19
ਇਸਰਾਏਲ ਦੇ ਰਾਜਕੁਮਾਰਾਂ ਉੱਤੇ ਇੱਕ ਵਿਰਲਾਪ
1“ਇਸਰਾਏਲ ਦੇ ਰਾਜਕੁਮਾਰਾਂ ਲਈ ਵਿਰਲਾਪ ਕਰੋ 2ਅਤੇ ਆਖ:
“ ‘ਤੇਰੀ ਮਾਂ ਸ਼ੇਰਾਂ ਵਿੱਚ ਸ਼ੇਰਨੀ ਸੀ!
ਉਹ ਉਹਨਾਂ ਦੇ ਵਿਚਕਾਰ ਲੇਟੀ ਸੀ
ਅਤੇ ਆਪਣੇ ਬੱਚਿਆਂ ਨੂੰ ਪਾਲਿਆ।
3ਉਸਨੇ ਆਪਣੇ ਇੱਕ ਬੱਚੇ ਨੂੰ ਪਾਲਿਆ,
ਅਤੇ ਉਹ ਇੱਕ ਤਾਕਤਵਰ ਸ਼ੇਰ ਬਣ ਗਿਆ।
ਉਸ ਨੇ ਸ਼ਿਕਾਰ ਨੂੰ ਪਾੜਨਾ ਸਿੱਖਿਆ
ਅਤੇ ਉਹ ਆਦਮਖੋਰ ਬਣ ਗਿਆ।
4ਕੌਮਾਂ ਨੇ ਉਸ ਬਾਰੇ ਸੁਣਿਆ,
ਅਤੇ ਉਹ ਆਪਣੇ ਟੋਏ ਵਿੱਚ ਫਸ ਗਿਆ।
ਉਹ ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ
ਮਿਸਰ ਦੀ ਧਰਤੀ ਵੱਲ ਲੈ ਗਏ।
5“ ‘ਜਦੋਂ ਉਸਨੇ ਵੇਖਿਆ ਕਿ ਉਸਦੀ ਉਮੀਦ ਪੂਰੀ ਨਹੀਂ ਹੋਈ,
ਅਤੇ ਉਸਦੀ ਆਸ ਖਤਮ ਹੋ ਗਈ,
ਤਾਂ ਉਹ ਨੇ ਆਪਣੇ ਬੱਚਿਆਂ ਵਿੱਚੋਂ ਦੂਜੇ ਨੂੰ ਲਿਆ,
ਅਤੇ ਉਸ ਨੂੰ ਜੁਆਨ ਸ਼ੇਰ ਬਣਾਇਆ
6ਉਹ ਸ਼ੇਰਾਂ ਦੇ ਵਿੱਚ ਚੱਲਣ ਫਿਰਨ ਲੱਗਾ,
ਅਤੇ ਜੁਆਨ ਸ਼ੇਰ ਬਣ ਗਿਆ
ਅਤੇ ਸ਼ਿਕਾਰ ਫੜਨਾ ਸਿੱਖਿਆ
ਅਤੇ ਉਹ ਆਦਮਖੋਰ ਬਣ ਗਿਆ।
7ਉਸਨੇ ਉਹਨਾਂ ਦੇ ਗੜ੍ਹਾਂ ਨੂੰ ਢਾਹ ਦਿੱਤਾ
ਅਤੇ ਉਹਨਾਂ ਦੇ ਨਗਰਾਂ ਨੂੰ ਤਬਾਹ ਕਰ ਦਿੱਤਾ।
ਧਰਤੀ ਅਤੇ ਉਸ ਵਿੱਚ ਰਹਿਣ ਵਾਲੇ ਸਾਰੇ ਲੋਕ
ਉਸ ਦੀ ਗਰਜ ਨਾਲ ਦੇਸ ਡਰ ਗਿਆ।
8ਤਦ ਕੌਮਾਂ ਉਸਦੇ ਵਿਰੁੱਧ ਆਈਆਂ,
ਜੋ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਨ।
ਉਹਨਾਂ ਨੇ ਉਹ ਦੇ ਲਈ ਆਪਣਾ ਜਾਲ ਵਿਛਾ ਦਿੱਤਾ,
ਅਤੇ ਉਹ ਉਹਨਾਂ ਦੇ ਟੋਏ ਵਿੱਚ ਫਸ ਗਿਆ।
9ਉਹਨਾਂ ਨੇ ਉਹ ਨੂੰ ਸੰਗਲਾਂ ਨਾਲ ਬੰਨ੍ਹ ਕੇ ਪਿੰਜਰੇ ਵਿੱਚ ਸੁੱਟਿਆ,
ਅਤੇ ਬਾਬੇਲ ਦੇ ਰਾਜੇ ਕੋਲ ਲੈ ਆਏ।
ਉਹਨਾਂ ਨੇ ਉਸ ਨੂੰ ਕੈਦ ਵਿੱਚ ਪਾ ਦਿੱਤਾ,
ਇਸ ਲਈ ਜੋ ਉਸਦੀ ਦਹਾੜ
ਇਸਰਾਏਲ ਦੇ ਪਹਾੜਾਂ ਉੱਤੇ ਸੁਣਾਈ ਦਿੱਤੀ ਨਾ ਜਾਵੇ।
10“ ‘ਤੇਰੀ ਮਾਂ ਤੇਰੇ ਲਹੂ ਵਿੱਚ ਉਸ ਅੰਗੂਰੀ ਵੇਲ ਵਾਂਗੂੰ ਸੀ,
ਜੋ ਪਾਣੀਆਂ ਉੱਤੇ ਲਾਈ ਗਈ,
ਉਹ ਫਲਦਾਰ ਅਤੇ ਬਹੁਤੀਆਂ ਟਾਹਣੀ ਵਾਲੀ ਸੀ
ਕਿਉਂਕਿ ਉਹ ਪਾਣੀ ਦੇ ਕੰਡੇ ਉੱਤੇ ਲਗਾਈ ਗਈ ਸੀ।
11ਅਤੇ ਉਹ ਦੀਆਂ ਟਹਿਣੀਆਂ ਅਜਿਹੀਆਂ ਪੱਕੀਆਂ ਹੋ ਗਈਆਂ,
ਕਿ ਹਕੂਮਤ ਦੇ ਆੱਸੇ ਉਹਨਾਂ ਤੋਂ ਬਣਾਏ ਗਏ,
ਅਤੇ ਸੰਘਣੀਆਂ ਟਹਿਣੀਆਂ ਵਿੱਚ ਉਸ ਦਾ ਮੁੱਢ ਉੱਚਾ ਹੋਇਆ,
ਅਤੇ ਸੰਘਣੀਆਂ ਟਹਿਣੀਆਂ ਸਣੇ ਉੱਚਾ ਦਿਸਦਾ ਸੀ।
12ਪਰ ਕ੍ਰੋਧ ਵਿੱਚ ਉਖਾੜ ਕੇ
ਜ਼ਮੀਨ ਉੱਤੇ ਸੁੱਟ ਦਿੱਤਾ ਗਿਆ।
ਪੂਰਬੀ ਹਵਾ ਨੇ ਉਹ ਨੂੰ ਸੁੰਗੜ ਦਿੱਤਾ,
ਉਹ ਦਾ ਫਲ ਖੋਹ ਲਿਆ ਗਿਆ।
ਉਸ ਦੀਆਂ ਮਜ਼ਬੂਤ ਟਹਿਣੀਆਂ ਸੁੱਕ ਗਈਆਂ
ਅਤੇ ਅੱਗ ਨੇ ਉਹਨਾਂ ਨੂੰ ਭਸਮ ਕਰ ਦਿੱਤਾ।
13ਹੁਣ ਇਹ ਮਾਰੂਥਲ ਵਿੱਚ,
ਸੁੱਕੀ ਅਤੇ ਪਿਆਸੀ ਜ਼ਮੀਨ ਵਿੱਚ ਲਾਇਆ ਗਿਆ ਹੈ।
14ਅੱਗ ਉਸ ਦੀਆਂ ਮੁੱਖ ਸ਼ਾਖਾਵਾਂ ਵਿੱਚੋਂ ਇੱਕ ਤੋਂ ਫੈਲ ਗਈ
ਅਤੇ ਉਸ ਦੇ ਫਲ ਨੂੰ ਭਸਮ ਕਰ ਦਿੱਤਾ।
ਇਸ ਉੱਤੇ ਕੋਈ ਮਜ਼ਬੂਤ ਟਾਹਣੀ ਨਹੀਂ ਬਚੀ ਹੈ
ਇੱਕ ਸ਼ਾਸਕ ਦੇ ਰਾਜ ਦੇ ਯੋਗ ਹੈ।’
ਇਹ ਇੱਕ ਵਿਰਲਾਪ ਹੈ ਅਤੇ ਇੱਕ ਵਿਰਲਾਪ ਵਜੋਂ ਬਣਿਆ ਰਿਹਾ।”