26
ਸੋਰ ਦੇ ਵਿਰੁੱਧ ਇੱਕ ਭਵਿੱਖਬਾਣੀ
1ਬਾਰ੍ਹਵੇਂ ਸਾਲ ਦੇ ਗਿਆਰਵੇਂ ਮਹੀਨੇ, ਮਹੀਨੇ ਦੇ ਪਹਿਲੇ ਦਿਨ, ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 2“ਹੇ ਮਨੁੱਖ ਦੇ ਪੁੱਤਰ, ਕਿਉਂਕਿ ਸੂਰ ਨੇ ਯੇਰੂਸ਼ਲੇਮ ਬਾਰੇ ਕਿਹਾ ਹੈ, ‘ਆਹਾ! ਕੌਮਾਂ ਦਾ ਦਰਵਾਜ਼ਾ ਟੁੱਟ ਗਿਆ ਹੈ, ਅਤੇ ਉਹ ਦੇ ਦਰਵਾਜ਼ੇ ਮੇਰੇ ਲਈ ਖੁੱਲ੍ਹ ਗਏ ਹਨ; ਹੁਣ ਜਦੋਂ ਉਹ ਬਰਬਾਦੀ ਵਿੱਚ ਪਈ ਹੈ ਤਾਂ ਮੈਂ ਖੁਸ਼ਹਾਲ ਹੋਵਾਂਗਾ,’ 3ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਹੇ ਸੂਰ, ਮੈਂ ਤੇਰੇ ਵਿਰੁੱਧ ਹਾਂ, ਅਤੇ ਮੈਂ ਬਹੁਤ ਸਾਰੀਆਂ ਕੌਮਾਂ ਨੂੰ ਤੇਰੇ ਵਿਰੁੱਧ ਲਿਆਵਾਂਗਾ, ਜਿਵੇਂ ਸਮੁੰਦਰ ਆਪਣੀ ਲਹਿਰਾਂ ਸੁੱਟਦਾ ਹੈ। 4ਉਹ ਸੂਰ ਦੀਆਂ ਕੰਧਾਂ ਨੂੰ ਢਾਹ ਦੇਣਗੇ ਅਤੇ ਉਸਦੇ ਬੁਰਜਾਂ ਨੂੰ ਢਾਹ ਦੇਣਗੇ। ਮੈਂ ਉਸਦਾ ਮਲਬਾ ਕੱਢ ਦਿਆਂਗਾ ਅਤੇ ਉਸਨੂੰ ਇੱਕ ਨੰਗੀ ਚੱਟਾਨ ਬਣਾ ਦਿਆਂਗਾ। 5ਉਹ ਸਾਗਰ ਵਿੱਚ ਜਾਲ਼ ਸੁੱਟਣ ਦਾ ਸਥਾਨ ਹੋਵੇਗਾ, ਕਿਉਂ ਜੋ ਮੈਂ ਹੀ ਆਖਿਆ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ ਅਤੇ ਉਹ ਕੌਮਾਂ ਲਈ ਲੁੱਟ ਦਾ ਮਾਲ ਹੋਵੇਗਾ, 6ਅਤੇ ਮੁੱਖ ਧਰਤੀ ਉੱਤੇ ਉਸ ਦੀਆਂ ਬਸਤੀਆਂ ਤਲਵਾਰ ਨਾਲ ਤਬਾਹ ਹੋ ਜਾਣਗੀਆਂ। ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।
7“ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਉੱਤਰ ਵੱਲੋਂ ਬਾਬੇਲ ਦੇ ਰਾਜੇ ਨਬੂਕਦਨੱਸਰ, ਰਾਜਿਆਂ ਦੇ ਰਾਜੇ, ਘੋੜਿਆਂ ਅਤੇ ਰੱਥਾਂ, ਘੋੜਸਵਾਰਾਂ ਅਤੇ ਇੱਕ ਵੱਡੀ ਸੈਨਾ ਨਾਲ ਸੂਰ ਦੇ ਵਿਰੁੱਧ ਲਿਆਉਣ ਜਾ ਰਿਹਾ ਹਾਂ। 8ਉਹ ਤਲਵਾਰ ਨਾਲ ਮੁੱਖ ਭੂਮੀ ਉੱਤੇ ਤੁਹਾਡੀਆਂ ਬਸਤੀਆਂ ਨੂੰ ਤਬਾਹ ਕਰ ਦੇਵੇਗਾ; ਉਹ ਤੁਹਾਡੇ ਵਿਰੁੱਧ ਘੇਰਾਬੰਦੀ ਕਰੇਗਾ, ਤੁਹਾਡੀਆਂ ਕੰਧਾਂ ਨੂੰ ਢਲਾਣ ਬਣਾਵੇਗਾ ਅਤੇ ਤੁਹਾਡੇ ਵਿਰੁੱਧ ਆਪਣੀਆਂ ਢਾਲਾਂ ਖੜੀਆਂ ਕਰੇਗਾ। 9ਉਹ ਤੁਹਾਡੀਆਂ ਕੰਧਾਂ ਉੱਤੇ ਆਪਣੇ ਭੰਨ-ਤੋੜ ਕਰਨ ਵਾਲੇ ਯੰਤਰਾ ਨੂੰ ਚਲਾਵੇਗਾ ਅਤੇ ਆਪਣੇ ਹਥਿਆਰਾਂ ਨਾਲ ਤੁਹਾਡੇ ਬੁਰਜਾਂ ਨੂੰ ਢਾਹ ਦੇਵੇਗਾ। 10ਉਸ ਦੇ ਘੋੜਿਆਂ ਦੀ ਬਹੁ-ਗਿਣਤੀ ਦੇ ਕਾਰਨ ਇੰਨ੍ਹੀ ਧੂੜ ਉੱਠੇਗੀ ਕਿ ਤੁਹਾਨੂੰ ਲੁਕਾ ਲਵੇਗੀ। ਜਦੋਂ ਉਹ ਤੁਹਾਡੇ ਫਾਟਕਾਂ ਵਿੱਚ ਵੜ ਆਵੇਗਾ, ਜਿਵੇਂ ਪਾੜ ਲਾ ਕੇ ਸ਼ਹਿਰ ਵਿੱਚ ਵੜ ਆਉਂਦੇ ਹਨ, ਤਾਂ ਸਵਾਰਾਂ, ਰੱਥਾਂ ਅਤੇ ਗੱਡੀਆਂ ਦੀ ਖੜ-ਖੜ ਨਾਲ ਤੁਹਾਡੇ ਸ਼ਹਿਰ ਦੀ ਕੰਧ ਹਿੱਲ ਜਾਵੇਗੀ। 11ਉਸ ਦੇ ਘੋੜਿਆਂ ਦੇ ਖੁਰ ਤੁਹਾਡੀਆਂ ਸਾਰੀਆਂ ਗਲੀਆਂ ਨੂੰ ਲਤਾੜ ਦੇਣਗੇ; ਉਹ ਤੁਹਾਡੇ ਲੋਕਾਂ ਨੂੰ ਤਲਵਾਰ ਨਾਲ ਮਾਰ ਦੇਵੇਗਾ, ਅਤੇ ਤੁਹਾਡੇ ਮਜ਼ਬੂਤ ਥੰਮ੍ਹ ਜ਼ਮੀਨ ਤੇ ਡਿੱਗ ਜਾਣਗੇ। 12ਉਹ ਤੇਰੀ ਦੌਲਤ ਲੁੱਟ ਲੈਣਗੇ ਅਤੇ ਤੇਰਾ ਮਾਲ ਲੁੱਟ ਲੈਣਗੇ; ਉਹ ਤੁਹਾਡੀਆਂ ਕੰਧਾਂ ਨੂੰ ਢਾਹ ਦੇਣਗੇ ਅਤੇ ਤੁਹਾਡੇ ਚੰਗੇ ਘਰਾਂ ਨੂੰ ਢਾਹ ਦੇਣਗੇ ਅਤੇ ਤੁਹਾਡੇ ਪੱਥਰ, ਲੱਕੜ ਅਤੇ ਮਲਬਾ ਸਮੁੰਦਰ ਵਿੱਚ ਸੁੱਟ ਦੇਣਗੇ। 13ਮੈਂ ਤੁਹਾਡੇ ਗਾਉਣ ਦੀ ਆਵਾਜ਼ ਨੂੰ ਬੰਦ ਕਰ ਦਿਆਂਗਾ ਅਤੇ ਤੁਹਾਡੀਆਂ ਬਰਬਤਾਂ ਦੀ ਆਵਾਜ਼ ਫੇਰ ਸੁਣੀ ਨਾ ਜਾਵੇਗੀ। 14ਮੈਂ ਤੁਹਾਨੂੰ ਇੱਕ ਨੰਗੀ ਚੱਟਾਨ ਬਣਾ ਦਿਆਂਗਾ, ਜਾਲ਼ਾਂ ਦੇ ਖਿਲਾਰਨ ਦਾ ਕਾਰਨ ਬਣੇਂਗਾ ਅਤੇ ਫੇਰ ਤੂੰ ਕਦੇ ਨਾ ਬਣਾਇਆ ਜਾਵੇਂਗਾ। ਤੁਹਾਨੂੰ ਕਦੇ ਵੀ ਦੁਬਾਰਾ ਨਹੀਂ ਬਣਾਇਆ ਜਾਵੇਗਾ, ਕਿਉਂ ਜੋ ਮੈਂ ਯਾਹਵੇਹ ਨੇ ਇਹ ਆਖਿਆ ਹੈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
15“ਸਰਬਸ਼ਕਤੀਮਾਨ ਯਾਹਵੇਹ, ਸੂਰ ਨੂੰ ਇਹ ਆਖਦਾ ਹੈ: ਕੀ ਤੇਰੇ ਡਿੱਗਣ ਦੀ ਆਵਾਜ਼ ਨਾਲ ਸਮੁੰਦਰੀ ਕੰਢੇ ਨਹੀਂ ਕੰਬਣਗੇ, ਜਦੋਂ ਤੇਰੇ ਵਿੱਚ ਜ਼ਖਮੀ ਹਾਹਾਕਾਰ ਅਤੇ ਕਤਲੇਆਮ ਹੋਵੇਗਾ? 16ਤਦ ਤੱਟ ਦੇ ਸਾਰੇ ਰਾਜਕੁਮਾਰ ਆਪਣੇ ਸਿੰਘਾਸਣ ਤੋਂ ਉਤਰ ਜਾਣਗੇ ਆਪਣੀਆਂ ਪੁਸ਼ਾਕਾਂ ਲਾਹ ਸੁੱਟਣਗੇ, ਕਸੀਦੇ ਦੇ ਕੱਪੜੇ ਲਾਹ ਸੁੱਟਣਗੇ, ਉਹ ਕੰਬਦੇ ਹੋਏ ਧਰਤੀ ਤੇ ਬੈਠਣਗੇ ਅਤੇ ਉਹ ਹਰ ਘੜੀ ਕੰਬਣਗੇ ਅਤੇ ਤੇਰੇ ਕਾਰਨ ਹੈਰਾਨ ਹੋਣਗੇ। 17ਤਦ ਉਹ ਤੁਹਾਡੇ ਲਈ ਇੱਕ ਵਿਰਲਾਪ ਕਰਨਗੇ ਅਤੇ ਤੁਹਾਨੂੰ ਕਹਿਣਗੇ:
“ ‘ਤੂੰ ਕਿਵੇਂ ਤਬਾਹ ਹੋ ਗਿਆ ਹੈ, ਮਸ਼ਹੂਰ ਸ਼ਹਿਰ,
ਸਮੁੰਦਰ ਦੇ ਲੋਕਾਂ ਦੁਆਰਾ!
ਤੂੰ ਸਮੁੰਦਰਾਂ ਉੱਤੇ ਇੱਕ ਸ਼ਕਤੀ ਸੀ,
ਤੂੰ ਅਤੇ ਤੇਰੇ ਨਾਗਰਿਕ;
ਤੂੰ ਆਪਣੀ ਦਹਿਸ਼ਤ
ਉੱਥੇ ਰਹਿਣ ਵਾਲੇ ਸਾਰੇ ਲੋਕਾਂ ਤੇ ਪਾ ਦਿੱਤੀ।
18ਹੁਣ ਟਾਪੂ ਭੂਮੀ
ਤੇਰੇ ਡਿੱਗਣ ਦੇ ਦਿਨ ਕੰਬਣਗੇ;
ਸਾਗਰ ਦੇ ਸਾਰੇ ਟਾਪੂ
ਤੇਰੇ ਜਾਣ ਤੋਂ ਦੁੱਖੀ ਹੋਣਗੇ।’
19“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਜਦੋਂ ਮੈਂ ਤੈਨੂੰ ਇੱਕ ਵਿਰਾਨ ਸ਼ਹਿਰ ਬਣਾਵਾਂਗਾ, ਜਿਸ ਸ਼ਹਿਰਾਂ ਵਿੱਚ ਹੁਣ ਕੋਈ ਨਹੀਂ ਵੱਸਦਾ, ਅਤੇ ਜਦੋਂ ਮੈਂ ਤੇਰੇ ਉੱਤੇ ਸਮੁੰਦਰ ਦੀ ਡੂੰਘਾਈ ਲਿਆਵਾਂਗਾ ਅਤੇ ਉਸ ਦੇ ਵਿਸ਼ਾਲ ਪਾਣੀ ਤੈਨੂੰ ਢੱਕ ਲੈਣਗੇ, 20ਤਦ ਮੈਂ ਉਹਨਾਂ ਲੋਕਾਂ ਨਾਲ ਜਿਹੜੇ ਪਤਾਲ ਵਿੱਚ ਉਤਰ ਜਾਂਦੇ ਹਨ, ਪ੍ਰਾਚੀਨ ਸਮੇਂ ਦੇ ਲੋਕਾਂ ਕੋਲ, ਤੈਨੂੰ ਉਤਾਰ ਦਿਆਂਗਾ ਅਤੇ ਉਹਨਾਂ ਨਾਲ ਜਿਹੜੇ ਪਤਾਲ ਵਿੱਚ ਉਤਰ ਜਾਂਦੇ ਹਨ, ਮੈਂ ਤੈਨੂੰ ਹੇਠਲੀ ਦੁਨੀਆਂ ਵਿੱਚ ਵਸਾਵਾਂਗਾ, ਪੁਰਾਣੀਆਂ ਵਿਰਾਨੀਆਂ ਵਿੱਚ, ਤਾਂ ਜੋ ਤੂੰ ਵਸਾਇਆ ਨਾ ਜਾਵੇਂ ਅਤੇ ਜੀਉਂਦਿਆਂ ਦੀ ਧਰਤੀ ਵਿੱਚ ਪ੍ਰਤਾਪ ਦਿਆਂਗਾ। 21ਮੈਂ ਤੁਹਾਨੂੰ ਇੱਕ ਭਿਆਨਕ ਅੰਤ ਵਿੱਚ ਲਿਆਵਾਂਗਾ ਅਤੇ ਤੁਸੀਂ ਹੋਰ ਨਹੀਂ ਹੋਵੋਂਗੇ। ਤੁਹਾਨੂੰ ਲੱਭਿਆ ਜਾਵੇਗਾ, ਪਰ ਤੁਸੀਂ ਕਦੇ ਵੀ ਨਹੀਂ ਲੱਭ ਜਾਵੋਗੇ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।”