਲ ਪਿਆਰ ਕਰਦੇ ਹਨ।  33ਇਸੇ ਤਰ੍ਹਾਂ ਜੇ ਤੁਸੀਂ ਉਨ੍ਹਾਂ ਨਾਲ ਭਲਾਈ ਕਰੋ ਜਿਹੜੇ ਤੁਹਾਡੇ ਨਾਲ ਭਲਾਈ ਕਰਦੇ ਹਨ ਤਾਂ ਇਸ ਵਿੱਚ ਤੁਹਾਡੀ ਕੀ ਸੋਭਾ ਹੈ? ਪਾਪੀ ਵੀ ਤਾਂ ਇਹੋ ਕਰਦੇ ਹਨ।  34ਫਿਰ ਜੇ ਤੁਸੀਂ ਉਨ੍ਹਾਂ ਨੂੰ ਹੀ ਉਧਾਰ ਦਿਓ ਜਿਨ੍ਹਾਂ ਤੋਂ ਵਾਪਸ ਮਿਲਣ ਦੀ ਆਸ ਹੈ ਤਾਂ ਇਸ ਵਿੱਚ ਤੁਹਾਡੀ ਕੀ ਸੋਭਾ ਹੈ? ਪਾਪੀ ਵੀ ਪਾਪੀਆਂ ਨੂੰ ਉਧਾਰ ਦਿੰਦੇ ਹਨ ਤਾਂਕਿ ਉਨ੍ਹਾਂ ਕੋਲੋਂ ਓਨਾ ਹੀ ਵਾਪਸ ਲੈਣ।  35ਪਰ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਭਲਾ ਕਰੋ। ਵਾਪਸ ਪਾਉਣ ਦੀ ਆਸ ਨਾ ਰੱਖਦੇ ਹੋਏ ਉਧਾਰ ਦਿਓ ਤਦ ਤੁਹਾਡਾ ਪ੍ਰਤਿਫਲ ਬਹੁਤ ਹੋਵੇਗਾ ਅਤੇ ਤੁਸੀਂ ਅੱਤ ਮਹਾਨ ਦੀ ਸੰਤਾਨ ਹੋਵੋਗੇ। ਕਿਉਂਕਿ ਉਹ ਨਾਸ਼ੁਕਰਿਆਂ ਅਤੇ ਬੁਰਿਆਂ ਉੱਤੇ ਵੀ ਦਇਆਵਾਨ ਹੈ।  36ਦਇਆਵਾਨ ਬਣੋ ਜਿਵੇਂ ਤੁਹਾਡਾ ਪਿਤਾ ਵੀ ਦਇਆਵਾਨ ਹੈ।
ਦੋਸ਼ ਨਾ ਲਾਓ
  37  “ਦੋਸ਼ ਨਾ ਲਾਓ ਤਾਂ ਤੁਹਾਡੇ ਉੱਤੇ ਵੀ ਦੋਸ਼ ਨਾ ਲਾਇਆ ਜਾਵੇਗਾ; ਦੋਸ਼ੀ ਨਾ ਠਹਿਰਾਓ ਤਾਂ ਤੁਸੀਂ ਵੀ ਦੋਸ਼ੀ ਨਾ ਠਹਿਰਾਏ ਜਾਓਗੇ। ਮਾਫ਼ ਕਰੋ ਤਾਂ ਤੁਹਾਨੂੰ ਵੀ ਮਾਫ਼ ਕੀਤਾ ਜਾਵੇਗਾ।  38ਦਿਓ ਤਾਂ ਤੁਹਾਨੂੰ ਦਿੱਤਾ ਜਾਵੇਗਾ; ਪੂਰੇ ਨਾਪ ਨਾਲ ਦੱਬ-ਦੱਬ ਕੇ, ਹਿਲਾ-ਹਿਲਾ ਕੇ ਡੁੱਲਦਾ ਹੋਇਆ ਤੁਹਾਡੀ ਝੋਲੀ ਵਿੱਚ ਪਾਇਆ ਜਾਵੇਗਾ, ਕਿਉਂਕਿ ਜਿਸ ਨਾਪ ਨਾਲ ਤੁਸੀਂ ਨਾਪਦੇ ਹੋ ਉਸੇ ਨਾਲ ਤੁਹਾਡੇ ਲਈ ਨਾਪਿਆ ਜਾਵੇਗਾ।”
  39ਉਸ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਵੀ ਦਿੱਤਾ,“ਕੀ ਅੰਨ੍ਹਾ ਅੰਨ੍ਹੇ ਦੀ ਅਗਵਾਈ ਕਰ ਸਕਦਾ ਹੈ? ਕੀ ਦੋਵੇਂ ਹੀ ਟੋਏ ਵਿੱਚ ਨਹੀਂ ਡਿੱਗਣਗੇ?  40ਚੇਲਾ ਗੁਰੂ ਤੋਂ ਵੱਡਾ ਨਹੀਂ ਹੁੰਦਾ, ਪਰ ਹਰ ਕੋਈ ਪੂਰੀ ਤਰ੍ਹਾਂ ਸਿੱਖਣ ਤੋਂ ਬਾਅਦ ਆਪਣੇ ਗੁਰੂ ਜਿਹਾ ਹੋ ਜਾਂਦਾ ਹੈ।  41ਤੂੰ ਆਪਣੇ ਭਰਾ ਦੀ ਅੱਖ ਵਿਚਲੇ ਕੱਖ ਨੂੰ ਕਿਉਂ ਵੇਖਦਾ ਹੈਂ ਪਰ ਆਪਣੀ ਅੱਖ ਵਿਚਲੇ ਸ਼ਤੀਰ ਉੱਤੇ ਧਿਆਨ ਨਹੀਂ ਦਿੰਦਾ?  42ਤੂੰ ਆਪਣੇ ਭਰਾ ਨੂੰ ਇਹ ਕਿਵੇਂ ਕਹਿ ਸਕਦਾ ਹੈਂ, ‘ਭਰਾ, ਲਿਆ ਮੈਂ ਤੇਰੀ ਅੱਖ ਵਿੱਚੋਂ ਕੱਖ ਕੱਢ ਦੇਵਾਂ, ਪਰ ਆਪਣੀ ਅੱਖ ਵਿਚਲੇ ਸ਼ਤੀਰ ਨੂੰ ਨਹੀਂ ਵੇਖਦਾ’? ਹੇ ਪਖੰਡੀ! ਪਹਿਲਾਂ ਆਪਣੀ ਅੱਖ ਵਿੱਚੋਂ ਸ਼ਤੀਰ ਕੱਢ ਅਤੇ ਫਿਰ ਤੂੰ ਆਪਣੇ ਭਰਾ ਦੀ ਅੱਖ ਵਿਚਲੇ ਕੱਖ ਨੂੰ ਚੰਗੀ ਤਰ੍ਹਾਂ ਵੇਖ ਕੇ ਕੱਢ ਸਕੇਂਗਾ।
ਜਿਹਾ ਦਰਖ਼ਤ ਤਿਹਾ ਫਲ
  43  “ਕਿਉਂਕਿ ਕੋਈ ਚੰਗਾ ਦਰਖ਼ਤ ਮਾੜਾ ਫਲ ਨਹੀਂ ਦਿੰਦਾ ਅਤੇ ਨਾ ਹੀ ਮਾੜਾ ਦਰਖ਼ਤ ਚੰਗਾ ਫਲ ਦਿੰਦਾ ਹੈ।  44ਹਰੇਕ ਦਰਖ਼ਤ ਆਪਣੇ ਫਲ ਤੋਂ ਪਛਾਣਿਆ ਜਾਂਦਾ ਹੈ। ਕਿਉਂਕਿ ਕੰਡਿਆਲੀਆਂ ਝਾੜੀਆਂ ਤੋਂ ਅੰਜੀਰ ਨਹੀਂ ਤੋੜੀ ਜਾਂਦੀ, ਨਾ ਝਾੜੀ ਤੋਂ ਅੰਗੂਰ ਤੋੜੇ ਜਾਂਦੇ ਹਨ।  45ਭਲਾ ਮਨੁੱਖ ਆਪਣੇ ਮਨ ਦੇ ਭਲੇ ਖਜ਼ਾਨੇ ਵਿੱਚੋਂ ਭਲਾਈ ਕੱਢਦਾ ਹੈ ਅਤੇ ਬੁਰਾ ਮਨੁੱਖ ਬੁਰੇ ਖਜ਼ਾਨੇ ਵਿੱਚੋਂ ਬੁਰਾਈ ਕੱਢਦਾ ਹੈ, ਕਿਉਂਕਿ ਜੋ ਮਨ ਵਿੱਚ ਭਰਿਆ ਹੈ ਉਹੀ ਮੂੰਹੋਂ ਨਿੱਕਲਦਾ ਹੈ।
ਸੁਣਨਾ ਅਤੇ ਪਾਲਣ ਕਰਨਾ
  46  “ਜਦੋਂ ਤੁਸੀਂ ਮੇਰਾ ਕਹਿਣਾ ਨਹੀਂ ਮੰਨਦੇ ਤਾਂ ਮੈਨੂੰ ਪ੍ਰਭੂ ਪ੍ਰਭੂ ਕਿਉਂ ਕਹਿੰਦੇ ਹੋ?  47ਹਰੇਕ ਜੋ ਮੇਰੇ ਕੋਲ ਆਉਂਦਾ ਹੈ ਅਤੇ ਮੇਰੇ ਵਚਨ ਸੁਣ ਕੇ ਉਨ੍ਹਾਂ ਦੀ ਪਾਲਣਾ ਕਰਦਾ ਹੈ, ਮੈਂ ਤੁਹਾਨੂੰ ਦੱਸਦਾ ਹਾਂ ਕਿ ਉਹ ਕਿਸ ਵਰਗਾ ਹੈ:  48ਉਹ ਉਸ ਮਨੁੱਖ ਵਰਗਾ ਹੈ ਜਿਸ ਨੇ ਘਰ ਬਣਾਉਂਦੇ ਸਮੇਂ ਜ਼ਮੀਨ ਡੂੰਘੀ ਪੁੱਟ ਕੇ ਚਟਾਨ ਉੱਤੇ ਨੀਂਹ ਰੱਖੀ ਅਤੇ ਜਦੋਂ ਹੜ੍ਹ ਆਇਆ ਤਾਂ ਪਾਣੀ ਉਸ ਘਰ ਨਾਲ ਟਕਰਾਇਆ ਪਰ ਉਸ ਨੂੰ ਹਿਲਾ ਨਾ ਸਕਿਆ, ਕਿਉਂਕਿ ਉਹ ਚੰਗੀ ਤਰ੍ਹਾਂ ਬਣਾਇਆ ਗਿਆ ਸੀ#6:48 ਕੁਝ ਹਸਤਲੇਖਾਂ ਵਿੱਚ “ਚੰਗੀ ਤਰ੍ਹਾਂ ਬਣਾਇਆ ਗਿਆ ਸੀ” ਦੇ ਸਥਾਨ 'ਤੇ “ਚਟਾਨ ਉੱਤੇ ਬਣਿਆ ਸੀ” ਲਿਖਿਆ ਹੈ।।  49ਪਰ ਜਿਹੜਾ ਸੁਣ ਕੇ ਪਾਲਣਾ ਨਹੀਂ ਕਰਦਾ ਉਹ ਉਸ ਮਨੁੱਖ ਵਰਗਾ ਹੈ ਜਿਸ ਨੇ ਬਗੈਰ ਨੀਂਹ ਤੋਂ ਜ਼ਮੀਨ ਉੱਤੇ ਘਰ ਬਣਾਇਆ; ਜਦੋਂ ਪਾਣੀ ਇਸ ਨਾਲ ਟਕਰਾਇਆ ਤਾਂ ਇਹ ਉਸੇ ਵੇਲੇ ਡਿੱਗ ਪਿਆ ਅਤੇ ਇਸ ਘਰ ਦੀ ਵੱਡੀ ਬਰਬਾਦੀ ਹੋਈ।”
      Currently Selected:
ਲੂਕਾ 6: PSB
Highlight
Share
Copy
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative