9
ਧਰਤੀ ਤੇ ਤੰਬੂ ਵਿੱਚ ਅਰਾਧਨਾ
1ਪਹਿਲੀ ਵਾਚਾ ਵਿੱਚ ਪਰਮੇਸ਼ਵਰ ਦੀ ਅਰਾਧਨਾ ਅਤੇ ਸੰਸਾਰਿਕ ਪਵਿੱਤਰ ਸਥਾਨ ਵਾਸਤੇ ਨਿਯਮ ਦਿੱਤੇ ਗਏ ਸਨ। 2ਇੱਕ ਤੰਬੂ ਬਣਾਇਆ ਗਿਆ ਸੀ। ਜਿਸ ਦੇ ਪਹਿਲੇ ਕਮਰੇ ਵਿੱਚ ਸ਼ਮਾਦਾਨ ਅਤੇ ਪਵਿੱਤਰ ਰੋਟੀ ਦਾ ਮੇਜ਼ ਰੱਖਿਆ ਜਾਂਦਾ ਸੀ। ਇਸ ਤੰਬੂ ਨੂੰ ਪਵਿੱਤਰ ਸਥਾਨ ਕਿਹਾ ਜਾਂਦਾ ਸੀ।#9:2 ਕੂਚ 25:23-30; 26:1-30 3ਦੂਸਰੇ ਪਰਦੇ ਦੇ ਪਿੱਛੇ ਇੱਕ ਕਮਰਾ ਸੀ ਜੋ ਅੱਤ ਪਵਿੱਤਰ ਸਥਾਨ ਕਹਾਉਂਦਾ ਸੀ,#9:3 ਕੂਚ 26:31-33 4ਜਿੱਥੇ ਧੂਪ ਲਈ ਸੋਨੇ ਦੀ ਵੇਦੀ ਸੀ ਅਤੇ ਸੋਨੇ ਨਾਲ ਮੜ੍ਹਿਆ ਹੋਇਆ ਵਾਚਾ ਦਾ ਸੰਦੂਕ ਸੀ। ਇਸ ਵਾਚਾ ਦੇ ਸੰਦੂਕ ਵਿੱਚ ਸੋਨੇ ਦਾ ਬਰਤਨ ਮੰਨੇ ਨਾਲ ਭਰਿਆ ਹੋਇਆ, ਹਾਰੋਨ ਦੀ ਲਾਠੀ ਜਿਹੜੀ ਹਮੇਸ਼ਾ ਕੋਮਲ ਪੱਤਿਆਂ ਨਾਲ ਭਰੀ ਰਹਿੰਦੀ ਹੈ ਅਤੇ ਪੱਥਰ ਨਾਲ ਬਣੀਆਂ ਵਾਚਾ ਦੀ ਪੱਟੀਆਂ ਸਨ।#9:4 ਕੂਚ 16:33; 25:10-16; 30:1-6; ਗਿਣ 17:8-10; ਬਿਵ 10:3 5ਸੰਦੂਕ ਦੇ ਉੱਪਰ ਤੇਜ ਨਾਲ ਭਰੇ ਹੋਏ ਕਰੂਬੀ ਸਨ ਜਿਹੜੇ ਕਿਰਪਾ ਦੇ ਆਸਨ ਨੂੰ ਢੱਕ ਕੇ ਰੱਖਦੇ ਸੀ। ਪਰ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਵਿਸਤਾਰ ਵਿੱਚ ਬਿਆਨ ਕਰਨ ਦਾ ਹੁਣ ਸਮਾਂ ਨਹੀਂ ਹੈ।#9:5 ਕੂਚ 25:18-22
6ਸਾਰੀਆਂ ਚੀਜ਼ਾਂ ਨੂੰ ਇਸ ਪ੍ਰਕਾਰ ਪ੍ਰਬੰਧ ਕਰਨ ਤੋਂ ਬਾਅਦ ਜਦੋਂ ਜਾਜਕ ਹਰ ਸਮੇਂ ਬਾਹਰੀ ਤੰਬੂ ਵਿੱਚ ਆਪਣੀ ਸੇਵਕਾਈ ਲਈ ਪ੍ਰਵੇਸ਼ ਕਰਦਾ ਸੀ।#9:6 ਕੂਚ 27:21 7ਪਰ ਕੇਵਲ ਮਹਾਂ ਜਾਜਕ ਹੀ ਬਲੀ ਕੀਤੇ ਜਾਨਵਰ ਦਾ ਲਹੂ ਲੈ ਕੇ ਅੱਤ ਪਵਿੱਤਰ ਕਮਰੇ ਵਿੱਚ ਪ੍ਰਵੇਸ਼ ਕਰਦਾ ਸੀ ਅਤੇ ਉਹ ਵੀ ਸਿਰਫ ਸਾਲ ਵਿੱਚ ਇੱਕ ਹੀ ਵਾਰ, ਆਪਣੇ ਆਪ ਲਈ ਅਤੇ ਹੋਰ ਲੋਕਾਂ ਦੇ ਪਾਪਾਂ ਲਈ ਜੋ ਅਗਿਆਨਤਾ ਵਿੱਚ ਕੀਤੇ ਗਏ ਹੋਣ ਚੜ੍ਹਾਉਂਦਾ ਸੀ।#9:7 ਕੂਚ 30:10; ਲੇਵਿ 16:2 8ਇਸ ਦੇ ਦੁਆਰਾ ਪਵਿੱਤਰ ਆਤਮਾ ਇਹ ਸਪਸ਼ਟ ਕਰਦਾ ਹੈ ਕਿ ਜਦੋਂ ਤੱਕ ਪਹਿਲਾ ਤੰਬੂ ਕਿਰਿਆਸ਼ੀਲ ਹੈ ਉਦੋਂ ਤੱਕ ਮੁੱਖ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਦਾ ਰਸਤਾ ਬੰਦ ਹੈ। 9ਇਹ ਬਾਹਰੀ ਤੰਬੂ ਵਰਤਮਾਨ ਸਮੇਂ ਲਈ ਉਧਾਰਨ ਦੇ ਕੇ ਇਹ ਦਰਸਾਉਂਦਾ ਹੈ ਕਿ ਭੇਂਟਾਂ ਤੇ ਬਲੀਆਂ ਜੋ ਜਾਜਕ ਦੁਆਰਾ ਚੜਾਈਆਂ ਜਾਂਦੀਆਂ ਸਨ, ਉਹ ਅਰਾਧਨਾ ਕਰਨ ਵਾਲੇ ਦੇ ਜ਼ਮੀਰ ਨੂੰ ਸ਼ੁੱਧ ਨਹੀਂ ਕਰ ਸਕਦੀ। 10ਇਹ ਸਿਰਫ ਖਾਣ-ਪੀਣ ਅਤੇ ਵੱਖੋ ਵੱਖਰੇ ਰਸਮੀ ਇਸ਼ਨਾਨ ਦੇ ਮਾਮਲੇ ਹਨ ਇਹ ਸਰੀਰ ਸੰਬਧੀ ਨਿਯਮ ਨਵੇਂ ਆਦੇਸ਼ ਦੇ ਲਾਗੂ ਹੋਣ ਤੱਕ ਹੀ ਜਾਰੀ ਸਨ।
ਮਸੀਹ ਦਾ ਲਹੂ
11ਪਰ ਜਦੋਂ ਮਸੀਹ ਉਹਨਾਂ ਚੰਗੀਆਂ ਚੀਜ਼ਾਂ ਦਾ ਮਹਾਂ ਜਾਜਕ ਹੋ ਕੇ ਆਇਆ ਜੋ ਪਹਿਲਾਂ ਹੀ ਇੱਥੇ ਹਨ, ਉਹ ਇੱਕ ਵਿਸ਼ਾਲ ਅਤੇ ਵਧੇਰੇ ਸੰਪੂਰਨ ਡੇਰੇ ਵਿੱਚੋਂ ਲੰਘਿਆ ਜੋ ਮਨੁੱਖੀ ਹੱਥਾਂ ਨਾਲ ਨਹੀਂ ਬਣਾਇਆ ਗਿਆ, ਅਰਥਾਤ ਇਸ ਸ੍ਰਿਸ਼ਟੀ ਦਾ ਹਿੱਸਾ ਨਹੀਂ ਹੈ। 12ਉਹ ਬੱਕਰਿਆਂ ਅਤੇ ਵੱਛਿਆਂ ਦੇ ਲਹੂ ਰਾਹੀਂ ਦਾਖਲ ਨਹੀਂ ਹੋਇਆ; ਪਰ ਉਹ ਆਪਣੇ ਲਹੂ ਦੁਆਰਾ ਸਭ ਤੋਂ ਪਵਿੱਤਰ ਸਥਾਨ ਵਿੱਚ ਇੱਕ ਵਾਰ ਦਾਖਲ ਹੋਇਆ, ਇਸ ਤਰ੍ਹਾਂ ਸਦੀਪਕ ਛੁਟਕਾਰਾ ਪ੍ਰਾਪਤ ਹੋਇਆ। 13ਬੱਕਰਿਆਂ ਅਤੇ ਬਲਦਾਂ ਦਾ ਲਹੂ ਅਤੇ ਇੱਕ ਵੱਛੀ ਦੀ ਸੁਆਹ ਉਹਨਾਂ ਉੱਤੇ ਛਿੜਕੀ ਜਾਂਦੀ ਹੈ ਜੋ ਰਸਮੀ ਤੌਰ ਤੇ ਅਸ਼ੁੱਧ ਹਨ ਉਹਨਾਂ ਨੂੰ ਪਵਿੱਤਰ ਕਰਦੇ ਹਨ ਤਾਂ ਜੋ ਉਹ ਬਾਹਰੋਂ ਸ਼ੁੱਧ ਹੋ ਜਾਣ। 14ਤਾਂ ਫਿਰ, ਮਸੀਹ ਦਾ ਲਹੂ ਕਿੰਨਾ ਵਧੀਕ ਨਿਰਦੋਸ਼ ਹੋਵੇਗਾ, ਜਿਸ ਨੇ ਸਦੀਪਕ ਆਤਮਾ ਦੁਆਰਾ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਪੇਸ਼ ਕੀਤਾ, ਕਿ ਸਾਡੇ ਜ਼ਮੀਰ ਨੂੰ ਉਹਨਾਂ ਕੰਮਾਂ ਤੋਂ ਸ਼ੁੱਧ ਕਰੇ ਜੋ ਮੌਤ ਵੱਲ ਲੈ ਜਾਂਦੇ ਹਨ, ਤਾਂ ਜੋ ਅਸੀਂ ਜੀਉਂਦੇ ਪਰਮੇਸ਼ਵਰ ਦੀ ਸੇਵਾ ਕਰ ਸਕੀਏ!
15ਇਸ ਲਈ ਮਸੀਹ ਇੱਕ ਨਵੇਂ ਨੇਮ ਦਾ ਵਿਚੋਲਾ ਹੈ, ਤਾਂ ਜੋ ਉਹ ਸਾਰੇ ਜਿਹੜੇ ਬੁਲਾਏ ਗਏ ਹਨ ਉਹ ਵਾਅਦਾ ਕੀਤੀ ਗਈ ਸਦੀਪਕ ਵਿਰਾਸਤ ਨੂੰ ਪ੍ਰਾਪਤ ਕਰ ਸਕਣ, ਕਿਉਂਕਿ ਉਸ ਦੀ ਮੌਤ ਦੁਆਰਾ ਉਨ੍ਹਾਂ ਨੇ ਉਹਨਾਂ ਅਪਰਾਧਾਂ ਲਈ ਛੁਟਕਾਰਾ ਪਾਇਆ ਜੋ ਉਨ੍ਹਾਂ ਨੇ ਪਹਿਲੇ ਨੇਮ ਦੇ ਅਧੀਨ ਕੀਤੇ ਸਨ।
16ਵਸੀਅਤ ਦੇ ਮਾਮਲੇ ਵਿੱਚ ਵੀ ਇਸ ਨੂੰ ਬਣਾਉਣ ਵਾਲੇ ਦੀ ਮੌਤ ਨੂੰ ਸਾਬਤ ਕਰਨਾ ਜ਼ਰੂਰੀ ਹੈ। 17ਕਿਉਂਕਿ ਵਸੀਅਤ ਉਦੋਂ ਹੀ ਲਾਗੂ ਹੁੰਦੀ ਹੈ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ; ਇਹ ਓਦੋਂ ਤੱਕ ਪ੍ਰਭਾਵਸ਼ਾਲੀ ਨਹੀਂ ਹੁੰਦਾ ਜਦੋਂ ਤੱਕ ਕਿ ਜਿਸ ਨੇ ਇਸ ਨੂੰ ਬਣਾਇਆ ਹੈ ਉਹ ਜੀਉਂਦਾ ਹੈ। 18ਇਹੀ ਕਾਰਨ ਹੈ ਕਿ ਪਹਿਲੀ ਵਾਚਾ ਖੂਨ ਦੇ ਬਿਨ੍ਹਾਂ ਪ੍ਰਭਾਵ ਨਹੀਂ ਪਾ ਸਕੀ। 19ਜਦੋਂ ਮੋਸ਼ੇਹ ਨੇ ਸਾਰੇ ਲੋਕਾਂ ਨੂੰ ਬਿਵਸਥਾ ਦੇ ਹਰ ਨਿਯਮ ਦਾ ਐਲਾਨ ਕਰ ਦਿੱਤਾ, ਉਸ ਨੇ ਵੱਛਿਆਂ ਅਤੇ ਬੱਕਰਿਆਂ ਦਾ ਲਹੂ ਲਿਆ ਜਿਸ ਨੂੰ ਪਾਣੀ ਅਤੇ ਲਾਲ ਰੰਗ ਦੀ ਉੱਨ ਅਤੇ ਜ਼ੈਫ਼ੇ ਦੀਆਂ ਟਹਿਣੀਆਂ ਦੇ ਨਾਲ, ਸਾਰੇ ਲੋਕਾਂ ਉੱਤੇ ਛਿੜਕਿਆ।#9:19 ਲੇਵਿ 14:4; ਗਿਣ 19:6 20ਮੋਸ਼ੇਹ ਨੇ ਲੋਕਾਂ ਨੂੰ ਕਿਹਾ, “ਇਹ ਉਸ ਨੇਮ ਦਾ ਲਹੂ ਹੈ, ਜਿਸ ਨੂੰ ਪਰਮੇਸ਼ਵਰ ਨੇ ਤੁਹਾਨੂੰ ਮੰਨਣ ਦਾ ਹੁਕਮ ਦਿੱਤਾ ਹੈ।”#9:20 ਕੂਚ 24:8 21ਇਸੇ ਤਰ੍ਹਾਂ, ਉਸ ਨੇ ਤੰਬੂ ਅਤੇ ਇਸ ਦੀਆਂ ਰਸਮਾਂ ਵਿੱਚ ਵਰਤੀ ਜਾਣ ਵਾਲੀ ਹਰ ਚੀਜ਼ ਉੱਤੇ ਲਹੂ ਛਿੜਕਿਆ।#9:21 ਲੇਵਿ 8:15; 19 22ਦਰਅਸਲ, ਬਿਵਸਥਾ ਦੀ ਮੰਗ ਹੈ ਕਿ ਲਗਭਗ ਹਰ ਚੀਜ਼ ਨੂੰ ਖੂਨ ਨਾਲ ਸ਼ੁੱਧ ਕੀਤਾ ਜਾਵੇ, ਅਤੇ ਖੂਨ ਵਹਾਏ ਬਗੈਰ ਕੋਈ ਮਾਫ਼ੀ ਨਹੀਂ ਹੈ।#9:22 ਲੇਵਿ 17:11
23ਇਹ ਜ਼ਰੂਰੀ ਸੀ ਕਿ ਸਵਰਗੀ ਚੀਜ਼ਾਂ ਦੇ ਨਮੂਨਿਆਂ ਨੂੰ ਇਨ੍ਹਾਂ ਬਲੀਦਾਨਾਂ ਨਾਲ ਸ਼ੁੱਧ ਕੀਤਾ ਜਾਏ, ਪਰ ਸਵਰਗੀ ਚੀਜ਼ਾਂ ਆਪ ਹੀ ਇਨ੍ਹਾਂ ਤੋਂ ਉੱਤਮ ਬਲੀਦਾਨ ਨਾਲ ਸ਼ੁੱਧ ਕੀਤੀਆਂ ਜਾਣ। 24ਕਿਉਂਕਿ ਮਸੀਹ ਮਨੁੱਖੀ ਹੱਥਾਂ ਨਾਲ ਬਣੇ ਪਵਿੱਤਰ ਅਸਥਾਨ ਵਿੱਚ ਦਾਖਲ ਨਹੀਂ ਹੋਇਆ ਜੋ ਅਸਲ ਦੀ ਨਕਲ ਸੀ; ਸਗੋਂ ਸਵਰਗ ਵਿੱਚ ਗਿਆ ਕਿ ਸਾਡੇ ਲਈ ਪਰਮੇਸ਼ਵਰ ਦੇ ਅੱਗੇ ਪੇਸ਼ ਹੋਵੇ। 25ਨਾ ਹੀ ਮਸੀਹ ਆਪਣੇ ਆਪ ਨੂੰ ਵਾਰ-ਵਾਰ ਪੇਸ਼ ਕਰਨ ਲਈ ਸਵਰਗ ਵਿੱਚ ਦਾਖਲ ਹੋਇਆ, ਜਿਸ ਤਰ੍ਹਾਂ ਮਹਾਂ ਜਾਜਕ ਹਰ ਸਾਲ ਅੱਤ ਪਵਿੱਤਰ ਸਥਾਨ ਵਿੱਚ ਖੂਨ ਲੈ ਕੇ ਦਾਖਲ ਹੁੰਦਾ ਹੈ ਜੋ ਉਸ ਦਾ ਆਪਣਾ ਨਹੀਂ ਹੁੰਦਾ ਸੀ। 26ਨਹੀਂ ਤਾਂ ਮਸੀਹ ਨੂੰ ਸੰਸਾਰ ਦੇ ਸਿਰਜਣ ਤੋਂ ਲੈ ਕੇ ਕਈ ਵਾਰ ਦੁੱਖ ਝੱਲਣੇ ਪੈਂਦੇ। ਪਰ ਹੁਣ ਯੁੱਗਾਂ ਦੇ ਅੰਤ ਵਿੱਚ ਮਸੀਹ ਇੱਕੋ ਵਾਰ ਪ੍ਰਗਟ ਹੋਇਆ ਹੈ ਕਿ ਆਪਣੇ ਆਪ ਨੂੰ ਬਲੀਦਾਨ ਕਰਨ ਨਾਲ ਪਾਪ ਨੂੰ ਦੂਰ ਕਰੇ। 27ਜਿਸ ਤਰ੍ਹਾਂ ਲੋਕਾਂ ਦਾ ਇੱਕ ਵਾਰ ਮਰਨਾ ਅਤੇ ਉਸ ਤੋਂ ਬਾਅਦ ਉਸ ਦਾ ਨਿਆਂ ਹੋਣਾ ਠਹਿਰਾਇਆ ਹੋਇਆ ਹੈ,#9:27 2 ਕੁਰਿੰ 5:10; ਉਪ 12:14 28ਇਸ ਲਈ ਬਹੁਤ ਸਾਰੇ ਲੋਕਾਂ ਦੇ ਪਾਪਾਂ ਨੂੰ ਦੂਰ ਕਰਨ ਲਈ ਮਸੀਹ ਨੂੰ ਇੱਕੋ ਵਾਰ ਬਲੀਦਾਨ ਹੋਣਾ ਪਿਆ; ਅਤੇ ਉਹ ਦੂਜੀ ਵਾਰ ਪ੍ਰਗਟ ਹੋਵੇਗਾ, ਪਾਪ ਦੂਰ ਕਰਨ ਲਈ ਨਹੀਂ, ਬਲਕਿ ਉਹਨਾਂ ਦੀ ਮੁਕਤੀ ਲਈ ਜੋ ਉਸ ਦੀ ਉਡੀਕ ਕਰ ਰਹੇ ਹਨ।