10
ਯਾਹਵੇਹ ਯਹੂਦਾਹ ਦੀ ਦੇਖਭਾਲ ਕਰੇਗਾ
1ਬਸੰਤ ਰੁੱਤ ਵਿੱਚ ਮੀਂਹ ਲਈ ਯਾਹਵੇਹ ਨੂੰ ਪੁੱਛੋ;
ਇਹ ਯਾਹਵੇਹ ਹੈ ਜੋ ਗਰਜਾਂ ਨੂੰ ਭੇਜਦਾ ਹੈ।
ਉਹ ਸਾਰਿਆਂ ਲੋਕਾਂ ਨੂੰ ਮੀਂਹ ਵਰ੍ਹਾਉਂਦਾ ਹੈ,
ਅਤੇ ਖੇਤ ਦੇ ਬੂਟੇ ਸਾਰਿਆਂ ਨੂੰ ਦਿੰਦਾ ਹੈ।
2ਮੂਰਤੀਆਂ ਛਲ ਬੋਲਦੀਆਂ ਹਨ,
ਝੂਠ ਬੋਲਣ ਵਾਲੇ ਦਰਸ਼ਣ ਦੇਖਦੇ ਹਨ;
ਉਹ ਝੂਠੇ ਸੁਪਨੇ ਦੱਸਦੇ ਹਨ,
ਉਹ ਵਿਅਰਥ ਦਿਲਾਸਾ ਦਿੰਦੇ ਹਨ।
ਇਸ ਲਈ ਲੋਕ ਭੇਡਾਂ ਵਾਂਗ ਭਟਕਦੇ ਹਨ
ਆਜੜੀ ਦੀ ਘਾਟ ਕਾਰਨ ਸਤਾਏ ਜਾਂਦੇ ਹਨ।
3“ਮੇਰਾ ਗੁੱਸਾ ਆਜੜੀਆਂ ਉੱਤੇ ਭੜਕਦਾ ਹੈ,
ਅਤੇ ਮੈਂ ਆਗੂਆਂ ਨੂੰ ਸਜ਼ਾ ਦਿਆਂਗਾ;
ਯਾਹਵੇਹ ਸਰਬਸ਼ਕਤੀਮਾਨ
ਆਪਣੇ ਇੱਜੜ, ਯਹੂਦਾਹ ਦੇ ਲੋਕਾਂ ਦੀ
ਦੇਖਭਾਲ ਕਰੇਗਾ ਅਤੇ ਉਹਨਾਂ ਨੂੰ ਲੜਾਈ ਵਿੱਚ ਇੱਕ ਹੰਕਾਰੀ ਘੋੜੇ ਵਾਂਗ ਬਣਾਵੇਗਾ।
4ਯਹੂਦਾਹ ਤੋਂ ਖੂੰਜੇ ਦਾ ਪੱਥਰ ਆਵੇਗਾ,
ਉਸ ਤੋਂ ਤੰਬੂ ਦੀ ਖੰਭ,
ਉਸ ਤੋਂ ਲੜਾਈ ਦਾ ਧਨੁਸ਼,
ਉਸ ਤੋਂ ਹਰ ਇੱਕ ਹਾਕਮ ਆਵੇਗਾ।
5ਉਹ ਇਕੱਠੇ ਹੋ ਕੇ ਲੜਾਈ ਵਿੱਚ ਯੋਧਿਆਂ ਵਾਂਗ ਹੋਣਗੇ
ਆਪਣੇ ਦੁਸ਼ਮਣ ਨੂੰ ਗਲੀਆਂ ਦੇ ਚਿੱਕੜ ਵਿੱਚ ਮਿੱਧਣਗੇ।
ਉਹ ਲੜਨਗੇ ਕਿਉਂਕਿ ਪ੍ਰਭੂ ਉਹਨਾਂ ਦੇ ਨਾਲ ਹੈ,
ਅਤੇ ਉਹ ਦੁਸ਼ਮਣ ਦੇ ਘੋੜਸਵਾਰਾਂ ਨੂੰ ਸ਼ਰਮਸਾਰ ਕਰ ਦੇਣਗੇ।
6“ਮੈਂ ਯਹੂਦਾਹ ਨੂੰ ਮਜ਼ਬੂਤ ਕਰਾਂਗਾ
ਅਤੇ ਯੋਸੇਫ਼ ਦੇ ਗੋਤਾਂ ਨੂੰ ਬਚਾਵਾਂਗਾ।
ਮੈਂ ਉਹਨਾਂ ਨੂੰ ਬਹਾਲ ਕਰਾਂਗਾ
ਕਿਉਂਕਿ ਮੈਨੂੰ ਉਹਨਾਂ ਉੱਤੇ ਤਰਸ ਆਉਂਦਾ ਹੈ।
ਉਹ ਇਸ ਤਰ੍ਹਾਂ ਹੋਣਗੇ ਜਿਵੇਂ
ਮੈਂ ਉਹਨਾਂ ਨੂੰ ਰੱਦ ਨਹੀਂ ਕੀਤਾ ਸੀ,
ਕਿਉਂਕਿ ਮੈਂ ਉਹਨਾਂ ਦਾ ਪਰਮੇਸ਼ਵਰ ਹਾਂ
ਅਤੇ ਮੈਂ ਉਹਨਾਂ ਨੂੰ ਉੱਤਰ ਦਿਆਂਗਾ।
7ਇਫ਼ਰਾਈਮ ਯੋਧਿਆਂ ਵਾਂਙੁ ਹੋ ਜਾਣਗੇ,
ਅਤੇ ਉਹਨਾਂ ਦੇ ਦਿਲ ਮੈ ਵਾਂਗ ਖੁਸ਼ ਹੋਣਗੇ।
ਉਹਨਾਂ ਦੇ ਬੱਚੇ ਇਸ ਨੂੰ ਵੇਖਣਗੇ ਅਤੇ ਖੁਸ਼ ਹੋਣਗੇ;
ਉਹਨਾਂ ਦੇ ਦਿਲ ਯਾਹਵੇਹ ਵਿੱਚ ਅਨੰਦ ਹੋਣਗੇ।
8ਮੈਂ ਉਹਨਾਂ ਲਈ ਸੰਕੇਤ ਕਰਾਂਗਾ
ਅਤੇ ਉਹਨਾਂ ਨੂੰ ਅੰਦਰ ਇਕੱਠਾ ਕਰਾਂਗਾ।
ਯਕੀਨਨ ਮੈਂ ਉਹਨਾਂ ਨੂੰ ਛੁਡਾਵਾਂਗਾ
ਉਹ ਪਹਿਲਾਂ ਵਾਂਗ ਹੀ ਅਣਗਿਣਤ ਹੋਣਗੇ।
9ਭਾਵੇਂ ਮੈਂ ਉਹਨਾਂ ਨੂੰ ਲੋਕਾਂ ਵਿੱਚ ਖਿਲਾਰ ਦਿਆਂ,
ਪਰ ਦੂਰ-ਦੁਰਾਡੇ ਦੇਸ਼ਾਂ ਵਿੱਚ ਉਹ ਮੈਨੂੰ ਚੇਤੇ ਕਰਨਗੇ।
ਉਹ ਅਤੇ ਉਹਨਾਂ ਦੇ ਬੱਚੇ ਬਚ ਜਾਣਗੇ,
ਅਤੇ ਉਹ ਵਾਪਸ ਆ ਜਾਣਗੇ।
10ਮੈਂ ਉਹਨਾਂ ਨੂੰ ਮਿਸਰ ਤੋਂ ਵਾਪਸ ਲਿਆਵਾਂਗਾ
ਅਤੇ ਅੱਸ਼ੂਰ ਤੋਂ ਉਹਨਾਂ ਨੂੰ ਇਕੱਠਾ ਕਰਾਂਗਾ।
ਮੈਂ ਉਹਨਾਂ ਨੂੰ ਗਿਲਆਦ ਅਤੇ ਲਬਾਨੋਨ ਵਿੱਚ ਲਿਆਵਾਂਗਾ,
ਅਤੇ ਉੱਥੇ ਉਹਨਾਂ ਲਈ ਥਾਂ ਨਹੀਂ ਹੋਵੇਗੀ।
11ਉਹ ਮੁਸੀਬਤ ਦੇ ਸਮੁੰਦਰ ਵਿੱਚੋਂ ਦੀ ਲੰਘਣਗੇ;
ਉੱਗਦਾ ਸਾਗਰ ਆਪਣੇ ਅਧੀਨ ਹੋ ਜਾਵੇਗਾ
ਅਤੇ ਨੀਲ ਨਦੀ ਦੀਆਂ ਸਾਰੀਆਂ ਡੂੰਘਾਈਆਂ ਸੁੱਕ ਜਾਣਗੀਆਂ।
ਅੱਸ਼ੂਰ ਦਾ ਹੰਕਾਰ ਢਾਹਿਆ ਜਾਵੇਗਾ
ਅਤੇ ਮਿਸਰ ਦਾ ਰਾਜ-ਦੰਡ ਖਤਮ ਹੋ ਜਾਵੇਗਾ।
12ਮੈਂ ਉਹਨਾਂ ਨੂੰ ਯਾਹਵੇਹ
ਵਿੱਚ ਮਜ਼ਬੂਤ ਕਰਾਂਗਾ ਅਤੇ ਉਹ ਉਸਦੇ ਨਾਮ ਵਿੱਚ ਸੁਰੱਖਿਅਤ ਰਹਿਣਗੇ,”
ਯਾਹਵੇਹ ਦਾ ਐਲਾਨ ਕਰਦਾ ਹੈ।