Logo YouVersion
Ikona vyhledávání

ਮਾਰਕਸ 13

13
ਹੈਕਲ ਦਾ ਵਿਨਾਸ਼ ਅਤੇ ਅੰਤ ਦੇ ਸਮੇਂ ਦੇ ਚਿੰਨ੍ਹ
1ਜਦੋਂ ਯਿਸ਼ੂ ਹੈਕਲ ਤੋਂ ਬਾਹਰ ਜਾ ਰਿਹਾ ਸੀ ਤਾਂ ਉਸ ਦੇ ਇੱਕ ਚੇਲੇ ਨੇ ਉਹਨਾਂ ਨੂੰ ਕਿਹਾ, “ਗੁਰੂ ਜੀ, ਵੇਖੋ! ਕਿੰਨੇ ਵੱਡੇ ਪੱਥਰਾਂ! ਕਿੰਨੀ ਸ਼ਾਨਦਾਰ ਇਮਾਰਤਾਂ ਹਨ!”
2ਯਿਸ਼ੂ ਨੇ ਜਵਾਬ ਦਿੱਤਾ, “ਕੀ ਤੁਸੀਂ ਇਹ ਸਾਰੀਆਂ ਵੱਡੀਆਂ-ਵੱਡੀਆਂ ਇਮਾਰਤਾਂ ਵੇਖ ਰਹੇ ਹੋ? ਇੱਥੇ ਇੱਕ ਪੱਥਰ ਦੂਜੇ ਪੱਥਰ ਤੇ ਨਹੀਂ ਛੱਡਿਆ ਜਾਵੇਗਾ; ਹਰੇਕ ਨੂੰ ਥੱਲੇ ਸੁੱਟ ਦਿੱਤਾ ਜਾਵੇਗਾ।”
3ਜਦੋਂ ਯਿਸ਼ੂ ਹੈਕਲ ਦੇ ਸਾਹਮਣੇ ਜ਼ੈਤੂਨ ਦੇ ਪਹਾੜ ਉੱਤੇ ਬੈਠੇ ਹੋਏ ਸਨ ਤਾਂ ਪਤਰਸ, ਯਾਕੋਬ, ਯੋਹਨ ਅਤੇ ਆਂਦਰੇਯਾਸ ਨੇ ਉਸ ਕੋਲੋ ਨਿੱਜੀ ਤੌਰ ਤੇ ਆ ਕੇ ਪੁੱਛਿਆ, 4“ਸਾਨੂੰ ਦੱਸੋ, ਇਹ ਸਭ ਕੁਝ ਕਦੋਂ ਹੋਵੇਗਾ? ਅਤੇ ਕੀ ਚਿੰਨ੍ਹ ਹੋਵੇਗਾ ਕਿ ਉਹ ਸਾਰੇ ਪੂਰੇ ਹੋਣ ਵਾਲੇ ਹਨ?”
5ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ: “ਚੌਕਸ ਰਹੋ ਕਿ ਕੋਈ ਤੁਹਾਨੂੰ ਧੋਖਾ ਨਾ ਦੇਵੇ। 6ਬਹੁਤ ਸਾਰੇ ਮੇਰੇ ਨਾਮ ਤੇ ਆਉਣਗੇ, ਅਤੇ ਦਾਅਵਾ ਕਰਨਗੇ, ‘ਮੈਂ ਉਹ ਹਾਂ,’ ਅਤੇ ਬਹੁਤਿਆਂ ਨੂੰ ਧੋਖਾ ਦੇਣਗੇ। 7ਜਦੋਂ ਤੁਸੀਂ ਲੜਾਈਆਂ ਅਤੇ ਲੜਾਈਆਂ ਦੀਆਂਂ ਅਫਵਾਹਾਂ ਬਾਰੇ ਸੁਣੋ, ਤਾਂ ਚਿੰਤਤ ਨਾ ਹੋਣਾ। ਇਹੋ ਜਿਹੀਆਂ ਗੱਲਾਂ ਦਾ ਹੋਣਾ ਜ਼ਰੂਰੀ ਹੈ, ਪਰ ਅਜੇ ਅੰਤ ਨਹੀਂ ਹੋਵੇਗਾ। 8ਰਾਸ਼ਟਰ-ਰਾਸ਼ਟਰ ਦੇ ਵਿਰੁੱਧ, ਅਤੇ ਰਾਜ-ਰਾਜ ਦੇ ਵਿਰੁੱਧ ਉੱਠੇਗਾ। ਅਤੇ ਥਾਂ-ਥਾਂ ਭੁਚਾਲ ਆਉਣਗੇ ਅਤੇ ਕਾਲ ਪੈਣਗੇ। ਇਹ ਸਭ ਘਟਨਾਵਾਂ ਪੀੜਾਂ ਦਾ ਅਰੰਭ ਹੋਣਗੀਆਂ।
9“ਤੁਸੀਂ ਸਾਵਧਾਨ ਹੋ ਜਾਓ। ਤੁਹਾਨੂੰ ਅਦਾਲਤਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਅਤੇ ਪ੍ਰਾਰਥਨਾ ਸਥਾਨਾਂ ਵਿੱਚ ਕੋਰੜੇ ਮਾਰੇ ਜਾਣਗੇ। ਤੁਹਾਨੂੰ ਮੇਰੇ ਨਾਮ ਦੇ ਕਾਰਨ ਰਾਜਪਾਲਾਂ ਅਤੇ ਰਾਜਿਆਂ ਦੇ ਸਾਹਮਣੇ ਗਵਾਹ ਬਣ ਕੇ ਖੜ੍ਹਾ ਕੀਤਾ ਜਾਵੇਗਾ। 10ਅਤੇ ਇਸ ਤੋਂ ਪਹਿਲਾਂ ਸਾਰੀਆਂ ਕੌਮਾਂ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇ। 11ਜਦੋਂ ਤੁਹਾਨੂੰ ਬੰਦੀ ਬਣਾਇਆ ਜਾਵੇ ਅਤੇ ਤੁਹਾਡੇ ਉੱਤੇ ਮਕੱਦਮਾ ਚਲਾਇਆ ਜਾਵੇ ਤਾਂ ਤੁਸੀਂ ਚਿੰਤਾ ਨਾ ਕਰਨਾ ਕਿ ਤੁਸੀਂ ਕੀ ਬੋਲਾਂਗੇ ਪਰ ਜੋ ਕੁਝ ਉਸ ਸਮੇਂ ਤੁਹਾਨੂੰ ਦਿੱਤਾ ਜਾਵੇ ਉਹ ਹੀ ਬੋਲਣਾ ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ ਪਰ ਪਵਿੱਤਰ ਆਤਮਾ ਹੋਵੇਗਾ।
12“ਭਰਾ ਆਪਣੇ ਭਰਾ ਨੂੰ ਅਤੇ ਪਿਤਾ ਆਪਣੇ ਪੁੱਤਰ ਨੂੰ ਮੌਤ ਲਈ ਫੜਵਾਏਗਾ; ਅਤੇ ਬੱਚੇ ਆਪਣੇ ਮਾਂ-ਪਿਉ ਦੇ ਵਿਰੁੱਧ ਉੱਠ ਖੜ੍ਹੇ ਹੋਣਗੇ ਅਤੇ ਉਹਨਾਂ ਨੂੰ ਮਰਵਾ ਦੇਣਗੇ। 13ਮੇਰੇ ਨਾਮ ਦੇ ਕਾਰਨ ਹਰ ਕੋਈ ਤੁਹਾਡੇ ਨਾਲ ਨਫ਼ਰਤ ਕਰੇਂਗਾ, ਪਰ ਉਹ ਜਿਹੜਾ ਅੰਤ ਤੱਕ ਵਿਸ਼ਵਾਸ ਵਿੱਚ ਕਾਇਮ ਰਹੇਗਾ ਉਹ ਹੀ ਬਚਾਇਆ ਜਾਵੇਗਾ।
14“ਜਦੋਂ ਤੁਸੀਂ, ‘ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਉੱਥੇ ਖੜੇ ਵੇਖੋ,’#13:14 ਦਾਨੀ 9:27; 11:31; 12:11 ਜਿੱਥੇ ਨਹੀਂ ਹੋਣੀ ਚਾਹੀਦੀ, ਪੜ੍ਹਨ ਵਾਲਾ ਸਮਝ ਲਵੇ, ਤਦ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ। 15ਜਿਹੜਾ ਛੱਤ ਉੱਤੇ ਹੋਵੇ ਉਹ ਆਪਣੇ ਘਰ ਵਿੱਚੋਂ ਸਮਾਨ ਲੈਣ ਨੂੰ ਹੇਠਾਂ ਨਾ ਉੱਤਰੇ। 16ਅਤੇ ਜਿਹੜਾ ਖੇਤ ਵਿੱਚ ਹੋਵੇ ਉਹ ਆਪਣੇ ਕੱਪੜੇ ਲੈਣ ਨੂੰ ਪਿੱਛੇ ਨਾ ਮੁੜੇ। 17ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਲਈ ਇਹ ਦਿਨ ਕਿੰਨੇ ਭਿਆਨਕ ਹੋਣਗੇ! 18ਪ੍ਰਾਰਥਨਾ ਕਰੋ ਕਿ ਇਹ ਸਰਦੀਆਂ ਵਿੱਚ ਨਾ ਵਾਪਰੇ, 19ਕਿਉਂਕਿ ਉਹਨਾਂ ਦਿਨਾਂ ਵਿੱਚ ਇੰਨੀਆਂ ਮੁਸੀਬਤਾਂ ਹੋਣਗੀਆਂ, ਜਦੋਂ ਤੋਂ ਪਰਮੇਸ਼ਵਰ ਨੇ ਸੰਸਾਰ ਨੂੰ ਬਣਾਇਆ, ਉਦੋਂ ਤੋਂ ਲੈ ਕੇ ਹੁਣ ਤੱਕ ਅਤੇ ਇਸ ਤਰ੍ਹਾਂ ਫਿਰ ਕਦੇ ਵੀ ਨਹੀਂ ਹੋਵੇਗਾ।
20“ਜੇ ਪ੍ਰਭੂ ਦੁਆਰਾ ਉਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਵੀ ਆਦਮੀ ਨਾ ਬਚਦਾ। ਪਰ ਚੁਣਿਆ ਹੋਇਆ ਦੇ ਕਾਰਨ, ਜਿਸ ਨੂੰ ਉਸ ਨੇ ਚੁਣਿਆ ਹੈ, ਉਸ ਨੇ ਉਹ ਦਿਨ ਘਟਾ ਦਿੱਤੇ ਹਨ। 21ਉਸ ਸਮੇਂ ਜੇ ਕੋਈ ਤੁਹਾਨੂੰ ਕਹੇ, ‘ਦੇਖੋ, ਮਸੀਹ ਇੱਥੇ ਹੈ!’ ਜਾਂ, ‘ਦੇਖੋ, ਉਹ ਉੱਥੇ ਹੈ!’ ਇਸ ਤੇ ਵਿਸ਼ਵਾਸ ਨਾ ਕਰਨਾ। 22ਕਿਉਂਕਿ ਬਹੁਤ ਸਾਰੇ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਉਹ ਚਿੰਨ੍ਹ ਅਤੇ ਅਚਰਜ਼ ਕੰਮ ਵਿਖਾਉਣਗੇ ਜੇ ਹੋ ਸਕੇ, ਤਾਂ ਉਹ ਪਰਮੇਸ਼ਵਰ ਦੇ ਚੁਣਿਆ ਹੋਇਆ ਨੂੰ ਵੀ ਭਰਮਾ ਲੈਣਗੇ। 23ਤਾਂ ਸਾਵਧਾਨ ਰਹੋ; ਮੈਂ ਤੁਹਾਨੂੰ ਸਭ ਕੁਝ ਪਹਿਲਾਂ ਹੀ ਦੱਸ ਦਿੱਤਾ ਹੈ।
24“ਪਰ ਉਹਨਾਂ ਦਿਨਾਂ ਵਿੱਚ, ਇਸ ਪਰੇਸ਼ਾਨੀ ਦੇ ਬਾਅਦ,
“ ‘ਸੂਰਜ ਹਨੇਰਾ ਹੋ ਜਾਵੇਗਾ,
ਅਤੇ ਚੰਦਰਮਾ ਆਪਣੀ ਰੋਸ਼ਨੀ ਨਹੀਂ ਦੇਵੇਗਾ;#13:24 ਯਸ਼ਾ 13:10
25ਤਾਰੇ ਅਕਾਸ਼ ਤੋਂ ਡਿੱਗ ਪੈਣਗੇ,
ਅਤੇ ਅਕਾਸ਼ ਦੀਆਂਂ ਸ਼ਕਤੀਆਂ ਹਿਲਾਈਆਂ ਜਾਣਗੀਆਂ।#13:25 ਯਸ਼ਾ 34:4
26“ਉਸ ਵੇਲੇ ਲੋਕ ਮਨੁੱਖ ਦੇ ਪੁੱਤਰ ਨੂੰ ਬੱਦਲਾਂ ਵਿੱਚ ਵੱਡੀ ਸ਼ਕਤੀ ਅਤੇ ਮਹਿਮਾ ਨਾਲ ਆਉਂਦਿਆਂ ਵੇਖਣਗੇ। 27ਅਤੇ ਉਹ ਆਪਣੇ ਦੂਤਾਂ ਨੂੰ ਭੇਜੇਗਾ ਅਤੇ ਆਪਣੇ ਚੁਣੇ ਹੋਏ ਲੋਕਾਂ ਨੂੰ ਚਾਰੇ ਛੋਰ ਤੋਂ ਇਕੱਠਾ ਕਰੇਗਾ, ਧਰਤੀ ਦੇ ਸਿਰੇ ਤੋਂ ਅਕਾਸ਼ ਦੇ ਸਿਰੇ ਤੱਕ।
28“ਹੁਣ ਹੰਜ਼ੀਰ ਦੇ ਰੁੱਖ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ: ਜਿਵੇਂ ਹੀ ਇਸ ਦੀਆਂਂ ਟਾਹਣੀਆ ਕੋਮਲ ਹੋ ਜਾਂਦੀਆਂ ਹਨ, ਅਤੇ ਪੱਤੇ ਨਿੱਕਲਦੇ ਹਨ, ਤੁਸੀਂ ਜਾਣ ਲੈਂਦੇ ਹੋ ਕਿ ਗਰਮੀ ਦੀ ਰੁੱਤ ਨੇੜੇ ਹੈ। 29ਇਸੇ ਤਰ੍ਹਾਂ, ਜਦੋਂ ਤੁਸੀਂ ਇਹ ਸਭ ਕੁਝ ਹੁੰਦਾ ਵੇਖੋ, ਤਾਂ ਤੁਸੀਂ ਜਾਣ ਲਓ ਕਿ ਮਨੁੱਖ ਦੇ ਪੁੱਤਰ ਦਾ ਆਉਣਾ ਨੇੜੇ ਹੈ, ਸਗੋਂ ਦਰਵਾਜ਼ੇ ਉੱਤੇ ਹੈ। 30ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜਦੋਂ ਤੱਕ ਇਹ ਸਭ ਗੱਲਾਂ ਨਾ ਹੋ ਜਾਣ ਇਸ ਪੀੜ੍ਹੀ ਦਾ ਅੰਤ ਨਹੀਂ ਹੋਵੇਗਾ। 31ਸਵਰਗ ਅਤੇ ਧਰਤੀ ਟਲ ਜਾਣਗੇ, ਪਰ ਮੇਰੇ ਵਚਨ ਕਦੇ ਵੀ ਨਹੀਂ ਟਲਣਗੇ।
ਅਣਜਾਣ ਦਿਨ ਅਤੇ ਸਮੇਂ
32“ਪਰ ਉਸ ਦਿਨ ਜਾਂ ਸਮੇਂ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗ ਵਿੱਚ ਦੂਤ ਅਤੇ ਨਾ ਹੀ ਪੁੱਤਰ, ਪਰ ਸਿਰਫ ਪਿਤਾ ਜਾਣਦਾ ਹੈ। 33ਖਬ਼ਰਦਾਰ! ਜਾਗਦੇ ਰਹੋ ਤੁਸੀਂ ਨਹੀਂ ਜਾਣਦੇ ਕਿ ਉਹ ਸਮਾਂ ਕਦੋਂ ਆਵੇਗਾ। 34ਇਹ ਗੱਲ ਇੱਕ ਪ੍ਰਦੇਸ ਜਾ ਰਹੇ ਆਦਮੀ ਵਰਗੀ ਹੈ: ਜਿਸ ਨੇ ਘਰੋਂ ਜਾਂਦੇ ਸਮੇਂ ਆਪਣੇ ਘਰ ਨੂੰ ਆਪਣੇ ਨੌਕਰਾਂ ਹਵਾਲੇ ਕਰ ਦਿੱਤਾ ਅਤੇ ਆਪਣੇ ਹਰੇਕ ਨੌਕਰ ਨੂੰ ਉਸ ਦਾ ਕੰਮ ਸੌਂਪ ਦਿੱਤਾ, ਅਤੇ ਦਰਬਾਨ ਨੂੰ ਜਾਗਦੇ ਰਹਿਣ ਦਾ ਹੁਕਮ ਦਿੱਤਾ।
35“ਇਸ ਲਈ ਜਾਗਦੇ ਰਹੋ ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਘਰ ਦਾ ਮਾਲਕ ਕਦੋਂ ਵਾਪਸ ਆਵੇਗਾ ਚਾਹੇ ਸ਼ਾਮ ਨੂੰ, ਜਾਂ ਅੱਧੀ ਰਾਤ ਨੂੰ, ਜਾਂ ਕੁੱਕੜ ਦੇ ਬਾਂਗ ਦੇਣ ਵੇਲੇ। 36ਤਾਂ ਅਜਿਹਾ ਨਾ ਹੋਵੇ ਜੋ ਉਹ ਅਚਾਨਕ ਆਣ ਕੇ ਤੁਹਾਨੂੰ ਸੁੱਤਾ ਪਾਵੇ 37ਮੈਂ ਤੁਹਾਨੂੰ ਜੋ ਕਹਿੰਦਾ ਹਾਂ, ਮੈਂ ਹਰ ਇੱਕ ਨੂੰ ਕਹਿੰਦਾ ਹਾਂ: ‘ਜਾਗਦੇ ਰਹੋ।’ ”

Právě zvoleno:

ਮਾਰਕਸ 13: PCB

Zvýraznění

Sdílet

Kopírovat

None

Chceš mít své zvýrazněné verše uložené na všech zařízeních? Zaregistruj se nebo se přihlas