Logo YouVersion
Ikona vyhledávání

ਲੂਕਸ 15

15
ਗੁਆਚੀ ਹੋਈ ਭੇਡ ਦਾ ਦ੍ਰਿਸ਼ਟਾਂਤ
1ਇੱਕ ਦਿਨ ਸਾਰੇ ਚੁੰਗੀ ਲੈਣ ਵਾਲੇ ਅਤੇ ਪਾਪੀ, ਯਿਸ਼ੂ ਦੀਆਂ ਗੱਲਾਂ ਸੁਣਨ ਲਈ ਉਸ ਦੇ ਆਲੇ-ਦੁਆਲੇ ਇਕੱਠੇ ਹੋ ਰਹੇ ਸਨ। 2ਪਰ ਫ਼ਰੀਸੀ ਅਤੇ ਸ਼ਾਸਤਰੀ ਕੁੜ੍ਹਨ ਲੱਗੇ ਅਤੇ ਆਪਸ ਵਿੱਚ ਕਹਿਣ ਲੱਗੇ, “ਇਹ ਆਦਮੀ ਪਾਪੀਆਂ ਦਾ ਸਵੀਕਾਰ ਕਰਦਾ ਹੈ ਅਤੇ ਉਹਨਾਂ ਨਾਲ ਭੋਜਨ ਕਰਦਾ ਹੈ।”
3ਇਸ ਲਈ ਯਿਸ਼ੂ ਨੇ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਦੇ ਕੇ ਆਖਿਆ: 4“ਮੰਨ ਲਓ ਤੁਹਾਡੇ ਵਿੱਚੋਂ ਇੱਕ ਕੋਲ ਸੌ ਭੇਡਾਂ ਹੋਣ ਅਤੇ ਉਹਨਾਂ ਵਿੱਚੋਂ ਇੱਕ ਗੁਆਚ ਜਾਵੇ ਤਾਂ ਕੀ ਉਹ ਨੜਿੰਨਵਿਆਂ ਨੂੰ ਉਜਾੜ ਵਿੱਚ ਛੱਡ ਕੇ ਉਸ ਗੁਆਚੀ ਹੋਈ ਭੇਡ ਦੀ ਭਾਲ ਵਿੱਚ ਨਹੀਂ ਜਾਵੇਗਾ ਜਦ ਤੱਕ ਉਹ ਉਸ ਨੂੰ ਲੱਭ ਨਾ ਜਾਵੇਂ? 5ਅਤੇ ਜਦੋਂ ਉਸ ਨੂੰ ਉਹ ਲੱਭ ਜਾਂਦੀ ਹੈ ਤਾਂ ਉਹ ਖੁਸ਼ੀ ਨਾਲ ਉਸ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਲੈਂਦਾ ਹੈ। 6ਅਤੇ ਘਰ ਜਾ ਕੇ ਉਹ ਆਪਣੇ ਦੋਸਤਾਂ ਅਤੇ ਗੁਆਂਢੀਆਂ ਨੂੰ ਇਕੱਠਾ ਕਰਦਾ ਹੈ ਅਤੇ ਕਹਿੰਦਾ ਹੈ, ‘ਮੇਰੇ ਨਾਲ ਖੁਸ਼ੀ ਮਨਾਓ ਕਿਉਂਕਿ ਮੈਨੂੰ ਮੇਰੀ ਗੁਆਚੀ ਹੋਈ ਭੇਡ ਲੱਭ ਗਈ ਹੈ।’ 7ਮੈਂ ਤੁਹਾਨੂੰ ਆਖਦਾ ਹਾਂ ਉਹਨਾਂ ਨੜਿੰਨਵਿਆਂ ਧਰਮੀ ਲੋਕਾਂ ਨਾਲੋਂ ਜਿਨ੍ਹਾਂ ਨੂੰ ਆਪਣੇ ਪਾਪਾਂ ਦਾ ਪਛਤਾਵਾ ਕਰਨ ਦੀ ਲੋੜ ਨਹੀਂ ਹੈ, ਇੱਕ ਪਾਪੀ ਮਨੁੱਖ ਜੋ ਆਪਣੇ ਪਾਪਾਂ ਤੋਂ ਮਨ ਫਿਰੌਦਾ ਹੈ ਉਸ ਲਈ ਸਵਰਗ ਵਿੱਚ ਜ਼ਿਆਦਾ ਖੁਸ਼ੀ ਮਨਾਈ ਜਾਵੇਗੀ।
ਗੁਆਚੇ ਹੋਏ ਸਿੱਕੇ ਦਾ ਦ੍ਰਿਸ਼ਟਾਂਤ
8“ਜਾਂ ਮੰਨ ਲਓ ਕਿ ਇੱਕ ਔਰਤ ਕੋਲ ਚਾਂਦੀ ਦੇ ਦਸ ਸਿੱਕੇ#15:8 ਯੁਨਾਨੀ ਦਸ ਚਾਂਦੀ ਦੇ ਸਿੱਕੇ ਇੱਕ ਸਿੱਕੇ ਦੀ ਕੀਮਤ ਇੱਕ ਦਿਨ ਦੀ ਦਿਹਾੜੀ ਹਨ ਅਤੇ ਉਹਨਾਂ ਵਿੱਚੋਂ ਇੱਕ ਗੁਆਚ ਜਾਵੇ ਤਾਂ ਕੀ ਉਹ ਦੀਵਾ ਜਗਾ ਕੇ ਅਤੇ ਘਰ ਦੀ ਸਾਫ਼ ਸਫ਼ਾਈ ਕਰ ਕੇ ਉਹ ਨੂੰ ਯਤਨ ਨਾਲ ਲੱਭਦੀ ਹੈ, ਜਦ ਤੱਕ ਉਸ ਨੂੰ ਉਹ ਲੱਭ ਨਾ ਜਾਵੇ? 9ਅਤੇ ਜਦੋਂ ਉਸ ਨੂੰ ਉਹ ਸਿੱਕਾ ਲੱਭ ਜਾਂਦਾ ਹੈ ਤਾਂ ਉਹ ਆਪਣੇ ਦੋਸਤਾਂ ਅਤੇ ਗੁਆਂਢੀਆਂ ਨੂੰ ਇਕੱਠਾ ਕਰਦੀ ਹੈ ਅਤੇ ਕਹਿੰਦੀ ਹੈ, ‘ਮੇਰੇ ਨਾਲ ਖੁਸ਼ੀ ਮਨਾਓ ਕਿਉਂਕਿ ਮੈਨੂੰ ਮੇਰਾ ਗੁਆਚਿਆ ਹੋਇਆ ਸਿੱਕਾ ਲੱਭ ਗਿਆ ਹੈ।’ 10ਇਸੇ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ਵਰ ਦੇ ਦੂਤਾਂ ਦੀ ਹਜ਼ੂਰੀ ਵਿੱਚ ਇੱਕ ਪਾਪੀ ਮਨੁੱਖ ਲਈ ਜੋ ਆਪਣੇ ਪਾਪਾਂ ਤੋਂ ਮਨ ਫਿਰੌਦਾ ਹੈ ਖੁਸ਼ੀ ਮਨਾਈ ਜਾਂਦੀ ਹੈ।”
ਗੁਆਚੇ ਪੁੱਤਰ ਦਾ ਦ੍ਰਿਸ਼ਟਾਂਤ
11ਯਿਸ਼ੂ ਨੇ ਅੱਗੇ ਆਖਿਆ: “ਇੱਕ ਆਦਮੀ ਸੀ ਜਿਸ ਦੇ ਦੋ ਪੁੱਤਰ ਸਨ। 12ਛੋਟੇ ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ, ‘ਪਿਤਾ ਜੀ, ਜਾਇਦਾਦ ਵਿੱਚੋਂ ਮੈਨੂੰ ਮੇਰਾ ਹਿੱਸਾ ਦੇ ਦਿਓ।’ ਇਸ ਲਈ ਉਸ ਨੇ ਆਪਣੀ ਜਾਇਦਾਦ ਨੂੰ ਦੋਵੇਂ ਪੁੱਤਰਾਂ ਦੇ ਵਿੱਚ ਵੰਡ ਦਿੱਤਾ।
13“ਇਸ ਤੋਂ ਥੋੜ੍ਹੀ ਦੇਰ ਬਾਅਦ ਛੋਟੇ ਪੁੱਤਰ ਨੇ ਆਪਣੇ ਹਿੱਸੇ ਆਈ ਸਾਰੀ ਜਾਇਦਾਦ ਲੈ ਲਈ ਅਤੇ ਇੱਕ ਦੂਰ ਦੇਸ਼ ਲਈ ਰਵਾਨਾ ਹੋ ਗਿਆ। ਉੱਥੇ ਉਸ ਨੇ ਆਪਣੀ ਮ਼ਰਜੀ ਦਾ ਜੀਵਨ ਜਿਓਣ ਲਈ ਆਪਣਾ ਸਾਰਾ ਪੈਸਾ ਬਰਬਾਦ ਕਰ ਦਿੱਤਾ। 14ਜਦੋਂ ਉਸ ਨੇ ਸਭ ਕੁਝ ਖਰਚ ਲਿਆ, ਉਸ ਦੇ ਬਾਅਦ ਸਾਰੇ ਦੇਸ਼ ਵਿੱਚ ਇੱਕ ਭਿਆਨਕ ਕਾਲ ਪੈ ਗਿਆ ਪਰ ਉਸ ਕੋਲ ਹੁਣ ਕੁਝ ਵੀ ਬਾਕੀ ਨਹੀਂ ਬਚਿਆ ਸੀ। 15ਇਸ ਲਈ ਉਹ ਉਸ ਦੇਸ਼ ਦੇ ਇੱਕ ਨਾਗਰਿਕ ਕੋਲ ਗਿਆ ਤਾਂ ਅਤੇ ਉਸ ਨੇ ਉਹ ਨੂੰ ਆਪਣੇ ਖੇਤਾਂ ਵਿੱਚ ਸੂਰਾਂ ਨੂੰ ਚਾਰਨ ਲਈ ਭੇਜਿਆ। 16ਉਹ ਸੂਰਾਂ ਦੇ ਚਾਰੇ ਨਾਲ ਹੀ ਆਪਣਾ ਢਿੱਡ ਭਰਨਾ ਚਾਹੁੰਦਾ ਸੀ ਪਰ ਕਿਸੇ ਨੇ ਉਸ ਨੂੰ ਖਾਣ ਨੂੰ ਕੁਝ ਨਹੀਂ ਦਿੱਤਾ।
17“ਜਦੋਂ ਉਸ ਨੂੰ ਸੁਰਤ ਆਈ ਤਾਂ ਉਸ ਨੇ ਆਪਣੇ ਆਪ ਨੂੰ ਕਿਹਾ, ‘ਮੇਰੇ ਪਿਤਾ ਦੇ ਭਾੜੇ ਦੇ ਕਿੰਨੇ ਨੌਕਰਾਂ ਕੋਲ ਕਿੰਨਾ ਜ਼ਿਆਦਾ ਭੋਜਨ ਹੈ ਪਰ ਮੈਂ ਇੱਥੇ ਭੁੱਖਾ ਮਰ ਰਿਹਾ ਹਾਂ! 18ਮੈਂ ਆਪਣੇ ਪਿਤਾ ਕੋਲ ਵਾਪਸ ਜਾਵਾਂਗਾ ਅਤੇ ਉਹਨਾਂ ਨੂੰ ਆਖਾਂਗਾ, ਪਿਤਾ ਜੀ, ਮੈਂ ਸਵਰਗ ਦੇ ਵਿਰੁੱਧ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ। 19ਮੈਂ ਹੁਣ ਤੁਹਾਡਾ ਪੁੱਤਰ ਕਹਾਉਣ ਦੇ ਯੋਗ ਨਹੀਂ ਹਾਂ। ਮੈਨੂੰ ਆਪਣੇ ਭਾੜੇ ਦੇ ਨੌਕਰਾਂ ਵਾਂਗ ਹੀ ਰੱਖ ਲਓ।’ 20ਤਾਂ ਉਹ ਉੱਠਿਆ ਅਤੇ ਆਪਣੇ ਪਿਤਾ ਕੋਲ ਗਿਆ।
“ਪਰ ਜਦੋਂ ਉਹ ਅਜੇ ਬਹੁਤ ਦੂਰ ਹੀ ਸੀ ਉਸ ਦੇ ਪਿਤਾ ਨੇ ਉਸ ਨੂੰ ਵੇਖਿਆ ਅਤੇ ਉਹ ਤਰਸ ਨਾਲ ਭਰ ਗਿਆ। ਉਹ ਭੱਜ ਕੇ ਆਪਣੇ ਪੁੱਤਰ ਕੋਲ ਗਿਆ ਅਤੇ ਉਸੇ ਨੂੰ ਆਪਣੇ ਗਲੇ ਨਾਲ ਲਾ ਕੇ ਚੁੰਮਿਆ।
21“ਪੁੱਤਰ ਨੇ ਉਸ ਨੂੰ ਕਿਹਾ, ‘ਪਿਤਾ ਜੀ, ਮੈਂ ਸਵਰਗ ਦੇ ਵਿਰੁੱਧ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ। ਹੁਣ ਮੈਂ ਤੁਹਾਡਾ ਪੁੱਤਰ ਕਹਾਉਣ ਦੇ ਯੋਗ ਨਹੀਂ ਹਾਂ।’
22“ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ, ‘ਛੇਤੀ ਨਾਲ ਸਭ ਤੋਂ ਵਧੀਆ ਬਸਤਰ ਲਿਆਓ ਅਤੇ ਇਸ ਨੂੰ ਪਹਿਨਾਓ ਅਤੇ ਇਸ ਦੀ ਉਂਗਲ ਵਿੱਚ ਅੰਗੂਠੀ ਅਤੇ ਇਸ ਦੇ ਪੈਰੀਂ ਜੁੱਤੀ ਪਾਓ। 23ਅਤੇ ਪਲਿਆ ਹੋਇਆ ਵੱਛਾ ਲਿਆ ਕੇ ਦਾਵਤ ਤਿਆਰ ਕਰੋ ਤਾਂ ਜੋ ਅਸੀਂ ਖੁਸ਼ੀ ਮਨਾਈਏ। 24ਕਿਉਂਕਿ ਮੇਰਾ ਇਹ ਪੁੱਤਰ ਮਰ ਗਿਆ ਸੀ ਪਰ ਉਹ ਫੇਰ ਜਿਉਂਦਾ ਹੋ ਗਿਆ ਹੈ; ਉਹ ਗੁੰਮ ਗਿਆ ਸੀ ਅਤੇ ਉਹ ਲੱਭ ਗਿਆ ਹੈ।’ ਇਸ ਲਈ ਉਹਨਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ।
25“ਇਸ ਦੌਰਾਨ ਵੱਡਾ ਪੁੱਤਰ ਖੇਤ ਵਿੱਚ ਸੀ। ਜਦੋਂ ਉਹ ਘਰ ਦੇ ਨੇੜੇ ਆਇਆ ਤਾਂ ਉਸ ਨੇ ਸੰਗੀਤ ਅਤੇ ਨੱਚਣ ਦੀ ਆਵਾਜ਼ ਸੁਣੀ। 26ਇਸ ਲਈ ਉਸ ਨੇ ਇੱਕ ਨੌਕਰ ਨੂੰ ਬੁਲਾਇਆ ਅਤੇ ਉਸ ਨੂੰ ਪੁੱਛਿਆ ਇਹ ਸਭ ਕੀ ਹੋ ਰਿਹਾ ਹੈ। 27ਨੌਕਰ ਨੇ ਜਵਾਬ ਦਿੱਤਾ, ‘ਤੁਹਾਡਾ ਭਰਾ ਵਾਪਸ ਆ ਗਿਆ ਹੈ ਅਤੇ ਤੁਹਾਡੇ ਪਿਤਾ ਜੀ ਨੇ ਪਲਿਆ ਹੋਇਆ ਵੱਛਾ ਕੱਟਿਆ ਹੈ, ਕਿਉਂਕਿ ਉਹਨਾਂ ਦਾ ਪੁੱਤਰ ਉਹਨਾਂ ਕੋਲ ਭਲਾ ਅਤੇ ਚੰਗਾ ਵਾਪਸ ਆ ਗਿਆ ਹੈ।’
28“ਵੱਡਾ ਭਰਾ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਅੰਦਰ ਜਾਣ ਤੋਂ ਮਨ੍ਹਾਂ ਕਰ ਦਿੱਤਾ। ਇਸ ਲਈ ਉਸ ਦੇ ਪਿਤਾ ਨੇ ਬਾਹਰ ਜਾ ਕੇ ਉਸ ਨੂੰ ਬੇਨਤੀ ਕੀਤੀ। 29ਪਰ ਉਸ ਨੇ ਆਪਣੇ ਪਿਤਾ ਨੂੰ ਉੱਤਰ ਦਿੱਤਾ, ‘ਦੇਖੋ! ਇਹ ਸਾਰੇ ਸਾਲ ਮੈਂ ਇੱਕ ਗੁਲਾਮ ਦੀ ਤਰ੍ਹਾਂ ਤੁਹਾਡੀ ਸੇਵਾ ਕਰਦਾ ਰਿਹਾ ਹਾਂ ਅਤੇ ਕਦੇ ਵੀ ਤੁਹਾਡੇ ਹੁਕਮਾਂਂ ਨੂੰ ਨਹੀਂ ਮੋੜਿਆ। ਫਿਰ ਵੀ ਤੁਸੀਂ ਮੈਨੂੰ ਕਦੇ ਇੱਕ ਮੇਮਣਾ ਵੀ ਨਹੀਂ ਦਿੱਤਾ ਤਾਂ ਜੋ ਮੈਂ ਆਪਣੇ ਦੋਸਤਾਂ ਨਾਲ ਮਿਲ ਕੇ ਖੁਸ਼ੀ ਮਨਾਵਾਂ। 30ਪਰ ਜਦੋਂ ਤੁਹਾਡਾ ਇਹ ਪੁੱਤਰ ਜਿਸ ਨੇ ਵੇਸਵਾਵਾਂ ਉੱਤੇ ਤੁਹਾਡੀ ਜਾਇਦਾਦ ਉੱਡਾ ਦਿੱਤੀ ਹੈ, ਘਰ ਵਾਪਸ ਆ ਗਿਆ, ਤਾਂ ਤੁਸੀਂ ਉਸ ਦੇ ਲਈ ਪਲਿਆ ਹੋਇਆ ਵੱਛਾ ਕੱਟਿਆ!’
31“ਪਿਤਾ ਨੇ ਕਿਹਾ, ‘ਮੇਰੇ ਪੁੱਤਰ, ਤੂੰ ਹਮੇਸ਼ਾ ਮੇਰੇ ਨਾਲ ਹੈ ਅਤੇ ਜੋ ਕੁਝ ਮੇਰੇ ਕੋਲ ਹੈ ਉਹ ਤੇਰਾ ਹੈ। 32ਪਰ ਸਾਨੂੰ ਖੁਸ਼ ਹੋਣਾ ਚਾਹੀਦਾ ਹੈ ਅਤੇ ਜਸ਼ਨ ਮਨਾਓਣਾ ਚਾਹੀਦਾ ਹੈ ਕਿਉਂਕਿ ਤੇਰਾ ਇਹ ਭਰਾ ਮਰ ਗਿਆ ਸੀ ਅਤੇ ਹੁਣ ਜਿਉਂਦਾ ਹੋ ਗਿਆ ਹੈ; ਉਹ ਗੁਆਚ ਗਿਆ ਸੀ ਅਤੇ ਹੁਣ ਉਹ ਲੱਭ ਗਿਆ ਹੈ।’ ”

Právě zvoleno:

ਲੂਕਸ 15: OPCV

Zvýraznění

Sdílet

Kopírovat

None

Chceš mít své zvýrazněné verše uložené na všech zařízeních? Zaregistruj se nebo se přihlas