24
ਹੈਕਲ ਦਾ ਵਿਨਾਸ਼ ਅਤੇ ਅੰਤ ਸਮੇਂ ਦੇ ਚਿੰਨ੍ਹ
1ਯਿਸ਼ੂ ਹੈਕਲ ਤੋਂ ਬਾਹਰ ਨਿਕਲ ਕੇ ਜਾ ਰਿਹਾ ਸੀ ਜਦੋਂ ਉਹ ਦੇ ਚੇਲੇ ਉਸ ਕੋਲ ਆਏ ਤਾਂ ਜੋ ਹੈਕਲ ਦੀਆਂ ਇਮਾਰਤਾਂ ਉਸ ਨੂੰ ਵਿਖਾਲਣ। 2ਪਰ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਕੀ ਤੁਸੀਂ ਇਹ ਹੈਕਲ ਵੇਖਦੇ ਹੋ? ਮੈਂ ਤੁਹਾਨੂੰ ਸੱਚ ਆਖਦਾ ਹਾਂ, ਇੱਕ ਵੀ ਪੱਥਰ ਦੂਸਰੇ ਤੇ ਨਹੀਂ ਛੱਡਿਆ ਜਾਵੇਗਾ; ਹਰ ਇੱਕ ਜ਼ਮੀਨ ਉੱਤੇ ਸੁੱਟ ਦਿੱਤਾ ਜਾਵੇਗਾ।”
3ਜਦੋਂ ਯਿਸ਼ੂ ਜ਼ੈਤੂਨ ਦੇ ਪਹਾੜ ਉੱਤੇ ਬੈਠਾ ਸੀ, ਤਾਂ ਚੇਲੇ ਉਸ ਦੇ ਕੋਲ ਨਿੱਜੀ ਤੌਰ ਤੇ ਆਏ ਅਤੇ ਉਹਨਾਂ ਨੇ ਕਿਹਾ, “ਸਾਨੂੰ ਦੱਸੋ, ਇਹ ਘਟਨਾਵਾਂ ਕਦੋਂ ਹੋਣਗੀਆਂ ਅਤੇ ਤੁਹਾਡੇ ਆਉਣਾ ਅਤੇ ਸੰਸਾਰ ਦੇ ਅੰਤ ਦੇ ਕੀ ਚਿੰਨ੍ਹ ਹੋਣਗੇ?”
4ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ: “ਚੌਕਸ ਰਹੋ ਕਿ ਕੋਈ ਤੁਹਾਨੂੰ ਧੋਖਾ ਨਾ ਦੇਵੇ। 5ਕਿਉਂਕਿ ਬਹੁਤ ਸਾਰੇ ਮੇਰੇ ਨਾਮ ਵਿੱਚ ਆਉਣਗੇ ਅਤੇ ਇਹ ਦਾਵਾ ਕਰਨਗੇ, ‘ਮੈਂ ਮਸੀਹ ਹਾਂ,’ ਅਤੇ ਬਹੁਤਿਆਂ ਨੂੰ ਭਰਮਾ ਲੈਣਗੇ। 6ਤੁਸੀਂ ਲੜਾਈਆਂ ਤੇ ਲੜਾਈਆਂ ਦੀਆਂਂ ਅਫਵਾਹਾਂ ਸੁਣੋਗੇ, ਪਰ ਸਾਵਧਾਨ ਤੁਸੀਂ ਕਿਤੇ ਘਬਰਾ ਨਾ ਜਾਣਾ ਕਿਉਂ ਜੋ ਅਜਿਹੀਆਂ ਗੱਲਾਂ ਦਾ ਹੋਣਾ ਜ਼ਰੂਰੀ ਹੈ, ਪਰ ਅਜੇ ਅੰਤ ਨਹੀਂ। 7ਕੌਮ-ਕੌਮ ਦੇ ਵਿਰੁੱਧ ਅਤੇ ਰਾਜ-ਰਾਜ ਦੇ ਵਿਰੁੱਧ ਉੱਠੇਗਾ ਅਤੇ ਥਾਂ-ਥਾਂ ਤੇ ਕਾਲ ਪੈਣਗੇ ਅਤੇ ਭੁਚਾਲ ਆਉਣਗੇ। 8ਇਹ ਸਭ ਘਟਨਾਵਾਂ ਪੀੜਾਂ ਦਾ ਅਰੰਭ ਹੋਵੇਗਾ।
9“ਫਿਰ ਤੁਹਾਨੂੰ ਸਤਾਇਆ ਜਾਵੇਗਾ ਅਤੇ ਤੁਹਾਨੂੰ ਮਾਰ ਦਿੱਤਾ ਜਾਵੇਗਾ ਅਤੇ ਮੇਰੇ ਨਾਮ ਦੇ ਕਾਰਨ ਸਾਰੇ ਲੋਕ ਤੁਹਾਡੇ ਨਾਲ ਨਫ਼ਰਤ ਕਰਨਗੇ। 10ਉਸ ਸਮੇਂ ਬਹੁਤ ਸਾਰੇ ਲੋਕ ਵਿਸ਼ਵਾਸ ਤੋਂ ਮੁੜ ਜਾਣਗੇ ਅਤੇ ਹਰ ਇੱਕ ਨਾਲ ਵਿਸ਼ਵਾਸਘਾਤ ਕਰਨਗੇ ਅਤੇ ਇੱਕ ਦੂਸਰੇ ਨਾਲ ਨਫ਼ਰਤ ਕਰਨਗੇ, 11ਅਤੇ ਬਹੁਤ ਸਾਰੇ ਝੂਠੇ ਨਬੀ ਉੱਠਣਗੇ ਅਤੇ ਬਹੁਤਿਆਂ ਨੂੰ ਭਰਮਾ ਲੈਣਗੇ। 12ਬੁਰਾਈ ਦੇ ਵਧਣ ਕਾਰਨ, ਬਹੁਤਿਆਂ ਦਾ ਪਿਆਰ ਠੰਡਾ ਹੁੰਦਾ ਜਾਵੇਗਾ। 13ਪਰ ਉਹ ਜਿਹੜਾ ਅੰਤ ਤੱਕ ਵਿਸ਼ਵਾਸ ਵਿੱਚ ਕਾਇਮ ਰਹੇਗਾ ਉਹ ਬਚਾਇਆ ਜਾਵੇਗਾ। 14ਅਤੇ ਰਾਜ ਦੀ ਇਸ ਖੁਸ਼ਖ਼ਬਰੀ ਦਾ ਪ੍ਰਚਾਰ ਸਾਰੇ ਰਾਸ਼ਟਰਾਂ ਵਿੱਚ ਗਵਾਹੀ ਦੇ ਤੌਰ ਤੇ ਸਾਰੇ ਸੰਸਾਰ ਵਿੱਚ ਕੀਤਾ ਜਾਵੇਗਾ ਅਤੇ ਫਿਰ ਅੰਤ ਆਵੇਗਾ।
15“ਇਸ ਲਈ ਜਦੋਂ ਤੁਸੀਂ ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਜਿਸ ਦੀ ਖ਼ਬਰ ਦਾਨੀਏਲ ਨਬੀ ਨੇ ਦਿੱਤੀ ਸੀ,#24:15 ਦਾਨੀ 9:27; 11:31; 12:11 ਪਵਿੱਤਰ ਸਥਾਨ ਵਿੱਚ ਖੜ੍ਹੀ ਵੇਖੋਗੇ। ਪੜ੍ਹਨ ਵਾਲਾ ਸਮਝ ਲਵੇ। 16ਤਦ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ। 17ਜਿਹੜਾ ਛੱਤ ਉੱਤੇ ਹੋਵੇ ਉਹ ਆਪਣੇ ਘਰ ਵਿੱਚੋਂ ਸਮਾਨ ਲੈਣ ਨੂੰ ਹੇਠਾਂ ਨਾ ਉੱਤਰੇ। 18ਅਤੇ ਜਿਹੜਾ ਖੇਤ ਵਿੱਚ ਹੋਵੇ ਉਹ ਆਪਣੇ ਕੱਪੜੇ ਲੈਣ ਨੂੰ ਪਿੱਛੇ ਨਾ ਮੁੜੇ। 19ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਲਈ ਇਹ ਦਿਨ ਕਿੰਨੇ ਭਿਆਨਕ ਹੋਣਗੇ! 20ਪ੍ਰਾਰਥਨਾ ਕਰੋ, ਕਿ ਤੁਹਾਨੂੰ ਸਿਆਲ ਜਾ ਸਬਤ ਤੇ ਨਾ ਭੱਜਣਾ ਪਵੇ। 21ਕਿਉਂਕਿ ਉਸ ਸਮੇਂ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਦੇ ਨਹੀਂ ਹੋਇਆ ਅਤੇ ਨਾ ਕਦੇ ਹੋਵੇਗਾ।
22“ਜੇ ਉਹ ਦੁੱਖਾ ਦੇ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਵੀ ਆਦਮੀ ਨਾ ਬਚਦਾ ਪਰ ਚੁਣਿਆ ਹੋਇਆ ਦੇ ਕਾਰਨ ਉਹ ਦਿਨ ਘਟਾਏ ਜਾਣਗੇ। 23ਉਸ ਸਮੇਂ ਜੇ ਕੋਈ ਤੁਹਾਨੂੰ ਕਹੇ ‘ਦੇਖੋ, ਮਸੀਹ ਇੱਥੇ ਹੈ!’ ਜਾਂ, ‘ਉਹ ਉੱਥੇ ਹੈ!’ ਤਾਂ ਵਿਸ਼ਵਾਸ ਨਾ ਕਰਨਾ। 24ਕਿਉਂਕਿ ਬਹੁਤ ਸਾਰੇ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਉਹ ਵੱਡੇ ਚਿੰਨ੍ਹ ਅਤੇ ਅਚਰਜ਼ ਕੰਮ ਵਿਖਾਉਣਗੇ ਜੇ ਹੋ ਸਕੇ ਤਾਂ ਉਹ ਪਰਮੇਸ਼ਵਰ ਦੇ ਚੁਣਿਆ ਹੋਇਆ ਨੂੰ ਵੀ ਭਰਮਾ ਲੈਣਗੇ। 25ਵੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ।
26“ਇਸ ਲਈ ਜੇ ਕੋਈ ਵੀ ਤੁਹਾਨੂੰ ਆਖੇ, ‘ਉਹ ਉੱਥੇ ਹੈ, ਬਾਹਰ ਉਜਾੜ ਵਿੱਚ,’ ਤਾਂ ਬਾਹਰ ਨਾ ਜਾਣਾ; ਜਾਂ ਕਹਿਣ, ‘ਕਿ ਉਹ ਇੱਥੇ ਹੈ, ਅੰਦਰਲਿਆਂ ਕਮਰਿਆ ਵਿੱਚ,’ ਤਾਂ ਵੀ ਵਿਸ਼ਵਾਸ ਨਾ ਕਰਨਾ। 27ਕਿਉਂਕਿ ਜਿਸ ਤਰ੍ਹਾਂ ਬਿਜਲੀ ਪੂਰਬ ਦਿਸ਼ਾ ਵੱਲੋਂ ਚਮਕਦੀ ਪੱਛਮ ਵੱਲੋਂ ਦਿਖਦੀ ਹੈ, ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ। 28ਗਿਰਝਾਂ ਉੱਥੇ ਇਕੱਠੀਆਂ ਹੁੰਦੀਆਂ ਹਨ ਜਿੱਥੇ ਵੀ ਲਾਸ਼ਾ ਹਨ।
29“ਉਹਨਾਂ ਦਿਨਾਂ ਦੇ ਕਸ਼ਟ ਤੋਂ ਬਾਅਦ,
“ ‘ਸੂਰਜ ਹਨੇਰਾ ਹੋ ਜਾਵੇਗਾ,
ਅਤੇ ਚੰਦਰਮਾ ਆਪਣੀ ਰੋਸ਼ਨੀ ਨਹੀਂ ਦੇਵੇਗਾ;
ਤਾਰੇ ਅਕਾਸ਼ ਤੋਂ ਡਿੱਗ ਪੈਣਗੇ,
ਅਤੇ ਅਕਾਸ਼ ਦੀਆਂਂ ਸ਼ਕਤੀਆਂ ਹਿਲਾਈਆਂ ਜਾਣਗੀਆਂ।’#24:29 ਯਸ਼ਾ 13:10; 34:4
30“ਤਦ ਮਨੁੱਖ ਦੇ ਪੁੱਤਰ ਦਾ ਨਿਸ਼ਾਨ ਅਕਾਸ਼ ਵਿੱਚ ਪ੍ਰਗਟ ਹੋਵੇਗਾ ਅਤੇ ਤਦ ਧਰਤੀ ਦੇ ਸਾਰੇ ਲੋਕ ਸੋਗ ਕਰਨਗੇ ਜਦੋਂ ਉਹ ਮਨੁੱਖ ਦੇ ਪੁੱਤਰ ਨੂੰ ਸ਼ਕਤੀ ਅਤੇ ਮਹਾਨ ਮਹਿਮਾ ਨਾਲ ਸਵਰਗ ਦੇ ਬੱਦਲਾਂ ਉੱਤੇ ਆਉਂਦਿਆਂ ਵੇਖਣਗੇ।#24:30 ਦਾਨੀ 7:13-14 31ਅਤੇ ਉਹ ਆਪਣੇ ਦੂਤਾਂ ਨੂੰ ਇੱਕ ਉੱਚੀ ਤੁਰ੍ਹੀ ਦੀ ਆਵਾਜ਼ ਦੇ ਨਾਲ ਭੇਜੇਗਾ ਅਤੇ ਉਹ ਆਪਣੇ ਚੁਣੇ ਹੋਏ ਲੋਕਾਂ ਨੂੰ ਚਾਰੇ ਦਿਸ਼ਾਵਾ ਤੋਂ, ਅਕਾਸ਼ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਇਕੱਠੇ ਕਰਨਗੇ।
32“ਹੁਣ ਹੰਜ਼ੀਰ ਦੇ ਰੁੱਖ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ: ਜਿਵੇਂ ਹੀ ਇਸ ਦੀਆਂਂ ਟਾਹਣੀਆ ਕੋਮਲ ਹੋ ਜਾਂਦੀਆਂ ਹਨ ਅਤੇ ਪੱਤੇ ਨਿੱਕਲਦੇ ਹਨ, ਤੁਸੀਂ ਜਾਣ ਲੈਂਦੇ ਹੋ ਕਿ ਗਰਮੀ ਦੀ ਰੁੱਤ ਨੇੜੇ ਹੈ। 33ਇਸੇ ਤਰ੍ਹਾਂ, ਜਦੋਂ ਤੁਸੀਂ ਇਹ ਸਭ ਕੁਝ ਹੁੰਦਾ ਵੇਖੋ, ਤਾਂ ਜਾਣ ਲਓ ਕਿ ਮਨੁੱਖ ਦੇ ਪੁੱਤਰ ਦਾ ਆਉਣਾ ਨੇੜੇ ਹੈ, ਸਗੋਂ ਦਰਵਾਜ਼ੇ ਉੱਤੇ ਹੈ। 34ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜਦੋਂ ਤੱਕ ਇਹ ਸਭ ਗੱਲਾਂ ਨਾ ਹੋ ਜਾਣ ਇਸ ਪੀੜ੍ਹੀ ਦਾ ਅੰਤ ਨਹੀਂ ਹੋਵੇਗਾ। 35ਸਵਰਗ ਅਤੇ ਧਰਤੀ ਟਲ ਜਾਣਗੇ, ਪਰ ਮੇਰੇ ਸ਼ਬਦ ਕਦੇ ਵੀ ਨਹੀਂ ਟਲਣਗੇ।
ਅਣਜਾਣ ਦਿਨ ਅਤੇ ਸਮਾਂ
36“ਪਰ ਉਸ ਦਿਨ ਅਤੇ ਸਮੇਂ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗ ਦੇ ਦੂਤ ਨਾ ਪੁੱਤਰ ਪਰ ਸਿਰਫ ਪਿਤਾ ਜਾਣਦਾ ਹੈ। 37ਜਿਸ ਤਰ੍ਹਾਂ ਨੋਹ ਦੇ ਦਿਨਾਂ ਵਿੱਚ ਹੋਇਆ ਸੀ, ਮਨੁੱਖ ਦੇ ਪੁੱਤਰ ਦਾ ਆਉਣਾ ਉਸੇ ਪ੍ਰਕਾਰ ਹੋਵੇਗਾ। 38ਜਿਸ ਤਰ੍ਹਾਂ ਹੜ੍ਹ ਤੋਂ ਪਹਿਲਾਂ ਦੇ ਦਿਨਾਂ ਵਿੱਚ, ਲੋਕ ਖਾਂਦੇ-ਪੀਂਦੇ ਵਿਆਹ ਕਰਦੇ ਅਤੇ ਕਰਵਾਉਂਦੇ ਸਨ, ਜਦ ਤੱਕ ਨੋਹ ਕਿਸ਼ਤੀ ਵਿੱਚ ਨਾ ਚੜ੍ਹਿਆ; 39ਅਤੇ ਉਹਨਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ ਕਿ ਕੀ ਹੋਵੇਗਾ ਜਦੋਂ ਤੱਕ ਹੜ੍ਹ ਨਹੀਂ ਆਇਆ ਅਤੇ ਉਹਨਾਂ ਸਾਰਿਆਂ ਨੂੰ ਰੋੜ੍ਹ ਲੈ ਗਿਆ। ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਆਉਣ ਤੇ ਹੋਵੇਗਾ। 40ਉਸ ਸਮੇਂ ਦੋ ਆਦਮੀ ਖੇਤ ਵਿੱਚ ਕੰਮ ਕਰ ਰਹੇ ਹੋਣਗੇ; ਇੱਕ ਨੂੰ ਉੱਠਾ ਲਿਆ ਜਾਵੇਗਾ ਅਤੇ ਦੂਸਰੇ ਨੂੰ ਛੱਡ ਦਿੱਤਾ ਜਾਵੇਗਾ। 41ਦੋ ਔਰਤਾਂ ਚੱਕੀ ਪੀਂਹਦੀਆਂ ਹੋਣਗੀਆਂ ਇੱਕ ਨੂੰ ਉੱਠਾ ਲਿਆ ਜਾਵੇਗਾ ਅਤੇ ਦੂਸਰੀ ਨੂੰ ਛੱਡ ਦਿੱਤਾ ਜਾਵੇਗਾ।
42“ਇਸ ਲਈ ਜਾਗਦੇ ਰਹੋ। ਕਿਉਂਕਿ ਤੁਸੀਂ ਉਸ ਦਿਨ ਨੂੰ ਨਹੀਂ ਜਾਣਦੇ ਕਿ ਤੁਹਾਡੇ ਪ੍ਰਭੂ ਦਾ ਆਉਣਾ ਕਦੋਂ ਹੋਵੇਗਾ। 43ਪਰ ਇਸ ਨੂੰ ਸਮਝੋ: ਜੇ ਘਰ ਦੇ ਮਾਲਕ ਨੂੰ ਇਹ ਪਤਾ ਹੋਵੇ ਕਿ ਚੋਰ ਰਾਤ ਦੇ ਕਿਸ ਸਮੇਂ ਆਵੇਗਾ ਤਾਂ ਜਾਗਦਾ ਰਹਿੰਦਾ ਅਤੇ ਆਪਣੇ ਘਰ ਦੀ ਚੋਰੀ ਨਾ ਹੋਣ ਦਿੰਦਾ। 44ਇਸ ਲਈ ਤੁਹਾਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ, ਕਿਉਂਕਿ ਮਨੁੱਖ ਦੇ ਪੁੱਤਰ ਦਾ ਆਉਣਾ ਅਜਿਹੇ ਸਮੇਂ ਹੋਵੇਗਾ ਜਿਸ ਦਾ ਤੁਹਾਨੂੰ ਖਿਆਲ ਵੀ ਨਹੀਂ ਹੋਵੇਗਾ।
45“ਕੌਣ ਹੈ ਉਹ ਵਫ਼ਾਦਾਰ ਅਤੇ ਸਮਝਦਾਰ ਨੌਕਰ, ਜਿਸ ਨੂੰ ਮਾਲਕ ਨੇ ਆਪਣੇ ਨੌਕਰਾਂ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਦਿੱਤੀ ਕਿ ਸਹੀ ਸਮੇਂ ਤੇ ਉਹਨਾਂ ਨੂੰ ਭੋਜਨ ਦੇਵੇ? 46ਮੁਬਾਰਕ ਹੈ ਉਹ ਨੌਕਰ ਜਿਸਦਾ ਮਾਲਕ ਉਸਨੂੰ ਅਜਿਹਾ ਕਰਦਿਆਂ ਵੇਖੇ ਜਦੋਂ ਉਹ ਵਾਪਸ ਆਵੇ। 47ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਉਹ ਉਸਨੂੰ ਆਪਣੀ ਸਾਰੀ ਸਪੰਤੀ ਉੱਤੇ ਅਧਿਕਾਰੀ ਠਹਿਰਾਵੇਗਾ। 48ਪਰ ਮੰਨ ਲਓ ਜੇ ਉਹ ਦੁਸ਼ਟ ਨੌਕਰ ਆਪਣੇ ਮਨ ਵਿੱਚ ਕਹੇ, ‘ਮੇਰਾ ਮਾਲਕ ਆਉਣ ਵਿੱਚ ਕਾਫ਼ੀ ਸਮਾਂ ਲਾਉਂਦਾ ਹੈ,’ 49ਅਤੇ ਆਪਣੇ ਨਾਲ ਦੇ ਨੌਕਰਾਂ ਨੂੰ ਮਾਰਨਾ ਸ਼ੁਰੂ ਕਰ ਦੇਵੇ ਅਤੇ ਸ਼ਰਾਬੀਆਂ ਨਾਲ ਖਾਏ ਪੀਏ। 50ਅਤੇ ਉਸ ਨੌਕਰ ਦਾ ਮਾਲਕ ਇੱਕ ਦਿਨ ਆਵੇਗਾ, ਜਿਸ ਦੀ ਉਸਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਅਤੇ ਉਸ ਸਮੇਂ ਬਾਰੇ ਉਸਨੂੰ ਪਤਾ ਵੀ ਨਹੀਂ ਹੋਵੇਗਾ। 51ਤਾਂ ਮਾਲਕ ਉਸ ਨੌਕਰ ਨੂੰ ਟੁਕੜਿਆਂ ਵਿੱਚ ਕੱਟ ਦੇਵੇਗਾ ਅਤੇ ਉਸਨੂੰ ਕਪਟੀਆਂ ਨਾਲ ਇੱਕ ਜਗ੍ਹਾ ਦੇਵੇਗਾ, ਜਿੱਥੇ ਰੋਣਾ ਅਤੇ ਕਚੀਚੀਆਂ ਦਾ ਵੱਟਣਾ ਹੋਵੇਗਾ।”