9
ਅਧਰੰਗੀ ਨੂੰ ਚੰਗਾ ਕਰਨਾ
1ਯਿਸ਼ੂ ਕਿਸ਼ਤੀ ਉੱਤੇ ਚੜ੍ਹ ਕੇ ਪਾਰ ਲੰਘੇ ਅਤੇ ਆਪਣੇ ਨਗਰ ਵੱਲ ਆਏ। 2ਤਾਂ ਕੁਝ ਲੋਕ ਇੱਕ ਅਧਰੰਗੀ ਨੂੰ ਮੰਜੀ ਉੱਤੇ ਪਾ ਕੇ ਉਸ ਕੋਲ ਲੈ ਕੇ ਆਏ, ਯਿਸ਼ੂ ਨੇ ਉਹਨਾਂ ਦੇ ਵਿਸ਼ਵਾਸ ਨੂੰ ਵੇਖ ਕੇ, ਉਸ ਅਧਰੰਗੀ ਨੂੰ ਕਿਹਾ, “ਹੇ ਪੁੱਤਰ, ਹੌਸਲਾ ਰੱਖ; ਤੇਰੇ ਪਾਪ ਮਾਫ਼ ਹੋ ਚੁੱਕੇ ਹਨ।”
3ਤਾਂ ਕੁਝ ਧਰਮ ਦੇ ਉਪਦੇਸ਼ਕਾ ਨੇ ਆਪਣੇ ਮਨ ਵਿੱਚ ਕਿਹਾ, “ਇਹ ਵਿਅਕਤੀ ਪਰਮੇਸ਼ਵਰ ਦੀ ਨਿੰਦਿਆ ਕਰਦਾ ਹੈ!”
4ਅਤੇ ਉਹਨਾਂ ਦੇ ਮਨਾਂ ਦੇ ਵਿਚਾਰਾਂ ਨੂੰ ਜਾਣ ਕੇ ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਕਿਉਂ ਆਪਣੇ ਮਨਾਂ ਵਿੱਚ ਬੁਰੇ ਵਿਚਾਰ ਕਰਦੇ ਹੋ? 5ਕਿਹੜੀ ਗੱਲ ਕਹਿਣੀ ਸੌਖੀ ਹੈ: ਇਹ ਆਖਣਾ, ‘ਤੇਰੇ ਪਾਪ ਮਾਫ਼ ਹੋਏ’ ਜਾਂ ਇਹ ਆਖਣਾ ‘ਉੱਠ ਅਤੇ ਤੁਰ?’ 6ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।” ਫਿਰ ਯਿਸ਼ੂ ਨੇ ਅਧਰੰਗੀ ਨੂੰ ਕਿਹਾ, “ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਚਲਾ ਜਾ।” 7ਤਦ ਉਹ ਮਨੁੱਖ ਉੱਠਿਆ ਅਤੇ ਆਪਣੇ ਘਰ ਚਲਾ ਗਿਆ। 8ਜਦ ਭੀੜ ਨੇ ਇਹ ਸਭ ਵੇਖਿਆ, ਤਾਂ ਉਹ ਡਰ ਗਏ; ਅਤੇ ਪਰਮੇਸ਼ਵਰ ਦੀ ਵਡਿਆਈ ਕੀਤੀ, ਕਿਸਨੇ ਮਨੁੱਖ ਨੂੰ ਅਜਿਹਾ ਅਧਿਕਾਰ ਦਿੱਤਾ ਹੈ।
ਮੱਤੀਯਾਹ ਦਾ ਬੁਲਾਇਆ ਜਾਣਾ
9ਜਦੋਂ ਯਿਸ਼ੂ ਉੱਥੋਂ ਅੱਗੇ ਗਏ, ਤਾਂ ਉਹਨਾਂ ਨੇ ਇੱਕ ਮੱਤੀਯਾਹ ਨਾਮ ਦੇ ਆਦਮੀ ਨੂੰ ਚੁੰਗੀ ਲੈਣ ਵਾਲੀ ਚੌਕੀ#9:9 ਚੁੰਗੀ ਲੈਣ ਵਾਲੀ ਚੌਕੀ ਅਰਥਾਤ ਟੈਕਸ ਕੁਲੈਕਟਰ ਦਾ ਬੂਥ ਉੱਤੇ ਬੈਠਾ ਵੇਖਿਆ। ਯਿਸ਼ੂ ਨੇ ਉਸ ਨੂੰ ਕਿਹਾ, “ਮੇਰੇ ਮਗਰ ਚੱਲ,” ਅਤੇ ਮੱਤੀਯਾਹ ਉੱਠਿਆ ਅਤੇ ਉਸਦੇ ਮਗਰ ਤੁਰ ਪਿਆ।
10ਜਦੋਂ ਯਿਸ਼ੂ ਮੱਤੀਯਾਹ ਦੇ ਘਰ ਭੋਜਨ ਖਾ ਰਹੇ ਸਨ, ਤਾਂ ਬਹੁਤ ਸਾਰੇ ਚੁੰਗੀ ਲੈਣ ਵਾਲੇ ਅਤੇ ਪਾਪੀ ਵਿਅਕਤੀ ਵੀ ਆਏ, ਯਿਸ਼ੂ ਅਤੇ ਉਹ ਦੇ ਚੇਲਿਆਂ ਨਾਲ ਖਾਣਾ ਖਾਧਾ। 11ਜਦੋਂ ਕੁਝ ਫ਼ਰੀਸੀਆਂ ਨੇ ਇਹ ਵੇਖਿਆ ਤਾਂ ਉਹਨਾਂ ਨੇ ਉਸਦੇ ਚੇਲਿਆਂ ਨੂੰ ਪੁੱਛਿਆ, “ਤੁਹਾਡਾ ਗੁਰੂ ਚੁੰਗੀ#9:11 ਚੁੰਗੀ ਲੈਣ ਵਾਲਿਆਂ ਦਾ ਜ਼ਿਆਦਾਤਰ ਕੰਮ ਪਰਾਈਆਂ ਕੌਮਾਂ ਦੇ ਵਿੱਚ ਹੁੰਦਾ ਸੀ ਜਿਸ ਕਰਕੇ ਉਹਨਾਂ ਨੂੰ ਪਾਪੀ ਸਮਝਿਆ ਜਾਂਦਾ ਸੀ। ਲੈਣ ਵਾਲਿਆਂ ਅਤੇ ਪਾਪੀਆਂ ਨਾਲ ਕਿਉਂ ਖਾਂਦਾ ਹੈ?”
12ਇਹ ਸੁਣ ਕੇ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਤੰਦਰੁਸਤਾਂ ਨੂੰ ਨਹੀਂ ਪਰ ਰੋਗੀਆਂ ਨੂੰ ਵੈਦ#9:12 ਵੈਦ ਮਤਲਬ ਡਾਕਟਰ ਦੀ ਜ਼ਰੂਰਤ ਹੁੰਦੀ ਹੈ। 13ਪਰ ਜਾਓ ਅਤੇ ਇਸਦਾ ਅਰਥ ਸਿੱਖੋ: ‘ਮੈਂ ਬਲੀਦਾਨ ਨੂੰ ਨਹੀਂ, ਸਗੋਂ ਦਯਾ ਦੀ ਇੱਛਾ ਰੱਖਦਾ ਹਾਂ।’#9:13 ਹੋਸ਼ੇ 6:6 ਕਿਉਂਕਿ ਮੈਂ ਧਰਮੀਆਂ ਨੂੰ ਨਹੀਂ ਬਲਕਿ ਪਾਪੀਆਂ ਨੂੰ ਬੁਲਾਉਣ ਆਇਆ ਹਾਂ।”
ਵਰਤ ਦੇ ਬਾਰੇ ਪ੍ਰਸ਼ਨ
14ਫਿਰ ਯੋਹਨ ਦੇ ਚੇਲੇ ਯਿਸ਼ੂ ਦੇ ਕੋਲ ਆਏ ਅਤੇ ਉਸ ਤੋਂ ਪੁੱਛਿਆ, “ਇਸ ਦਾ ਕੀ ਕਾਰਨ ਹੈ, ਅਜਿਹਾ ਕਿਉਂ ਹੈ ਕਿ ਅਸੀਂ ਤੇ ਫ਼ਰੀਸੀ ਵਰਤ ਰੱਖਦੇ ਹਾਂ ਪਰ ਤੁਹਾਡੇ ਚੇਲੇ ਵਰਤ ਨਹੀਂ ਰੱਖਦੇ?”
15ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਜਦੋਂ ਤੱਕ ਲਾੜਾ ਬਰਾਤੀਆਂ ਦੇ ਨਾਲ ਹੈ ਕੀ ਉਹ ਸੋਗ ਕਰ ਸਕਦੇ ਹਨ? ਪਰ ਉਹ ਸਮਾਂ ਆਵੇਗਾ ਜਦੋਂ ਲਾੜਾ ਉਹਨਾਂ ਤੋਂ ਵੱਖਰਾ ਕੀਤਾ ਜਾਵੇਗਾ; ਫਿਰ ਉਹ ਵਰਤ ਰੱਖਣਗੇ।
16“ਕੋਈ ਵੀ ਪੁਰਾਣੇ ਕੱਪੜੇ ਉੱਤੇ ਨਵੇਂ ਕੱਪੜੇ ਦੀ ਟਾਕੀ ਨਹੀਂ ਲਾਉਂਦਾ, ਕਿਉਂ ਜੋ ਉਹ ਟਾਕੀ ਜਿਹੜੀ ਲਾਈ ਹੈ ਉਸ ਕੱਪੜੇ ਨੂੰ ਖਿੱਚ ਲੈਂਦੀ ਹੈ ਅਤੇ ਉਹ ਵੱਧ ਫੱਟ ਜਾਂਦਾ ਹੈ। 17ਅਤੇ ਕੋਈ ਵੀ ਨਵੇਂ ਦਾਖਰਸ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਰੱਖਦਾ। ਜੇ ਕੋਈ ਅਜਿਹਾ ਕਰੇ ਤਾਂ ਨਵਾਂ ਦਾਖਰਸ ਮਸ਼ਕਾਂ ਨੂੰ ਪਾੜ ਕੇ ਵਗ ਜਾਵੇਗਾ ਅਤੇ ਮਸ਼ਕਾਂ ਵੀ ਨਾਸ਼ ਹੋ ਜਾਣਗੀਆਂ। ਪਰ ਨਵੀਂ ਦਾਖਰਸ ਨਵੀਆਂ ਮਸ਼ਕਾਂ ਵਿੱਚ ਹੀ ਰੱਖੀ ਜਾਂਦੀ ਹੈ, ਸੋ ਉਹ ਦੋਵੇਂ ਬਚੀਆਂ ਰਹਿੰਦੀਆਂਂ ਹਨ।”
ਬਾਰ੍ਹਾਂ ਸਾਲਾਂ ਤੋਂ ਬਿਮਾਰ ਔਰਤ ਦੀ ਚੰਗਿਆਈ ਅਤੇ ਇੱਕ ਮਰੀ ਹੋਈ ਕੁੜੀ ਨੂੰ ਜਿਉਂਦੀ ਕਰਨਾ
18ਜਦੋਂ ਯਿਸ਼ੂ ਇਹ ਗੱਲਾਂ ਕਹਿ ਰਿਹਾ ਸੀ, ਤਾਂ ਇੱਕ ਪ੍ਰਾਰਥਨਾ ਸਥਾਨ ਦਾ ਆਗੂ#9:18 ਆਗੂ ਮਤਲਬ ਡਾਕਟਰ ਉਸ ਦੇ ਕੋਲ ਆਇਆ ਅਤੇ ਉਸਦੇ ਅੱਗੇ ਗੋਡੇ ਟੇਕੇ ਅਤੇ ਆਖਿਆ, “ਮੇਰੀ ਬੇਟੀ ਮਰ ਗਈ ਹੈ, ਤੁਸੀਂ ਆਓ ਅਤੇ ਉਸ ਉੱਪਰ ਆਪਣਾ ਹੱਥ ਰੱਖ ਦਿਓ ਤਾਂ ਉਹ ਦੁਬਾਰਾ ਜਿਉਂਦੀ ਹੋ ਜਾਵੇ।” 19ਫਿਰ ਯਿਸ਼ੂ ਉੱਠੇ ਅਤੇ ਉਸ ਦੇ ਨਾਲ ਚਲੇ ਗਏ ਅਤੇ ਉਸਦੇ ਚੇਲੇ ਵੀ ਉਸ ਦੇ ਨਾਲ ਚਲੇ ਗਏ।
20ਅਤੇ ਉਸ ਵਕਤ ਇੱਕ ਔਰਤ ਜਿਸ ਨੂੰ ਬਾਰ੍ਹਾਂ ਸਾਲਾਂ ਤੋਂ ਲਹੂ ਵਗਣ ਦੀ ਬਿਮਾਰੀ ਸੀ ਅਤੇ ਯਿਸ਼ੂ ਦੇ ਪਿੱਛੇ ਆਈ ਅਤੇ ਉਸ ਦੇ ਕੱਪੜੇ ਦੇ ਪੱਲੇ ਨੂੰ ਛੂਹਿਆ। 21ਕਿਉਂਕਿ ਉਸਨੇ ਆਪਣੇ ਮਨ ਵਿੱਚ ਇਹ ਸੋਚਿਆ ਸੀ, “ਕਿ ਜੇ ਮੈਂ ਉਸਦੇ ਕੱਪੜੇ ਦਾ ਕਿਨਾਰਾ ਹੀ ਛੂਹ ਲਵਾਂਗੀ ਤਾਂ ਮੈਂ ਚੰਗੀ ਹੋ ਜਾਵਾਂਗੀ।”
22ਯਿਸ਼ੂ ਨੇ ਪਿੱਛੇ ਮੁੜ ਕੇ ਉਸ ਨੂੰ ਵੇਖਿਆ ਅਤੇ ਆਖਿਆ, “ਬੇਟੀ ਹੌਸਲਾ ਰੱਖ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ,” ਤਾਂ ਉਹ ਔਰਤ ਉਸੇ ਵਕਤ ਚੰਗੀ ਹੋ ਗਈ।
23ਜਦੋਂ ਯਿਸ਼ੂ ਉਸ ਪ੍ਰਾਰਥਨਾ ਸਥਾਨ ਵਾਲੇ ਆਗੂ ਦੇ ਘਰ ਵਿੱਚ ਪਹੁੰਚੇ ਤਾਂ ਉਸ ਜਗ੍ਹਾ ਤੇ ਬੰਸਰੀ ਵਜਾਉਂਣ ਵਾਲਿਆਂ ਨੂੰ ਅਤੇ ਭੀੜ ਨੂੰ ਰੌਲ਼ਾ ਪਾਉਂਦਿਆ ਵੇਖਿਆ। 24ਤਾਂ ਉਸ ਨੇ ਕਿਹਾ, “ਹੱਟ ਜਾਓ। ਕਿਉਂ ਜੋ ਕੁੜੀ ਮਰੀ ਨਹੀਂ ਪਰ ਸੁੱਤੀ ਹੋਈ ਹੈ।” ਪਰ ਉਹ ਯਿਸ਼ੂ ਉੱਤੇ ਹੱਸਣ ਲੱਗੇ। 25ਬਾਅਦ ਵਿੱਚ ਜਦੋਂ ਭੀੜ ਨੂੰ ਬਾਹਰ ਕੱਢ ਦਿੱਤਾ ਗਿਆ ਤਾਂ ਯਿਸ਼ੂ ਅੰਦਰ ਗਏ ਅਤੇ ਜਾ ਕੇ ਉਸ ਕੁੜੀ ਦਾ ਹੱਥ ਫੜਿਆ ਅਤੇ ਉਹ ਉੱਠ ਗਈ। 26ਤਾਂ ਇਹ ਖ਼ਬਰ ਪੂਰੇ ਇਲਾਕੇ ਵਿੱਚ ਫੈਲ ਗਈ।
ਯਿਸ਼ੂ ਦਾ ਦੋ ਅੰਨ੍ਹਿਆਂ ਅਤੇ ਇੱਕ ਗੂੰਗੇ ਨੂੰ ਚੰਗਾ ਕਰਨਾ
27ਜਦੋਂ ਯਿਸ਼ੂ ਉੱਥੋਂ ਚਲੇ ਗਏ, ਤਾਂ ਦੋ ਅੰਨ੍ਹੇ ਉਸਦੇ ਪਿੱਛੇ ਤੁਰ ਆਵਾਜ਼ਾਂ ਮਾਰਦੇ ਆਏ ਅਤੇ ਬੋਲੇ, “ਹੇ ਦਾਵੀਦ ਦੇ ਪੁੱਤਰ, ਸਾਡੇ ਉੱਤੇ ਕਿਰਪਾ ਕਰੋ!”
28ਅਤੇ ਜਦੋਂ ਯਿਸ਼ੂ ਘਰ ਵਿੱਚ ਗਿਆ ਤਾਂ ਉਹ ਅੰਨ੍ਹੇ ਉਸਦੇ ਕੋਲ ਆਏ, ਤਾਂ ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, “ਕੀ ਤੁਹਾਨੂੰ ਵਿਸ਼ਵਾਸ ਹੈ ਮੈਂ ਚੰਗਾ ਕਰ ਸਕਦਾ ਹੈ?”
ਤਾਂ ਉਹਨਾਂ ਨੇ ਉਸ ਨੂੰ ਆਖਿਆ, “ਹਾਂ, ਪ੍ਰਭੂ ਜੀ।”
29ਤਦ ਯਿਸ਼ੂ ਨੇ ਉਹਨਾਂ ਦੀਆਂਂ ਅੱਖਾਂ ਨੂੰ ਛੂਹਿਆ ਅਤੇ ਕਿਹਾ, “ਜਿਸ ਤਰ੍ਹਾਂ ਤੁਹਾਡਾ ਵਿਸ਼ਵਾਸ ਹੈ ਤੁਹਾਡੇ ਲਈ ਉਸੇ ਤਰ੍ਹਾਂ ਹੋਵੇ।” 30ਅਤੇ ਤੁਰੰਤ ਹੀ ਉਹ ਵੇਖਣ ਲੱਗੇ, “ਯਿਸ਼ੂ ਨੇ ਉਹਨਾਂ ਨੂੰ ਸਖ਼ਤ ਚੇਤਾਵਨੀ ਦਿੱਤੀ, ਕਿਸੇ ਨੂੰ ਇਸ ਬਾਰੇ ਨਾ ਦੱਸਣਾ।” 31ਪਰ ਉਹ ਚਲੇ ਗਏ ਅਤੇ ਜਾ ਕੇ ਉਸਦੀ ਚਰਚਾ ਸਾਰੇ ਇਲਾਕੇ ਵਿੱਚ ਕੀਤੀ।
32ਫਿਰ ਜਦੋਂ ਉਹ ਬਾਹਰ ਨਿਕਲ ਰਹੇ ਸਨ ਤਾਂ ਲੋਕ ਇੱਕ ਗੂੰਗੇ ਮਨੁੱਖ ਨੂੰ ਜਿਸ ਨੂੰ ਦੁਸ਼ਟ ਆਤਮਾ ਚਿੰਬੜਿਆ ਹੋਇਆ ਸੀ ਯਿਸ਼ੂ ਕੋਲ ਲਿਆਏ। 33ਅਤੇ ਜਦੋਂ ਦੁਸ਼ਟ ਆਤਮਾ ਨਿਕਲ ਕੇ ਭੱਜ ਗਈ ਤਾਂ ਉਹ ਗੂੰਗਾ ਮਨੁੱਖ ਬੋਲਣ ਲੱਗ ਪਿਆ ਅਤੇ ਭੀੜ ਅਚਰਜ਼ ਨਾਲ ਆਖਣ ਲੱਗੀ ਕਿ ਇਸਰਾਏਲ ਵਿੱਚ ਇਸ ਤਰ੍ਹਾਂ ਕਦੇ ਨਹੀਂ ਵੇਖਿਆ।
34ਪਰ ਫ਼ਰੀਸੀਆਂ ਨੇ ਕਿਹਾ, “ਇਹ ਭੂਤਾਂ ਦੇ ਸਰਦਾਰ ਦੀ ਸਹਾਇਤਾ ਨਾਲ ਭੂਤਾਂ ਨੂੰ ਬਾਹਰ ਕੱਢਦਾ ਹੈ।”
ਮਜ਼ਦੂਰ ਥੋੜ੍ਹੇ ਹਨ
35ਯਿਸ਼ੂ ਉਹਨਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਸਿੱਖਿਆ ਦਿੰਦਾ ਅਤੇ ਰਾਜ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਦਾ ਨਾਲੇ ਉਹਨਾਂ ਲੋਕਾਂ ਵਿੱਚੋਂ ਬਿਮਾਰੀਆਂ ਨੂੰ ਅਤੇ ਰੋਗਾਂ ਨੂੰ ਦੂਰ ਕਰਦਾ ਹੋਇਆ ਸਾਰੇ ਨਗਰਾਂ ਅਤੇ ਪਿੰਡਾਂ ਵਿੱਚੋਂ ਦੀ ਲੰਘਦਾ ਸੀ। 36ਜਦੋਂ ਯਿਸ਼ੂ ਨੇ ਵੱਡੀ ਭੀੜ ਨੂੰ ਵੇਖਿਆ, ਤਾਂ ਯਿਸ਼ੂ ਨੂੰ ਉਹਨਾਂ ਉੱਤੇ ਤਰਸ ਆਇਆ, ਕਿਉਂਕਿ ਉਹ ਲੋਕ ਉਹਨਾਂ ਭੇਡਾਂ ਵਾਂਗ ਜਿਨ੍ਹਾਂ ਦਾ ਕੋਈ ਚਰਵਾਹਾ ਨਾ ਹੋਵੇ ਪਰੇਸ਼ਾਨ ਅਤੇ ਨਿਰਾਸ਼ ਸਨ। 37ਤਦ ਉਸ ਨੇ ਆਪਣੇ ਚੇਲਿਆਂ ਨੂੰ ਆਖਿਆ, “ਫ਼ਸਲ ਪੱਕੀ ਹੋਈ ਤਾਂ ਬਹੁਤ ਹੈ, ਪਰ ਮਜ਼ਦੂਰ ਥੋੜ੍ਹੇ ਹਨ। 38ਇਸ ਲਈ ਫ਼ਸਲ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਇਸ ਦੀ ਵਾਢੀ ਲਈ ਮਜ਼ਦੂਰਾਂ ਨੂੰ ਭੇਜੇ।”