ਮਰਕੁਸ 1

1
ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਪ੍ਰਚਾਰ
ਮੱਤੀ 3:1-12; ਲੂਕਾ 3:1-18; ਯੂਹੰਨਾ 1:19-28
1ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਦੀ ਖੁਸ਼ਖਬਰੀ ਦਾ ਅਰੰਭ। 2ਜਿਵੇਂ ਯਸਾਯਾਹ ਨਬੀ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ, ਵੇਖ, ਮੈਂ ਆਪਣੇ ਦੂਤ ਨੂੰ ਤੇਰੇ ਅੱਗੇ ਭੇਜਦਾ ਹਾਂ ਜੋ ਤੇਰੇ ਲਈ ਰਾਹ ਤਿਆਰ ਕਰੇਗਾ, 3ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਅਵਾਜ਼, ਕਿ ਪ੍ਰਭੂ ਦੇ ਰਸਤੇ ਨੂੰ ਤਿਆਰ ਕਰੋ, ਅਤੇ ਉਹ ਦੇ ਰਾਹਾਂ ਨੂੰ ਸਿੱਧੇ ਕਰੋ।
4ਯੂਹੰਨਾ ਆਇਆ, ਜਿਹੜਾ ਉਜਾੜ ਵਿੱਚ ਬਪਤਿਸਮਾ ਦਿੰਦਾ ਅਤੇ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮੇ ਦਾ ਪਰਚਾਰ ਕਰਦਾ ਸੀ। 5ਸਾਰੇ ਯਹੂਦਿਯਾ ਦੇਸ ਅਤੇ ਯਰੂਸ਼ਲਮ ਦੇ ਸਾਰੇ ਰਹਿਣ ਵਾਲੇ ਨਿੱਕਲ ਕੇ ਉਹ ਦੇ ਕੋਲ ਆਉਂਦੇ, ਅਤੇ ਆਪਣਿਆਂ ਪਾਪਾਂ ਨੂੰ ਮੰਨ ਕੇ ਯਰਦਨ ਨਦੀ ਵਿੱਚ ਉਹ ਦੇ ਹੱਥੋਂ ਬਪਤਿਸਮਾ ਲੈਂਦੇ ਸਨ। 6ਯੂਹੰਨਾ ਦੇ ਬਸਤਰ ਊਠ ਦੇ ਵਾਲਾਂ ਦੇ ਸੀ ਅਤੇ ਚਮੜੇ ਦੀ ਪੇਟੀ ਉਸ ਦੇ ਲੱਕ ਨਾਲ ਬੰਨ੍ਹੀ ਹੋਈ ਸੀ, ਉਹ ਟਿੱਡੀਆਂ ਅਤੇ ਜੰਗਲੀ ਸ਼ਹਿਦ ਖਾਂਦਾ ਹੁੰਦਾ ਸੀ। 7ਅਤੇ ਉਸ ਨੇ ਪਰਚਾਰ ਕੀਤਾ ਕਿ ਮੇਰੇ ਪਿਛੋਂ ਉਹ ਆਉਂਦਾ ਹੈ, ਜੋ ਮੇਰੇ ਨਾਲੋਂ ਬਲਵੰਤ ਹੈ ਅਤੇ ਮੈਂ ਇਸ ਲਾਇਕ ਨਹੀਂ ਜੋ ਝੁੱਕ ਕੇ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਾਂ। 8ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਪਰ ਉਹ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਵੇਗਾ।
ਯਿਸੂ ਦਾ ਬਪਤਿਸਮਾ ਅਤੇ ਪਰਤਾਵਾ
ਮੱਤੀ 3:13-4:11; ਲੂਕਾ 3:21, 22; 4:1-13
9ਉਨ੍ਹਾਂ ਦਿਨਾਂ ਵਿੱਚ ਅਜਿਹਾ ਹੋਇਆ ਜੋ ਯਿਸੂ ਨੇ ਗਲੀਲ ਦੇ ਨਾਸਰਤ ਤੋਂ ਆਣ ਕੇ ਯਰਦਨ ਨਦੀ ਵਿੱਚ ਯੂਹੰਨਾ ਦੇ ਹੱਥੋਂ ਬਪਤਿਸਮਾ ਲਿਆ। 10ਅਤੇ ਪਾਣੀ ਵਿੱਚੋਂ ਨਿੱਕਲਦੇ ਸਾਰ ਉਸ ਨੇ ਅਕਾਸ਼ ਨੂੰ ਖੁੱਲਦਿਆਂ ਅਤੇ ਪਵਿੱਤਰ ਆਤਮਾ ਨੂੰ ਆਪਣੇ ਉੱਤੇ ਘੁੱਗੀ ਵਾਂਗੂੰ ਉੱਤਰਦਿਆਂ ਵੇਖਿਆ। 11ਅਤੇ ਇੱਕ ਸਵਰਗੀ ਬਾਣੀ ਆਈ ਜੋ ਤੂੰ ਮੇਰਾ ਪਿਆਰਾ ਪੁੱਤਰ ਹੈਂ, ਤੇਰੇ ਤੋਂ ਮੈਂ ਖੁਸ਼ ਹਾਂ।
12ਤਦ ਪਵਿੱਤਰ ਆਤਮਾ ਉਸੇ ਸਮੇਂ ਉਸ ਨੂੰ ਉਜਾੜ ਵਿੱਚ ਲੈ ਗਿਆ। 13ਅਤੇ ਉਜਾੜ ਵਿੱਚ ਚਾਲ੍ਹੀ ਦਿਨਾਂ ਤੱਕ ਸ਼ੈਤਾਨ ਨੇ ਉਸ ਨੂੰ ਪਰਤਾਇਆ ਅਤੇ ਉਹ ਜੰਗਲੀ ਜਾਨਵਰਾਂ ਦੇ ਨਾਲ ਰਿਹਾ ਅਤੇ ਸਵਰਗ ਦੂਤ ਉਸ ਦੀ ਸੇਵਾ ਟਹਿਲ ਕਰਦੇ ਰਹੇ।
ਯਿਸੂ ਦੀ ਸੇਵਕਾਈ ਦੀ ਸ਼ੁਰੂਆਤ
ਮੱਤੀ 4:18-22; ਲੂਕਾ 4:14, 15
14ਉਪਰੰਤ ਯੂਹੰਨਾ ਦੇ ਫੜਵਾਏ ਜਾਣ ਦੇ ਪਿੱਛੋਂ ਯਿਸੂ ਗਲੀਲ ਵਿੱਚ ਆਇਆ ਅਤੇ ਉਸ ਨੇ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਦਾ ਪਰਚਾਰ ਕਰ ਕੇ ਆਖਿਆ, 15ਸਮਾਂ ਪੂਰਾ ਹੋਇਆ ਅਤੇ ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ। ਤੋਬਾ ਕਰੋ ਅਤੇ ਖੁਸ਼ਖਬਰੀ ਉੱਤੇ ਵਿਸ਼ਵਾਸ ਕਰੋ।
ਯਿਸੂ ਆਪਣੇ ਪਹਿਲੇ ਚੇਲਿਆਂ ਨੂੰ ਬੁਲਾਉਂਦਾ ਹੈ
ਮੱਤੀ 4:18-22; ਲੂਕਾ 5:1-11
16ਗਲੀਲ ਦੀ ਝੀਲ ਦੇ ਕੰਢੇ ਉੱਤੇ ਫਿਰਦਿਆਂ ਉਸ ਨੇ ਸ਼ਮਊਨ ਅਤੇ ਉਸ ਦੇ ਭਰਾ ਅੰਦ੍ਰਿਯਾਸ ਨੂੰ ਝੀਲ ਵਿੱਚ ਜਾਲ਼ ਪਾਉਂਦਿਆਂ ਵੇਖਿਆ, ਕਿਉਂ ਜੋ ਉਹ ਮਛਵਾਰੇ ਸਨ। 17ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੇਰੇ ਪਿੱਛੇ ਆਓ ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਮਛਵਾਰੇ ਬਣਾਵਾਂਗਾ। 18ਅਤੇ ਉਹ ਉਸੇ ਵੇਲੇ ਆਪਣੇ ਜਾਲ਼ਾਂ ਨੂੰ ਛੱਡ ਕੇ ਉਸ ਦੇ ਮਗਰ ਹੋ ਤੁਰੇ। 19ਅਤੇ ਥੋੜੀ ਦੂਰ ਅੱਗੇ ਵੱਧ ਕੇ ਉਹ ਨੇ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਉਸ ਦੇ ਭਰਾ ਯੂਹੰਨਾ ਨੂੰ ਵੇਖਿਆ ਜੋ ਬੇੜੀ ਉੱਤੇ ਆਪਣੇ ਜਾਲ਼ਾਂ ਨੂੰ ਸਾਫ਼ ਕਰਦੇ ਸਨ। 20ਅਤੇ ਉਸ ਨੇ ਤੁਰੰਤ ਉਨ੍ਹਾਂ ਨੂੰ ਸੱਦਿਆ ਅਤੇ ਉਹ ਆਪਣੇ ਪਿਤਾ ਜ਼ਬਦੀ ਨੂੰ ਮਜ਼ਦੂਰਾਂ ਨਾਲ ਬੇੜੀ ਵਿੱਚ ਛੱਡ ਕੇ ਉਸ ਦੇ ਮਗਰ ਤੁਰ ਪਏ।
ਦੁਸ਼ਟ ਆਤਮਾ ਦੇ ਜਕੜੇ ਹੋਏ ਵਿਅਕਤੀ ਨੂੰ ਚੰਗਾ ਕਰਨਾ
ਲੂਕਾ 4:31-37
21ਫੇਰ ਉਹ ਕਫ਼ਰਨਾਹੂਮ ਵਿੱਚ ਆਏ ਅਤੇ ਸਬਤ ਦੇ ਦਿਨ ਉਹ ਤੁਰੰਤ ਪ੍ਰਾਰਥਨਾ ਘਰ ਵਿੱਚ ਜਾ ਕੇ ਉਪਦੇਸ਼ ਦੇਣ ਲੱਗਾ। 22ਅਤੇ ਉਹ ਉਸ ਦੇ ਉਪਦੇਸ਼ ਤੋਂ ਹੈਰਾਨ ਹੋਏ ਕਿਉਂ ਜੋ ਉਹ ਉਨ੍ਹਾਂ ਦੇ ਉਪਦੇਸ਼ਕਾਂ ਵਾਂਗੂੰ ਨਹੀਂ ਪਰ ਅਧਿਕਾਰ ਵਾਲੇ ਵਾਂਗੂੰ ਉਨ੍ਹਾਂ ਨੂੰ ਉਪਦੇਸ਼ ਦਿੰਦਾ ਸੀ। 23ਅਤੇ ਉਸ ਵੇਲੇ ਉਨ੍ਹਾਂ ਦੇ ਪ੍ਰਾਰਥਨਾ ਘਰ ਵਿੱਚ ਇੱਕ ਮਨੁੱਖ ਸੀ ਜਿਸ ਨੂੰ ਅਸ਼ੁੱਧ ਆਤਮਾ ਚਿੰਬੜਿਆ ਹੋਇਆ ਸੀ, ਅਤੇ ਉਹ ਉੱਚੀ ਅਵਾਜ਼ ਨਾਲ ਬੋਲਿਆ, 24ਹੇ ਯਿਸੂ ਨਾਸਰੀ ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਸਾਨੂੰ ਨਾਸ ਕਰਨ ਆਇਆ ਹੈਂ? ਮੈਂ ਤੈਨੂੰ ਜਾਣਦਾ ਹਾਂ ਜੋ ਤੂੰ ਕੌਣ ਹੈਂ। ਤੂੰ ਪਰਮੇਸ਼ੁਰ ਦਾ ਪਵਿੱਤਰ ਜਨ ਹੈਂ! 25ਤਾਂ ਯਿਸੂ ਨੇ ਉਹ ਨੂੰ ਝਿੜਕ ਕੇ ਕਿਹਾ, ਚੁੱਪ ਕਰ ਅਤੇ ਇਸ ਵਿੱਚੋਂ ਨਿੱਕਲ ਜਾ! 26ਸੋ ਉਹ ਅਸ਼ੁੱਧ ਆਤਮਾ ਉਸ ਨੂੰ ਮਰੋੜ ਕੇ ਵੱਡੀ ਅਵਾਜ਼ ਨਾਲ ਚੀਕਾਂ ਮਾਰਦਾ ਹੋਇਆ ਉਸ ਵਿੱਚੋਂ ਨਿੱਕਲ ਗਿਆ। 27ਅਤੇ ਉਹ ਸਾਰੇ ਲੋਕ ਇਸ ਗੱਲ ਤੋਂ ਹੈਰਾਨ ਹੋਏ ਕਿ ਆਪਸ ਵਿੱਚ ਚਰਚਾ ਕਰਨ ਲੱਗੇ ਜੋ ਇਹ ਕੀ ਗੱਲ ਹੈ? ਇਹ ਤਾਂ ਕੋਈ ਨਵੀਂ ਸਿੱਖਿਆ ਹੈ! ਉਹ ਤਾਂ ਅਸ਼ੁੱਧ ਆਤਮਾਵਾਂ ਨੂੰ ਅਧਿਕਾਰ ਨਾਲ ਹੁਕਮ ਦਿੰਦਾ ਹੈ, ਅਤੇ ਉਹ ਉਸ ਦੀ ਮੰਨ ਲੈਂਦੇ ਹਨ। 28ਅਤੇ ਗਲੀਲ ਦੇ ਸਾਰੇ ਇਲਾਕੇ ਵਿੱਚ ਉਹ ਦਾ ਨਾਮ ਫੈਲ ਗਿਆ।
ਬਹੁਤ ਸਾਰੇ ਬਿਮਾਰਾਂ ਨੂੰ ਚੰਗਾ ਕਰਨਾ
ਮੱਤੀ 8:14-17; ਲੂਕਾ 4:38-41
29ਉਹ ਤੁਰੰਤ ਪ੍ਰਾਰਥਨਾ ਘਰ ਵਿੱਚੋਂ ਬਾਹਰ ਨਿੱਕਲ ਕੇ, ਯਾਕੂਬ ਅਤੇ ਯੂਹੰਨਾ ਸਣੇ ਸ਼ਮਊਨ ਤੇ ਅੰਦ੍ਰਿਯਾਸ ਦੇ ਘਰ ਆਏ। 30ਅਤੇ ਸ਼ਮਊਨ ਦੀ ਸੱਸ ਬੁਖ਼ਾਰ ਨਾਲ ਦੁਖੀ ਪਈ ਸੀ ਤਦ ਉਨ੍ਹਾਂ ਨੇ ਉਸੇ ਵੇਲੇ ਯਿਸੂ ਨੂੰ ਖ਼ਬਰ ਦਿੱਤੀ। 31ਤਦ ਉਹ ਉਸ ਕੋਲ ਆਇਆ ਅਤੇ ਉਸ ਦਾ ਹੱਥ ਫੜ੍ਹ ਕੇ ਉੱਠਾਇਆ ਤਾਂ ਉਹ ਦਾ ਬੁਖ਼ਾਰ ਉਤਰ ਗਿਆ ਅਤੇ ਉਸ ਨੇ ਉਨ੍ਹਾਂ ਦੀ ਸੇਵਾ ਕੀਤੀ।
32ਅਤੇ ਸ਼ਾਮ ਨੂੰ ਜਦੋਂ ਸੂਰਜ ਡੁੱਬ ਗਿਆ ਤਾਂ ਲੋਕ ਸਾਰੇ ਰੋਗੀਆਂ ਅਤੇ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ, ਉਸ ਕੋਲ ਲਿਆਏ। 33ਅਤੇ ਸਾਰਾ ਨਗਰ ਦਰਵਾਜ਼ੇ ਉੱਤੇ ਇਕੱਠਾ ਹੋਇਆ। 34ਅਤੇ ਉਸ ਨੇ ਬਹੁਤਿਆਂ ਨੂੰ ਜਿਹੜੇ ਭਾਂਤ-ਭਾਂਤ ਦੇ ਰੋਗੀ ਸਨ, ਚੰਗਾ ਕੀਤਾ ਅਤੇ ਬਹੁਤ ਸਾਰੇ ਭੂਤਾਂ ਨੂੰ ਕੱਢ ਦਿੱਤਾ ਅਤੇ ਭੂਤਾਂ ਨੂੰ ਬੋਲਣ ਨਾ ਦਿੱਤਾ ਕਿਉਂ ਜੋ ਉਹ ਉਸ ਨੂੰ ਪਛਾਣਦੀਆਂ ਸਨ।
ਯਿਸੂ ਉਜਾੜ ਵਿੱਚ ਪ੍ਰਾਰਥਨਾ ਕਰਦਾ ਹੈ
ਲੂਕਾ 4:42-44
35ਉਹ ਵੱਡੇ ਤੜਕੇ, ਦਿਨ ਨਿੱਕਲਣ ਤੋਂ ਬਹੁਤ ਪਹਿਲਾਂ ਉੱਠ ਕੇ ਬਾਹਰ ਨਿੱਕਲਿਆ ਅਤੇ ਇੱਕ ਉਜਾੜ ਥਾਂ ਵਿੱਚ ਜਾ ਕੇ ਉੱਥੇ ਪ੍ਰਾਰਥਨਾ ਕੀਤੀ। 36ਅਤੇ ਸ਼ਮਊਨ ਅਤੇ ਉਹ ਦੇ ਸਾਥੀ ਉਸ ਦੇ ਪਿੱਛੇ ਗਏ। 37ਅਤੇ ਜਦੋਂ ਉਨ੍ਹਾਂ ਨੇ ਉਸ ਨੂੰ ਲੱਭ ਲਿਆ ਤਾਂ ਉਸ ਨੂੰ ਕਿਹਾ, ਤੁਹਾਨੂੰ ਸਭ ਲੱਭਦੇ ਹਨ। 38ਉਸ ਨੇ ਉਨ੍ਹਾਂ ਨੂੰ ਕਿਹਾ, ਆਓ, ਕਿਸੇ ਹੋਰ ਪਾਸੇ ਨੇੜੇ ਦੇ ਨਗਰਾਂ ਵਿੱਚ ਚੱਲੀਏ ਤਾਂ ਜੋ ਮੈਂ ਉੱਥੇ ਵੀ ਪਰਚਾਰ ਕਰਾਂ ਕਿਉਂਕਿ ਮੈਂ ਇਸੇ ਲਈ ਨਿੱਕਲਿਆ ਹਾਂ। 39ਉਹ ਸਾਰੇ ਗਲੀਲ ਵਿੱਚ ਉਨ੍ਹਾਂ ਦੇ ਪ੍ਰਾਰਥਨਾ ਘਰਾਂ ਵਿੱਚ ਜਾ ਕੇ ਪਰਚਾਰ ਕਰਦਾ ਅਤੇ ਭੂਤਾਂ ਨੂੰ ਕੱਢਦਾ ਰਿਹਾ।
ਕੋੜ੍ਹੀ ਨੂੰ ਚੰਗਾ ਕਰਨਾ
ਮੱਤੀ 8:1-4; ਲੂਕਾ 5:12-16
40ਅਤੇ ਇੱਕ ਕੋੜ੍ਹੀ ਨੇ ਪ੍ਰਭੂ ਯਿਸੂ ਦੇ ਕੋਲ ਆ ਕੇ ਉਸ ਦੀ ਮਿੰਨਤ ਕੀਤੀ, ਅਤੇ ਉਸ ਦੇ ਅੱਗੇ ਗੋਡੇ ਟੇਕ ਕੇ ਉਸ ਨੂੰ ਕਿਹਾ, ਜੇ ਤੁਸੀਂ ਚਾਹੋਂ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ। 41ਅਤੇ ਉਸ ਨੇ ਤਰਸ ਖਾ ਕੇ ਆਪਣਾ ਹੱਥ ਵਧਾਇਆ ਅਤੇ ਉਹ ਨੂੰ ਛੂਹ ਕੇ ਕਿਹਾ, ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾ। 42ਤਾਂ ਉਸੇ ਵੇਲੇ ਉਹ ਦਾ ਕੋੜ੍ਹ ਜਾਂਦਾ ਰਿਹਾ ਅਤੇ ਉਹ ਸ਼ੁੱਧ ਹੋ ਗਿਆ! 43ਤਦ ਉਸ ਨੇ ਉਹ ਨੂੰ ਚਿਤਾਵਨੀ ਦੇ ਕੇ ਉਸੇ ਸਮੇਂ ਭੇਜ ਦਿੱਤਾ। 44ਅਤੇ ਉਹ ਨੂੰ ਇਹ ਕਿਹਾ, ਵੇਖ ਕਿਸੇ ਨੂੰ ਕੁਝ ਨਾ ਦੱਸੀਂ ਪਰ ਜਾ ਕੇ ਆਪਣੇ ਆਪ ਨੂੰ ਜਾਜਕ ਨੂੰ ਵਿਖਾ ਅਤੇ ਆਪਣੇ ਸ਼ੁੱਧ ਹੋਣ ਦੇ ਕਾਰਨ ਜਿਹੜੀ ਭੇਟ ਮੂਸਾ ਨੇ ਠਹਿਰਾਈ ਚੜ੍ਹਾ ਤਾਂ ਜੋ ਉਨ੍ਹਾਂ ਲਈ ਗਵਾਹੀ ਹੋਵੇ। 45ਪਰ ਉਹ ਬਾਹਰ ਜਾ ਕੇ ਬਹੁਤ ਚਰਚਾ ਕਰਨ ਲੱਗਾ ਅਤੇ ਇਸ ਗੱਲ ਨੂੰ ਉਜਾਗਰ ਕੀਤਾ ਜੋ ਪ੍ਰਭੂ ਯਿਸੂ ਫੇਰ ਨਗਰ ਵਿੱਚ ਖੁੱਲਮ-ਖੁੱਲ੍ਹਾ ਨਾ ਵੜ ਸਕਿਆ ਪਰ ਬਾਹਰ ਉਜਾੜ ਥਾਵਾਂ ਵਿੱਚ ਰਿਹਾ ਅਤੇ ਲੋਕ ਚੁਫ਼ੇਰਿਓਂ ਉਹ ਦੇ ਕੋਲ ਆਉਂਦੇ ਜਾਂਦੇ ਸਨ।

S'ha seleccionat:

ਮਰਕੁਸ 1: IRVPun

Subratllat

Copia

Compara

Comparteix

None

Vols que els teus subratllats es desin a tots els teus dispositius? Registra't o inicia sessió