ਪਰਕਾਸ਼ 11
11
ਦੋ ਗਵਾਹ
1ਫਿਰ ਮੈਨੂੰ ਸੋਟੀ ਵਰਗਾ ਇੱਕ ਨਾਪਣ ਵਾਲਾ ਕਾਨਾ ਦਿੱਤਾ ਗਿਆ ਅਤੇ ਕਿਹਾ ਗਿਆ, “ਉੱਠ ਅਤੇ ਪਰਮੇਸ਼ਰ ਦੀ ਹੈਕਲ ਨੂੰ ਅਤੇ ਵੇਦੀ ਨੂੰ ਨਾਪ ਅਤੇ ਉੱਥੇ ਅਰਾਧਨਾ ਕਰਨ ਵਾਲਿਆਂ ਦੀ ਗਿਣਤੀ ਕਰ। 2ਪਰ ਹੈਕਲ ਦੇ ਬਾਹਰਲੇ ਵਿਹੜੇ ਨੂੰ ਛੱਡ ਦੇ, ਇਸ ਨੂੰ ਨਾ ਨਾਪ, ਕਿਉਂਕਿ ਇਹ ਪਰਾਈਆਂ ਕੌਮਾਂ ਨੂੰ ਦਿੱਤਾ ਗਿਆ ਹੈ। ਉਹ ਪਵਿੱਤਰ ਨਗਰ ਨੂੰ ਬਤਾਲੀਆਂ ਮਹੀਨਿਆਂ ਤੱਕ ਪੈਰਾਂ ਹੇਠ ਮਿੱਧਣਗੇ। 3ਮੈਂ ਆਪਣੇ ਦੋ ਗਵਾਹਾਂ ਨੂੰ ਇਹ ਬਖਸ਼ਾਂਗਾ ਕਿ ਉਹ ਤੱਪੜ ਪਾ ਕੇ ਇੱਕ ਹਜ਼ਾਰ ਦੋ ਸੌ ਸੱਠ ਦਿਨਾਂ ਤੱਕ ਭਵਿੱਖਬਾਣੀ ਕਰਨ।” 4ਇਹ ਜ਼ੈਤੂਨ ਦੇ ਉਹ ਦੋ ਦਰਖ਼ਤ ਅਤੇ ਦੋ ਸ਼ਮਾਦਾਨ ਹਨ ਜਿਹੜੇ ਧਰਤੀ ਦੇ ਪ੍ਰਭੂ#11:4 ਕੁਝ ਹਸਤਲੇਖਾਂ ਵਿੱਚ “ਪ੍ਰਭੂ” ਦੇ ਸਥਾਨ 'ਤੇ “ਪਰਮੇਸ਼ਰ” ਲਿਖਿਆ ਹੈ। ਦੇ ਸਾਹਮਣੇ ਖੜ੍ਹੇ ਰਹਿੰਦੇ ਹਨ। 5ਜੇ ਕੋਈ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਦੇ ਮੂੰਹ ਵਿੱਚੋਂ ਅੱਗ ਨਿੱਕਲ ਕੇ ਉਨ੍ਹਾਂ ਦੇ ਵੈਰੀਆਂ ਨੂੰ ਭਸਮ ਕਰ ਦਿੰਦੀ ਹੈ; ਜੇ ਕੋਈ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੇ ਤਾਂ ਉਸ ਦਾ ਇਸੇ ਤਰ੍ਹਾਂ ਮਾਰਿਆ ਜਾਣਾ ਨਿਸ਼ਚਿਤ ਹੈ। 6ਉਨ੍ਹਾਂ ਕੋਲ ਅਕਾਸ਼ ਨੂੰ ਬੰਦ ਕਰਨ ਦਾ ਅਧਿਕਾਰ ਹੈ ਤਾਂਕਿ ਉਨ੍ਹਾਂ ਦੀ ਭਵਿੱਖਬਾਣੀ ਦੇ ਦਿਨਾਂ ਵਿੱਚ ਵਰਖਾ ਨਾ ਹੋਵੇ। ਉਨ੍ਹਾਂ ਨੂੰ ਪਾਣੀਆਂ ਉੱਤੇ ਵੀ ਅਧਿਕਾਰ ਹੈ ਕਿ ਇਨ੍ਹਾਂ ਨੂੰ ਲਹੂ ਵਿੱਚ ਬਦਲ ਦੇਣ ਅਤੇ ਜਦੋਂ ਵੀ ਚਾਹੁਣ ਧਰਤੀ ਨੂੰ ਹਰ ਪ੍ਰਕਾਰ ਦੀ ਮਹਾਂਮਾਰੀ ਨਾਲ ਮਾਰਨ।
ਗਵਾਹਾਂ ਦਾ ਮਾਰਿਆ ਜਾਣਾ
7ਜਦੋਂ ਉਹ ਆਪਣੀ ਗਵਾਹੀ ਦੇ ਚੁੱਕਣਗੇ ਤਾਂ ਉਹ ਪਸ਼ੂ ਅਥਾਹ ਕੁੰਡ ਵਿੱਚੋਂ ਨਿੱਕਲ ਕੇ ਉਨ੍ਹਾਂ ਨਾਲ ਯੁੱਧ ਕਰੇਗਾ ਅਤੇ ਉਨ੍ਹਾਂ ਉੱਤੇ ਜਿੱਤ ਪਾਵੇਗਾ ਤੇ ਉਨ੍ਹਾਂ ਨੂੰ ਮਾਰ ਸੁੱਟੇਗਾ। 8ਉਨ੍ਹਾਂ ਦੀਆਂ ਲਾਸ਼ਾਂ ਉਸ ਵੱਡੇ ਨਗਰ ਦੇ ਚੌਂਕ ਵਿੱਚ ਪਈਆਂ ਰਹਿਣਗੀਆਂ ਜਿਹੜਾ ਆਤਮਕ ਤੌਰ 'ਤੇ ਸਦੂਮ ਅਤੇ ਮਿਸਰ ਕਹਾਉਂਦਾ ਹੈ, ਜਿੱਥੇ ਉਨ੍ਹਾਂ ਦੇ ਪ੍ਰਭੂ ਨੂੰ ਵੀ ਸਲੀਬ 'ਤੇ ਚੜ੍ਹਾਇਆ ਗਿਆ ਸੀ। 9ਸਾਢੇ ਤਿੰਨਾਂ ਦਿਨਾਂ ਤੱਕ ਜਾਤੀਆਂ, ਗੋਤਾਂ, ਭਾਸ਼ਾਵਾਂ ਅਤੇ ਕੌਮਾਂ ਦੇ ਲੋਕ ਉਨ੍ਹਾਂ ਦੀਆਂ ਲਾਸ਼ਾਂ ਨੂੰ ਵੇਖਦੇ ਰਹਿਣਗੇ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਕਬਰ ਵਿੱਚ ਨਹੀਂ ਰੱਖਣ ਦੇਣਗੇ। 10ਧਰਤੀ ਦੇ ਰਹਿਣ ਵਾਲੇ ਉਨ੍ਹਾਂ ਕਰਕੇ ਖੁਸ਼ੀ ਅਤੇ ਅਨੰਦ ਮਨਾਉਣਗੇ ਅਤੇ ਇੱਕ ਦੂਜੇ ਨੂੰ ਤੋਹਫ਼ੇ ਭੇਜਣਗੇ, ਕਿਉਂਕਿ ਇਨ੍ਹਾਂ ਦੋਹਾਂ ਨਬੀਆਂ ਨੇ ਧਰਤੀ ਦੇ ਰਹਿਣ ਵਾਲਿਆਂ ਨੂੰ ਤੰਗ ਕਰ ਰੱਖਿਆ ਸੀ।
ਗਵਾਹਾਂ ਦਾ ਜੀ ਉੱਠਣਾ
11ਪਰ ਸਾਢੇ ਤਿੰਨਾਂ ਦਿਨਾਂ ਬਾਅਦ ਪਰਮੇਸ਼ਰ ਵੱਲੋਂ ਜੀਵਨ ਦੇ ਸਾਹ ਨੇ ਉਨ੍ਹਾਂ ਵਿੱਚ ਪ੍ਰਵੇਸ਼ ਕੀਤਾ ਅਤੇ ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋ ਗਏ ਅਤੇ ਜਿਹੜੇ ਉਨ੍ਹਾਂ ਨੂੰ ਵੇਖ ਰਹੇ ਸਨ ਉਨ੍ਹਾਂ ਉੱਤੇ ਵੱਡਾ ਭੈ ਛਾ ਗਿਆ। 12ਫਿਰ ਉਨ੍ਹਾਂ ਨੂੰ ਅਕਾਸ਼ ਵਿੱਚੋਂ ਇੱਕ ਉੱਚੀ ਅਵਾਜ਼ ਇਹ ਕਹਿੰਦੀ ਸੁਣਾਈ ਦਿੱਤੀ, “ਇੱਥੇ, ਉਤਾਂਹ ਆ ਜਾਓ।” ਤਦ ਉਹ ਬੱਦਲ ਉੱਤੇ ਸਵਰਗ ਨੂੰ ਚਲੇ ਗਏ ਅਤੇ ਉਨ੍ਹਾਂ ਦੇ ਵੈਰੀਆਂ ਨੇ ਉਨ੍ਹਾਂ ਨੂੰ ਜਾਂਦੇ ਵੇਖਿਆ।
13ਉਸੇ ਸਮੇਂ ਇੱਕ ਵੱਡਾ ਭੁਚਾਲ ਆਇਆ ਅਤੇ ਨਗਰ ਦਾ ਦਸਵਾਂ ਹਿੱਸਾ ਢਹਿ ਗਿਆ ਅਤੇ ਉਸ ਭੁਚਾਲ ਕਰਕੇ ਸੱਤ ਹਜ਼ਾਰ ਲੋਕ ਮਾਰੇ ਗਏ; ਜਿਹੜੇ ਬਚ ਗਏ ਸਨ ਉਹ ਭੈਭੀਤ ਹੋ ਕੇ ਸਵਰਗ ਦੇ ਪਰਮੇਸ਼ਰ ਦੀ ਵਡਿਆਈ ਕਰਨ ਲੱਗੇ।
14ਦੂਜੀ ਬਿਪਤਾ ਖ਼ਤਮ ਹੋ ਗਈ; ਵੇਖੋ, ਤੀਜੀ ਬਿਪਤਾ ਛੇਤੀ ਆਉਣ ਵਾਲੀ ਹੈ।
ਸੱਤਵੀਂ ਤੁਰ੍ਹੀ
15ਫਿਰ ਸੱਤਵੇਂ ਸਵਰਗਦੂਤ ਨੇ ਤੁਰ੍ਹੀ ਵਜਾਈ ਅਤੇ ਸਵਰਗ ਵਿੱਚ ਉੱਚੀਆਂ ਅਵਾਜ਼ਾਂ ਇਹ ਕਹਿੰਦੀਆਂ ਸੁਣਾਈ ਦਿੱਤੀਆਂ:
ਸੰਸਾਰ ਦਾ ਰਾਜ ਸਾਡੇ ਪ੍ਰਭੂ ਦਾ ਅਤੇ ਉਸ ਦੇ ਮਸੀਹ ਦਾ ਹੋ ਗਿਆ ਹੈ
ਅਤੇ ਉਹ ਯੁਗੋ-ਯੁਗ ਰਾਜ ਕਰੇਗਾ।
16ਤਦ ਉਨ੍ਹਾਂ ਚੌਵੀ ਬਜ਼ੁਰਗਾਂ ਨੇ ਜਿਹੜੇ ਪਰਮੇਸ਼ਰ ਦੇ ਸਾਹਮਣੇ ਆਪਣੇ ਤਖ਼ਤਾਂ ਉੱਤੇ ਬੈਠੇ ਸਨ, ਮੂੰਹ ਪਰਨੇ ਲੰਮੇ ਪੈ ਕੇ ਪਰਮੇਸ਼ਰ ਦੀ ਅਰਾਧਨਾ ਕੀਤੀ
17ਅਤੇ ਕਿਹਾ:
ਹੇ ਸਰਬ-ਸ਼ਕਤੀਮਾਨ ਪ੍ਰਭੂ ਪਰਮੇਸ਼ਰ,
ਜਿਹੜਾ ਹੈਂ ਅਤੇ ਜਿਹੜਾ ਸੀ#11:17 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਜਿਹੜਾ ਆਉਣ ਵਾਲਾ ਹੈ” ਲਿਖਿਆ ਹੈ।,
ਅਸੀਂ ਤੇਰਾ ਧੰਨਵਾਦ ਕਰਦੇ ਹਾਂ
ਕਿਉਂਕਿ ਤੂੰ ਆਪਣੀ ਵੱਡੀ ਸਮਰੱਥਾ ਨਾਲ ਆਪਣਾ ਰਾਜ ਸਥਾਪਤ ਕੀਤਾ ਹੈ।
18ਕੌਮਾਂ ਨੇ ਕ੍ਰੋਧ ਕੀਤਾ,
ਪਰ ਹੁਣ ਤੇਰਾ ਕ੍ਰੋਧ ਆਣ ਪਿਆ;
ਸਮਾਂ ਆ ਗਿਆ ਹੈ ਕਿ ਮੁਰਦਿਆਂ ਦਾ ਨਿਆਂ ਕੀਤਾ ਜਾਵੇ
ਤੇ ਤੇਰੇ ਦਾਸ ਨਬੀਆਂ ਨੂੰ, ਸੰਤਾਂ#11:18 ਅਰਥਾਤ ਪਵਿੱਤਰ ਲੋਕਾਂ ਨੂੰ
ਅਤੇ ਤੇਰੇ ਨਾਮ ਦਾ ਭੈ ਮੰਨਣ ਵਾਲੇ ਹਰੇਕ ਵੱਡੇ ਤੇ ਛੋਟੇ ਨੂੰ ਪ੍ਰਤਿਫਲ ਦਿੱਤਾ ਜਾਵੇ
ਅਤੇ ਧਰਤੀ ਦਾ ਨਾਸ ਕਰਨ ਵਾਲਿਆਂ ਦਾ ਨਾਸ ਕੀਤਾ ਜਾਵੇ।
19ਤਦ ਪਰਮੇਸ਼ਰ ਦੀ ਹੈਕਲ ਜੋ ਸਵਰਗ ਵਿੱਚ ਹੈ, ਖੋਲ੍ਹੀ ਗਈ ਅਤੇ ਹੈਕਲ ਵਿੱਚ ਉਸ ਦੇ ਨੇਮ ਦਾ ਸੰਦੂਕ ਵਿਖਾਈ ਦਿੱਤਾ ਤੇ ਬਿਜਲੀ ਦੀਆਂ ਚਮਕਾਂ, ਅਵਾਜ਼ਾਂ ਅਤੇ ਗਰਜਣਾਂ ਹੋਈਆਂ ਤੇ ਭੁਚਾਲ ਆਇਆ ਅਤੇ ਬਹੁਤ ਗੜੇ ਪਏ।
Právě zvoleno:
ਪਰਕਾਸ਼ 11: PSB
Zvýraznění
Kopírovat
Porovnat
Sdílet
Chceš mít své zvýrazněné verše uložené na všech zařízeních? Zaregistruj se nebo se přihlas
PUNJABI STANDARD BIBLE©
Copyright © 2023 by Global Bible Initiative