6
ਚਾਰ ਰੱਥ
1ਮੈਂ ਮੁੜ ਕੇ ਵੇਖਿਆ, ਦੋ ਪਹਾੜਾਂ ਦੇ ਵਿੱਚੋਂ ਚਾਰ ਰੱਥ ਬਾਹਰ ਨੂੰ ਨਿੱਕਲ ਰਹੇ ਸਨ ਅਤੇ ਉਹ ਪਹਾੜ ਪਿੱਤਲ ਦੇ ਪਹਾੜ ਸਨ। 2ਪਹਿਲੇ ਰੱਥ ਦੇ ਲਾਲ ਘੋੜੇ ਸਨ, ਦੂਜੇ ਰੱਥ ਦੇ ਕਾਲੇ, 3ਤੀਸਰੇ ਰੱਥ ਦੇ ਘੋੜੇ ਚਿੱਟੇ ਅਤੇ ਚੌਥੇ ਰੱਥ ਦੇ ਘੋੜੇ ਡੱਬੇ ਅਤੇ ਉਹ ਸਾਰੇ ਤਾਕਤਵਰ ਸਨ। 4ਮੈਂ ਉਸ ਦੂਤ ਨੂੰ ਪੁੱਛਿਆ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ, “ਮੇਰੇ ਮਹਾਰਾਜ, ਇਹ ਕੀ ਹਨ?”
5ਦੂਤ ਨੇ ਮੈਨੂੰ ਉੱਤਰ ਦਿੱਤਾ, “ਇਹ ਸਵਰਗ ਦੀਆਂ ਚਾਰ ਆਤਮਾਵਾਂ ਹਨ, ਜੋ ਨਿੱਕਲਦੀਆਂ ਹਨ, ਜਦ ਉਹ ਸਾਰੀ ਧਰਤੀ ਦੇ ਪ੍ਰਭੂ ਦੇ ਹਜ਼ੂਰ ਖੜੀਆਂ ਹੋਣ। 6ਜਿਸ ਕੋਲ ਕਾਲੇ ਘੋੜੇ ਹਨ, ਉਹ ਉੱਤਰ ਦੇਸ਼ ਵੱਲ ਜਾ ਰਹੇ ਹਨ, ਇੱਕ ਚਿੱਟੇ ਘੋੜਿਆਂ ਵਾਲਾ ਪੱਛਮ ਵੱਲ ਅਤੇ ਜਿਸ ਕੋਲ ਡੱਬੇ ਘੋੜੇ ਹਨ ਉਹ ਦੱਖਣ ਵੱਲ ਜਾ ਰਹੇ ਹਨ।”
7ਜਦੋਂ ਸ਼ਕਤੀਸ਼ਾਲੀ ਘੋੜੇ ਬਾਹਰ ਚਲੇ ਗਏ, ਤਾਂ ਉਹ ਸਾਰੀ ਧਰਤੀ ਉੱਤੇ ਜਾਣ ਲਈ ਤਣਾਅ ਵਿੱਚ ਸਨ। ਅਤੇ ਉਸਨੇ ਕਿਹਾ, “ਸਾਰੀ ਧਰਤੀ ਉੱਤੇ ਜਾਓ!” ਇਸ ਲਈ ਉਹ ਸਾਰੀ ਧਰਤੀ ਉੱਤੇ ਚਲੇ ਗਏ।
8ਤਦ ਉਸ ਨੇ ਆਵਾਜ਼ ਮਾਰ ਕੇ ਮੈਨੂੰ ਕਿਹਾ, ਵੇਖ, “ਜਿਹੜੇ ਉੱਤਰ ਦੇਸ਼ ਨੂੰ ਜਾਂਦੇ ਹਨ, ਉਹਨਾਂ ਨੇ ਉੱਤਰ ਦੇਸ਼ ਵਿੱਚ ਮੇਰੇ ਆਤਮਾ ਨੂੰ ਸ਼ਾਂਤੀ ਦਿੱਤੀ ਹੈ।”
ਯਹੋਸ਼ੁਆ ਦਾ ਮੁਕਟ
9ਯਾਹਵੇਹ ਦਾ ਵਚਨ ਮੇਰੇ ਕੋਲ ਆਇਆ: 10“ਤੂੰ ਗੁਲਾਮਾਂ ਵਿੱਚੋਂ ਹਲਦਈ, ਤੋਬਿਆਹ ਅਤੇ ਯਦਾਯਾਹ ਨੂੰ ਲੈ ਅਤੇ ਤੂੰ ਅੱਜ ਦੇ ਹੀ ਦਿਨ ਆ ਕੇ ਸਫ਼ਨਯਾਹ ਦੇ ਪੁੱਤਰ ਯੋਸ਼ੀਯਾਹ ਦੇ ਘਰ ਜਾ, ਜਿੱਥੇ ਉਹ ਬਾਬੇਲ ਤੋਂ ਆਏ ਹਨ। 11ਚਾਂਦੀ ਅਤੇ ਸੋਨਾ ਲੈ ਕੇ ਇੱਕ ਮੁਕਟ ਬਣਾ ਕੇ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਮਹਾਂ ਜਾਜਕ ਦੇ ਸਿਰ ਉੱਤੇ ਰੱਖ। 12ਉਸਨੂੰ ਦੱਸੋ ਕਿ ਇਹ ਉਹ ਹੈ ਜੋ ਯਾਹਵੇਹ ਸਰਵਸ਼ਕਤੀਮਾਨ ਆਖਦਾ ਹੈ: ‘ਇਹ ਉਹ ਆਦਮੀ ਹੈ ਜਿਸਦਾ ਨਾਮ ਸ਼ਾਖਾ ਹੈ, ਅਤੇ ਉਹ ਆਪਣੇ ਸਥਾਨ ਤੋਂ ਸ਼ਾਖਾ ਕੱਢੇਗਾ ਅਤੇ ਯਾਹਵੇਹ ਦੀ ਹੈਕਲ ਬਣਾਏਗਾ। 13ਇਹ ਉਹ ਹੈ ਜੋ ਯਾਹਵੇਹ ਦੀ ਹੈਕਲ ਬਣਾਵੇਗਾ ਅਤੇ ਉਹ ਸ਼ਾਨ ਵਾਲਾ ਹੋਵੇਗਾ ਅਤੇ ਆਪਣੇ ਸਿੰਘਾਸਣ ਤੇ ਬੈਠ ਕੇ ਰਾਜ ਕਰੇਗਾ। ਇੱਕ ਜਾਜਕ ਵੀ ਆਪਣੇ ਸਿੰਘਾਸਣ ਉੱਤੇ ਹੋਵੇਗਾ ਅਤੇ ਦੋਹਾਂ ਦੇ ਵਿੱਚ ਸ਼ਾਂਤੀ ਦੀਆਂ ਯੋਜਨਾਵਾਂ ਹੋਣਗੀਆਂ।’ 14ਇਹ ਤਾਜ ਹੇਲਮ, ਤੋਬਿਆਹ, ਯਦਾਯਾਹ ਅਤੇ ਸਫ਼ਨਯਾਹ ਦੇ ਪੁੱਤਰ ਹੇਂਨ ਨੂੰ ਯਾਹਵੇਹ ਦੀ ਹੈਕਲ ਵਿੱਚ ਯਾਦਗਾਰ ਵਜੋਂ ਦਿੱਤਾ ਜਾਵੇਗਾ। 15ਜਿਹੜੇ ਦੂਰ ਹਨ ਉਹ ਆਉਣਗੇ ਅਤੇ ਯਾਹਵੇਹ ਦੀ ਹੈਕਲ ਨੂੰ ਬਣਾਉਣ ਵਿੱਚ ਮਦਦ ਕਰਨਗੇ, ਅਤੇ ਤੁਸੀਂ ਜਾਣੋਗੇ ਕਿ ਯਾਹਵੇਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ। ਇਹ ਉਦੋਂ ਵਾਪਰੇਗਾ ਜੇਕਰ ਤੁਸੀਂ ਪੂਰੇ ਮਨ ਨਾਲ ਆਪਣੇ ਯਾਹਵੇਹ ਦਾ ਹੁਕਮ ਮੰਨੋਗੇ।”