Logo YouVersion
Ikona vyhledávání

ਮੱਤੀਯਾਹ 22

22
ਵਿਆਹ ਦੀ ਦਾਅਵਤ ਦਾ ਦ੍ਰਿਸ਼ਟਾਂਤ
1ਯਿਸ਼ੂ ਉਹਨਾਂ ਨਾਲ ਫਿਰ ਦ੍ਰਿਸ਼ਟਾਂਤ ਵਿੱਚ ਗੱਲ ਕਰਨ ਲੱਗੇ: 2“ਸਵਰਗ ਦਾ ਰਾਜ ਇੱਕ ਰਾਜੇ ਵਰਗਾ ਹੈ ਜਿਸਨੇ ਆਪਣੇ ਪੁੱਤਰ ਦਾ ਵਿਆਹ ਕੀਤਾ। 3ਉਹ ਨੇ ਆਪਣੇ ਨੌਕਰਾਂ ਨੂੰ ਉਹਨਾਂ ਲੋਕਾਂ ਕੋਲ ਭੇਜਿਆ ਜਿਨ੍ਹਾਂ ਨੂੰ ਵਿਆਹ ਤੇ ਸੱਦਾ ਦਿੱਤਾ ਗਿਆ ਸੀ ਕਿ ਉਹ ਉਹਨਾਂ ਨੂੰ ਆਉਣ ਲਈ ਆਖੇ, ਪਰ ਉਹਨਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ।
4“ਫਿਰ ਉਸਨੇ ਹੋਰਨਾਂ ਨੌਕਰਾਂ ਨੂੰ ਇਹ ਕਹਿ ਕੇ ਭੇਜਿਆ, ‘ਜੋ ਸੱਦੇ ਹੋਇਆ ਨੂੰ ਆਖੋ ਕਿ ਵੇਖੋ ਮੈਂ ਭੋਜਨ ਤਿਆਰ ਕੀਤਾ ਹੈ: ਮੈ ਆਪਣੇ ਬੈਲ ਅਤੇ ਮੋਟੇ-ਮੋਟੇ ਜਾਨਵਰ ਵੱਢੇ ਹਨ ਅਤੇ ਸਭ ਕੁਝ ਤਿਆਰ ਹੈ। ਤੁਸੀਂ ਵਿਆਹ ਵਿੱਚ ਆਓ।’
5“ਪਰ ਉਹਨਾਂ ਨੇ ਕੋਈ ਪਰਵਾਹ ਨਾ ਕੀਤੀ ਅਤੇ ਕੁਝ ਲੋਕ ਆਪਣੇ ਖੇਤਾਂ ਨੂੰ ਅਤੇ ਕੁਝ ਆਪਣੇ ਵਪਾਰ ਨੂੰ ਚਲੇ ਗਏ। 6ਕਈਆਂ ਨੇ ਉਸਦੇ ਨੌਕਰਾਂ ਨੂੰ ਫੜ੍ਹ ਲਿਆ ਅਤੇ ਉਹਨਾਂ ਨਾਲ ਬਦਸਲੂਕੀ ਕੀਤੀ ਅਤੇ ਉਹਨਾਂ ਨੂੰ ਮਾਰ ਦਿੱਤਾ। 7ਤਦ ਰਾਜੇ ਨੂੰ ਕ੍ਰੋਧ ਆਇਆ ਅਤੇ ਉਸਨੇ ਆਪਣੀਆਂ ਫ਼ੌਜਾਂ ਨੂੰ ਭੇਜਿਆ ਅਤੇ ਉਹਨਾਂ ਖ਼ੂਨੀਆਂ ਦਾ ਨਾਸ ਕਰ ਦਿੱਤਾ ਅਤੇ ਉਹਨਾਂ ਦਾ ਸ਼ਹਿਰ ਅੱਗ ਨਾਲ ਸਾੜ ਦਿੱਤਾ।
8“ਤਦ ਉਸਨੇ ਆਪਣੇ ਨੌਕਰਾਂ ਨੂੰ ਆਖਿਆ, ‘ਵਿਆਹ ਦਾ ਸਮਾਨ ਤਾਂ ਤਿਆਰ ਹੈ, ਪਰ ਸੱਦੇ ਹੋਏ ਯੋਗ ਨਹੀਂ ਹਨ। 9ਸੋ ਤੁਸੀਂ ਚੌਕਾਂ ਵਿੱਚ ਜਾਓ ਅਤੇ ਜਿਹੜਾ ਵੀ ਤੁਹਾਨੂੰ ਮਿਲੇ ਵਿਆਹ ਵਿੱਚ ਸੱਦ ਲਿਆਓ।’ 10ਇਸ ਲਈ ਉਹ ਨੌਕਰ ਬਾਹਰ ਚਲੇ ਗਏ ਅਤੇ ਰਸਤਿਆਂ ਵਿੱਚ ਜਾ ਕੇ ਬੁਰੇ ਭਲੇ ਜਿਨ੍ਹੇ ਵੀ ਮਿਲੇ, ਸਭਨਾਂ ਨੂੰ ਇਕੱਠੇ ਕਰ ਲਿਆਏ ਅਤੇ ਵਿਆਹ ਵਾਲਾ ਘਰ ਮਹਿਮਾਨਾਂ ਨਾਲ ਭਰ ਗਿਆ।
11“ਪਰ ਜਦੋਂ ਰਾਜਾ ਮਹਿਮਾਨਾਂ ਨੂੰ ਵੇਖਣ ਅੰਦਰ ਆਇਆ, ਤਦ ਉਸਨੇ ਉੱਥੇ ਇੱਕ ਮਨੁੱਖ ਨੂੰ ਵੇਖਿਆ ਜਿਸ ਨੇ ਵਿਆਹ ਵਾਲੇ ਕੱਪੜੇ ਨਹੀਂ ਪਹਿਨੇ ਹੋਏ ਸਨ। 12ਰਾਜੇ ਨੇ ਉਸਨੂੰ ਪੁੱਛਿਆ, ‘ਮਿੱਤਰ, ਤੂੰ ਇੱਥੇ ਵਿਆਹ ਵਾਲੇ ਕੱਪੜਿਆਂ ਤੋਂ ਬਿਨ੍ਹਾਂ ਕਿਵੇਂ ਅੰਦਰ ਆਇਆ?’ ਉਹ ਮਨੁੱਖ ਕੁਝ ਵੀ ਬੋਲ ਨਾ ਸਕਿਆ।
13“ਤਦ ਰਾਜੇ ਨੇ ਨੌਕਰ ਨੂੰ ਆਖਿਆ, ‘ਉਸ ਮਨੁੱਖ ਦੇ ਹੱਥ ਪੈਰ ਬੰਨ੍ਹ ਕੇ, ਇਸ ਨੂੰ ਬਾਹਰ ਦੇ ਅੰਧਕਾਰ ਵਿੱਚ ਸੁੱਟ ਦਿਓ, ਉੱਥੇ ਰੋਣਾ ਅਤੇ ਦੰਦਾ ਦਾ ਪੀਸਣਾ ਹੋਵੇਗਾ।’
14“ਕਿਉਂ ਜੋ ਸੱਦੇ ਹੋਏ ਤਾਂ ਬਹੁਤ ਹਨ, ਪਰ ਚੁਣੇ ਹੋਏ ਥੋੜ੍ਹੇ ਹਨ।”
ਕੈਸਰ ਨੂੰ ਟੈਕਸ ਦੇਣਾ
15ਤਦ ਫ਼ਰੀਸੀਆਂ ਨੇ ਜਾ ਕੇ ਯਿਸ਼ੂ ਨੂੰ ਉਹਨਾਂ ਦੀਆਂ ਹੀ ਗੱਲਾਂ ਵਿੱਚ ਫਸਾਉਂਣ ਦੀ ਯੋਜਨਾ ਬਣਾਈ। 16ਉਹਨਾਂ ਨੇ ਆਪਣੇ ਚੇਲਿਆਂ ਨੂੰ ਹੇਰੋਦੀਆਂ ਦੇ ਨਾਲ ਯਿਸ਼ੂ ਕੋਲ ਭੇਜਿਆ ਅਤੇ ਉਹਨਾਂ ਨੇ ਆਖਿਆ, “ਗੁਰੂ ਜੀ, ਅਸੀਂ ਜਾਣਦੇ ਹਾਂ ਜੋ ਤੁਸੀਂ ਇੱਕ ਸੱਚੇ ਆਦਮੀ ਹੋ ਅਤੇ ਤੁਸੀਂ ਸਚਿਆਈ ਨਾਲ ਪਰਮੇਸ਼ਵਰ ਦਾ ਰਾਹ ਸਿਖਾਉਂਦੇ ਹੋ ਅਤੇ ਤੁਹਾਨੂੰ ਕਿਸੇ ਦੀ ਵੀ ਪਰਵਾਹ ਨਹੀਂ, ਕਿਉਂਕਿ ਤੁਸੀਂ ਮਨੁੱਖਾਂ ਦਾ ਪੱਖਪਾਤ ਨਹੀਂ ਕਰਦੇ। 17ਸੋ ਸਾਨੂੰ ਦੱਸੋ, ਤੁਸੀਂ ਕੀ ਸਮਝਦੇ ਹੋ? ਕੀ ਕੈਸਰ#22:17 ਕੈਸਰ ਅਰਥਾਤ ਰੋਮੀ ਸਮਰਾਟ ਨੂੰ ਟੈਕਸ ਦੇਣਾ ਸਹੀ ਹੈ ਜਾਂ ਨਹੀਂ?”
18ਪਰ ਯਿਸ਼ੂ ਉਹਨਾਂ ਦੇ ਦੁਸ਼ਟ ਇਰਾਦਿਆਂ ਨੂੰ ਜਾਣਦੇ ਹੋਏ ਬੋਲੇ, “ਹੇ ਕਪਟੀਓ, ਤੁਸੀਂ ਮੈਨੂੰ ਕਿਉਂ ਪਰਖਣ ਦੀ ਕੋਸ਼ਿਸ਼ ਕਰ ਰਹੇ ਹੋ? 19ਟੈਕਸ ਦੇ ਲਈ ਮੈਨੂੰ ਇੱਕ ਦੀਨਾਰ ਵਿਖਾਓ।” ਤਦ ਉਹ ਦੀਨਾਰ ਦਾ ਇੱਕ ਸਿੱਕਾ ਯਿਸ਼ੂ ਕੋਲ ਲਿਆਏ। 20ਉਸ ਨੇ ਪੁੱਛਿਆ, “ਇਹ ਤਸਵੀਰ ਅਤੇ ਲਿਖਤ ਕਿਸ ਦੀ ਹੈ?”
21ਉਹਨਾਂ ਨੇ ਉੱਤਰ ਦਿੱਤਾ, “ਕੈਸਰ ਦੀ।”
ਤਦ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਫਿਰ ਜਿਹੜੀਆਂ ਚੀਜ਼ਾ ਕੈਸਰ ਦੀਆਂ ਹਨ ਕੈਸਰ ਨੂੰ ਦਿਓ ਅਤੇ ਜਿਹੜੀਆਂ ਪਰਮੇਸ਼ਵਰ ਦੀਆਂਂ ਹਨ, ਉਹ ਪਰਮੇਸ਼ਵਰ ਨੂੰ ਦਿਓ।”
22ਜਦ ਉਹ ਇਹ ਸੁਣ ਕੇ ਹੈਰਾਨ ਹੋਏ ਅਤੇ ਉਹ ਯਿਸ਼ੂ ਨੂੰ ਛੱਡ ਕੇ ਚਲੇ ਗਏ।
ਜੀ ਉੱਠਣਾ ਅਤੇ ਵਿਆਹ
23ਉਸ ਦਿਨ ਸਦੂਕੀ, ਜਿਹੜੇ ਆਖਦੇ ਹਨ ਜੋ ਪੁਨਰ-ਉਥਾਨ#22:23 ਪੁਨਰ-ਉਥਾਨ ਅਰਥਾਤ ਮੁਰਦਿਆਂ ਦੇ ਜੀ ਉੱਠਣ ਦਾ ਦਿਨ ਨਹੀਂ ਹੈ ਯਿਸ਼ੂ ਦੇ ਕੋਲ ਆਏ ਅਤੇ ਪ੍ਰਸ਼ਨ ਕਰਨ ਲੱਗੇ। 24ਉਹਨਾਂ ਨੇ ਕਿਹਾ, “ਗੁਰੂ ਜੀ,” ਮੋਸ਼ੇਹ ਨੇ ਆਖਿਆ ਸੀ, “ਜੇ ਕੋਈ ਮਨੁੱਖ ਬੇ-ਔਲਾਦ ਮਰ ਜਾਵੇ, ਤਾਂ ਉਸਦਾ ਭਰਾ ਉਸ ਦੀ ਪਤਨੀ ਨਾਲ ਵਿਆਹ ਕਰਵਾ ਲਵੇ ਅਤੇ ਆਪਣੇ ਭਰਾ ਲਈ ਸੰਤਾਨ ਪੈਦਾ ਕਰੇ।#22:24 ਬਿਵ 25:5-6 25ਹੁਣ ਸਾਡੇ ਵਿੱਚ ਸੱਤ ਭਰਾ ਸਨ। ਪਹਿਲੇ ਭਰਾ ਨੇ ਵਿਆਹ ਕੀਤਾ ਮਰ ਗਿਆ ਅਤੇ ਬੇ-ਔਲਾਦ ਹੋਣ ਕਰਕੇ, ਆਪਣੇ ਭਰਾ ਦੇ ਲਈ ਆਪਣੀ ਪਤਨੀ ਨੂੰ ਛੱਡ ਗਿਆ। 26ਅਤੇ ਇਸੇ ਤਰ੍ਹਾਂ ਦੂਸਰੇ ਅਤੇ ਤੀਸਰੇ ਤੋਂ ਲੇ ਕੇ, ਸੱਤਵੇ ਭਰਾ ਤੱਕ ਹੁੰਦਾ ਰਿਹਾ। 27ਅਤੇ ਆਖਰਕਾਰ, ਉਹ ਔਰਤ ਵੀ ਮਰ ਗਈ। 28ਤਾਂ ਫਿਰ ਪੁਨਰ-ਉਥਾਨ ਵਾਲੇ ਦਿਨ, ਉਹ ਸੱਤਾ ਦੇ ਵਿੱਚੋਂ ਕਿਸ ਦੀ ਪਤਨੀ ਹੋਵੇਗੀ ਕਿਉਂਕਿ ਉਹਨਾਂ ਸਭਨਾਂ ਨੇ ਉਸ ਨਾਲ ਵਿਆਹ ਕਰਵਾਇਆ ਸੀ?”
29ਯਿਸ਼ੂ ਨੇ ਜਵਾਬ ਦਿੱਤਾ, “ਤੁਹਾਡੀ ਗਲਤੀ ਇਹ ਹੈ ਕਿ ਤੁਸੀਂ ਪਵਿੱਤਰ ਸ਼ਾਸਤਰ ਅਤੇ ਪਰਮੇਸ਼ਵਰ ਦੀ ਸ਼ਕਤੀ ਨੂੰ ਨਹੀਂ ਜਾਣਦੇ। 30ਕਿਉਂ ਜੋ ਪੁਨਰ-ਉਥਾਨ ਵਾਲੇ ਦਿਨ ਨਾ ਲੋਕ ਵਿਆਹ ਕਰਾਉਣਗੇ; ਅਤੇ ਨਾ ਹੀ ਉਹਨਾਂ ਦੇ ਵਿਆਹ ਹੋਣਗੇ; ਉਹ ਸਵਰਗ ਵਿੱਚ ਦੂਤਾਂ ਵਰਗੇ ਹੋਣਗੇ। 31ਪਰ ਪੁਨਰ-ਉਥਾਨ ਦੇ ਦਿਨ ਬਾਰੇ ਤੁਸੀਂ ਉਹ ਨਹੀਂ ਪੜ੍ਹਿਆ ਜੋ ਪਰਮੇਸ਼ਵਰ ਨੇ ਤੁਹਾਨੂੰ ਆਖਿਆ ਸੀ। 32‘ਮੈਂ ਅਬਰਾਹਾਮ ਦਾ ਪਰਮੇਸ਼ਵਰ ਹਾਂ, ਇਸਹਾਕ ਦਾ ਪਰਮੇਸ਼ਵਰ ਅਤੇ ਯਾਕੋਬ ਦਾ ਪਰਮੇਸ਼ਵਰ ਹਾਂ’?#22:32 ਕੂਚ 3:6 ਉਹ ਮੁਰਦਿਆਂ ਦਾ ਨਹੀਂ ਪਰ ਜਿਉਂਦਿਆਂ ਦਾ ਪਰਮੇਸ਼ਵਰ ਹੈ।”
33ਜਦੋਂ ਭੀੜ ਨੇ ਇਹ ਸੁਣਿਆ ਤਾਂ ਉਹ ਯਿਸ਼ੂ ਦੇ ਉਪਦੇਸ਼ ਤੋਂ ਹੈਰਾਨ ਹੋ ਗਏ।
ਸਭ ਤੋਂ ਵੱਡੀ ਆਗਿਆ
34ਜਦੋਂ ਫ਼ਰੀਸੀਆਂ ਨੇ ਇਹ ਸੁਣਿਆ, ਜੋ ਯਿਸ਼ੂ ਨੇ ਸਦੂਕੀਆਂ ਦਾ ਮੂੰਹ ਬੰਦ ਕਰ ਦਿੱਤਾ, ਤਦ ਉਹ ਇੱਕ ਜਗ੍ਹਾ ਇਕੱਠੇ ਹੋਏ। 35ਉਹਨਾਂ ਵਿੱਚੋਂ ਇੱਕ ਨੇ ਜਿਹੜਾ ਸ਼ਾਸਤਰੀ ਸੀ, ਪਰਖਣ ਲਈ ਯਿਸ਼ੂ ਨੂੰ ਪ੍ਰਸ਼ਨ ਕੀਤਾ: 36“ਗੁਰੂ ਜੀ, ਬਿਵਸਥਾ ਵਿੱਚ ਸਭ ਤੋਂ ਵੱਡਾ ਹੁਕਮ ਕਿਹੜਾ ਹੈ?”
37ਯਿਸ਼ੂ ਨੇ ਜਵਾਬ ਦਿੱਤਾ: “ ‘ਤੂੰ ਪ੍ਰਭੂ, ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਸਮਝ ਨਾਲ ਪਿਆਰ ਕਰ।’#22:37 ਬਿਵ 6:5 38ਇਹੀ ਪਹਿਲਾਂ ਅਤੇ ਵੱਡਾ ਹੁਕਮ ਹੈ। 39ਦੂਸਰਾ ਹੁਕਮ ਇਹ ਹੈ: ‘ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰ।’#22:39 ਲੇਵਿ 19:18 40ਇਹਨਾਂ ਦੋਹਾਂ ਹੁਕਮਾਂ ਤੇ ਬਿਵਸਥਾ ਅਤੇ ਨਬੀਆਂ ਦੇ ਵਚਨ ਟਿਕੇ ਹੋਏ ਹਨ।”
ਮਸੀਹ ਕਿਸ ਦਾ ਪੁੱਤਰ ਹੈ
41ਜਿਸ ਵੇਲੇ ਫ਼ਰੀਸੀ ਇਕੱਠੇ ਸਨ, ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, 42“ਮਸੀਹ ਦੇ ਬਾਰੇ ਤੁਸੀਂ ਕੀ ਸੋਚਦੇ ਹੋ? ਇਹ ਕਿਸ ਦਾ ਪੁੱਤਰ ਹੈ?”
ਉਹਨਾਂ ਨੇ ਉੱਤਰ ਦਿੱਤਾ, “ਦਾਵੀਦ ਦਾ ਪੁੱਤਰ।”
43ਯਿਸ਼ੂ ਨੇ ਉਹਨਾਂ ਨੂੰ ਕਿਹਾ, “ਫਿਰ ਦਾਵੀਦ ਪਰਮੇਸ਼ਵਰ ਦੇ ਆਤਮਾ ਰਾਹੀ ਕਿਵੇਂ, ਉਸਨੂੰ ‘ਪ੍ਰਭੂ,’ ਆਖਦਾ ਹੈ?
44“ ‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ:
“ਮੇਰੇ ਸੱਜੇ ਹੱਥ ਬੈਠੋ,
ਜਦੋਂ ਤੱਕ ਮੈਂ ਤੁਹਾਡੇ ਵੈਰੀਆਂ ਨੂੰ,
ਤੁਹਾਡੇ ਪੈਰਾਂ ਹੇਠਾਂ ਨਾ ਕਰ ਦੇਵਾਂ।” ’#22:44 ਜ਼ਬੂ 110:1
45ਜਦੋਂ ਦਾਵੀਦ ਉਸਨੂੰ ‘ਪ੍ਰਭੂ,’ ਕਹਿ ਕੇ ਬੁਲਾਉਂਦਾ ਹੈ, ਤਾਂ ਫਿਰ ਉਹ ਦਾਵੀਦ ਦਾ ਪੁੱਤਰ ਕਿਵੇਂ ਹੋ ਸਕਦਾ ਹੈ?” 46ਅਤੇ ਕੋਈ ਉਹ ਨੂੰ ਜਵਾਬ ਵਿੱਚ ਇੱਕ ਸ਼ਬਦ ਵੀ ਨਾ ਕਹਿ ਸਕਿਆ ਅਤੇ ਉਸ ਦਿਨ ਤੋਂ ਬਾਅਦ ਕਿਸੇ ਦੀ ਵੀ ਕੋਈ ਹਿੰਮਤ ਨਾ ਹੋਈ ਕਿ ਯਿਸ਼ੂ ਨੂੰ ਕੋਈ ਹੋਰ ਸਵਾਲ ਕਰੇ।

Zvýraznění

Sdílet

Kopírovat

None

Chceš mít své zvýrazněné verše uložené na všech zařízeních? Zaregistruj se nebo se přihlas