7
1ਜਦੋਂ ਮੈਂ ਇਸਰਾਏਲ ਨੂੰ ਚੰਗਾ ਕਰਾਂਗਾ,
ਇਫ਼ਰਾਈਮ ਦੇ ਪਾਪ ਜ਼ਾਹਰ ਹੋ ਜਾਣਗੇ
ਅਤੇ ਸਾਮਰਿਯਾ ਦੇ ਅਪਰਾਧ ਪ੍ਰਗਟ ਹੋ ਜਾਣਗੇ।
ਉਹ ਛਲ ਕਰਦੇ ਹਨ,
ਚੋਰ ਘਰਾਂ ਵਿੱਚ ਵੜਦੇ ਹਨ,
ਡਾਕੂ ਗਲੀਆਂ ਵਿੱਚ ਲੁੱਟਦੇ ਹਨ;
2ਪਰ ਉਹ ਨਹੀਂ ਜਾਣਦੇ
ਕਿ ਮੈਨੂੰ ਉਨ੍ਹਾਂ ਦੇ ਸਾਰੇ ਬੁਰੇ ਕੰਮ ਯਾਦ ਹਨ।
ਉਨ੍ਹਾਂ ਦੇ ਪਾਪ ਉਨ੍ਹਾਂ ਨੂੰ ਘੇਰ ਲੈਂਦੇ ਹਨ;
ਉਹ ਹਮੇਸ਼ਾ ਮੇਰੇ ਸਾਹਮਣੇ ਹਨ।
3“ਉਹ ਆਪਣੀ ਬੁਰਿਆਈ ਨਾਲ ਰਾਜੇ ਨੂੰ
ਅਤੇ ਝੂਠ ਨਾਲ ਸਰਦਾਰਾਂ ਨੂੰ ਖੁਸ਼ ਕਰਦੇ ਹਨ।
4ਉਹ ਸਾਰੇ ਵਿਭਚਾਰੀ ਹਨ,
ਇੱਕ ਤੰਦੂਰ ਵਾਂਙੁ ਬਲਦੇ ਹਨ,
ਜਿਸ ਦੀ ਅੱਗ ਨੂੰ ਰੋਟੀ ਬਣਾਉਣ ਵਾਲੇ ਨੂੰ ਹਿਲਾਉਣ ਦੀ ਵੀ ਲੋੜ ਨਹੀਂ ਹੈ
ਜਦੋਂ ਤੱਕ ਉਹ ਆਟੇ ਨੂੰ ਗੁੰਨ੍ਹ ਕੇ ਪਕਾਉਣ ਲਈ ਤਿਆਰ ਨਹੀਂ ਕਰਦਾ।
5ਸਾਡੇ ਰਾਜੇ ਦੇ ਤਿਉਹਾਰ ਦੇ ਦਿਨ, ਸਰਦਾਰ ਮੈ ਨਾਲ ਭੜਕ ਜਾਂਦੇ ਹਨ,
ਸਰਦਾਰ ਸ਼ਰਾਬ ਨਾਲ ਭੜਕ ਜਾਂਦੇ ਹਨ,
ਅਤੇ ਉਹ ਮਖੌਲ ਕਰਨ ਵਾਲਿਆਂ ਨਾਲ ਹੱਥ ਮਿਲਾਉਂਦਾ ਹੈ।
6ਉਨ੍ਹਾਂ ਦੇ ਦਿਲ ਤੰਦੂਰ ਵਰਗੇ ਹਨ।
ਉਹ ਸਾਜ਼ਿਸ਼ ਨਾਲ ਉਸ ਕੋਲ ਆਉਂਦੇ ਹਨ।
ਉਹਨਾਂ ਦਾ ਜੋਸ਼ ਸਾਰੀ ਰਾਤ ਧੁਖਦਾ ਰਹਿੰਦਾ ਹੈ;
ਸਵੇਰ ਵੇਲੇ ਇਹ ਬਲਦੀ ਅੱਗ ਵਾਂਗ ਬਲਦੀ ਹੈ।
ਸਵੇਰ ਵੇਲੇ ਇਹ ਬਲਦੀ ਅੱਗ ਵਾਂਗ ਬਲਦੀ ਹੈ।
7ਉਹ ਸਾਰੇ ਤੰਦੂਰ ਵਾਂਗ ਗਰਮ ਹਨ;
ਉਹ ਆਪਣੇ ਹਾਕਮਾਂ ਨੂੰ ਖਾ ਜਾਂਦੇ ਹਨ।
ਉਨ੍ਹਾਂ ਦੇ ਸਾਰੇ ਰਾਜੇ ਡਿੱਗ ਪਏ,
ਅਤੇ ਉਨ੍ਹਾਂ ਵਿੱਚੋਂ ਕੋਈ ਵੀ ਮੈਨੂੰ ਨਹੀਂ ਪੁਕਾਰਦਾ।
8“ਅਫ਼ਰਾਈਮ ਕੌਮਾਂ ਨਾਲ ਰਲਦਾ ਹੈ;
ਇਫ਼ਰਾਈਮ ਉਸ ਰੋਟੀ ਵਰਗਾ ਹੈ ਜਿਸ ਨੂੰ ਪਕਾਉਣ ਵੇਲੇ ਪਲਟਿਆਂ ਨਹੀਂ ਗਿਆ ਹੈ।
9ਪਰਦੇਸੀਆਂ ਨੇ ਉਸ ਦੀ ਤਾਕਤ ਨੂੰ ਖਾ ਗਏ,
ਪਰ ਉਹ ਨਹੀਂ ਜਾਣਦਾ।
ਉਸਦੇ ਵਾਲ ਸਫੇਦ ਹੋ ਰਹੇ ਹਨ,
ਪਰ ਉਹ ਧਿਆਨ ਨਹੀਂ ਦਿੰਦਾ।
10ਇਸਰਾਏਲ ਦਾ ਹੰਕਾਰ ਉਸ ਦੇ ਵਿਰੁੱਧ ਗਵਾਹੀ ਦਿੰਦਾ ਹੈ,
ਪਰ ਇਸ ਸਭ ਦੇ ਬਾਵਜੂਦ,
ਉਹ ਨਾ ਆਪਣੇ ਪਰਮੇਸ਼ਵਰ ਵੱਲ ਮੁੜਦਾ ਹੈ,
ਅਤੇ ਨਾ ਹੀ ਉਸ ਨੂੰ ਲੱਭਦਾ ਹੈ।
11“ਇਫ਼ਰਾਈਮ ਘੁੱਗੀ ਵਰਗਾ ਹੈ,
ਅਸਾਨੀ ਨਾਲ ਧੋਖਾ ਦਿੱਤਾ ਜਾਂਦਾ ਹੈ ਅਤੇ ਮੂਰਖ ਹੁੰਦਾ ਹੈ।
ਹੁਣ ਉਨ੍ਹਾਂ ਨੇ ਮਿਸਰ ਨੂੰ ਮਦਦ ਲਈ ਪੁਕਾਰਿਆ,
ਹੁਣ ਅੱਸ਼ੂਰ ਵੱਲ ਮੁੜ ਰਿਹਾ ਹੈ।
12ਜਦੋਂ ਉਹ ਜਾਣਗੇ, ਮੈਂ ਉਨ੍ਹਾਂ ਉੱਤੇ ਆਪਣਾ ਜਾਲ ਸੁੱਟਾਂਗਾ।
ਮੈਂ ਉਨ੍ਹਾਂ ਨੂੰ ਅਕਾਸ਼ ਦੇ ਪੰਛੀਆਂ ਵਾਂਗ ਹੇਠਾਂ ਸੁੱਟ ਦਿਆਂਗਾ।
ਜਦੋਂ ਮੈਂ ਉਨ੍ਹਾਂ ਨੂੰ ਇਕੱਠੇ ਹੁੰਦੇ ਸੁਣਦਾ ਹਾਂ,
ਮੈਂ ਉਨ੍ਹਾਂ ਨੂੰ ਫੜ ਲਵਾਂਗਾ।
13ਉਨ੍ਹਾਂ ਉੱਤੇ ਹਾਏ,
ਕਿਉਂ ਜੋ ਉਹ ਮੇਰੇ ਤੋਂ ਭਟਕ ਗਏ ਹਨ!
ਉਹਨਾਂ ਦਾ ਨਾਸ ਹੋਵੇ,
ਕਿਉਂ ਜੋ ਓਹ ਮੇਰੇ ਵਿਰੁੱਧ ਹੋ ਗਏ ਹਨ!
ਮੈਂ ਉਨ੍ਹਾਂ ਨੂੰ ਛੁਡਾਉਣਾ ਚਾਹੁੰਦਾ ਹਾਂ,
ਪਰ ਉਹ ਮੇਰੇ ਬਾਰੇ ਝੂਠ ਬੋਲਦੇ ਹਨ।
14ਉਹ ਆਪਣੇ ਦਿਲੋਂ ਮੈਨੂੰ ਨਹੀਂ ਪੁਕਾਰਦੇ,
ਸਗੋਂ ਆਪਣੇ ਬਿਸਤਰੇ ਉੱਤੇ ਵਿਰਲਾਪ ਕਰਦੇ ਹਨ।
ਉਹ ਆਪਣੇ ਦੇਵਤਿਆਂ ਨੂੰ ਅੰਨ ਅਤੇ ਨਵੀਂ ਮੈ ਲਈ ਬੇਨਤੀ ਕਰਦੇ ਹੋਏ,
ਆਪਣੇ ਆਪ ਨੂੰ ਕੱਟਦੇ ਹਨ,
ਪਰ ਉਹ ਮੇਰੇ ਤੋਂ ਮੂੰਹ ਮੋੜ ਲੈਂਦੇ ਹਨ।
15ਮੈਂ ਉਨ੍ਹਾਂ ਨੂੰ ਸਿਖਲਾਈ ਦਿੱਤੀ ਅਤੇ ਉਨ੍ਹਾਂ ਦੀਆਂ ਬਾਹਾਂ ਨੂੰ ਮਜ਼ਬੂਤ ਕੀਤਾ,
ਪਰ ਉਹ ਮੇਰੇ ਵਿਰੁੱਧ ਬੁਰਿਆਈ ਦੀ ਸਾਜ਼ਿਸ਼ ਰਚਦੇ ਹਨ।
16ਉਹ ਅੱਤ ਮਹਾਨ ਵੱਲ ਨਹੀਂ ਮੁੜਦੇ।
ਉਹ ਇੱਕ ਨੁਕਸਦਾਰ ਕਮਾਨ ਵਾਂਗ ਹਨ।
ਉਨ੍ਹਾਂ ਦੇ ਬੇਰਹਿਮ ਸ਼ਬਦਾਂ ਦੇ ਕਾਰਨ
ਉਨ੍ਹਾਂ ਦੇ ਆਗੂ ਤਲਵਾਰ ਨਾਲ ਡਿੱਗਣਗੇ।
ਇਸ ਲਈ ਮਿਸਰ ਦੇਸ਼ ਵਿੱਚ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਵੇਗਾ।