5
ਵਿਰਲਾਪ ਅਤੇ ਤੋਬਾ
1ਹੇ ਇਸਰਾਏਲ, ਇਨ੍ਹਾਂ ਬਚਨਾਂ ਨੂੰ ਸੁਣੋ, ਜਿਹੜੇ ਮੈਂ ਤੁਹਾਡੇ ਲਈ ਵਿਰਲਾਪ ਕਰਕੇ ਕਹਿੰਦਾ ਹਾਂ:
2“ਇਸਰਾਏਲ ਦੀ ਕੁਆਰੀ ਡਿੱਗ ਪਈ,
ਉਹ ਫੇਰ ਨਾ ਉੱਠ ਸਕੇਗੀ,
ਉਹ ਆਪਣੀ ਭੂਮੀ ਉੱਤੇ ਤਿਆਗ ਦਿੱਤੀ ਗਈ ਹੈ,
ਉਸ ਨੂੰ ਚੁੱਕਣ ਵਾਲਾ ਕੋਈ ਨਹੀਂ।”
3ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਇਸਰਾਏਲ ਨੂੰ ਆਖਦਾ ਹੈ:
“ਜਿਸ ਸ਼ਹਿਰ ਵਿੱਚੋਂ ਹਜ਼ਾਰ ਨਿੱਕਲਦੇ ਸਨ,
ਉੱਥੇ ਇਸਰਾਏਲ ਦੇ ਘਰਾਣੇ ਦੇ ਸੌ ਰਹਿ ਜਾਣਗੇ,
ਅਤੇ ਜਿਸ ਵਿੱਚੋਂ ਸੌ ਨਿੱਕਲਦੇ ਸਨ,
ਉੱਥੇ ਦਸ ਹੀ ਰਹਿ ਜਾਣਗੇ।”
4ਇਹ ਉਹੀ ਹੈ ਜੋ ਯਾਹਵੇਹ ਇਸਰਾਏਲ ਨੂੰ ਆਖਦਾ ਹੈ:
“ਮੇਰੀ ਭਾਲ ਕਰੋ ਤਾਂ ਤੁਸੀਂ ਜੀਉਂਦੇ ਰਹੋਗੇ;
5ਬੈਤਏਲ ਨੂੰ ਨਾ ਭਾਲੋ,
ਗਿਲਗਾਲ ਨੂੰ ਨਾ ਜਾਓ,
ਬੇਰਸ਼ੇਬਾ ਨੂੰ ਨਾ ਜਾਓ।
ਕਿਉਂ ਜੋ ਗਿਲਗਾਲ ਜ਼ਰੂਰ ਗ਼ੁਲਾਮੀ ਵਿੱਚ ਚਲਾ ਜਾਵੇਗਾ,
ਅਤੇ ਬੈਤਏਲ ਨਾਸ ਹੋ ਜਾਵੇਗਾ।”
6ਯਾਹਵੇਹ ਨੂੰ ਭਾਲੋ ਤਾਂ ਤੁਸੀਂ ਜੀਉਂਦੇ ਰਹੋਗੇ,
ਨਹੀਂ ਤਾਂ ਉਹ ਯੋਸੇਫ਼ ਦੇ ਗੋਤਾਂ ਦੀ ਤਰ੍ਹਾਂ ਅੱਗ ਵਾਂਗੂੰ ਭੜਕੇਗਾ।
ਅਤੇ ਉਨ੍ਹਾਂ ਨੂੰ ਭਸਮ ਕਰ ਦੇਵੇਗਾ,
ਅਤੇ ਬੈਤਏਲ ਵਿੱਚ ਇਸ ਨੂੰ ਬੁਝਾਉਣ ਵਾਲਾ ਕੋਈ ਨਹੀਂ ਹੋਵੇਗਾ।
7ਅਜਿਹੇ ਲੋਕ ਹਨ ਜੋ ਨਿਆਂ ਨੂੰ ਕੁੜੱਤਣ ਵਿੱਚ ਬਦਲ ਦਿੰਦੇ ਹਨ
ਅਤੇ ਧਰਮ ਨੂੰ ਜ਼ਮੀਨ ਤੇ ਸੁੱਟ ਦਿੰਦੇ ਹਨ।
8ਉਹ ਜਿਸਨੇ ਪਚਿਆ ਅਤੇ ਸਪਤ੍ਰਿਖ ਬਣਾਇਆ,
ਜੋ ਅੱਧੀ ਰਾਤ ਨੂੰ ਸਵੇਰ ਵਿੱਚ ਬਦਲ ਦਿੰਦਾ ਹੈ
ਅਤੇ ਦਿਨ ਨੂੰ ਰਾਤ ਵਿੱਚ ਬਦਲ ਦਿੰਦਾ ਹੈ,
ਜੋ ਸਮੁੰਦਰ ਦੇ ਪਾਣੀਆਂ ਨੂੰ ਪੁਕਾਰਦਾ ਹੈ
ਅਤੇ ਉਨ੍ਹਾਂ ਨੂੰ ਧਰਤੀ ਦੇ ਮੂੰਹ ਉੱਤੇ ਡੋਲ੍ਹਦਾ ਹੈ
ਯਾਹਵੇਹ ਉਹ ਦਾ ਨਾਮ ਹੈ।
9ਜਿਹੜਾ ਛੇਤੀ ਨਾਲ ਬਲਵਾਨ ਦਾ ਵਿਨਾਸ਼ ਕਰ ਦਿੰਦਾ ਹੈ
ਅਤੇ ਗੜ੍ਹਾਂ ਨੂੰ ਵੀ ਤਬਾਹ ਕਰ ਦਿੰਦਾ ਹੈ।
10ਅਜਿਹੇ ਲੋਕ ਹਨ ਜੋ ਅਦਾਲਤ ਵਿੱਚ ਨਿਆਂ ਕਰਨ ਵਾਲੇ ਨੂੰ ਨਫ਼ਰਤ ਕਰਦੇ ਹਨ
ਅਤੇ ਸੱਚ ਬੋਲਣ ਵਾਲੇ ਨੂੰ ਨਫ਼ਰਤ ਕਰਦੇ ਹਨ।
11ਤੁਸੀਂ ਜੋ ਗਰੀਬ ਨੂੰ ਕੁਚਲਦੇ ਹੋ
ਅਤੇ ਉਹਨਾਂ ਤੋਂ ਕਣਕ ਦੀ ਵਸੂਲੀ ਜ਼ਬਰਦਸਤੀ ਕਰਦੇ ਹੋ।
ਇਸ ਲਈ, ਭਾਵੇਂ ਤੁਸੀਂ ਪੱਥਰ ਦੇ ਘਰ ਬਣਾਏ ਹਨ,
ਤੁਸੀਂ ਉਨ੍ਹਾਂ ਵਿੱਚ ਨਹੀਂ ਰਹੋਗੇ।
ਭਾਵੇਂ ਤੁਸੀਂ ਹਰੇ ਅੰਗੂਰੀ ਬਾਗ ਲਗਾਏ ਹਨ,
ਤੁਸੀਂ ਉਨ੍ਹਾਂ ਦੀ ਦਾਖਰਸ ਨਹੀਂ ਪੀਓਗੇ।
12ਕਿਉਂਕਿ ਮੈਂ ਜਾਣਦਾ ਹਾਂ ਕਿ ਤੁਹਾਡੇ ਅਪਰਾਧ ਕਿੰਨੇ ਹਨ,
ਅਤੇ ਤੁਹਾਡੇ ਪਾਪ ਕਿੰਨੇ ਵੱਡੇ ਹਨ।
ਤੁਸੀਂ ਨਿਰਦੋਸ਼ਾਂ ਤੇ ਜ਼ੁਲਮ ਕਰਦੇ ਹਨ
ਅਤੇ ਰਿਸ਼ਵਤ ਲੈਂਦੇ ਹਨ
ਅਤੇ ਅਦਾਲਤਾਂ ਵਿੱਚ ਗਰੀਬਾਂ ਨੂੰ ਨਿਆਂ ਤੋਂ ਵਾਂਝਾ ਕਰਦੇ ਹੋ।
13ਇਸ ਲਈ ਸੂਝਵਾਨ ਅਜਿਹੇ ਸਮਿਆਂ ਵਿੱਚ ਚੁੱਪ ਰਹਿੰਦੇ ਹਨ,
ਕਿਉਂ ਜੋ ਇਹ ਸਮਾਂ ਬੁਰਾ ਹੈ।
14ਭਲਿਆਈ ਦੀ ਭਾਲ ਕਰੋ, ਬੁਰਿਆਈ ਦੀ ਨਹੀਂ,
ਤਾਂ ਜੋ ਤੁਸੀਂ ਜੀਉਂਦੇ ਰਹੋ।
ਤਦ ਯਾਹਵੇਹ ਸਰਵਸ਼ਕਤੀਮਾਨ ਤੁਹਾਡੇ ਨਾਲ ਹੋਵੇਗਾ,
ਜਿਵੇਂ ਤੁਸੀਂ ਦਾਅਵਾ ਕਰਦੇ ਹੋ ਕਿ ਉਹ ਤੁਹਾਡੇ ਨਾਲ ਹੈ।
15ਬੁਰਿਆਈ ਨਾਲ ਨਫ਼ਰਤ ਕਰੋ, ਭਲਿਆਈ ਨੂੰ ਪਿਆਰ ਕਰੋ।
ਅਦਾਲਤਾਂ ਵਿੱਚ ਨਿਆਂ ਕਾਇਮ ਰੱਖੋ।
ਸ਼ਾਇਦ ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ ਯੋਸੇਫ਼ ਦੇ ਬਚੇ ਹੋਇਆ ਤੇ ਰਹਿਮ ਕਰੇ।
16ਇਸ ਲਈ, ਸਰਬਸ਼ਕਤੀਮਾਨ ਯਾਹਵੇਹ, ਪ੍ਰਭੂ ਆਖਦਾ ਹੈ,
“ਸਾਰੀਆਂ ਗਲੀਆਂ ਵਿੱਚ ਰੋਣਾ,
ਅਤੇ ਹਰ ਚੌਂਕ ਵਿੱਚ ਦੁੱਖ ਦੀ ਚੀਕਣਾ ਹੋਵੇਗਾ।
ਕਿਸਾਨਾਂ ਨੂੰ ਰੋਣ ਲਈ
ਅਤੇ ਸੋਗ ਕਰਨ ਵਾਲਿਆਂ ਨੂੰ ਸੋਗ ਲਈ ਬੁਲਾਇਆ ਜਾਵੇਗਾ।
17ਸਾਰੇ ਅੰਗੂਰੀ ਬਾਗ਼ਾਂ ਵਿੱਚ ਰੌਲਾ ਪਵੇਗਾ,
ਕਿਉਂਕਿ ਮੈਂ ਤੁਹਾਡੇ ਵਿੱਚੋਂ ਦੀ ਲੰਘਾਂਗਾ,”
ਇਹ ਯਾਹਵੇਹ ਦਾ ਬਚਨ ਹੈ।
ਯਾਹਵੇਹ ਦਾ ਦਿਨ
18ਹਾਏ ਤੁਹਾਡੇ ਉੱਤੇ ਜਿਹੜੇ
ਯਾਹਵੇਹ ਦੇ ਦਿਨ ਦੀ ਉਡੀਕ ਕਰਦੇ ਹੋ!
ਤੁਸੀਂ ਯਾਹਵੇਹ ਦੇ ਦਿਨ ਦੀ ਉਡੀਕ ਕਿਉਂ ਕਰਦੇ ਹੋ?
ਉਹ ਦਿਨ ਹਨੇਰਾ ਹੋਵੇਗਾ, ਚਾਨਣ ਨਹੀਂ।
19ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਕੋਈ ਵਿਅਕਤੀ ਆਪਣੀ ਜਾਨ ਬਚਾਉਣ ਲਈ ਸ਼ੇਰ ਤੋਂ ਭੱਜਦਾ ਹੈ
ਅਤੇ ਭੱਜਦੇ ਹੋਏ ਰਿੱਛ ਦਾ ਸਾਹਮਣੇ ਆ ਜਾਵੇ,
ਜਾਂ ਉਹ ਆਪਣੇ ਘਰ ਵਿੱਚ ਵੜਿਆ,
ਅਤੇ ਆਪਣਾ ਹੱਥ ਕੰਧ ਉੱਤੇ ਰੱਖ ਲਵੇ।
ਅਤੇ ਸੱਪ ਉਸ ਡੱਸ ਲਵੇ।
20ਕੀ ਯਾਹਵੇਹ ਦਾ ਦਿਨ ਹਨੇਰਾ ਨਹੀਂ ਹੋਵੇਗਾ, ਨਾ ਕਿ ਚਾਨਣ
ਅਤੇ ਘੁੱਪ ਹਨ੍ਹੇਰਾ, ਜਿਸ ਦੇ ਵਿੱਚ ਕੋਈ ਚਮਕ ਨਾ ਹੋਵੇਗੀ?
21“ਮੈਨੂੰ ਤੁਹਾਡੇ ਧਾਰਮਿਕ ਤਿਉਹਾਰ ਤੋਂ ਨਫ਼ਰਤ ਹੈ,
ਅਤੇ ਤੁਹਾਡੀਆਂ ਮਹਾਂਸਭਾਵਾਂ ਨੂੰ ਪਸੰਦ ਨਹੀਂ ਕਰਦਾ।
22ਭਾਵੇਂ ਤੁਸੀਂ ਮੇਰੇ ਲਈ ਹੋਮ ਦੀਆਂ ਭੇਟਾਂ ਅਤੇ ਅਨਾਜ਼ ਦੀਆਂ ਭੇਟਾਂ ਲਿਆਉਂਦੇ ਹੋ,
ਮੈਂ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਾਂਗਾ।
ਭਾਵੇਂ ਤੁਸੀਂ ਸੁੱਖ-ਸਾਂਦ ਦੀਆਂ ਭੇਟਾਂ ਲਿਆਉਂਦੇ ਹੋ,
ਮੈਂ ਉਨ੍ਹਾਂ ਦੀ ਕੋਈ ਪਰਵਾਹ ਨਹੀਂ ਕਰਾਂਗਾ।
23ਆਪਣੇ ਗੀਤਾਂ ਦਾ ਰੌਲ਼ਾ ਮੇਰੇ ਤੋਂ ਦੂਰ ਕਰੋ,
ਤੁਹਾਡੇ ਰਬਾਬਾਂ ਦਾ ਸੁਰ ਮੈਂ ਨਹੀਂ ਸੁਣਾਂਗਾ।
24ਪਰ ਇਨਸਾਫ਼ ਦਰਿਆ ਵਾਂਗੂੰ ਵਗਦਾ ਰਹੇ।
ਅਤੇ ਧਾਰਮਿਕਤਾ ਕਦੇ ਨਾ ਰੁਕਣ ਵਾਲੀ ਧਾਰਾ ਵਾਂਗੂੰ ਵਗਦੀ ਰਹੇ!
25“ਹੇ ਇਸਰਾਏਲ ਦੇ ਘਰਾਣੇ, ਕੀ ਤੁਸੀਂ ਉਜਾੜ ਵਿੱਚ ਚਾਲੀ ਸਾਲਾਂ ਤੱਕ ਭੇਟਾਂ
ਅਤੇ ਬਲੀਦਾਨ ਮੈਨੂੰ ਹੀ ਚੜ੍ਹਾਏ?
26ਤੁਸੀਂ ਆਪਣੇ ਰਾਜੇ ਦਾ ਅਸਥਾਨ,
ਆਪਣੀਆਂ ਮੂਰਤੀਆਂ ਦੀ ਚੌਂਕੀ,
ਆਪਣੇ ਦੇਵਤੇ ਦਾ ਤਾਰਾ,
ਜਿਸ ਨੂੰ ਤੁਸੀਂ ਆਪਣੇ ਲਈ ਬਣਾਇਆ ਹੈ, ਉੱਚਾ ਕੀਤਾ ਹੈ।
27ਇਸ ਲਈ ਮੈਂ ਤੁਹਾਨੂੰ ਕੱਢ ਕੇ ਦੰਮਿਸ਼ਕ ਤੋਂ ਪਰੇ ਲੈ ਜਾ ਕੇ ਵਸਾਵਾਂਗਾ,”
ਯਾਹਵੇਹ ਆਖਦਾ ਹੈ, ਜਿਸ ਦਾ ਨਾਮ ਸਰਬਸ਼ਕਤੀਮਾਨ ਪਰਮੇਸ਼ਵਰ ਹੈ।