ਯਾਕੂਬ 2
2
ਪੱਖਪਾਤ ਦਾ ਪਾਪ
1ਹੇ ਮੇਰੇ ਭਾਈਓ, ਤੁਸੀਂ ਸਾਡੇ ਪ੍ਰਤਾਪੀ ਪ੍ਰਭੂ ਯਿਸੂ ਮਸੀਹ ਉੱਤੇ ਵਿਸ਼ਵਾਸ ਰੱਖਦੇ ਹੋ, ਇਸ ਲਈ ਪੱਖਪਾਤ ਨਾ ਕਰੋ। 2ਕਿਉਂਕਿ ਜੇ ਤੁਹਾਡੇ ਸਭਾ-ਘਰ ਵਿੱਚ ਕੋਈ ਵਿਅਕਤੀ ਸੋਨੇ ਦੀ ਅੰਗੂਠੀ ਅਤੇ ਚਮਕੀਲੇ ਵਸਤਰ ਪਹਿਨੇ ਆਉਂਦਾ ਹੈ ਅਤੇ ਫਿਰ ਇੱਕ ਗਰੀਬ ਵੀ ਆਉਂਦਾ ਹੈ ਜਿਸ ਨੇ ਮੈਲੇ-ਕੁਚੈਲੇ ਵਸਤਰ ਪਹਿਨੇ ਹਨ, 3ਅਤੇ ਤੁਸੀਂ ਉਸ ਵਿਅਕਤੀ ਨੂੰ ਜਿਸ ਨੇ ਚਮਕੀਲੇ ਵਸਤਰ ਪਹਿਨੇ ਹਨ, ਵੇਖ ਕੇ ਕਹਿੰਦੇ ਹੋ, “ਤੁਸੀਂ ਇੱਥੇ ਚੰਗੇ ਸਥਾਨ 'ਤੇ ਬੈਠੋ,” ਅਤੇ ਉਸ ਗਰੀਬ ਨੂੰ ਕਹਿੰਦੇ ਹੋ, “ਤੂੰ ਉੱਥੇ ਖੜ੍ਹਾ ਰਹਿ ਜਾਂ ਮੇਰੇ ਪੈਰਾਂ#2:3 ਮੂਲ ਸ਼ਬਦ ਅਰਥ: ਪੈਰ ਰੱਖਣ ਦੀ ਚੌਂਕੀ ਕੋਲ ਬੈਠ ਜਾ,” 4ਤਾਂ ਕੀ ਤੁਸੀਂ ਆਪਸ ਵਿੱਚ ਪੱਖਪਾਤ ਨਹੀਂ ਕੀਤਾ ਅਤੇ ਬੁਰੀ ਸੋਚ ਰੱਖਣ ਵਾਲੇ ਨਿਆਂਕਾਰ ਨਹੀਂ ਬਣੇ?
5ਹੇ ਮੇਰੇ ਪਿਆਰੇ ਭਾਈਓ ਸੁਣੋ, ਕੀ ਪਰਮੇਸ਼ਰ ਨੇ ਸੰਸਾਰ ਦੇ ਗਰੀਬਾਂ ਨੂੰ ਨਹੀਂ ਚੁਣਿਆ ਕਿ ਉਹ ਵਿਸ਼ਵਾਸ ਵਿੱਚ ਧਨੀ ਅਤੇ ਉਸ ਰਾਜ ਦੇ ਵਾਰਸ ਹੋਣ ਜਿਸ ਦਾ ਵਾਇਦਾ ਉਸ ਨੇ ਆਪਣੇ ਪ੍ਰੇਮ ਕਰਨ ਵਾਲਿਆਂ ਨਾਲ ਕੀਤਾ ਹੈ? 6ਪਰ ਤੁਸੀਂ ਉਸ ਗਰੀਬ ਨੂੰ ਬੇਇੱਜ਼ਤ ਕੀਤਾ! ਕੀ ਧਨਵਾਨ ਤੁਹਾਡੇ ਉੱਤੇ ਅੱਤਿਆਚਾਰ ਨਹੀਂ ਕਰਦੇ ਅਤੇ ਤੁਹਾਨੂੰ ਖਿੱਚ ਕੇ ਅਦਾਲਤਾਂ ਵਿੱਚ ਨਹੀਂ ਲੈ ਜਾਂਦੇ? 7ਕੀ ਉਹ ਉਸ ਉੱਤਮ ਨਾਮ ਦੀ ਨਿੰਦਾ ਨਹੀਂ ਕਰਦੇ ਜਿਸ ਤੋਂ ਤੁਸੀਂ ਸਦਾਉਂਦੇ ਹੋ? 8ਜੇ ਤੁਸੀਂ ਸੱਚਮੁੱਚ ਇਸ ਸ਼ਾਹੀ ਹੁਕਮ ਦੇ ਅਨੁਸਾਰ ਕਰਦੇ ਹੋ ਜਿਹੜਾ ਲਿਖਤ ਵਿੱਚ ਦੱਸਿਆ ਗਿਆ ਹੈ,“ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪ੍ਰੇਮ ਕਰ,” ਤਾਂ ਤੁਸੀਂ ਚੰਗਾ ਕਰਦੇ ਹੋ। 9ਪਰ ਜੇ ਤੁਸੀਂ ਪੱਖਪਾਤ ਕਰਦੇ ਹੋ ਤਾਂ ਤੁਸੀਂ ਪਾਪ ਕਰਦੇ ਹੋ ਅਤੇ ਬਿਵਸਥਾ ਦੇ ਦੁਆਰਾ ਅਪਰਾਧੀ ਠਹਿਰਾਏ ਜਾਂਦੇ ਹੋ, 10ਕਿਉਂਕਿ ਜਿਹੜਾ ਸਾਰੀ ਬਿਵਸਥਾ ਦੀ ਪਾਲਣਾ ਕਰੇ ਪਰ ਕਿਸੇ ਇੱਕ ਗੱਲ ਨੂੰ ਪੂਰਾ ਕਰਨ ਤੋਂ ਰਹਿ ਜਾਵੇ, ਉਹ ਸਾਰੀ ਬਿਵਸਥਾ ਦਾ ਦੋਸ਼ੀ ਠਹਿਰਦਾ ਹੈ। 11ਜਿਸ ਨੇ ਇਹ ਕਿਹਾ,“ਵਿਭਚਾਰ ਨਾ ਕਰ,” ਉਸ ਨੇ ਇਹ ਵੀ ਕਿਹਾ,“ਖੂਨ ਨਾ ਕਰ।” ਸੋ ਜੇ ਤੂੰ ਵਿਭਚਾਰ ਨਹੀਂ ਕਰਦਾ ਪਰ ਖੂਨ ਕਰਦਾ ਹੈਂ ਤਾਂ ਤੂੰ ਬਿਵਸਥਾ ਦਾ ਅਪਰਾਧੀ ਠਹਿਰਿਆ। 12ਇਸ ਲਈ ਤੁਸੀਂ ਉਨ੍ਹਾਂ ਵਾਂਗ ਬੋਲੋ ਅਤੇ ਕਰੋ ਜਿਨ੍ਹਾਂ ਦਾ ਨਿਆਂ ਅਜ਼ਾਦੀ ਦੀ ਬਿਵਸਥਾ ਦੇ ਦੁਆਰਾ ਹੋਣਾ ਹੈ। 13ਕਿਉਂਕਿ ਜਿਸ ਨੇ ਦਇਆ ਨਹੀਂ ਕੀਤੀ ਉਸ ਦਾ ਨਿਆਂ ਵੀ ਬਿਨਾਂ ਦਇਆ ਦੇ ਹੋਵੇਗਾ; ਦਇਆ ਨਿਆਂ ਨੂੰ ਜਿੱਤ ਲੈਂਦੀ ਹੈ।
ਵਿਸ਼ਵਾਸ ਅਤੇ ਕੰਮ
14ਹੇ ਮੇਰੇ ਭਾਈਓ, ਜੇ ਕੋਈ ਕਹੇ ਕਿ ਉਹ ਵਿਸ਼ਵਾਸ ਕਰਦਾ ਹੈ, ਪਰ ਇਸ ਦੇ ਅਨੁਸਾਰ ਕੰਮ ਨਾ ਕਰੇ ਤਾਂ ਇਸ ਦਾ ਕੀ ਲਾਭ ਹੈ? ਕੀ ਉਸ ਦਾ ਵਿਸ਼ਵਾਸ ਉਸ ਨੂੰ ਬਚਾ ਸਕਦਾ ਹੈ? 15ਜੇ ਕੋਈ ਭਾਈ ਜਾਂ ਭੈਣ ਬਿਨਾਂ ਵਸਤਰ ਦੇ ਹੋਵੇ ਅਤੇ ਉਸ ਦੇ ਕੋਲ ਰੋਜ਼ ਦੀ ਰੋਟੀ ਦੀ ਵੀ ਥੁੜ੍ਹ ਹੋਵੇ 16ਅਤੇ ਤੁਹਾਡੇ ਵਿੱਚੋਂ ਕੋਈ ਉਨ੍ਹਾਂ ਨੂੰ ਕਹੇ, “ਸ਼ਾਂਤੀ ਨਾਲ ਜਾਓ ਅਤੇ ਗਰਮ ਅਤੇ ਤ੍ਰਿਪਤ ਰਹੋ,” ਪਰ ਉਨ੍ਹਾਂ ਨੂੰ ਸਰੀਰ ਲਈ ਲੋੜੀਂਦੀਆਂ ਵਸਤਾਂ ਨਾ ਦਿਓ ਤਾਂ ਇਸ ਦਾ ਕੀ ਲਾਭ ਹੈ? 17ਇਸੇ ਤਰ੍ਹਾਂ, ਵਿਸ਼ਵਾਸ ਵੀ ਜੇ ਕੰਮਾਂ ਤੋਂ ਬਿਨਾਂ ਹੈ ਤਾਂ ਆਪਣੇ ਆਪ ਵਿੱਚ ਮੁਰਦਾ ਹੈ।
18ਪਰ ਕੋਈ ਕਹੇਗਾ, “ਤੇਰੇ ਕੋਲ ਵਿਸ਼ਵਾਸ ਹੈ ਅਤੇ ਮੇਰੇ ਕੋਲ ਕੰਮ ਹਨ; ਤੂੰ ਬਿਨਾਂ ਕੰਮਾਂ ਦੇ ਮੈਨੂੰ ਆਪਣਾ ਵਿਸ਼ਵਾਸ ਵਿਖਾ ਅਤੇ ਮੈਂ ਆਪਣੇ ਕੰਮਾਂ ਤੋਂ ਤੈਨੂੰ ਆਪਣਾ ਵਿਸ਼ਵਾਸ ਵਿਖਾਵਾਂਗਾ।” 19ਤੂੰ ਵਿਸ਼ਵਾਸ ਕਰਦਾ ਹੈਂ ਕਿ ਪਰਮੇਸ਼ਰ ਇੱਕੋ ਹੈ; ਤੂੰ ਚੰਗਾ ਕਰਦਾ ਹੈਂ! ਦੁਸ਼ਟ ਆਤਮਾਵਾਂ ਵੀ ਇਹੋ ਵਿਸ਼ਵਾਸ ਕਰਦੀਆਂ ਅਤੇ ਕੰਬਦੀਆਂ ਹਨ। 20ਪਰ ਹੇ ਨਿਕੰਮੇ ਮਨੁੱਖ, ਕੀ ਤੂੰ ਜਾਣਨਾ ਚਾਹੁੰਦਾ ਹੈਂ ਕਿ ਕੰਮਾਂ ਤੋਂ ਬਿਨਾਂ ਵਿਸ਼ਵਾਸ ਵਿਅਰਥ#2:20 ਕੁਝ ਹਸਤਲੇਖਾਂ ਵਿੱਚ “ਵਿਅਰਥ” ਦੇ ਸਥਾਨ 'ਤੇ “ਮੁਰਦਾ” ਲਿਖਿਆ ਹੈ। ਹੈ? 21ਕੀ ਸਾਡਾ ਪਿਤਾ ਅਬਰਾਹਾਮ ਕੰਮਾਂ ਦੁਆਰਾ ਹੀ ਧਰਮੀ ਨਹੀਂ ਠਹਿਰਾਇਆ ਗਿਆ ਜਦੋਂ ਉਸ ਨੇ ਆਪਣੇ ਪੁੱਤਰ ਇਸਹਾਕ ਨੂੰ ਜਗਵੇਦੀ ਉੱਤੇ ਅਰਪਣ ਕੀਤਾ? 22ਤੂੰ ਵੇਖਦਾ ਹੈਂ ਕਿ ਵਿਸ਼ਵਾਸ ਕੰਮਾਂ ਨਾਲ ਮਿਲ ਕੇ ਕਾਰਜ ਕਰ ਰਿਹਾ ਸੀ ਅਤੇ ਇਹ ਵਿਸ਼ਵਾਸ ਉਸ ਦੇ ਕੰਮਾਂ ਦੁਆਰਾ ਸਿੱਧ ਹੋਇਆ; 23ਇਸ ਤਰ੍ਹਾਂ ਲਿਖਤ ਦਾ ਉਹ ਵਚਨ ਪੂਰਾ ਹੋਇਆ ਜੋ ਕਹਿੰਦਾ ਹੈ, “ਅਬਰਾਹਾਮ ਨੇ ਪਰਮੇਸ਼ਰ ਉੱਤੇ ਵਿਸ਼ਵਾਸ ਕੀਤਾ ਅਤੇ ਇਹ ਉਸ ਦੇ ਲਈ ਧਾਰਮਿਕਤਾ ਗਿਣਿਆ ਗਿਆ,” ਅਤੇ ਉਹ ਪਰਮੇਸ਼ਰ ਦਾ ਮਿੱਤਰ ਸਦਾਇਆ। 24ਤੁਸੀਂ ਵੇਖਦੇ ਹੋ ਕਿ ਮਨੁੱਖ ਕੇਵਲ ਵਿਸ਼ਵਾਸ ਦੁਆਰਾ ਹੀ ਨਹੀਂ, ਬਲਕਿ ਕੰਮਾਂ ਦੁਆਰਾ ਧਰਮੀ ਠਹਿਰਾਇਆ ਜਾਂਦਾ ਹੈ। 25ਇਸੇ ਤਰ੍ਹਾਂ ਕੀ ਰਹਾਬ ਵੇਸਵਾ ਵੀ ਕੰਮਾਂ ਦੁਆਰਾ ਹੀ ਧਰਮੀ ਨਹੀਂ ਠਹਿਰਾਈ ਗਈ ਜਦੋਂ ਉਸ ਨੇ ਸੰਦੇਸ਼ਵਾਹਕਾਂ ਨੂੰ ਆਪਣੇ ਘਰ ਗ੍ਰਹਿਣ ਕੀਤਾ ਅਤੇ ਦੂਜੇ ਰਸਤਿਓਂ ਉਨ੍ਹਾਂ ਨੂੰ ਭੇਜਿਆ? 26ਕਿਉਂਕਿ ਜਿਸ ਤਰ੍ਹਾਂ ਆਤਮਾ ਤੋਂ ਬਿਨਾਂ ਸਰੀਰ ਮੁਰਦਾ ਹੈ ਉਸੇ ਤਰ੍ਹਾਂ ਕੰਮਾਂ ਤੋਂ ਬਿਨਾਂ ਵਿਸ਼ਵਾਸ ਵੀ ਮੁਰਦਾ ਹੈ।
Právě zvoleno:
ਯਾਕੂਬ 2: PSB
Zvýraznění
Kopírovat
Porovnat
Sdílet
Chceš mít své zvýrazněné verše uložené na všech zařízeních? Zaregistruj se nebo se přihlas
PUNJABI STANDARD BIBLE©
Copyright © 2023 by Global Bible Initiative