12
ਯੇਰੂਸ਼ਲੇਮ ਦੇ ਦੁਸ਼ਮਣਾਂ ਦਾ ਨਾਸ਼ ਕੀਤਾ ਜਾਵੇਗਾ
1ਇੱਕ ਭਵਿੱਖਬਾਣੀ: ਇਸਰਾਏਲ ਬਾਰੇ ਯਾਹਵੇਹ ਦਾ ਸ਼ਬਦ।
ਯਾਹਵੇਹ, ਜੋ ਅਕਾਸ਼ ਨੂੰ ਫੈਲਾਉਂਦਾ ਹੈ, ਜੋ ਧਰਤੀ ਦੀ ਨੀਂਹ ਰੱਖਦਾ ਹੈ, ਅਤੇ ਜੋ ਇੱਕ ਵਿਅਕਤੀ ਦੇ ਅੰਦਰ ਮਨੁੱਖੀ ਆਤਮਾ ਬਣਾਉਂਦਾ ਹੈ, ਇਹ ਐਲਾਨ ਕਰਦਾ ਹੈ: 2“ਮੈਂ ਯੇਰੂਸ਼ਲੇਮ ਨੂੰ ਇੱਕ ਪਿਆਲਾ ਬਣਾਉਣ ਜਾ ਰਿਹਾ ਹਾਂ ਜੋ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਝੰਜੋੜਦਾ ਹੈ। ਯੇਰੂਸ਼ਲੇਮ ਦੇ ਨਾਲ-ਨਾਲ ਯਹੂਦਾਹ ਨੂੰ ਵੀ ਘੇਰ ਲਿਆ ਜਾਵੇਗਾ। 3ਉਸ ਦਿਨ, ਜਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਵਿਰੁੱਧ ਇਕੱਠੀਆਂ ਹੋਣਗੀਆਂ, ਮੈਂ ਯੇਰੂਸ਼ਲੇਮ ਨੂੰ ਸਾਰੀਆਂ ਕੌਮਾਂ ਲਈ ਇੱਕ ਅਟੱਲ ਚੱਟਾਨ ਬਣਾ ਦਿਆਂਗਾ। ਸਾਰੇ ਜੋ ਇਸ ਨੂੰ ਹਿਲਾਉਣ ਦੀ ਕੋਸ਼ਿਸ਼ ਕਰਦੇ ਹਨ ਉਹ ਆਪਣੇ ਆਪ ਨੂੰ ਜ਼ਖਮੀ ਕਰ ਲੈਣਗੇ। 4ਉਸ ਦਿਨ ਮੈਂ ਹਰ ਘੋੜੇ ਨੂੰ ਘਬਰਾਹਟ ਨਾਲ ਅਤੇ ਉਸਦੇ ਸਵਾਰ ਨੂੰ ਪਾਗਲਪਨ ਨਾਲ ਮਾਰ ਦਿਆਂਗਾ,” ਯਾਹਵੇਹ ਦਾ ਐਲਾਨ ਕਰਦਾ ਹੈ। “ਮੈਂ ਯਹੂਦਾਹ ਉੱਤੇ ਨਿਗਾਹ ਰੱਖਾਂਗਾ, ਪਰ ਮੈਂ ਕੌਮਾਂ ਦੇ ਸਾਰੇ ਘੋੜਿਆਂ ਨੂੰ ਅੰਨ੍ਹਾ ਕਰ ਦਿਆਂਗਾ। 5ਫਿਰ ਯਹੂਦਾਹ ਦੇ ਪਰਿਵਾਰ-ਸਮੂਹ ਆਪਣੇ ਦਿਲਾਂ ਵਿੱਚ ਕਹਿਣਗੇ, ‘ਯੇਰੂਸ਼ਲੇਮ ਦੇ ਲੋਕ ਤਾਕਤਵਰ ਹਨ, ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਉਹਨਾਂ ਦਾ ਪਰਮੇਸ਼ਵਰ ਹੈ।’
6“ਉਸ ਦਿਨ ਮੈਂ ਯਹੂਦਾਹ ਦੇ ਪਰਿਵਾਰ-ਸਮੂਹ ਨੂੰ ਲੱਕੜਾਂ ਦੇ ਢੇਰ ਵਿੱਚ ਅੱਗ ਦੇ ਭਾਂਡੇ ਵਾਂਗੂੰ, ਭਾਂਡੇ ਵਿੱਚ ਬਲਦੀ ਮਸ਼ਾਲ ਵਾਂਗ ਬਣਾ ਦਿਆਂਗਾ। ਉਹ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਸੱਜੇ-ਖੱਬੇ ਭਸਮ ਕਰ ਦੇਣਗੇ, ਪਰ ਯੇਰੂਸ਼ਲੇਮ ਆਪਣੇ ਸਥਾਨ ਉੱਤੇ ਕਾਇਮ ਰਹੇਗਾ।
7“ਯਾਹਵੇਹ ਪਹਿਲਾਂ ਯਹੂਦਾਹ ਦੇ ਘਰਾਂ ਨੂੰ ਬਚਾਵੇਗਾ, ਤਾਂ ਜੋ ਦਾਵੀਦ ਦੇ ਘਰਾਣੇ ਅਤੇ ਯੇਰੂਸ਼ਲੇਮ ਦੇ ਵਾਸੀਆਂ ਦੀ ਇੱਜ਼ਤ ਯਹੂਦਾਹ ਨਾਲੋਂ ਵੱਧ ਨਾ ਹੋਵੇ। 8ਉਸ ਦਿਨ ਯਾਹਵੇਹ ਯੇਰੂਸ਼ਲੇਮ ਵਿੱਚ ਰਹਿਣ ਵਾਲਿਆਂ ਦੀ ਰੱਖਿਆ ਕਰੇਗਾ, ਤਾਂ ਜੋ ਉਹਨਾਂ ਵਿੱਚੋਂ ਸਭ ਤੋਂ ਕਮਜ਼ੋਰ ਦਾਵੀਦ ਵਰਗਾ ਹੋਵੇਗਾ, ਅਤੇ ਦਾਵੀਦ ਦਾ ਘਰਾਣਾ ਪਰਮੇਸ਼ਵਰ ਵਰਗਾ ਹੋਵੇ, ਅਤੇ ਉਨ੍ਹਾਂ ਦੂਤਾਂ ਵਾਂਗੂੰ ਜਿਹੜੇ ਯਹੋਵਾਹ ਦੇ ਅੱਗੇ ਜਾਂਦੇ ਹਨ। 9ਉਸ ਦਿਨ ਮੈਂ ਯੇਰੂਸ਼ਲੇਮ ਉੱਤੇ ਹਮਲਾ ਕਰਨ ਵਾਲੀਆਂ ਸਾਰੀਆਂ ਕੌਮਾਂ ਨੂੰ ਤਬਾਹ ਕਰਨ ਲਈ ਨਿਕਲਾਂਗਾ।
ਵਿੰਨ੍ਹੇ ਹੋਏ ਲਈ ਵਿਰਲਾਪ
10“ਅਤੇ ਮੈਂ ਦਾਵੀਦ ਦੇ ਘਰਾਣੇ ਅਤੇ ਯੇਰੂਸ਼ਲੇਮ ਦੇ ਵਾਸੀਆਂ ਉੱਤੇ ਕਿਰਪਾ ਅਤੇ ਬੇਨਤੀ ਦਾ ਇੱਕ ਆਤਮਾ ਵਹਾਵਾਂਗਾ। ਉਹ ਮੇਰੇ ਵੱਲ ਵੇਖਣਗੇ, ਜਿਸ ਨੂੰ ਉਹਨਾਂ ਨੇ ਵਿੰਨ੍ਹਿਆ ਹੈ, ਅਤੇ ਉਹ ਉਸ ਲਈ ਸੋਗ ਕਰਨਗੇ ਜਿਵੇਂ ਕੋਈ ਇੱਕ ਇਕਲੌਤੇ ਪੁੱਤਰ ਲਈ ਸੋਗ ਕਰਦਾ ਹੈ ਅਤੇ ਉਹ ਦੇ ਲਈ ਉਦਾਸ ਹੋਵੇਗਾ ਜਿਵੇਂ ਕੋਈ ਆਪਣੇ ਜੇਠੇ ਪੁੱਤਰ ਲਈ ਸੋਗ ਕਰਦਾ ਹੈ। 11ਉਸ ਦਿਨ ਯੇਰੂਸ਼ਲੇਮ ਵਿੱਚ ਰੋਣਾ ਮਗਿੱਦੋ ਦੇ ਮੈਦਾਨ ਵਿੱਚ ਹਦਦ-ਰਿਮੋਨ ਦੇ ਰੋਣ ਵਾਂਗ ਹੋਵੇਗਾ। 12ਧਰਤੀ ਸੋਗ ਕਰੇਗੀ, ਹਰੇਕ ਗੋਤ ਆਪੋ-ਆਪਣੀਆਂ ਪਤਨੀਆਂ ਦੇ ਨਾਲ: ਦਾਵੀਦ ਦੇ ਘਰਾਣੇ ਅਤੇ ਉਨ੍ਹਾਂ ਦੀਆਂ ਪਤਨੀਆਂ, ਨਾਥਾਨ ਦੇ ਘਰਾਣੇ ਅਤੇ ਉਨ੍ਹਾਂ ਦੀਆਂ ਪਤਨੀਆਂ, 13ਲੇਵੀ ਦੇ ਘਰਾਣੇ ਦਾ ਗੋਤ ਅਤੇ ਉਨ੍ਹਾਂ ਦੀਆਂ ਪਤਨੀਆਂ, ਸ਼ਿਮਈ ਦੀ ਗੋਤ ਅਤੇ ਉਨ੍ਹਾਂ ਦੀਆਂ ਪਤਨੀਆਂ, 14ਅਤੇ ਬਾਕੀ ਦੇ ਸਾਰੇ ਗੋਤ ਅਤੇ ਉਨ੍ਹਾਂ ਦੀਆਂ ਪਤਨੀਆਂ ਸੋਗ ਕਰਨ।