21
ਬਾਬੇਲ ਪਰਮੇਸ਼ਵਰ ਦੀ ਨਿਆਂ ਦੀ ਤਲਵਾਰ ਵਜੋਂ
1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 2“ਹੇ ਮਨੁੱਖ ਦੇ ਪੁੱਤਰ, ਆਪਣਾ ਮੂੰਹ ਯੇਰੂਸ਼ਲੇਮ ਦੇ ਵਿਰੁੱਧ ਰੱਖ ਅਤੇ ਪਵਿੱਤਰ ਅਸਥਾਨ ਦੇ ਵਿਰੁੱਧ ਪ੍ਰਚਾਰ ਕਰ। ਇਸਰਾਏਲ ਦੀ ਧਰਤੀ ਦੇ ਵਿਰੁੱਧ ਭਵਿੱਖਬਾਣੀ ਕਰ 3ਅਤੇ ਉਸ ਨੂੰ ਆਖ: ‘ਯਾਹਵੇਹ ਇਹ ਆਖਦਾ ਹੈ: ਹੇ ਇਸਰਾਏਲ ਮੈਂ ਤੁਹਾਡੇ ਵਿਰੁੱਧ ਹਾਂ। ਮੈਂ ਆਪਣੀ ਤਲਵਾਰ ਮਿਆਨ ਤੋਂ ਕੱਢ ਦਿਆਂਗਾ ਅਤੇ ਤੁਹਾਡੇ ਵਿੱਚੋਂ ਧਰਮੀ ਅਤੇ ਦੁਸ਼ਟ ਦੋਹਾਂ ਨੂੰ ਕੱਟ ਦਿਆਂਗਾ। 4ਕਿਉਂ ਜੋ ਮੈਂ ਧਰਮੀਆਂ ਅਤੇ ਦੁਸ਼ਟਾਂ ਨੂੰ ਵੱਢ ਸੁੱਟਾਂਗਾ, ਮੇਰੀ ਤਲਵਾਰ ਦੱਖਣ ਤੋਂ ਉੱਤਰ ਤੱਕ ਸਾਰਿਆਂ ਦੇ ਵਿਰੁੱਧ ਉੱਠੇਗੀ। 5ਤਦ ਸਾਰੇ ਲੋਕ ਜਾਣ ਲੈਣਗੇ ਕਿ ਮੈਂ ਯਾਹਵੇਹ ਨੇ ਆਪਣੀ ਤਲਵਾਰ ਮਿਆਨ ਤੋਂ ਕੱਢੀ ਹੈ। ਇਹ ਦੁਬਾਰਾ ਵਾਪਸ ਨਹੀਂ ਆਵੇਗਾ।’
6“ਇਸ ਲਈ, ਮਨੁੱਖ ਦੇ ਪੁੱਤਰ, ਹਾਉਂਕੇ ਭਰ! ਟੁੱਟੇ ਦਿਲ ਅਤੇ ਕੌੜੇ ਗਮ ਨਾਲ ਉਹਨਾਂ ਦੇ ਅੱਗੇ ਹਾਹਾਕਾਰਾ ਕਰ। 7ਅਤੇ ਜਦੋਂ ਉਹ ਤੈਨੂੰ ਪੁੱਛਣ, ‘ਤੂੰ ਕਿਉਂ ਹਾਉਂਕੇ ਭਰਦਾ ਹਾਂ?’ ਤਾਂ ਤੂੰ ਆਖੀ, ‘ਉਸ ਖ਼ਬਰ ਦੇ ਕਾਰਨ ਜੋ ਆ ਰਹੀ ਹੈ। ਹਰ ਦਿਲ ਡਰ ਨਾਲ ਪਿਘਲ ਜਾਵੇਗਾ ਅਤੇ ਹਰ ਹੱਥ ਨਿਰਬਲ ਹੋ ਜਾਵੇਗਾ; ਹਰ ਆਤਮਾ ਕਮਜ਼ੋਰ ਹੋ ਜਾਵੇਗੀ ਅਤੇ ਹਰ ਲੱਤ ਪਿਸ਼ਾਬ ਨਾਲ ਭਿੱਜ ਜਾਵੇਗੀ।’ ਇਹ ਆ ਰਿਹਾ ਹੈ! ਇਹ ਜ਼ਰੂਰ ਵਾਪਰੇਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।”
8ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 9“ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ ਅਤੇ ਆਖ, ‘ਯਾਹਵੇਹ ਇਸ ਤਰ੍ਹਾਂ ਆਖਦਾ ਹੈ:
“ ‘ਇੱਕ ਤਲਵਾਰ, ਇੱਕ ਤਲਵਾਰ,
ਲਿਸ਼ਕਦੀ ਹੋਈ ਤਿੱਖੀ ਤਲਵਾਰ
10ਕਤਲੇਆਮ ਲਈ ਤਿੱਖੀ ਕੀਤੀ ਗਈ,
ਬਿਜਲੀ ਵਾਂਗ ਚਮਕਣ ਲਈ ਚਮਕਾਈ ਗਈ!
“ ‘ਕੀ ਅਸੀਂ ਆਪਣੇ ਸ਼ਾਹੀ ਪੁੱਤਰ ਦੇ ਰਾਜਦੰਡ ਵਿੱਚ ਅਨੰਦ ਕਰੀਏ? ਤਲਵਾਰ ਅਜਿਹੀ ਹਰ ਸੋਟੀ ਨੂੰ ਤੁੱਛ ਸਮਝਦੀ ਹੈ।
11“ ‘ਉਹ ਨੇ ਉਸ ਨੂੰ ਲਿਸ਼ਕਾਉਣ ਲਈ ਦਿੱਤਾ ਹੈ,
ਤਾਂ ਜੋ ਹੱਥ ਵਿੱਚ ਫੜੀ ਜਾਵੇ।
ਉਹ ਤਿੱਖੀ ਕੀਤੀ ਗਈ ਅਤੇ ਲਿਸ਼ਕਾਈ ਗਈ,
ਤਾਂ ਜੋ ਉਹ ਵੱਢਣ ਵਾਲੇ ਦੇ ਹੱਥ ਵਿੱਚ ਦਿੱਤੀ ਜਾਵੇ।
12ਹੇ ਮਨੁੱਖ ਦੇ ਪੁੱਤਰ, ਚੀਕ ਅਤੇ ਵਿਰਲਾਪ ਕਰ,
ਕਿਉਂ ਜੋ ਇਹ ਮੇਰੇ ਲੋਕਾਂ ਦੇ ਵਿਰੁੱਧ ਹੈ।
ਇਹ ਇਸਰਾਏਲ ਦੇ ਸਾਰੇ ਰਾਜਕੁਮਾਰਾ ਦੇ ਵਿਰੁੱਧ ਹੈ।
ਉਹ ਮੇਰੇ ਲੋਕਾਂ ਸਮੇਤ ਤਲਵਾਰ ਵੱਲ ਸੁੱਟੇ ਗਏ ਹਨ।
ਇਸ ਲਈ ਆਪਣੀ ਛਾਤੀ ਨੂੰ ਕੁੱਟ।
13“ ‘ਕਿਉਂਕਿ ਪਰਤਾਵਾ ਹੋ ਗਿਆ ਅਤੇ ਕੀ ਹੋਵੇਗਾ ਜੇ ਰਾਜਦੰਡ ਤੁੱਛ ਜਾਣੇ ਅਤੇ ਫੇਰ ਨਾ ਹੋਵੇ? ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’
14“ਇਸ ਲਈ, ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ
ਅਤੇ ਆਪਣੇ ਹੱਥਾਂ ਨਾਲ ਤਾੜੀ ਮਾਰ।
ਅਤੇ ਤਲਵਾਰ ਦਾ ਬਲ ਤੀਜੀ ਵਾਰ ਦੁੱਗਣਾ ਹੋ ਜਾਵੇ,
ਵੱਢਿਆਂ ਹੋਇਆਂ ਦੀ ਤਲਵਾਰ!
ਇਹ ਤਲਵਾਰ ਹੈ ਜਿਸ ਤੋਂ ਕੋਠੜੀਆਂ ਵਿੱਚ ਵੀ ਕੋਈ ਨਹੀਂ ਬਚ ਸਕਦਾ ਹੈ,
ਜਿਹੜੀ ਉਹਨਾਂ ਨੂੰ ਘੇਰਦੀ ਹੈ।
15ਤਾਂ ਜੋ ਦਿਲ ਡਰ ਨਾਲ ਪਿਘਲ ਜਾਣ
ਅਤੇ ਡਿੱਗੇ ਹੋਏ ਬਹੁਤ ਹੋਣ,
ਮੈਂ ਉਹਨਾਂ ਦੇ ਸਾਰੇ ਫਾਟਕਾਂ ਉੱਤੇ
ਤਲਵਾਰ ਨੂੰ ਕਤਲ ਕਰਨ ਲਈ ਰੱਖਿਆ ਹੈ।
ਦੇਖੋ! ਇਹ ਬਿਜਲੀ ਵਾਂਗ ਟਕਰਾਉਣ ਲਈ ਤਿਆਰ ਕੀਤਾ ਗਿਆ ਹੈ,
ਇਸ ਨੂੰ ਕਤਲ ਕਰਨ ਲਈ ਫੜਿਆ ਗਿਆ ਹੈ।
16ਤਲਵਾਰ ਸੱਜੇ ਪਾਸੇ ਮਾਰ,
ਫਿਰ ਖੱਬੇ ਪਾਸੇ,
ਜਿੱਥੇ ਵੀ ਤੁਹਾਡਾ ਖੂਨ ਹੋਵੇ।
17ਮੈਂ ਵੀ ਆਪਣੇ ਹੱਥ ਇਕੱਠੇ ਕਰਾਂਗਾ,
ਅਤੇ ਮੇਰਾ ਕ੍ਰੋਧ ਸ਼ਾਂਤ ਹੋ ਜਾਵੇਗਾ।
ਮੈਂ ਯਾਹਵੇਹ ਨੇ ਇਹ ਬੋਲਿਆ ਹੈ।”
18ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 19“ਹੇ ਮਨੁੱਖ ਦੇ ਪੁੱਤਰ, ਤੂੰ ਆਪਣੇ ਲਈ ਦੋ ਰਾਹ ਬਣਾ ਜਿਹਨਾਂ ਵਿੱਚੋਂ ਦੀ ਬਾਬੇਲ ਦੇ ਰਾਜੇ ਦੀ ਤਲਵਾਰ ਆਵੇ। ਇੱਕ ਹੀ ਦੇਸ ਵਿੱਚੋਂ ਇਹ ਦੋਨੋਂ ਨਿੱਕਲਣਗੇ। ਇੱਕ ਨਿਸ਼ਾਨ ਬਣਾ। ਸ਼ਹਿਰ ਦੇ ਰਾਹ ਦੇ ਸਿਰੇ ਤੇ ਬਣਾ। 20ਇੱਕ ਰਾਹ ਕੱਢ ਜਿਸ ਵਿੱਚੋਂ ਤਲਵਾਰ ਅੰਮੋਨੀਆਂ ਦੇ ਰਬਾਹ ਨਗਰ ਉੱਤੇ ਅਤੇ ਯਹੂਦਾਹ ਦੇ ਗੜ੍ਹ ਵਾਲੇ ਯੇਰੂਸ਼ਲੇਮ ਉੱਤੇ ਵੀ ਆਵੇ। 21ਕਿਉਂਕਿ ਬਾਬੇਲ ਦਾ ਰਾਜਾ ਸ਼ਗਨਾਂ ਦੀ ਭਾਲ ਕਰਨ ਲਈ, ਦੋ ਰਾਹਾਂ ਦੇ ਸੰਗਮ ਉੱਤੇ, ਚੌਰਾਹੇ ਉੱਤੇ ਰੁਕੇਗਾ: ਉਹ ਤੀਰਾਂ ਨਾਲ ਗੁਣੇ ਪਾਵੇਗਾ, ਉਹ ਆਪਣੀਆਂ ਮੂਰਤੀਆਂ ਦੀ ਸਲਾਹ ਲਵੇਗਾ, ਉਹ ਬਲੀ ਕੀਤੇ ਜਾਨਵਰ ਦੇ ਜਿਗਰ ਦੀ ਜਾਂਚ ਕਰੇਗਾ। 22ਉਹ ਦੇ ਸੱਜੇ ਹੱਥ ਯੇਰੂਸ਼ਲੇਮ ਦਾ ਉਪਾਅ ਪੈਂਦਾ ਹੈ ਕਿ ਕਿਲ੍ਹਾ ਤੋੜ ਯੰਤਰਾਂ ਨੂੰ ਲਾਵੇ ਅਤੇ ਕੱਟਣ ਵੱਢਣ ਲਈ ਮੂੰਹ ਖੋਲ੍ਹੇ, ਜੈਕਾਰੇ ਦੀ ਆਵਾਜ਼ ਉਠਾਵੇ ਅਤੇ ਫਾਟਕਾਂ ਉੱਤੇ ਕਿਲ੍ਹਾ ਤੋੜ ਆਵਾਜ਼ ਨੂੰ ਲਾਵੇ ਅਤੇ ਘੇਰਾ ਬੰਨ੍ਹੇ ਅਤੇ ਬੁਰਜ ਬਣਾਵੇ। 23ਪਰ ਉਹਨਾਂ ਦੀ ਨਜ਼ਰ ਵਿੱਚ ਇਹ ਝੂਠੇ ਉਪਾਅ ਵਾਂਗੂੰ ਹੋਵੇਗਾ, ਅਰਥਾਤ ਉਹਨਾਂ ਲਈ ਜਿਹਨਾਂ ਨੇ ਸਹੁੰ ਖਾਧੀ ਸੀ, ਪਰ ਉਹ ਬਦੀ ਨੂੰ ਚੇਤੇ ਕਰੇਗਾ ਤਾਂ ਜੋ ਉਹ ਫੜੇ ਜਾਣ।
24“ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿਉਂਕਿ ਤੁਸੀਂ ਆਪਣੀ ਖੁੱਲ੍ਹੇਆਮ ਬਗਾਵਤ ਕਰਕੇ ਆਪਣੇ ਪਾਪਾਂ ਨੂੰ ਚੇਤੇ ਕਰਾਇਆ ਹੈ, ਇੱਥੋਂ ਤੱਕ ਕਿ ਤੁਹਾਡੇ ਸਾਰੇ ਕੰਮਾਂ ਵਿੱਚ ਤੁਹਾਡੇ ਪਾਪ ਦਿਸਦੇ ਹਨ। ਤੁਸੀਂ ਧਿਆਨ ਵਿੱਚ ਆ ਗਏ ਹੋ, ਇਸ ਲਈ ਤੁਸੀਂ ਹੱਥ ਵਿੱਚ ਫੜੇ ਜਾਓਗੇ।
25“ ‘ਹੇ ਇਸਰਾਏਲ ਦੇ ਅਪਵਿੱਤਰ ਅਤੇ ਦੁਸ਼ਟ ਰਾਜਕੁਮਾਰ, ਜਿਸ ਦਾ ਦਿਨ ਆ ਗਿਆ ਹੈ, ਜਿਸ ਦੀ ਸਜ਼ਾ ਦਾ ਸਮਾਂ ਆਪਣੇ ਸਿਖਰ ਤੇ ਪਹੁੰਚ ਗਿਆ ਹੈ, 26ਇਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: ਪੱਗ ਲਾਹ ਦੇ, ਤਾਜ ਉਤਾਰ ਦੇ। ਇਹ ਇਸ ਤਰ੍ਹਾਂ ਨਹੀਂ ਹੋਵੇਗਾ ਜਿਵੇਂ ਕਿ ਇਹ ਸੀ: ਨੀਵੇਂ ਨੂੰ ਉੱਚਾ ਕੀਤਾ ਜਾਵੇਗਾ ਅਤੇ ਉੱਚਿਆਂ ਨੂੰ ਨੀਵਾਂ ਕੀਤਾ ਜਾਵੇਗਾ। 27ਇੱਕ ਖੰਡਰ! ਇੱਕ ਖੰਡਰ! ਮੈਂ ਇਸਨੂੰ ਖੰਡਰ ਬਣਾ ਦਿਆਂਗਾ! ਤਾਜ ਨੂੰ ਉਦੋਂ ਤੱਕ ਬਹਾਲ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਉਹ ਨਹੀਂ ਆ ਜਾਂਦਾ ਜਿਸਦਾ ਇਹ ਸਹੀ ਹੈ; ਮੈਂ ਉਸਨੂੰ ਦੇ ਦਿਆਂਗਾ।’
28“ਅਤੇ, ਹੇ ਮਨੁੱਖ ਦੇ ਪੁੱਤਰ, ਤੂੰ ਭਵਿੱਖਬਾਣੀ ਕਰ ਅਤੇ ਆਖ, ‘ਸਰਬਸ਼ਕਤੀਮਾਨ ਯਾਹਵੇਹ ਅੰਮੋਨੀਆਂ ਅਤੇ ਉਹਨਾਂ ਦੀ ਬੇਇੱਜ਼ਤੀ ਬਾਰੇ ਇਹ ਆਖਦਾ ਹੈ:
“ ‘ਇੱਕ ਤਲਵਾਰ, ਇੱਕ ਤਲਵਾਰ,
ਸਗੋਂ ਖਿੱਚੀ ਹੋਈ ਤਲਵਾਰ! ਵੱਢਣ ਲਈ
ਉਹ ਬਹੁਤ ਚਮਕਾਈ ਗਈ,
ਤਾਂ ਜੋ ਉਹ ਬਿਜਲੀ ਵਾਂਗੂੰ ਹੋਵੇ!
29ਜਦੋਂ ਕਿ ਉਹ ਤੇਰੇ ਲਈ ਝੂਠੇ ਦਰਸ਼ਣ ਵੇਖਦੇ ਹਨ
ਅਤੇ ਝੂਠੇ ਉਪਾਅ ਕੱਢਦੇ ਹਨ
ਕਿ ਤੈਨੂੰ ਉਹਨਾਂ ਵੱਢਿਆਂ ਹੋਇਆਂ ਦੁਸ਼ਟਾਂ ਦੀਆਂ ਧੌਣਾਂ ਉੱਤੇ ਸੁੱਟ ਦੇਣ,
ਜਿਹਨਾਂ ਦਾ ਦਿਨ ਬਦੀ ਦੇ ਅੰਤ ਸਮੇਂ ਵਿੱਚ ਆ ਗਿਆ ਹੈ।
30“ ‘ਤਲਵਾਰ ਨੂੰ ਆਪਣੇ ਮਿਆਨ ਵਿੱਚ ਵਾਪਸ ਲਿਆ।
ਉਸ ਥਾਂ ਜਿੱਥੇ ਤੁਹਾਨੂੰ ਬਣਾਇਆ ਗਿਆ ਸੀ,
ਤੁਹਾਡੇ ਵੰਸ਼ ਦੇ ਦੇਸ਼ ਵਿੱਚ,
ਮੈਂ ਤੁਹਾਡਾ ਨਿਆਂ ਕਰਾਂਗਾ।
31ਮੈਂ ਆਪਣਾ ਕ੍ਰੋਧ ਤੇਰੇ ਉੱਤੇ ਡੋਲ੍ਹਾਂਗਾ
ਅਤੇ ਤੇਰੇ ਉੱਤੇ ਆਪਣਾ ਕ੍ਰੋਧ ਕੱਢਾਂਗਾ।
ਮੈਂ ਤੁਹਾਨੂੰ ਬੇਰਹਿਮ ਆਦਮੀਆਂ ਦੇ ਹੱਥਾਂ ਵਿੱਚ ਸੌਂਪ ਦਿਆਂਗਾ,
ਮਨੁੱਖਾਂ ਨੂੰ ਤਬਾਹ ਕਰਨ ਵਿੱਚ ਮਾਹਰ।
32ਤੁਸੀਂ ਅੱਗ ਦਾ ਬਾਲਣ ਹੋਵੋਂਗੇ,
ਤੁਹਾਡੀ ਧਰਤੀ ਵਿੱਚ ਤੁਹਾਡਾ ਲਹੂ ਵਹਾਇਆ ਜਾਵੇਗਾ,
ਤੁਹਾਨੂੰ ਹੋਰ ਚੇਤੇ ਨਹੀਂ ਕੀਤਾ ਜਾਵੇਗਾ;
ਕਿਉਂਕਿ ਮੈਂ ਯਾਹਵੇਹ ਬੋਲਦਾ ਹਾਂ।’ ”