ਕੂਚ 36
36
1ਬਸਲਏਲ ਆਹਾਲੀਆਬ ਅਤੇ ਸਾਰੇ ਬੁੱਧਵਾਨ ਮਨੁੱਖ ਕੰਮ ਕਰਨ। ਯਹੋਵਾਹ ਨੇ ਉਨ੍ਹਾਂ ਨੂੰ ਬੁੱਧ ਅਤੇ ਸਮਝ ਦਿੱਤੀ ਕਿ ਉਹ ਜਾਣਨ ਕਿ ਪਵਿੱਤਰ ਸਥਾਨ ਦੀ ਉਪਾਸਨਾ ਦਾ ਸਾਰਾ ਕੰਮ ਯਹੋਵਾਹ ਦੇ ਸਾਰੇ ਹੁਕਮਾਂ ਅਨੁਸਾਰ ਕਿਵੇਂ ਕਰਨਾ ਹੈ।
ਲੋਕਾਂ ਦੁਆਰਾ ਬਹੁਤ ਸਾਰੀ ਭੇਂਟ
2ਫੇਰ ਮੂਸਾ ਨੇ ਬਸਲਏਲ ਅਤੇ ਆਹਾਲੀਆਬ ਅਤੇ ਸਾਰੇ ਬੁੱਧਵਾਨ ਮਨੁੱਖਾਂ ਨੂੰ ਜਿਨ੍ਹਾਂ ਦੇ ਮਨਾਂ ਵਿੱਚ ਯਹੋਵਾਹ ਨੇ ਬੁੱਧ ਦਿੱਤੀ ਸੀ ਸੱਦਿਆ ਅਰਥਾਤ ਸਾਰੇ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਪਰੇਰਿਆ ਕਿ ਉਹ ਨੇੜੇ ਆ ਕੇ ਇਹ ਕੰਮ ਕਰਨ 3ਉਨ੍ਹਾਂ ਨੇ ਮੂਸਾ ਦੇ ਅੱਗੋਂ ਸਾਰੀਆਂ ਭੇਟਾਂ ਨੂੰ ਜਿਨ੍ਹਾਂ ਨੂੰ ਇਸਰਾਏਲੀਆਂ ਨੇ ਪਵਿੱਤਰ ਸਥਾਨ ਦੀ ਉਪਾਸਨਾ ਦੇ ਕੰਮ ਨੂੰ ਪੂਰਾ ਕਰਨ ਲਈ ਲਿਆਂਦਾ ਸੀ ਲੈ ਲਿਆ ਪਰ ਉਹ ਉਸ ਦੇ ਕੋਲ ਹਰ ਸਵੇਰ ਨੂੰ ਖੁਸ਼ੀ ਦੀਆਂ ਭੇਟਾਂ ਵਾਫ਼ਰ ਲਿਆਉਂਦੇ ਰਹੇ। 4ਤਾਂ ਸਾਰੇ ਬੁੱਧਵਾਨ ਜਿਹੜੇ ਪਵਿੱਤਰ ਸਥਾਨ ਦਾ ਸਾਰਾ ਕੰਮ ਕਰਦੇ ਸਨ ਆਪੋ ਆਪਣੇ ਕੰਮ ਤੋਂ ਜਿਹੜਾ ਉਹ ਕਰਦੇ ਸਨ ਆਏ 5ਅਤੇ ਉਨ੍ਹਾਂ ਨੇ ਮੂਸਾ ਨੂੰ ਆਖਿਆ ਕਿ ਲੋਕ ਉਪਾਸਨਾ ਦੇ ਕੰਮ ਦੀ ਲੋੜ ਤੋਂ ਜਿਹ ਦਾ ਯਹੋਵਾਹ ਨੇ ਬਣਾਉਣ ਦਾ ਹੁਕਮ ਦਿੱਤਾ ਹੈ ਵਧੇਰੇ ਲਿਆਉਂਦੇ ਹਨ। 6ਤਾਂ ਮੂਸਾ ਨੇ ਹੁਕਮ ਦਿੱਤਾ ਅਤੇ ਉਨ੍ਹਾਂ ਨੇ ਇਹ ਆਖ ਕੇ ਸਾਰੇ ਡੇਰੇ ਵਿੱਚ ਹੋਕਾ ਫਿਰਾਇਆ ਕਿ ਮਨੁੱਖ ਅਤੇ ਇਸਤਰੀਆਂ ਪਵਿੱਤਰ ਸਥਾਨ ਦੀ ਭੇਟਾਂ ਲਈ ਹੋਰ ਪ੍ਰਬੰਧ ਨਾ ਕਰਨ। ਸੋ ਲੋਕ ਲਿਆਉਣ ਤੋਂ ਹਟ ਗਏ 7ਕਿਉਂ ਜੋ ਉਸ ਸਾਰੇ ਕੰਮ ਦੇ ਬਣਾਉਣ ਲਈ ਮਸਾਲਾ ਬਹੁਤ ਸੀ ਸਗੋਂ ਵਧੇਰੇ ਵੀ ਸੀ।
ਡੇਰੇ ਦਾ ਨਿਰਮਾਣ
ਕੂਚ 26:1-37
8ਤਾਂ ਉਨ੍ਹਾਂ ਸਾਰਿਆਂ ਬੁੱਧਵਾਨਾਂ ਨੇ ਜਿਹੜੇ ਇਹ ਕੰਮ ਕਰਦੇ ਸਨ ਡੇਰੇ ਦੇ ਦਸ ਪਰਦੇ ਉਣੀ ਹੋਈ ਮਹੀਨ ਕਤਾਨ ਦੇ ਨੀਲੇ ਬੈਂਗਣੀ ਅਤੇ ਕਿਰਮਚੀ ਰੰਗ ਦੇ ਬਣਾਏ। ਉਸ ਨੇ ਉਨ੍ਹਾਂ ਨੂੰ ਕਰੂਬੀਆਂ ਨਾਲ ਕਾਰੀਗਰੀ ਦਾ ਕੰਮ ਬਣਾਇਆ। 9ਹਰ ਇੱਕ ਪਰਦੇ ਦੀ ਲੰਬਾਈ ਅਠਾਈ ਹੱਥ ਅਤੇ ਹਰ ਪਰਦੇ ਦੀ ਚੌੜਾਈ ਚਾਰ ਹੱਥ ਸੀ ਅਤੇ ਇੱਕੋ ਹੀ ਨਾਪ ਸਾਰਿਆਂ ਪਰਦਿਆਂ ਦਾ ਸੀ। 10ਉਸ ਨੇ ਪੰਜ ਪਰਦੇ ਇੱਕ ਦੂਜੇ ਨਾਲ ਜੋੜੇ ਅਤੇ ਦੂਜੇ ਪੰਜ ਪਰਦੇ ਵੀ ਇੱਕ ਦੂਜੇ ਨਾਲ ਜੋੜੇ 11ਅਤੇ ਉਸ ਨੇ ਨੀਲੇ ਰੰਗ ਦੇ ਬੀੜੇ ਹਰ ਇੱਕ ਪਰਦੇ ਦੀ ਸੰਜਾਫ਼ ਵਿੱਚ ਜੋੜ ਕੇ ਸਿਰੇ ਵੱਲ ਬਣਾਏ ਅਤੇ ਇਸ ਤਰ੍ਹਾਂ ਹੀ ਉਸ ਪਰਦੇ ਦੀ ਸੰਜਾਫ਼ ਦੇ ਦੂਜੇ ਬਾਹਰਲੇ ਜੋੜ ਦੇ ਸਿਰੇ ਉੱਤੇ ਬਣਾਏ। 12ਪੰਜਾਹ ਬੀੜੇ ਉਸ ਨੇ ਪਹਿਲੇ ਪਰਦੇ ਵਿੱਚ ਅਤੇ ਪੰਜਾਹ ਬੀੜੇ ਉਸ ਨੇ ਸਿਰੇ ਵੱਲ ਜਿਹੜਾ ਦੂਜੇ ਜੋੜ ਵਿੱਚ ਸੀ ਬਣਾਏ। ਉਹ ਬੀੜੇ ਇੱਕ ਦੂਜੇ ਦੇ ਆਹਮੋ-ਸਾਹਮਣੇ ਸਨ 13ਅਤੇ ਉਸ ਨੇ ਪੰਜਾਹ ਕੁੰਡੀਆਂ ਸੋਨੇ ਦੀਆਂ ਬਣਾਈਆਂ ਅਤੇ ਪਰਦਿਆਂ ਨੂੰ ਇੱਕ ਦੂਜੇ ਨਾਲ ਕੁੰਡੀਆਂ ਨਾਲ ਜੋੜਿਆ। ਇਸ ਤਰ੍ਹਾਂ ਡੇਰਾ ਇੱਕੋ ਜਿਹਾ ਹੀ ਸੀ। 14ਅਤੇ ਉਸ ਨੇ ਪਸ਼ਮ ਦੇ ਪਰਦੇ ਡੇਰੇ ਦੇ ਉੱਪਰਲੇ ਤੰਬੂ ਲਈ ਬਣਾਏ ਅਤੇ ਉਸ ਨੇ ਉਹ ਗਿਆਰ੍ਹਾਂ ਪਰਦੇ ਬਣਾਏ। 15ਹਰ ਇੱਕ ਪਰਦੇ ਦੀ ਲੰਬਾਈ ਤੀਹ ਹੱਥ ਅਤੇ ਹਰ ਇੱਕ ਪਰਦੇ ਦੀ ਚੌੜਾਈ ਚਾਰ ਹੱਥ ਅਤੇ ਇਹ ਗਿਆਰ੍ਹਾਂ ਪਰਦੇ ਇੱਕੋ ਨਾਪ ਦੇ ਸਨ। 16ਉਸ ਨੇ ਪੰਜ ਪਰਦੇ ਵੱਖਰੇ ਜੋੜੇ ਅਤੇ ਛੇ ਪਰਦੇ ਵੱਖਰੇ। 17ਉਸ ਨੇ ਪੰਜਾਹ ਬੀੜੇ ਉਸ ਪਰਦੇ ਦੀ ਸੰਜਾਫ਼ ਵਿੱਚ ਜਿਹੜੀ ਜੋੜ ਦੇ ਸਿਰੇ ਉੱਤੇ ਸੀ ਅਤੇ ਪੰਜਾਹ ਬੀੜੇ ਦੂਜੇ ਜੋੜ ਦੇ ਪਰਦੇ ਦੀ ਸੰਜਾਫ਼ ਵਿੱਚ ਬਣਾਏ 18ਅਤੇ ਉਸ ਨੇ ਪੰਜਾਹ ਕੁੰਡੀਆਂ ਪਿੱਤਲ ਦੀਆਂ ਤੰਬੂ ਦੇ ਜੋੜਨ ਲਈ ਬਣਾਈਆਂ ਤਾਂ ਜੋ ਉਹ ਇੱਕੋ ਹੀ ਹੋ ਜਾਵੇ 19ਅਤੇ ਉਸ ਨੇ ਤੰਬੂ ਦਾ ਢੱਕਣ ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਦਾ ਅਤੇ ਉੱਪਰਲਾ ਢੱਕਣ ਸਮੁੰਦਰੀ ਜੀਵ ਦੀਆਂ ਖੱਲਾਂ ਦਾ ਬਣਾਇਆ। 20ਉਸ ਨੇ ਸ਼ਿੱਟੀਮ ਦੀ ਲੱਕੜੀ ਦੇ ਖੜਵੇਂ ਫੱਟੇ ਡੇਰੇ ਲਈ ਬਣਾਏ। 21ਹਰ ਫੱਟੇ ਦੀ ਲੰਬਾਈ ਦਸ ਹੱਥ ਅਤੇ ਹਰ ਫੱਟੇ ਦੀ ਚੌੜਾਈ ਡੇਢ ਹੱਥ ਸੀ 22ਅਤੇ ਹਰ ਫੱਟੇ ਵਿੱਚ ਦੋ ਚੂਲਾਂ ਇੱਕ ਦੂਜੇ ਨੂੰ ਜੋੜਨ ਲਈ ਸਨ। ਇਸ ਤਰ੍ਹਾਂ ਉਸ ਨੇ ਡੇਰੇ ਦੇ ਸਾਰੇ ਫੱਟੇ ਬਣਾਏ। 23ਉਸ ਨੇ ਡੇਰੇ ਦੇ ਫੱਟੇ ਇਸ ਤਰ੍ਹਾਂ ਬਣਾਏ - ਵੀਹ ਫੱਟੇ ਦੱਖਣ ਵਾਲੇ ਪਾਸੇ ਲਈ 24ਅਤੇ ਉਸ ਨੇ ਚਾਂਦੀ ਦੀਆਂ ਚਾਲ੍ਹੀ ਚੀਥੀਆਂ ਉਨ੍ਹਾਂ ਵੀਹਾਂ ਫੱਟਿਆਂ ਦੇ ਹੇਠ ਅਰਥਾਤ ਹਰ ਇੱਕ ਫੱਟੇ ਹੇਠ ਦੋ ਚੀਥੀਆਂ ਉਨ੍ਹਾਂ ਦੀਆਂ ਦੋਹਾਂ ਚੂਲਾਂ ਲਈ ਬਣਾਈਆਂ ਅਤੇ ਦੂਜੇ ਫੱਟੇ ਲਈ ਦੋ ਚੀਥੀਆਂ ਉਸ ਦੀਆਂ ਦੋਹਾਂ ਚੂਲਾਂ ਲਈ। 25ਅਤੇ ਡੇਰੇ ਦੇ ਦੂਜੇ ਪਾਸੇ ਲਈ ਉੱਤਰ ਵੱਲ ਵੀਹ ਫੱਟੇ ਬਣਾਏ 26ਅਤੇ ਉਨ੍ਹਾਂ ਦੀਆਂ ਚਾਂਦੀ ਦੀਆਂ ਚਾਲ੍ਹੀ ਚੀਥੀਆਂ ਅਰਥਾਤ ਹਰ ਇੱਕ ਫੱਟੇ ਹੇਠ ਦੋ ਚੀਥੀਆਂ 27ਅਤੇ ਡੇਰੇ ਦੇ ਸਿਰੇ ਤੇ ਪੱਛਮ ਵਾਲੇ ਪਾਸੇ ਵੱਲ ਉਸ ਨੇ ਛੇ ਫੱਟੇ ਬਣਾਏ। 28ਉਸ ਨੇ ਦੋ ਫੱਟੇ ਡੇਰੇ ਦੇ ਪਿਛਵਾੜੇ ਦੇ ਖੂੰਜਿਆਂ ਲਈ ਬਣਾਏ। 29ਉਹ ਹੇਠੋਂ ਦੋਹਰੇ ਸਨ ਅਤੇ ਉਹ ਇਸ ਪਰਕਾਰ ਆਪਣਿਆਂ ਸਿਰਿਆਂ ਤੱਕ ਇੱਕ ਕੜੇ ਨਾਲ ਸਾਬਤ ਰਹਿੰਦੇ ਸਨ। ਇਸ ਤਰ੍ਹਾਂ ਉਸ ਨੇ ਉਨ੍ਹਾਂ ਦੋਹਾਂ ਨੂੰ ਦੋਹਾਂ ਖੂੰਜਿਆਂ ਵਿੱਚ ਬਣਾਇਆ 30ਅਤੇ ਉਹ ਅੱਠ ਫੱਟੇ ਸਨ ਅਤੇ ਉਨ੍ਹਾਂ ਦੀਆਂ ਚਾਂਦੀ ਦੀਆਂ ਸੋਲਾਂ ਚੀਥੀਆਂ ਸਨ ਅਰਥਾਤ ਹਰ ਇੱਕ ਫੱਟੇ ਹੇਠ ਦੋ ਚੀਥੀਆਂ। 31ਅਤੇ ਉਸ ਨੇ ਸ਼ਿੱਟੀਮ ਦੀ ਲੱਕੜੀ ਦੇ ਹੋੜੇ ਬਣਾਏ ਡੇਰੇ ਦੇ ਇੱਕ ਪਾਸੇ ਦੇ ਫੱਟਿਆਂ ਲਈ ਪੰਜ ਹੋੜੇ ਅਤੇ ਦੂਜੇ ਪਾਸੇ ਦੇ ਫੱਟਿਆਂ ਲਈ ਪੰਜ ਹੋੜੇ 32ਅਤੇ ਡੇਰੇ ਦੇ ਪਿਛਵਾੜੇ ਲਹਿੰਦੇ ਪਾਸੇ ਦੇ ਫੱਟਿਆਂ ਲਈ ਪੰਜ ਹੋੜੇ 33ਅਤੇ ਵਿਚਲਾ ਹੋੜਾ ਫੱਟਿਆਂ ਦੇ ਵਿਚਕਾਰੋਂ ਆਰ-ਪਾਰ ਲੰਘਾਇਆ 34ਅਤੇ ਉਸ ਨੇ ਫੱਟਿਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਹੋੜਿਆਂ ਦੇ ਥਾਵਾਂ ਲਈ ਸੋਨੇ ਦੇ ਕੜੇ ਬਣਾਏ ਅਤੇ ਉਸ ਨੇ ਹੋੜਿਆਂ ਨੂੰ ਸੋਨੇ ਨਾਲ ਮੜ੍ਹਿਆ। 35ਉਸ ਨੇ ਨੀਲੇ, ਬੈਂਗਣੀ, ਕਿਰਮਚੀ ਅਤੇ ਮਹੀਨ ਉਣੇ ਹੋਏ ਕਤਾਨ ਦਾ ਇੱਕ ਪਰਦਾ ਬਣਾਇਆ। ਉਸ ਨੇ ਉਹ ਨੂੰ ਕਰੂਬੀਆਂ ਨਾਲ ਕਾਰੀਗਰੀ ਦਾ ਕੰਮ ਬਣਾਇਆ। 36ਉਸ ਨੇ ਸ਼ਿੱਟੀਮ ਦੀ ਲੱਕੜੀ ਦੀਆਂ ਚਾਰ ਥੰਮ੍ਹੀਆਂ ਬਣਾਈਆਂ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਉਨ੍ਹਾਂ ਦੇ ਕੁੰਡੇ ਸੋਨੇ ਦੇ ਸਨ ਅਤੇ ਉਸ ਨੇ ਚਾਂਦੀ ਦੀਆਂ ਚਾਰ ਚੀਥੀਆਂ ਉਨ੍ਹਾਂ ਲਈ ਢਾਲੀਆਂ। 37ਅਤੇ ਉਸ ਨੇ ਤੰਬੂ ਦੇ ਦਰਵਾਜ਼ੇ ਲਈ ਇੱਕ ਓਟ ਨੀਲੇ ਬੈਂਗਣੀ ਅਤੇ ਕਿਰਮਚੀ ਰੰਗ ਦੇ ਮਹੀਨ ਉਣੇ ਹੋਏ ਕਤਾਨ ਦੀ ਬਣਾਈ। ਇਹ ਕਸੀਦੇਕਾਰ ਦਾ ਕੰਮ ਸੀ। 38ਉਸ ਨੇ ਪੰਜ ਥੰਮ੍ਹੀਆਂ ਉਹ ਦੇ ਲਈ ਕੁੰਡਿਆਂ ਸਣੇ ਬਣਾਈਆਂ ਅਤੇ ਉਨ੍ਹਾਂ ਦੇ ਸਿਰਿਆਂ ਅਤੇ ਕੜਿਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਉਨ੍ਹਾਂ ਦੀਆਂ ਪੰਜ ਚੀਥੀਆਂ ਪਿੱਤਲ ਦੀਆਂ ਸਨ।
S'ha seleccionat:
ਕੂਚ 36: IRVPun
Subratllat
Copia
Compara
Comparteix
Vols que els teus subratllats es desin a tots els teus dispositius? Registra't o inicia sessió
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.