Λογότυπο YouVersion
Εικονίδιο αναζήτησης

ਮੱਤੀ 24

24
ਹੈਕਲ ਦੇ ਢਾਏ ਜਾਣ ਬਾਰੇ ਭਵਿੱਖਬਾਣੀ
1ਜਦੋਂ ਯਿਸੂ ਹੈਕਲ ਵਿੱਚੋਂ ਬਾਹਰ ਜਾ ਰਿਹਾ ਸੀ ਤਾਂ ਉਸ ਦੇ ਚੇਲੇ ਉਸ ਦੇ ਕੋਲ ਆਏ ਕਿ ਉਸ ਨੂੰ ਹੈਕਲ ਵਿਚਲੀਆਂ ਇਮਾਰਤਾਂ ਵਿਖਾਉਣ; 2ਪਰ ਉਸ ਨੇ ਉਨ੍ਹਾਂ ਨੂੰ ਕਿਹਾ,“ਕੀ ਤੁਸੀਂ ਇਹ ਸਭ ਕੁਝ ਨਹੀਂ ਵੇਖਦੇ? ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇੱਥੇ ਪੱਥਰ 'ਤੇ ਪੱਥਰ ਵੀ ਨਾ ਛੱਡਿਆ ਜਾਵੇਗਾ ਜੋ ਢਾਇਆ ਨਾ ਜਾਵੇ।”
ਅੰਤ ਸਮੇਂ ਦੇ ਚਿੰਨ੍ਹ
3ਫਿਰ ਜਦੋਂ ਉਹ ਜ਼ੈਤੂਨ ਦੇ ਪਹਾੜ 'ਤੇ ਬੈਠਾ ਸੀ ਤਾਂ ਚੇਲਿਆਂ ਨੇ ਇਕਾਂਤ ਵਿੱਚ ਉਸ ਕੋਲ ਆ ਕੇ ਕਿਹਾ, “ਸਾਨੂੰ ਦੱਸ ਇਹ ਗੱਲਾਂ ਕਦੋਂ ਹੋਣਗੀਆਂ ਅਤੇ ਤੇਰੇ ਆਉਣ ਅਤੇ ਸੰਸਾਰ ਦੇ ਅੰਤ ਦਾ ਕੀ ਚਿੰਨ੍ਹ ਹੋਵੇਗਾ?” 4ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ,“ਸਾਵਧਾਨ ਰਹੋ! ਕੋਈ ਤੁਹਾਨੂੰ ਭਰਮਾ ਨਾ ਲਵੇ। 5ਕਿਉਂਕਿ ਕਈ ਮੇਰੇ ਨਾਮ ਵਿੱਚ ਆਉਣਗੇ ਅਤੇ ਕਹਿਣਗੇ, ‘ਮੈਂ ਮਸੀਹ ਹਾਂ’ ਅਤੇ ਬਹੁਤਿਆਂ ਨੂੰ ਭਰਮਾਉਣਗੇ। 6ਤੁਸੀਂ ਲੜਾਈਆਂ ਦੀ ਚਰਚਾ ਅਤੇ ਲੜਾਈਆਂ ਦੀਆਂ ਅਫ਼ਵਾਹਾਂ ਸੁਣੋਗੇ; ਵੇਖੋ, ਘਬਰਾ ਨਾ ਜਾਣਾ! ਕਿਉਂਕਿ ਇਨ੍ਹਾਂ ਗੱਲਾਂ ਦਾ ਹੋਣਾ ਜ਼ਰੂਰੀ ਹੈ ਪਰ ਅਜੇ ਅੰਤ ਨਹੀਂ। 7ਕਿਉਂ ਜੋ ਕੌਮ, ਕੌਮ ਦੇ ਵਿਰੁੱਧ ਅਤੇ ਰਾਜ, ਰਾਜ ਦੇ ਵਿਰੁੱਧ ਉੱਠ ਖੜ੍ਹਾ ਹੋਵੇਗਾ ਅਤੇ ਥਾਂ-ਥਾਂ ਕਾਲ ਪੈਣਗੇ#24:7 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਮਹਾਂਮਾਰੀਆਂ ਫੈਲਣਗੀਆਂ” ਲਿਖਿਆ ਹੈ।ਅਤੇ ਭੁਚਾਲ ਆਉਣਗੇ, 8ਪਰ ਇਹ ਸਭ ਪੀੜਾਂ ਦਾ ਅਰੰਭ ਹੈ।
9 “ਉਹ ਤੁਹਾਨੂੰ ਕਸ਼ਟ ਦੇਣ ਲਈ ਫੜਵਾਉਣਗੇ ਅਤੇ ਮਾਰ ਸੁੱਟਣਗੇ ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ। 10ਤਦ ਬਹੁਤ ਸਾਰੇ ਠੋਕਰ ਖਾਣਗੇ ਅਤੇ ਇੱਕ ਦੂਜੇ ਨੂੰ ਫੜਵਾਉਣਗੇ ਅਤੇ ਇੱਕ ਦੂਜੇ ਨਾਲ ਵੈਰ ਰੱਖਣਗੇ; 11ਬਹੁਤ ਸਾਰੇ ਝੂਠੇ ਨਬੀ ਉੱਠ ਖੜ੍ਹੇ ਹੋਣਗੇ ਅਤੇ ਬਹੁਤਿਆਂ ਨੂੰ ਭਰਮਾਉਣਗੇ 12ਅਤੇ ਕੁਧਰਮ ਦੇ ਵਧਣ ਕਰਕੇ ਬਹੁਤਿਆਂ ਦੀ ਪ੍ਰੀਤ ਠੰਡੀ ਪੈ ਜਾਵੇਗੀ। 13ਪਰ ਜਿਹੜਾ ਅੰਤ ਤੱਕ ਸਹੇਗਾ ਉਹੋ ਬਚਾਇਆ ਜਾਵੇਗਾ। 14ਰਾਜ ਦੀ ਇਸ ਖੁਸ਼ਖ਼ਬਰੀ ਦਾ ਪ੍ਰਚਾਰ ਸਾਰੇ ਸੰਸਾਰ ਵਿੱਚ ਕੀਤਾ ਜਾਵੇਗਾ ਤਾਂਕਿ ਸਭ ਕੌਮਾਂ ਉੱਤੇ ਗਵਾਹੀ ਹੋਵੇ; ਤਦ ਅੰਤ ਆ ਜਾਵੇਗਾ।
ਉਜਾੜਨ ਵਾਲੀ ਘਿਣਾਉਣੀ ਚੀਜ਼
15 “ਇਸ ਲਈ ਜਦੋਂ ਤੁਸੀਂ ਉਸ ‘ਉਜਾੜਨ ਵਾਲੀ ਘਿਣਾਉਣੀ ਚੀਜ਼’ # 24:15 ਅਰਥਾਤ ਉਜਾੜਨ ਵਾਲਾ ਘਿਣਾਉਣਾ ਵਿਅਕਤੀ ਨੂੰ ਜਿਸ ਦੇ ਬਾਰੇ ਦਾਨੀਏਲ ਨਬੀ ਨੇ ਦੱਸਿਆ ਸੀ, ਪਵਿੱਤਰ ਥਾਂ ਵਿੱਚ ਖੜ੍ਹੀ ਵੇਖੋ (ਪੜ੍ਹਨ ਵਾਲਾ ਸਮਝ ਲਵੇ), 16ਤਦ ਜਿਹੜੇ ਯਹੂਦਿਯਾ ਵਿੱਚ ਹੋਣ ਉਹ ਪਹਾੜਾਂ ਨੂੰ ਭੱਜ ਜਾਣ; 17ਜਿਹੜਾ ਛੱਤ 'ਤੇ ਹੋਵੇ ਉਹ ਆਪਣੇ ਘਰੋਂ ਸਮਾਨ ਲੈਣ ਲਈ ਹੇਠਾਂ ਨਾ ਉੱਤਰੇ 18ਅਤੇ ਜਿਹੜਾ ਖੇਤ ਵਿੱਚ ਹੋਵੇ ਉਹ ਆਪਣਾ ਕੱਪੜਾ ਲੈਣ ਲਈ ਪਿੱਛੇ ਨਾ ਮੁੜੇ। 19ਪਰ ਅਫ਼ਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹੀਂ ਦਿਨੀਂ ਗਰਭਵਤੀ ਅਤੇ ਦੁੱਧ ਚੁੰਘਾਉਂਦੀਆਂ ਹੋਣਗੀਆਂ। 20ਪ੍ਰਾਰਥਨਾ ਕਰੋ ਕਿ ਤੁਹਾਨੂੰ ਸਰਦੀਆਂ ਵਿੱਚ ਜਾਂ ਸਬਤ ਦੇ ਦਿਨ ਭੱਜਣਾ ਨਾ ਪਵੇ, 21ਕਿਉਂਕਿ ਉਸ ਸਮੇਂ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਸੰਸਾਰ ਦੇ ਅਰੰਭ ਤੋਂ ਨਾ ਹੁਣ ਤੱਕ ਹੋਇਆ ਅਤੇ ਨਾ ਕਦੇ ਹੋਵੇਗਾ। 22ਜੇ ਉਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਪ੍ਰਾਣੀ ਨਾ ਬਚਦਾ; ਪਰ ਚੁਣੇ ਹੋਇਆਂ ਦੇ ਕਾਰਨ ਉਹ ਦਿਨ ਘਟਾਏ ਜਾਣਗੇ। 23ਉਸ ਸਮੇਂ ਜੇ ਕੋਈ ਤੁਹਾਨੂੰ ਕਹੇ, ‘ਵੇਖੋ, ਮਸੀਹ ਇੱਥੇ ਹੈ’ ਜਾਂ ‘ਉੱਥੇ ਹੈ’ ਤਾਂ ਵਿਸ਼ਵਾਸ ਨਾ ਕਰਨਾ, 24ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠ ਖੜ੍ਹੇ ਹੋਣਗੇ ਅਤੇ ਉਹ ਵੱਡੇ-ਵੱਡੇ ਚਿੰਨ੍ਹ ਅਤੇ ਅਚੰਭੇ ਵਿਖਾਉਣਗੇ ਕਿ ਜੇ ਹੋ ਸਕੇ ਤਾਂ ਚੁਣੇ ਹੋਇਆਂ ਨੂੰ ਵੀ ਭੁਲੇਖੇ ਵਿੱਚ ਪਾ ਦੇਣ। 25ਵੇਖੋ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ। 26ਇਸ ਲਈ ਜੇ ਉਹ ਤੁਹਾਨੂੰ ਕਹਿਣ, ‘ਵੇਖੋ, ਉਹ ਉਜਾੜ ਵਿੱਚ ਹੈ’ ਤਾਂ ਬਾਹਰ ਨਾ ਜਾਣਾ; ‘ਵੇਖੋ, ਉਹ ਪਿਛਲੇ ਕਮਰਿਆਂ ਵਿੱਚ ਹੈ’ ਤਾਂ ਵਿਸ਼ਵਾਸ ਨਾ ਕਰਨਾ; 27ਕਿਉਂਕਿ ਜਿਸ ਤਰ੍ਹਾਂ ਬਿਜਲੀ ਪੂਰਬ ਤੋਂ ਨਿੱਕਲਦੀ ਅਤੇ ਪੱਛਮ ਤੱਕ ਚਮਕਦੀ ਹੈ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ। 28ਜਿੱਥੇ ਲਾਸ਼ ਹੈ, ਉੱਥੇ ਗਿਰਝਾਂ ਇਕੱਠੀਆਂ ਹੋਣਗੀਆਂ।
ਮਨੁੱਖ ਦੇ ਪੁੱਤਰ ਦਾ ਸਵਰਗਦੂਤਾਂ ਨਾਲ ਆਉਣਾ
29 “ਪਰ ਉਨ੍ਹਾਂ ਦਿਨਾਂ ਦੇ ਕਸ਼ਟ ਤੋਂ ਤੁਰੰਤ ਬਾਅਦ ਸੂਰਜ ਹਨੇਰਾ ਹੋ ਜਾਵੇਗਾ ਅਤੇ ਚੰਦਰਮਾ ਆਪਣਾ ਚਾਨਣ ਨਾ ਦੇਵੇਗਾ, ਤਾਰੇ ਅਕਾਸ਼ ਤੋਂ ਡਿੱਗ ਪੈਣਗੇ ਅਤੇ ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। 30ਤਦ ਅਕਾਸ਼ ਵਿੱਚ ਮਨੁੱਖ ਦੇ ਪੁੱਤਰ ਦਾ ਚਿੰਨ੍ਹ ਪਰਗਟ ਹੋਵੇਗਾ ਅਤੇ ਉਸ ਸਮੇਂ ਧਰਤੀ ਦੀਆਂ ਸਾਰੀਆਂ ਕੌਮਾਂ ਵਿਰਲਾਪ ਕਰਨਗੀਆਂ ਤੇ ਲੋਕ ਮਨੁੱਖ ਦੇ ਪੁੱਤਰ ਨੂੰ ਸਮਰੱਥਾ ਅਤੇ ਵੱਡੇ ਤੇਜ ਨਾਲ ਅਕਾਸ਼ ਦੇ ਬੱਦਲਾਂ ਉੱਤੇ ਆਉਂਦਾ ਵੇਖਣਗੇ। 31ਉਹ ਤੁਰ੍ਹੀ ਦੀ ਉੱਚੀ ਅਵਾਜ਼ ਨਾਲ ਆਪਣੇ ਦੂਤਾਂ ਨੂੰ ਭੇਜੇਗਾ ਅਤੇ ਉਹ ਅਕਾਸ਼ ਦੇ ਇਸ ਸਿਰੇ ਤੋਂ ਲੈ ਕੇ ਉਸ ਸਿਰੇ ਤੱਕ, ਚਾਰੇ ਦਿਸ਼ਾਵਾਂ ਤੋਂ ਉਸ ਦੇ ਚੁਣੇ ਹੋਇਆਂ ਨੂੰ ਇਕੱਠਾ ਕਰਨਗੇ।
ਅੰਜੀਰ ਦੇ ਦਰਖ਼ਤ ਤੋਂ ਸਿੱਖਿਆ
32 “ਅੰਜੀਰ ਦੇ ਦਰਖ਼ਤ ਦੇ ਦ੍ਰਿਸ਼ਟਾਂਤ ਤੋਂ ਸਿੱਖੋ; ਜਦੋਂ ਉਸ ਦੀ ਟਹਿਣੀ ਨਰਮ ਹੋ ਜਾਂਦੀ ਹੈ ਅਤੇ ਪੱਤੇ ਫੁੱਟਣ ਲੱਗਦੇ ਹਨ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਗਰਮੀ ਦੀ ਰੁੱਤ ਨੇੜੇ ਹੈ। 33ਇਸੇ ਤਰ੍ਹਾਂ ਤੁਸੀਂ ਵੀ ਜਦੋਂ ਇਨ੍ਹਾਂ ਸਭ ਗੱਲਾਂ ਨੂੰ ਵੇਖੋ ਤਾਂ ਜਾਣ ਲਵੋ ਕਿ ਉਹ ਨੇੜੇ ਸਗੋਂ ਬੂਹੇ 'ਤੇ ਹੈ। 34ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਇਹ ਸਭ ਗੱਲਾਂ ਪੂਰੀਆਂ ਨਾ ਹੋ ਜਾਣ ਇਸ ਪੀੜ੍ਹੀ ਦਾ ਅੰਤ ਨਾ ਹੋਵੇਗਾ। 35ਅਕਾਸ਼ ਅਤੇ ਧਰਤੀ ਟਲ਼ ਜਾਣਗੇ, ਪਰ ਮੇਰੇ ਵਚਨ ਕਦੇ ਨਾ ਟਲ਼ਣਗੇ।
ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ
36 “ਪਰ ਉਸ ਦਿਨ ਅਤੇ ਸਮੇਂ ਨੂੰ ਕੋਈ ਨਹੀਂ ਜਾਣਦਾ; ਨਾ ਸਵਰਗਦੂਤ ਅਤੇ ਨਾ ਪੁੱਤਰ, ਪਰ ਕੇਵਲ ਪਿਤਾ। 37ਜਿਸ ਤਰ੍ਹਾਂ ਨੂਹ ਦੇ ਦਿਨਾਂ ਵਿੱਚ ਹੋਇਆ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ। 38ਕਿਉਂਕਿ ਜਿਸ ਤਰ੍ਹਾਂ ਜਲ-ਪਰਲੋ ਤੋਂ ਪਹਿਲਾਂ ਉਨ੍ਹੀਂ ਦਿਨੀਂ ਨੂਹ ਦੇ ਕਿਸ਼ਤੀ ਵਿੱਚ ਪ੍ਰਵੇਸ਼ ਕਰਨ ਤੱਕ ਲੋਕ ਖਾਂਦੇ-ਪੀਂਦੇ, ਵਿਆਹ ਕਰਦੇ ਅਤੇ ਵਿਆਹੇ ਜਾਂਦੇ ਸਨ 39ਅਤੇ ਉਨ੍ਹਾਂ ਨੂੰ ਉਦੋਂ ਤੱਕ ਕੁਝ ਪਤਾ ਨਹੀਂ ਸੀ ਜਦੋਂ ਤੱਕ ਕਿ ਜਲ-ਪਰਲੋ ਆ ਕੇ ਸਭਨਾਂ ਨੂੰ ਵਹਾ ਕੇ ਨਾ ਲੈ ਗਈ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ। 40ਉਸ ਸਮੇਂ ਦੋ ਮਨੁੱਖ ਖੇਤ ਵਿੱਚ ਹੋਣਗੇ; ਇੱਕ ਲੈ ਲਿਆ ਜਾਵੇਗਾ ਅਤੇ ਇੱਕ ਛੱਡ ਦਿੱਤਾ ਜਾਵੇਗਾ। 41ਦੋ ਔਰਤਾਂ ਚੱਕੀ ਪੀਂਹਦੀਆਂ ਹੋਣਗੀਆਂ; ਇੱਕ ਲੈ ਲਈ ਜਾਵੇਗੀ ਅਤੇ ਇੱਕ ਛੱਡ ਦਿੱਤੀ ਜਾਵੇਗੀ। 42ਇਸ ਲਈ ਜਾਗਦੇ ਰਹੋ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਪ੍ਰਭੂ ਕਿਹੜੇ ਦਿਨ ਆਉਂਦਾ ਹੈ। 43ਪਰ ਇਹ ਜਾਣ ਲਵੋ ਕਿ ਜੇ ਘਰ ਦਾ ਮਾਲਕ ਜਾਣਦਾ ਹੁੰਦਾ ਕਿ ਚੋਰ ਕਿਸ ਸਮੇਂ ਆਵੇਗਾ ਤਾਂ ਉਹ ਜਾਗਦਾ ਰਹਿੰਦਾ ਅਤੇ ਆਪਣੇ ਘਰ ਨੂੰ ਸੰਨ੍ਹ ਨਾ ਲੱਗਣ ਦਿੰਦਾ। 44ਇਸ ਲਈ ਤੁਸੀਂ ਵੀ ਤਿਆਰ ਰਹੋ, ਕਿਉਂਕਿ ਜਿਸ ਸਮੇਂ ਤੁਸੀਂ ਸੋਚਦੇ ਵੀ ਨਾ ਹੋਵੋ, ਉਸੇ ਸਮੇਂ ਮਨੁੱਖ ਦਾ ਪੁੱਤਰ ਆ ਜਾਵੇਗਾ।
ਵਿਸ਼ਵਾਸਯੋਗ ਦਾਸ
45 “ਫਿਰ ਅਜਿਹਾ ਵਿਸ਼ਵਾਸਯੋਗ ਅਤੇ ਬੁੱਧਵਾਨ ਦਾਸ ਕੌਣ ਹੈ ਜਿਸ ਨੂੰ ਉਸ ਦੇ ਮਾਲਕ ਨੇ ਆਪਣੇ ਨੌਕਰਾਂ ਉੱਤੇ ਅਧਿਕਾਰੀ ਠਹਿਰਾਇਆ ਕਿ ਉਨ੍ਹਾਂ ਨੂੰ ਸਮੇਂ ਸਿਰ ਭੋਜਨ ਸਮੱਗਰੀ ਦੇਵੇ? 46ਧੰਨ ਹੈ ਉਹ ਦਾਸ ਜਿਸ ਨੂੰ ਉਸ ਦਾ ਮਾਲਕ ਆ ਕੇ ਅਜਿਹਾ ਹੀ ਕਰਦਾ ਵੇਖੇ। 47ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਉਹ ਉਸ ਨੂੰ ਆਪਣੀ ਸਾਰੀ ਸੰਪਤੀ ਉੱਤੇ ਅਧਿਕਾਰੀ ਠਹਿਰਾਵੇਗਾ। 48ਪਰ ਜੇ ਉਹ ਦੁਸ਼ਟ ਦਾਸ ਆਪਣੇ ਮਨ ਵਿੱਚ ਕਹੇ, ‘ਮੇਰੇ ਮਾਲਕ ਦੇ ਆਉਣ ਵਿੱਚ ਦੇਰ ਹੈ’ 49ਅਤੇ ਆਪਣੇ ਸੰਗੀ ਦਾਸਾਂ ਨੂੰ ਮਾਰਨ-ਕੁੱਟਣ ਲੱਗੇ ਅਤੇ ਸ਼ਰਾਬੀਆਂ ਦੇ ਨਾਲ ਖਾਵੇ-ਪੀਵੇ, 50ਤਾਂ ਉਸ ਦਾਸ ਦਾ ਮਾਲਕ ਉਸ ਦਿਨ ਜਿਸ ਦੀ ਉਹ ਉਡੀਕ ਨਹੀਂ ਕਰਦਾ ਅਤੇ ਉਸ ਸਮੇਂ ਜਿਸ ਨੂੰ ਉਹ ਨਹੀਂ ਜਾਣਦਾ, ਆਵੇਗਾ 51ਅਤੇ ਉਸ ਦਾਸ ਦੇ ਟੋਟੇ-ਟੋਟੇ ਕਰ ਦੇਵੇਗਾ ਅਤੇ ਉਸ ਦਾ ਹਿੱਸਾ ਪਖੰਡੀਆਂ ਨਾਲ ਠਹਿਰਾਵੇਗਾ; ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ।”

Επιλέχθηκαν προς το παρόν:

ਮੱਤੀ 24: PSB

Επισημάνσεις

Κοινοποίηση

Αντιγραφή

None

Θέλετε να αποθηκεύονται οι επισημάνσεις σας σε όλες τις συσκευές σας; Εγγραφείτε ή συνδεθείτε