ਉਤ 39

39
ਯੂਸੁਫ਼ ਅਤੇ ਪੋਟੀਫ਼ਰ ਦੀ ਪਤਨੀ
1ਯੂਸੁਫ਼ ਮਿਸਰ ਵਿੱਚ ਲਿਆਂਦਾ ਗਿਆ ਅਤੇ ਪੋਟੀਫ਼ਰ ਮਿਸਰੀ ਨੇ ਜਿਹੜਾ ਫ਼ਿਰਊਨ ਦਾ ਹਾਕਮ ਅਤੇ ਅੰਗ-ਰੱਖਿਅਕਾਂ ਦਾ ਪ੍ਰਧਾਨ ਸੀ, ਉਸ ਨੂੰ ਇਸਮਾਏਲੀਆਂ ਦੇ ਹੱਥੋਂ ਮੁੱਲ ਲੈ ਲਿਆ, ਜਿਹੜੇ ਉਸ ਨੂੰ ਉੱਥੇ ਲਿਆਏ ਸਨ। 2ਯਹੋਵਾਹ ਯੂਸੁਫ਼ ਦੇ ਅੰਗ-ਸੰਗ ਸੀ, ਇਸ ਲਈ ਉਹ ਵੱਡਭਾਗਾ ਮਨੁੱਖ ਹੋ ਗਿਆ ਅਤੇ ਉਹ ਆਪਣੇ ਮਿਸਰੀ ਸੁਆਮੀ ਦੇ ਘਰ ਰਹਿੰਦਾ ਸੀ। 3ਤਦ ਉਸ ਦੇ ਸੁਆਮੀ ਨੇ ਵੇਖਿਆ ਕਿ ਯਹੋਵਾਹ ਉਸ ਦੇ ਅੰਗ-ਸੰਗ ਹੈ ਅਤੇ ਜੋ ਵੀ ਕੰਮ ਉਹ ਕਰਦਾ ਹੈ ਉਸ ਦੇ ਹੱਥੋਂ ਉਹ ਸਫ਼ਲ ਕਰਾਉਂਦਾ ਹੈ। 4ਸੋ ਯੂਸੁਫ਼ ਉੱਤੇ ਉਹ ਦੀ ਦਯਾ ਦੀ ਨਿਗਾਹ ਹੋਈ। ਯੂਸੁਫ਼ ਨੇ ਉਹ ਦੀ ਸੇਵਾ ਕੀਤੀ ਅਤੇ ਉਸ ਨੇ ਉਹ ਨੂੰ ਆਪਣੇ ਘਰ ਦਾ ਮੁਖ਼ਤਿਆਰ ਬਣਾ ਦਿੱਤਾ ਅਤੇ ਜੋ ਕੁਝ ਉਹ ਦਾ ਸੀ ਉਸ ਦੇ ਹੱਥ ਵਿੱਚ ਦੇ ਦਿੱਤਾ। 5ਅਜਿਹਾ ਹੋਇਆ ਕਿ ਜਿਸ ਵੇਲੇ ਤੋਂ ਉਸ ਨੇ ਉਹ ਨੂੰ ਆਪਣੇ ਘਰ ਦਾ ਅਤੇ ਆਪਣੀਆਂ ਸਭ ਚੀਜ਼ਾਂ ਦਾ ਮੁਖ਼ਤਿਆਰ ਬਣਾ ਦਿੱਤਾ, ਯਹੋਵਾਹ ਨੇ ਉਸ ਮਿਸਰੀ ਦੇ ਘਰ ਉੱਤੇ ਯੂਸੁਫ਼ ਦੇ ਕਾਰਨ ਬਹੁਤ ਬਰਕਤ ਦਿੱਤੀ ਅਤੇ ਯਹੋਵਾਹ ਦੀ ਬਰਕਤ ਉਸ ਦੀਆਂ ਸਭ ਚੀਜ਼ਾਂ ਉੱਤੇ ਹੋਈ, ਭਾਵੇਂ ਉਹ ਘਰ ਵਿੱਚ ਸਨ ਭਾਵੇਂ ਖੇਤ ਵਿੱਚ। 6ਉਸ ਨੇ ਸਭ ਕੁਝ ਯੂਸੁਫ਼ ਦੇ ਹੱਥ ਵਿੱਚ ਸੌਂਪ ਦਿੱਤਾ ਅਤੇ ਉਸ ਨੇ ਆਪਣੀ ਖਾਣ ਦੀ ਰੋਟੀ ਤੋਂ ਛੁੱਟ ਹੋਰ ਕਿਸੇ ਚੀਜ਼ ਦੀ ਖ਼ਬਰ ਨਾ ਰੱਖੀ ਅਤੇ ਯੂਸੁਫ਼ ਰੂਪਵੰਤ ਅਤੇ ਸੋਹਣਾ ਸੀ। 7ਇਹਨਾਂ ਗੱਲਾਂ ਦੇ ਪਿੱਛੋਂ ਅਜਿਹਾ ਹੋਇਆ ਕਿ ਉਸ ਦੇ ਸੁਆਮੀ ਦੀ ਪਤਨੀ ਆਪਣੀਆਂ ਅੱਖਾਂ ਯੂਸੁਫ਼ ਨਾਲ ਲਾਉਣ ਲੱਗ ਪਈ ਅਤੇ ਉਸ ਨੇ ਉਹ ਨੂੰ ਆਖਿਆ, ਤੂੰ ਮੇਰੇ ਨਾਲ ਲੇਟ। 8ਪਰ ਉਸ ਨੇ ਨਾ ਮੰਨਿਆ ਅਤੇ ਆਪਣੇ ਸੁਆਮੀ ਦੀ ਪਤਨੀ ਨੂੰ ਆਖਿਆ, ਵੇਖੋ, ਮੇਰਾ ਸੁਆਮੀ ਨਹੀਂ ਜਾਣਦਾ ਕਿ ਘਰ ਵਿੱਚ ਮੇਰੇ ਕੋਲ ਕੀ ਕੁਝ ਹੈ ਅਤੇ ਉਸ ਨੇ ਆਪਣਾ ਸਭ ਕੁਝ ਮੇਰੇ ਹੱਥ ਵਿੱਚ ਦੇ ਦਿੱਤਾ ਹੈ 9ਅਤੇ ਇਸ ਘਰ ਵਿੱਚ ਮੈਥੋਂ ਵੱਡਾ ਵੀ ਕੋਈ ਨਹੀਂ ਅਤੇ ਉਸ ਨੇ ਤੁਹਾਥੋਂ ਬਿਨ੍ਹਾਂ ਕੋਈ ਚੀਜ਼ ਮੇਰੇ ਕੋਲੋਂ ਰੋਕ ਕੇ ਵੀ ਨਹੀਂ ਰੱਖੀ, ਕਿਉਂ ਜੋ ਤੁਸੀਂ ਉਸ ਦੀ ਪਤਨੀ ਹੋ। ਮੈਂ ਐਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ? 10ਤਦ ਅਜਿਹਾ ਹੋਇਆ ਕਿ ਉਹ ਹਰ ਰੋਜ਼ ਯੂਸੁਫ਼ ਨੂੰ ਆਖਦੀ ਰਹੀ ਪਰ ਉਸ ਨੇ ਉਹ ਦੀ ਗੱਲ ਨਾ ਮੰਨੀ ਕਿ ਉਹ ਉਸ ਦੇ ਨਾਲ ਲੇਟੇ ਜਾਂ ਉਸ ਦੇ ਕੋਲ ਰਹੇ। 11ਇੱਕ ਦਿਨ ਅਜਿਹਾ ਹੋਇਆ ਕਿ ਉਹ ਘਰ ਵਿੱਚ ਆਪਣਾ ਕੰਮ ਕਰਨ ਲਈ ਗਿਆ ਅਤੇ ਘਰ ਦੇ ਮਨੁੱਖਾਂ ਵਿੱਚੋਂ ਕੋਈ ਵੀ ਘਰ ਵਿੱਚ ਨਹੀਂ ਸੀ। 12ਤਦ ਉਸ ਨੇ ਉਸ ਦਾ ਕੱਪੜਾ ਫੜ੍ਹ ਕੇ ਆਖਿਆ, ਮੇਰੇ ਨਾਲ ਲੇਟ ਤਾਂ ਉਹ ਆਪਣਾ ਕੱਪੜਾ ਉਸ ਦੇ ਹੱਥ ਵਿੱਚ ਛੱਡ ਕੇ ਭੱਜਿਆ ਅਤੇ ਬਾਹਰ ਨਿੱਕਲ ਗਿਆ। 13ਜਦ ਉਸ ਨੇ ਵੇਖਿਆ ਕਿ ਉਹ ਆਪਣਾ ਕੱਪੜਾ ਮੇਰੇ ਹੱਥ ਵਿੱਚ ਛੱਡ ਕੇ ਬਾਹਰ ਭੱਜ ਗਿਆ ਹੈ 14ਤਾਂ ਉਸ ਨੇ ਆਪਣੇ ਘਰ ਦੇ ਮਨੁੱਖਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਆਖਿਆ, ਵੇਖੋ, ਉਹ ਇੱਕ ਇਬਰਾਨੀ ਨੂੰ ਸਾਡੇ ਕੋਲ ਲੈ ਆਇਆ ਹੈ ਜਿਹੜਾ ਸਾਡਾ ਨਿਰਾਦਰ ਕਰੇ। ਉਹ ਮੇਰੇ ਕੋਲ ਅੰਦਰ ਆਇਆ ਤਾਂ ਜੋ ਉਹ ਮੇਰੇ ਨਾਲ ਲੇਟੇ ਪਰ ਮੈਂ ਉੱਚੀ ਅਵਾਜ਼ ਨਾਲ ਬੋਲ ਪਈ। 15ਜਦ ਉਸ ਨੇ ਸੁਣਿਆ ਕਿ ਮੈਂ ਉੱਚੀ ਅਵਾਜ਼ ਨਾਲ ਚਿੱਲਾਈ ਤਾਂ ਉਹ ਆਪਣਾ ਕੱਪੜਾ ਮੇਰੇ ਕੋਲ ਛੱਡ ਕੇ ਬਾਹਰ ਨੂੰ ਭੱਜ ਗਿਆ। 16ਸੋ ਉਸ ਨੇ ਆਪਣੇ ਸੁਆਮੀ ਦੇ ਘਰ ਆਉਣ ਤੱਕ ਉਸ ਦਾ ਕੱਪੜਾ ਆਪਣੇ ਕੋਲ ਰੱਖ ਛੱਡਿਆ। 17ਤਦ ਉਸ ਨੇ ਉਹ ਨੂੰ ਸਾਰੀਆਂ ਗੱਲਾਂ ਦੱਸੀਆਂ ਅਤੇ ਆਖਿਆ, ਜਿਹੜਾ ਇਬਰਾਨੀ ਗ਼ੁਲਾਮ ਤੂੰ ਸਾਡੇ ਕੋਲ ਲੈ ਆਇਆ ਹੈਂ ਉਹ ਮੇਰੇ ਕੋਲ ਅੰਦਰ ਆ ਵੜਿਆ ਅਤੇ ਮੇਰੇ ਨਾਲ ਬੁਰਾ ਵਿਵਹਾਰ ਕਰਨ ਲੱਗਾ। 18ਪਰ ਜਦ ਮੈਂ ਉੱਚੀ ਅਵਾਜ਼ ਨਾਲ ਚਿੱਲਾਈ ਤਾਂ ਉਹ ਆਪਣਾ ਕੱਪੜਾ ਮੇਰੇ ਕੋਲ ਛੱਡ ਕੇ ਬਾਹਰ ਨੂੰ ਭੱਜ ਗਿਆ। 19ਫੇਰ ਅਜਿਹਾ ਹੋਇਆ ਕਿ ਜਦ ਉਸ ਦੇ ਸੁਆਮੀ ਨੇ ਆਪਣੀ ਪਤਨੀ ਦੀਆਂ ਗੱਲਾਂ ਸੁਣੀਆਂ, ਜਿਹੜੀ ਇਹ ਬੋਲੀ ਕਿ ਤੇਰੇ ਗ਼ੁਲਾਮ ਨੇ ਮੇਰੇ ਨਾਲ ਅਜਿਹਾ ਕੀਤਾ ਹੈ ਤਾਂ ਉਸ ਦਾ ਕ੍ਰੋਧ ਭੜਕ ਉੱਠਿਆ। 20ਤਦ ਯੂਸੁਫ਼ ਦੇ ਸੁਆਮੀ ਨੇ ਉਸ ਨੂੰ ਫੜ੍ਹ ਕੇ ਕੈਦ ਵਿੱਚ ਪਾ ਦਿੱਤਾ, ਜਿੱਥੇ ਸ਼ਾਹੀ ਕੈਦੀ ਸਨ ਅਤੇ ਉਹ ਉੱਥੇ ਕੈਦ ਵਿੱਚ ਰਿਹਾ। 21ਪਰ ਯਹੋਵਾਹ ਯੂਸੁਫ਼ ਦੇ ਸੰਗ ਸੀ ਅਤੇ ਉਹ ਨੇ ਉਸ ਉੱਤੇ ਕਿਰਪਾ ਕੀਤੀ ਅਤੇ ਉਸ ਨੇ ਕੈਦਖ਼ਾਨੇ ਦੇ ਦਰੋਗ਼ੇ ਦੀਆਂ ਨਜ਼ਰਾਂ ਵਿੱਚ ਦਯਾ ਪਾਈ 22ਅਤੇ ਦਰੋਗੇ ਨੇ ਸਾਰੇ ਕੈਦੀਆਂ ਨੂੰ ਜਿਹੜੇ ਉਸ ਕੈਦ ਵਿੱਚ ਸਨ, ਯੂਸੁਫ਼ ਦੇ ਹੱਥ ਵਿੱਚ ਦੇ ਦਿੱਤਾ ਅਤੇ ਜਿਹੜਾ ਕੰਮ ਉੱਥੇ ਕੀਤਾ ਜਾਂਦਾ ਸੀ, ਉਹੀ ਚਲਾਉਂਦਾ ਸੀ। 23ਕੈਦਖ਼ਾਨੇ ਦਾ ਦਰੋਗਾ ਕਿਸੇ ਗੱਲ ਦੀ ਜਿਹੜੀ ਉਸ ਦੇ ਹੱਥ ਵਿੱਚ ਸੀ, ਖ਼ਬਰ ਨਹੀਂ ਲੈਂਦਾ ਸੀ, ਕਿਉਂ ਜੋ ਯਹੋਵਾਹ ਯੂਸੁਫ਼ ਦੇ ਸੰਗ ਸੀ ਅਤੇ ਜੋ ਕੁਝ ਉਹ ਕਰਦਾ ਸੀ ਯਹੋਵਾਹ ਉਸ ਨੂੰ ਸਫ਼ਲ ਬਣਾ ਦਿੰਦਾ ਸੀ।

S'ha seleccionat:

ਉਤ 39: IRVPun

Subratllat

Copia

Compara

Comparteix

None

Vols que els teus subratllats es desin a tots els teus dispositius? Registra't o inicia sessió