3
ਆਗੂਆਂ ਅਤੇ ਨਬੀਆਂ ਨੂੰ ਝਿੜਕ
1ਤਦ ਮੈਂ ਆਖਿਆ,
“ਹੇ ਯਾਕੋਬ ਦੇ ਆਗੂਓ,
ਅਤੇ ਹੇ ਇਸਰਾਏਲ ਦੇ ਘਰਾਣੇ ਦੇ ਹਾਕਮੋ, ਸੁਣੋ।
ਕੀ ਤੁਹਾਨੂੰ ਨਿਆਂ ਨੂੰ ਗਲੇ ਨਹੀਂ ਲਗਾਉਣਾ ਚਾਹੀਦਾ,
2ਤੁਸੀਂ ਜਿਹੜੇ ਭਲਿਆਈ ਨਾਲ ਨਫ਼ਰਤ ਕਰਦੇ ਹੋ, ਅਤੇ ਬੁਰਿਆਈ ਨੂੰ ਪਿਆਰ ਕਰਦੇ ਹੋ।
ਤੁਸੀਂ ਜੋ ਉਹਨਾਂ ਦੇ ਸਰੀਰਾਂ ਤੋਂ ਉਹਨਾਂ ਦੀ ਚਮੜੀ,
ਅਤੇ ਉਹਨਾਂ ਦੀ ਹੱਡੀਆਂ ਤੋਂ ਉਹਨਾਂ ਦਾ ਮਾਸ ਨੋਚਦੇ ਹੋ;
3ਜਿਹੜੇ ਮੇਰੀ ਪਰਜਾ ਦਾ ਮਾਸ ਖਾਂਦੇ ਹਨ,
ਉਨ੍ਹਾਂ ਦੀ ਚਮੜੀ ਲਾਹ ਦਿੰਦੇ ਹਨ ਅਤੇ ਉਨ੍ਹਾਂ ਦੀਆਂ ਹੱਡੀਆਂ ਨੂੰ ਤੋੜ ਦਿੰਦੇ ਹਨ।
ਤੁਸੀਂ ਉਨ੍ਹਾਂ ਨੂੰ ਕੜਾਹੀ ਵਿੱਚ ਪਕਾਏ ਹੋਏ ਮਾਸ
ਜਾਂ ਭਾਂਡੇ ਵਿੱਚ ਰੱਖੇ ਮਾਸ ਵਾਂਗ ਕੱਟਦੇ ਹੋ?”
4ਤਦ ਉਹ ਯਾਹਵੇਹ ਨੂੰ ਪੁਕਾਰਣਗੇ,
ਪਰ ਉਹ ਉਨ੍ਹਾਂ ਨੂੰ ਉੱਤਰ ਨਾ ਦੇਵੇਗਾ।
ਉਸ ਵੇਲੇ ਉਨ੍ਹਾਂ ਦੀ ਕੀਤੀ ਬਦੀ ਦੇ ਕਾਰਨ
ਉਹ ਆਪਣਾ ਮੂੰਹ ਉਨ੍ਹਾਂ ਤੋਂ ਲੁਕਾ ਲਵੇਗਾ।
5ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ:
“ਉਨ੍ਹਾਂ ਨਬੀਆਂ ਬਾਰੇ
ਜੋ ਮੇਰੀ ਪਰਜਾ ਨੂੰ ਕੁਰਾਹੇ ਪਾਉਂਦੇ ਹਨ,
ਜੇਕਰ ਉਨ੍ਹਾਂ ਨੂੰ ਖਾਣ ਲਈ ਕੁਝ ਮਿਲਦਾ ਹੈ,
ਤਾਂ ਉਹ ਸ਼ਾਂਤੀ ਦਾ ਐਲਾਨ ਕਰਦੇ ਹਨ,
ਪਰ ਜੋ ਕੋਈ ਕੁਝ ਖਾਣ ਨੂੰ ਨਹੀਂ ਦਿੰਦਾ,
ਉਸ ਦੇ ਵਿਰੁੱਧ ਉਹ ਲੜਾਈ ਦੀ ਤਿਆਰੀ ਕਰਦੇ ਹਨ।
6ਇਸ ਕਾਰਨ ਤੁਹਾਡੇ ਉੱਤੇ ਬਿਨ੍ਹਾਂ ਦਰਸ਼ਣ ਦੀ ਰਾਤ ਆਵੇਗੀ,
ਅਤੇ ਅਜਿਹਾ ਹਨ੍ਹੇਰਾ ਆਵੇਗਾ ਕਿ ਤੁਸੀਂ ਭਵਿੱਖ ਨਾ ਦੱਸ ਸਕੋਗੇ,
ਨਬੀਆਂ ਲਈ ਸੂਰਜ ਡੁੱਬ ਜਾਵੇਗਾ,
ਅਤੇ ਦਿਨ ਉਨ੍ਹਾਂ ਲਈ ਹਨੇਰਾ ਹੋ ਜਾਵੇਗਾ।
7ਦਰਸ਼ਣ ਦੇਖਣ ਵਾਲੇ ਸ਼ਰਮਿੰਦਾ ਹੋਣਗੇ
ਅਤੇ ਭਵਿੱਖ ਦੱਸਣ ਵਾਲਿਆਂ ਦੇ ਮੂੰਹ ਕਾਲੇ ਹੋ ਜਾਣਗੇ,
ਉਹ ਸਾਰੇ ਆਪਣੇ ਮੂੰਹ ਢੱਕ ਲੈਣਗੇ
ਕਿਉਂਕਿ ਪਰਮੇਸ਼ਵਰ ਵੱਲੋਂ ਕੋਈ ਜਵਾਬ ਨਹੀਂ ਹੈ।”
8ਪਰ ਮੈਂ ਤਾਂ ਯਾਹਵੇਹ ਦੇ ਆਤਮਾ ਦੇ ਰਾਹੀਂ,
ਬਲ, ਨਿਆਂ ਅਤੇ ਸ਼ਕਤੀ ਨਾਲ ਭਰਪੂਰ ਹਾਂ,
ਤਾਂ ਜੋ ਮੈਂ ਯਾਕੋਬ ਨੂੰ ਉਹ ਦਾ ਅਪਰਾਧ,
ਅਤੇ ਇਸਰਾਏਲ ਨੂੰ ਉਹ ਦਾ ਪਾਪ ਦੱਸਾਂ।
9ਹੇ ਯਾਕੋਬ ਦੇ ਆਗੂਓ,
ਹੇ ਇਸਰਾਏਲ ਦੇ ਘਰਾਣੇ ਦੇ ਹਾਕਮੋ, ਇਹ ਸੁਣੋ,
ਜੋ ਨਿਆਂ ਨੂੰ ਤੁੱਛ ਸਮਝਦੇ ਹਨ
ਅਤੇ ਸਭ ਕੁਝ ਜੋ ਸਹੀ ਹੈ ਉਸਨੂੰ ਵਿਗਾੜਦੇ ਹਨ।
10ਜਿਨ੍ਹਾਂ ਨੇ ਸੀਯੋਨ ਨੂੰ ਖ਼ੂਨ ਨਾਲ,
ਅਤੇ ਯੇਰੂਸ਼ਲੇਮ ਨੂੰ ਬੁਰਿਆਈ ਨਾਲ ਬਣਾਇਆ।
11ਉਸ ਦੇ ਆਗੂ ਰਿਸ਼ਵਤ ਲੈ ਕੇ ਨਿਆਂ ਕਰਦੇ ਹਨ,
ਉਸ ਦੇ ਜਾਜਕ ਮੁੱਲ ਲਈ ਸਿੱਖਿਆ ਦਿੰਦੇ ਹਨ,
ਅਤੇ ਉਸ ਦੇ ਨਬੀ ਪੈਸੇ ਲੈ ਕੇ ਭਵਿੱਖ ਦੱਸਦੇ ਹਨ।
ਫਿਰ ਵੀ ਉਹ ਯਾਹਵੇਹ ਦਾ ਆਸਰਾ ਲੱਭਦੇ ਹਨ ਅਤੇ ਕਹਿੰਦੇ ਹਨ,
“ਕੀ ਯਾਹਵੇਹ ਸਾਡੇ ਵਿੱਚ ਨਹੀਂ ਹੈ?
ਸਾਡੇ ਉੱਤੇ ਕੋਈ ਬਿਪਤਾ ਨਹੀਂ ਆਵੇਗੀ।”
12ਇਸ ਲਈ ਤੁਹਾਡੇ ਕਾਰਨ,
ਸੀਯੋਨ ਖੇਤ ਵਾਂਗ ਵਾਹਿਆ ਜਾਵੇਗਾ,
ਯੇਰੂਸ਼ਲੇਮ ਮਲਬੇ ਦਾ ਇੱਕ ਢੇਰ ਬਣ ਜਾਵੇਗਾ।
ਅਤੇ ਇਸ ਭਵਨ ਦਾ ਪਰਬਤ ਜੰਗਲੀ ਉਚਿਆਈ ਵਰਗਾ ਹੋ ਜਾਵੇਗਾ।