Logo YouVersion
Ikona vyhledávání

ਮਾਰਕਸ 7

7
ਅੰਦਰੂਨੀ ਅਸ਼ੁੱਧਤਾ ਦੀ ਸਿੱਖਿਆ
1ਯੇਰੂਸ਼ਲੇਮ ਨਗਰ ਤੋਂ ਫ਼ਰੀਸੀ ਅਤੇ ਕੁਝ ਨੇਮ ਦੇ ਉਪਦੇਸ਼ਕ ਯਿਸ਼ੂ ਕੋਲ ਆ ਕੇ ਇਕੱਠੇ ਹੋਏ। 2ਅਤੇ ਉਹਨਾਂ ਨੇ ਯਿਸ਼ੂ ਦੇ ਕੁਝ ਚੇਲਿਆਂ ਨੂੰ ਬਿਨਾਂ ਹੱਥ ਧੋਤੇ ਰੋਟੀ ਖਾਂਦੇ ਵੇਖਿਆ ਜੋ ਕਿ ਰੀਤ ਅਨੁਸਾਰ ਅਸ਼ੁੱਧ ਸੀ। 3ਸਾਰੇ ਯਹੂਦੀ ਅਤੇ ਵਿਸ਼ੇਸ਼ ਕਰਕੇ ਫ਼ਰੀਸੀ ਉਦੋਂ ਤੱਕ ਨਹੀਂ ਖਾਂਦੇ ਜਦੋਂ ਤੱਕ ਉਹ ਬਜ਼ੁਰਗਾਂ ਦੀ ਰੀਤ ਦੇ ਅਨੁਸਾਰ ਆਪਣੇ ਹੱਥਾਂ ਨੂੰ ਨਾ ਧੋ ਲੈਣ। 4ਜਦੋਂ ਉਹ ਬਾਜ਼ਾਰ ਤੋਂ ਆਉਂਦੇ ਹਨ ਉਹ ਉਦੋਂ ਤੱਕ ਨਹੀਂ ਖਾਂਦੇ ਜਦੋਂ ਤੱਕ ਉਹ ਰੀਤ ਅਨੁਸਾਰ ਹੱਥ ਧੋਕੇ ਸ਼ੁੱਧ ਨਾ ਹੋ ਲੈਣ ਅਤੇ ਹੋਰ ਵੀ ਕਈ ਗੱਲਾਂ ਹਨ ਜਿਹੜੀਆਂ ਉਹਨਾਂ ਨੇ ਮੰਨਣ ਲਈ ਕਬੂਲ ਕੀਤੀਆਂ ਹਨ ਜਿਵੇਂ ਕਟੋਰਿਆਂ, ਘੜਿਆਂ ਅਤੇ ਪਿੱਤਲ ਦੇ ਭਾਂਡਿਆਂ ਦਾ ਧੋਣਾ।
5ਇਸ ਲਈ ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਯਿਸ਼ੂ ਨੂੰ ਪੁੱਛਿਆ, “ਤੁਹਾਡੇ ਚੇਲੇ ਬਜ਼ੁਰਗਾਂ ਦੀ ਰੀਤ ਅਨੁਸਾਰ ਕਿਉਂ ਨਹੀਂ ਚੱਲਦੇ? ਅਤੇ ਗੰਦੇ ਹੱਥਾਂ ਨਾਲ ਖਾਂਦੇ ਹਨ।”
6ਯਿਸ਼ੂ ਨੇ ਜਵਾਬ ਦਿੱਤਾ, “ਹੇ ਪਖੰਡੀਓ ਯਸ਼ਾਯਾਹ ਨੇ ਤੁਹਾਡੇ ਬਾਰੇ ਸਹੀ ਭਵਿੱਖਬਾਣੀ ਕੀਤੀ ਸੀ, ਜਿਵੇਂ ਲਿਖਿਆ ਹੋਇਆ ਹੈ:
“ ‘ਇਹ ਲੋਕ ਆਪਣੇ ਬੁੱਲ੍ਹਾਂ ਤੋਂ ਮੇਰਾ ਆਦਰ ਕਰਦੇ ਹਨ,
ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਦੂਰ ਹਨ।
7ਉਹ ਵਿਅਰਥ ਹੀ ਮੇਰੀ ਮਹਿਮਾ ਕਰਦੇ ਹਨ;
ਉਹ ਮਨੁੱਖਾਂ ਦੇ ਹੁਕਮਾਂਂ ਦੀ ਸਿੱਖਿਆ ਦਿੰਦੇ ਹਨ।’#7:7 ਯਸ਼ਾ 29:13
8ਤੁਸੀਂ ਪਰਮੇਸ਼ਵਰ ਦੇ ਆਦੇਸ਼ ਨੂੰ ਛੱਡ ਦਿੰਦੇ ਹੋ ਅਤੇ ਮਨੁੱਖੀ ਰਸਮਾਂ ਨੂੰ ਮੰਨਦੇ ਹੋ।”
9ਫਿਰ ਯਿਸ਼ੂ ਨੇ ਉਹਨਾਂ ਨੂੰ ਇਹ ਵੀ ਕਿਹਾ, “ਤੁਸੀਂ ਪਰਮੇਸ਼ਵਰ ਦੇ ਹੁਕਮਾਂ ਨੂੰ ਇੱਕ ਪਾਸੇ ਰੱਖ ਕੇ ਆਪਣੀਆਂ ਰਸਮਾਂ ਨੂੰ ਮੰਨਣਾ ਚਾਹੁੰਦੇ ਹੋ। 10ਇਸ ਲਈ ਮੋਸ਼ੇਹ ਨੇ ਕਿਹਾ ਸੀ, ‘ਆਪਣੇ ਪਿਤਾ ਅਤੇ ਮਾਤਾ ਦਾ ਸਤਿਕਾਰ ਕਰਨਾ,’#7:10 ਕੂਚ 20:12; ਬਿਵ 5:16 ਅਤੇ, ‘ਜੇ ਕੋਈ ਆਪਣੇ ਪਿਤਾ ਜਾਂ ਮਾਤਾ ਨੂੰ ਸਰਾਪ ਦੇਵੇ, ਉਹ ਮੌਤ ਦੇ ਘਾਟ ਉਤਾਰਿਆ ਜਾਵੇ।’#7:10 ਕੂਚ 21:17; ਲੇਵਿ 20:9 11ਪਰ ਤੁਸੀਂ ਆਖਦੇ ਹੋ, ‘ਕਿ ਜੇਕਰ ਕੋਈ ਆਪਣੇ ਪਿਤਾ ਜਾਂ ਮਾਤਾ ਨੂੰ ਕਹੇ, ਮੇਰੇ ਵੱਲੋਂ ਤੁਹਾਨੂੰ ਜੋ ਕੁਝ ਲਾਭ ਹੋ ਸਕਦਾ ਸੀ ਉਹ “ਕੁਰਬਾਨ” ਅਰਥਾਤ ਉਹ ਪਰਮੇਸ਼ਵਰ ਨੂੰ ਭੇਂਟ ਚੜ੍ਹਾਇਆ ਗਿਆ ਹੈ।’ 12ਇਸ ਦੁਆਰਾ ਤੁਸੀਂ ਉਸਨੂੰ ਉਸਦੇ ਪਿਤਾ ਅਤੇ ਉਸਦੀ ਮਾਂ ਲਈ ਕੁਝ ਨਹੀਂ ਕਰਨ ਦਿੰਦੇ। 13ਇਸ ਲਈ ਤੁਸੀਂ ਆਪਣੀ ਰੀਤ ਦੁਆਰਾ ਪਰਮੇਸ਼ਵਰ ਦੇ ਵਚਨ ਨੂੰ ਟਾਲ ਦੇ ਹੋ ਜੋ ਤੁਸੀਂ ਹੋਰਨਾਂ ਨੂੰ ਸੌਂਪ ਦਿੱਤਾ ਹੈ ਅਤੇ ਤੁਸੀਂ ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਕਰਦੇ ਹੋ।”
14ਤਦ ਯਿਸ਼ੂ ਨੇ ਭੀੜ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, “ਤੁਸੀਂ ਹਰ ਕੋਈ ਮੇਰੀ ਗੱਲ ਸੁਣੋ ਅਤੇ ਸਮਝੋ। 15ਇਹੋ ਜਿਹੀ ਕੋਈ ਚੀਜ਼ ਨਹੀਂ ਹੈ ਜਿਹੜੀ ਮਨੁੱਖ ਦੇ ਬਾਹਰੋਂ ਉਹ ਦੇ ਅੰਦਰ ਜਾ ਕੇ ਉਹ ਨੂੰ ਅਸ਼ੁੱਧ ਕਰ ਸਕੇ। ਪਰ ਜਿਹੜੀਆਂ ਚੀਜ਼ਾਂ ਉਹ ਦੇ ਅੰਦਰੋਂ ਨਿੱਕਲਦੀਆਂ ਹਨ ਓਹੋ ਉਸ ਨੂੰ ਅਸ਼ੁੱਧ ਕਰਦੀਆਂ ਹਨ। 16ਜਿਸ ਦੇ ਸੁਣਨ ਦੇ ਕੰਨ ਹੋਣ, ਉਹ ਸੁਣੇ।”#7:16 ਕੁਝ ਲਿਖਤਾਂ ਵਿੱਚ ਇਹ ਸ਼ਬਦ ਸ਼ਾਮਲ ਨਹੀਂ ਹਨ।
17ਜਦੋਂ ਉਹ ਭੀੜ ਨੂੰ ਛੱਡ ਕੇ ਘਰ ਦੇ ਅੰਦਰ ਗਏ, ਉਹ ਦੇ ਚੇਲਿਆਂ ਨੇ ਉਸ ਨੂੰ ਇਸ ਦ੍ਰਿਸ਼ਟਾਂਤ ਬਾਰੇ ਪੁੱਛਿਆ। 18ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, “ਕੀ ਤੁਸੀਂ ਅਜਿਹੇ ਨਿਰਬੁੱਧ ਹੋ? ਕੀ ਤੁਸੀਂ ਨਹੀਂ ਸਮਝਦੇ ਕਿ ਜੋ ਕੁਝ ਬਾਹਰੋਂ ਮਨੁੱਖ ਦੇ ਅੰਦਰ ਜਾਂਦਾ ਹੈ ਉਹ ਉਸ ਨੂੰ ਅਸ਼ੁੱਧ ਨਹੀਂ ਕਰ ਸਕਦਾ? 19ਕਿਉਂਕਿ ਭੋਜਨ ਉਹਨਾਂ ਦੇ ਦਿਲ ਵਿੱਚ ਨਹੀਂ ਜਾਂਦਾ, ਪਰ ਉਹਨਾਂ ਦੇ ਪੇਟ ਵਿੱਚ ਜਾਂਦਾ ਹੈ ਅਤੇ ਫਿਰ ਸਰੀਰ ਵਿੱਚੋਂ ਬਾਹਰ ਆਉਂਦਾ ਹੈ।” ਇਸ ਰਾਹੀ, ਯਿਸ਼ੂ ਨੇ ਸਾਰੇ ਭੋਜਨ ਨੂੰ ਸ਼ੁੱਧ ਆਖਿਆ।
20ਉਸ ਨੇ ਅੱਗੇ ਕਿਹਾ: “ਜੋ ਕੁਝ ਮਨੁੱਖ ਦੇ ਵਿੱਚੋਂ ਨਿੱਕਲਦਾ ਹੈ ਉਹੀ ਹੈ ਜੋ ਉਸਨੂੰ ਅਸ਼ੁੱਧ ਬਣਾਉਂਦਾ ਹੈ। 21ਇਹ ਕਿਸੇ ਵਿਅਕਤੀ ਦੇ ਦਿਲ ਵਿੱਚੋਂ ਹੀ ਬੁਰੇ ਖ਼ਿਆਲ, ਹਰਾਮਕਾਰੀ, ਚੋਰੀ, ਖੂਨ, 22ਵਿਭਚਾਰ, ਲਾਲਚ, ਬੁਰਾਈ, ਧੋਖੇ, ਅਸ਼ਲੀਲਤਾ, ਈਰਖਾ, ਬਦਨਾਮੀ, ਹੰਕਾਰ ਅਤੇ ਮੂਰਖਤਾ ਨਿੱਕਲਦੇ ਹਨ। 23ਇਹ ਸਾਰੀਆਂ ਬੁਰਾਈਆਂ ਅੰਦਰੋਂ ਆਉਂਦੀਆਂ ਹਨ ਅਤੇ ਵਿਅਕਤੀ ਨੂੰ ਅਸ਼ੁੱਧ ਕਰਦਿਆਂ ਹਨ।”
ਕਨਾਨਵਾਸੀ ਔਰਤ ਦਾ ਵਿਸ਼ਵਾਸ
24ਯਿਸ਼ੂ ਉਸ ਜਗ੍ਹਾ ਨੂੰ ਛੱਡ ਕੇ ਸੋਰ ਦੀਆਂਂ ਹੱਦਾਂ ਵਿੱਚ ਆਏ, ਉਹ ਇੱਕ ਘਰ ਵਿੱਚ ਦਾਖਲ ਹੋਇਆ ਅਤੇ ਉਹ ਨਹੀਂ ਚਾਹੁੰਦਾ ਸੀ ਕਿ ਕੋਈ ਇਸ ਨੂੰ ਜਾਣੇ; ਫਿਰ ਵੀ ਉਹ ਆਪਣੀ ਮੌਜੂਦਗੀ ਨੂੰ ਗੁਪਤ ਨਹੀਂ ਰੱਖ ਸਕਿਆ। 25ਅਸਲ ਵਿੱਚ, ਉਸ ਬਾਰੇ ਸੁਣਦੇ ਹੀ, ਇੱਕ ਔਰਤ ਜਿਸ ਦੀ ਛੋਟੀ ਜਿਹੀ ਧੀ ਨੂੰ ਦੁਸ਼ਟ ਆਤਮਾ ਚਿੰਬੜੀ ਹੋਈ ਸੀ, ਉਹ ਆਈ ਅਤੇ ਉਸ ਦੇ ਚਰਨਾਂ ਤੇ ਡਿੱਗ ਪਈ। 26ਉਹ ਔਰਤ ਯੂਨਾਨ ਤੋਂ ਸੀ ਅਤੇ ਸੂਰੋਫੈਨਿਕੀ ਵਿੱਚ ਜੰਮੀ ਸੀ। ਉਸਨੇ ਯਿਸ਼ੂ ਨੂੰ ਬੇਨਤੀ ਕੀਤੀ ਕਿ ਉਹ ਉਸਦੀ ਧੀ ਵਿੱਚੋਂ ਦੁਸ਼ਟ ਆਤਮਾ ਨੂੰ ਕੱਢੇ।
27ਯਿਸ਼ੂ ਨੇ ਉਸਨੂੰ ਕਿਹਾ, “ਪਹਿਲਾਂ ਬੱਚਿਆਂ ਨੂੰ ਉਹ ਸਭ ਖਾਣ ਦਿਓ ਜੋ ਉਹ ਚਾਹੁੰਦੇ ਹਨ, ਕਿਉਂਕਿ ਬੱਚਿਆਂ ਦੀ ਰੋਟੀ ਲੈ ਕੇ ਕੁੱਤਿਆਂ ਅੱਗੇ ਸੁੱਟਣਾ ਸਹੀ ਨਹੀਂ ਹੈ।”
28ਉਸਨੇ ਯਿਸ਼ੂ ਨੂੰ ਜਵਾਬ ਦਿੱਤਾ, “ਸੱਚ ਹੈ ਪ੍ਰਭੂ ਜੀ, ਪਰ ਬੱਚਿਆਂ ਦੇ ਮੇਜ਼ ਤੋਂ ਡਿੱਗਣ ਵਾਲੇ ਟੁਕੜਿਆਂ ਨਾਲ ਕੁੱਤੇ ਵੀ ਆਪਣਾ ਪੇਟ ਭਰਦੇ ਹਨ।”
29ਤਦ ਯਿਸ਼ੂ ਨੇ ਉਸਨੂੰ ਕਿਹਾ, “ਆਪਣੇ ਘਰ ਜਾ ਕਿਉਂ ਜੋ ਤੇਰੇ ਇਸ ਜਵਾਬ ਦੇ ਕਾਰਨ ਦੁਸ਼ਟ ਆਤਮਾ ਨੇ ਤੇਰੀ ਧੀ ਨੂੰ ਛੱਡ ਦਿੱਤਾ ਹੈ।”
30ਉਹ ਘਰ ਗਈ ਅਤੇ ਆਪਣੀ ਧੀ ਨੂੰ ਬਿਸਤਰੇ ਤੇ ਪਿਆ ਵੇਖਿਆ ਅਤੇ ਦੁਸ਼ਟ ਆਤਮਾ ਉਸ ਨੂੰ ਛੱਡ ਕੇ ਜਾ ਚੁੱਕੀ ਸੀ।
ਬੋਲ਼ੇ ਅਤੇ ਗੂੰਗੇ ਆਦਮੀ ਦਾ ਚੰਗਾ ਹੋਣਾ
31ਤਦ ਯਿਸ਼ੂ ਸੋਰ ਨੂੰ ਛੱਡ ਅਤੇ ਸਿਦੋਨ ਨੂੰ ਹੁੰਦੇ ਹੋਇਆ ਗਲੀਲ ਦੀ ਝੀਲ ਤੇ ਆਏ ਜੋ ਡੇਕਾਪੋਲਿਸ#7:31 ਡੇਕਾਪੋਲਿਸ ਅਰਥਾਤ ਦਸ ਸ਼ਹਿਰ ਦੇ ਖੇਤਰ ਵਿੱਚ ਸੀ। 32ਕੁਝ ਲੋਕ ਉਸ ਕੋਲ ਇੱਕ ਆਦਮੀ ਨੂੰ ਲਿਆਏ ਜੋ ਕਿ ਬੋਲਾ ਸੀ ਅਤੇ ਮੁਸ਼ਕਿਲ ਨਾਲ ਗੱਲ ਕਰ ਸਕਦਾ ਸੀ ਅਤੇ ਉਹਨਾਂ ਨੇ ਯਿਸ਼ੂ ਨੂੰ ਬੇਨਤੀ ਕੀਤੀ ਕਿ ਉਹ ਉਸ ਉੱਤੇ ਆਪਣਾ ਹੱਥ ਰੱਖੇ।
33ਭੀੜ ਤੋਂ ਦੂਰ ਉਸ ਨੂੰ ਇੱਕ ਪਾਸੇ ਲਿਜਾ ਕੇ ਯਿਸ਼ੂ ਨੇ ਆਪਣੀਆਂ ਉਂਗਲਾਂ ਉਸ ਦੇ ਕੰਨਾਂ ਵਿੱਚ ਪਾਈਆਂ। ਤਦ ਉਸਨੇ ਥੁੱਕਿਆ ਅਤੇ ਉਸਦੀ ਜੀਭ ਨੂੰ ਛੂਹਿਆ। 34ਉਸਨੇ ਅਕਾਸ਼ ਵੱਲ ਵੇਖ ਕੇ ਹਾਉਕਾ ਭਰਿਆ ਅਤੇ ਉਸਨੂੰ ਕਿਹਾ, “ਇਫ਼ਫ਼ਾਥਾ!” ਜਿਸਦਾ ਅਰਥ ਹੈ ਖੁੱਲ੍ਹ ਜਾ! 35ਇਹ ਸੁਣ ਕੇ ਮਨੁੱਖ ਦੇ ਕੰਨ ਖੁਲ੍ਹ ਗਏ, ਉਸਦੀ ਜੀਭ ਦਾ ਅਟਕਣਾ ਜਾਂਦਾ ਰਿਹਾ ਅਤੇ ਉਹ ਸਾਫ਼ ਤੌਰ ਤੇ ਬੋਲਣ ਲੱਗਾ।
36ਯਿਸ਼ੂ ਨੇ ਉਹਨਾਂ ਨੂੰ ਕਿਹਾ ਕਿ ਉਹ ਕਿਸੇ ਨੂੰ ਨਾ ਦੱਸਣ। ਪਰ ਜਿੰਨਾ ਜ਼ਿਆਦਾ ਉਸਨੇ ਅਜਿਹਾ ਕਿਹਾ, ਉਨ੍ਹਾਂ ਜ਼ਿਆਦਾ ਉਹ ਇਸ ਬਾਰੇ ਗੱਲਾਂ ਕਰਦੇ ਰਹੇ। 37ਲੋਕ ਹੈਰਾਨ ਹੋ ਕੇ ਕਹਿਣ ਲੱਗੇ ਕਿ, “ਉਹ ਜੋ ਵੀ ਕਰਦਾ ਹੈ ਸਭ ਕੁਝ ਭਲਾ ਹੀ ਕਰਦਾ ਹੈ, ਉਹ ਬੋਲਿਆਂ ਨੂੰ ਸੁਣਨ ਦੀ ਅਤੇ ਗੂੰਗਿਆਂ ਨੂੰ ਬੋਲਣ ਦੀ ਸ਼ਕਤੀ ਦਿੰਦਾ ਹੈ।”

Právě zvoleno:

ਮਾਰਕਸ 7: PCB

Zvýraznění

Sdílet

Kopírovat

None

Chceš mít své zvýrazněné verše uložené na všech zařízeních? Zaregistruj se nebo se přihlas