ਕੂਚ 32
32
ਸੋਨੇ ਦਾ ਵੱਛਾ
ਬਿਵਸਥਾ 9:6-29
1ਜਦ ਲੋਕਾਂ ਨੇ ਵੇਖਿਆ ਕਿ ਮੂਸਾ ਨੇ ਪਰਬਤ ਤੋਂ ਉਤਰਨ ਵਿੱਚ ਚਿਰ ਲਾ ਦਿੱਤਾ ਹੈ ਤਾਂ ਲੋਕਾਂ ਨੇ ਹਾਰੂਨ ਕੋਲ ਇਕੱਠੇ ਹੋ ਕੇ ਉਹ ਨੂੰ ਆਖਿਆ, ਉੱਠ ਅਤੇ ਸਾਡੇ ਲਈ ਦੇਵਤੇ ਬਣਾ ਜਿਹੜੇ ਸਾਡੇ ਅੱਗੇ ਚੱਲਣ ਕਿਉਂ ਜੋ ਇਹ ਮਰਦ ਮੂਸਾ ਜਿਹੜਾ ਸਾਨੂੰ ਮਿਸਰ ਦੇਸ ਤੋਂ ਉਤਾਹਾਂ ਲੈ ਆਇਆ ਹੈ ਅਸੀਂ ਨਹੀਂ ਜਾਣਦੇ ਉਹ ਨੂੰ ਕੀ ਹੋ ਗਿਆ ਹੈ। 2ਤਾਂ ਹਾਰੂਨ ਨੇ ਉਨ੍ਹਾਂ ਨੂੰ ਆਖਿਆ, ਆਪਣੀਆਂ ਔਰਤਾਂ ਅਤੇ ਆਪਣੇ ਪੁੱਤਰਾਂ ਅਤੇ ਆਪਣੀਆਂ ਧੀਆਂ ਦੇ ਕੰਨਾਂ ਦੇ ਸੋਨੇ ਦੇ ਬਾਲੇ ਤੋੜ ਤਾੜ ਕੇ ਮੇਰੇ ਕੋਲ ਲੈ ਆਓ। 3ਸੋ ਸਾਰੇ ਲੋਕ ਸੋਨੇ ਦੇ ਬਾਲੇ ਜੋ ਉਨ੍ਹਾਂ ਦੇ ਕੰਨਾਂ ਵਿੱਚ ਸਨ ਤੋੜ ਤਾੜ ਕੇ ਹਾਰੂਨ ਦੇ ਕੋਲ ਲੈ ਆਏ 4ਤਾਂ ਉਸ ਨੇ ਉਹ ਉਨ੍ਹਾਂ ਦੇ ਹੱਥੋਂ ਲੈ ਲਏ ਅਤੇ ਉਨ੍ਹਾਂ ਨੂੰ ਢਾਲ਼ ਕੇ ਇੱਕ ਉੱਕਰਨ ਵਾਲੇ ਸੰਦ ਨਾਲ ਘੜ੍ਹ ਕੇ ਉਹ ਦਾ ਇੱਕ ਵੱਛਾ ਬਣਾਇਆ ਤਾਂ ਉਨ੍ਹਾਂ ਨੇ ਆਖਿਆ, ਹੇ ਇਸਰਾਏਲ ਇਹ ਹੈ ਤੇਰਾ ਦੇਵਤਾ ਜਿਹੜਾ ਤੈਨੂੰ ਮਿਸਰ ਦੇਸ ਤੋਂ ਉਤਾਹਾਂ ਲੈ ਆਇਆ। 5ਜਦ ਹਾਰੂਨ ਨੇ ਇਹ ਡਿੱਠਾ ਤਾਂ ਉਸ ਦੇ ਅੱਗੇ ਇੱਕ ਜਗਵੇਦੀ ਬਣਾਈ ਤਾਂ ਹਾਰੂਨ ਨੇ ਪੁਕਾਰ ਕੇ ਆਖਿਆ, ਕੱਲ ਯਹੋਵਾਹ ਦਾ ਪਰਬ ਹੈ 6ਤਾਂ ਉਹ ਅਗਲੇ ਦਿਨ ਸਵੇਰ ਨੂੰ ਉੱਠੇ ਅਤੇ ਹੋਮ ਦੀਆਂ ਬਲੀਆਂ ਚੜ੍ਹਾਈਆਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਲਿਆਏ ਤਾਂ ਲੋਕ ਖਾਣ-ਪੀਣ ਨੂੰ ਬੈਠੇ ਅਤੇ ਹੱਸਣ ਖੇਡਣ ਨੂੰ ਉੱਠੇ। 7ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਹੇਠਾਂ ਨੂੰ ਜਾ ਕਿਉਂਕਿ ਤੇਰੇ ਲੋਕ ਜਿਨ੍ਹਾਂ ਨੂੰ ਤੂੰ ਮਿਸਰ ਦੇਸ ਤੋਂ ਉਤਾਹਾਂ ਲਿਆਇਆ ਹੈਂ ਭਰਿਸ਼ਟ ਹੋ ਗਏ ਹਨ। 8ਉਹ ਉਸ ਰਾਹ ਤੋਂ ਛੇਤੀ ਨਾਲ ਫਿਰ ਗਏ ਹਨ ਜਿਹ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ ਅਤੇ ਉਨ੍ਹਾਂ ਦੇ ਢਾਲ਼ ਕੇ ਆਪਣੇ ਲਈ ਇੱਕ ਵੱਛਾ ਬਣਾਇਆ ਅਤੇ ਉਹ ਦੇ ਅੱਗੇ ਮੱਥਾ ਟੇਕਿਆ ਅਤੇ ਉਹ ਦੇ ਅੱਗੇ ਭੇਟ ਚੜ੍ਹਾ ਦੇ ਉਨ੍ਹਾਂ ਆਖਿਆ, ਹੇ ਇਸਰਾਏਲ ਇਹ ਹੈ ਤੇਰਾ ਦੇਵਤਾ ਜਿਹੜਾ ਤੈਨੂੰ ਮਿਸਰ ਦੇਸ ਤੋਂ ਉਤਾਹਾਂ ਲੈ ਆਇਆ। 9ਤਦ ਯਹੋਵਾਹ ਨੇ ਮੂਸਾ ਨੂੰ ਆਖਿਆ, ਮੈਂ ਇਨ੍ਹਾਂ ਲੋਕਾਂ ਨੂੰ ਡਿੱਠਾ ਹੈ, ਵੇਖ ਇਹ ਲੋਕ ਹਠੀ ਹਨ। 10ਹੁਣ ਤੂੰ ਮੈਨੂੰ ਇਕੱਲਾ ਹੋਣ ਦੇ ਤਾਂ ਜੋ ਮੇਰਾ ਕ੍ਰੋਧ ਉਨ੍ਹਾਂ ਦੇ ਵਿਰੁੱਧ ਭੜਕੇ ਅਤੇ ਮੈਂ ਉਨ੍ਹਾਂ ਨੂੰ ਭਸਮ ਕਰ ਸੁੱਟਾਂ ਅਤੇ ਮੈਂ ਤੇਰੇ ਕੋਲੋਂ ਇੱਕ ਵੱਡੀ ਕੌਮ ਬਣਾਵਾਂਗਾ। 11ਤਾਂ ਮੂਸਾ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਤਰਲੇ ਪਾ ਕੇ ਆਖਿਆ, ਹੇ ਯਹੋਵਾਹ ਤੇਰਾ ਕ੍ਰੋਧ ਤੇਰੇ ਲੋਕਾਂ ਦੇ ਵਿਰੁੱਧ ਕਿਉਂ ਭੜਕਿਆ ਹੈ ਜਿਨ੍ਹਾਂ ਨੂੰ ਤੂੰ ਮਿਸਰ ਦੇਸ ਤੋਂ ਵੱਡੀ ਸ਼ਕਤੀ ਅਤੇ ਬਲਵੰਤ ਹੱਥ ਨਾਲ ਕੱਢ ਕੇ ਲੈ ਆਇਆ ਹੈਂ। 12ਮਿਸਰੀ ਕਿਉਂ ਆਖਣ ਕਿ ਉਹ ਉਨ੍ਹਾਂ ਨੂੰ ਬੁਰਿਆਈ ਲਈ ਲੈ ਗਿਆ, ਤਾਂ ਜੋ ਉਨ੍ਹਾਂ ਨੂੰ ਪਹਾੜਾਂ ਵਿੱਚ ਮਾਰ ਸੁੱਟੇ ਅਤੇ ਉਨ੍ਹਾਂ ਨੂੰ ਧਰਤੀ ਉੱਤੋਂ ਮੁਕਾ ਦੇਵੇ? ਤੂੰ ਆਪਣੇ ਕ੍ਰੋਧ ਦੇ ਭੜਕਣ ਨੂੰ ਮੋੜ ਲੈ ਅਤੇ ਆਪਣੇ ਲੋਕਾਂ ਉੱਤੇ ਬੁਰਿਆਈ ਲਿਆਉਣ ਤੋਂ ਹਟ ਜਾ। 13ਤੂੰ ਆਪਣੇ ਸੇਵਕ ਅਬਰਾਹਾਮ, ਇਸਹਾਕ ਅਤੇ ਇਸਰਾਏਲ ਨੂੰ ਚੇਤੇ ਕਰ ਜਿਨ੍ਹਾਂ ਨਾਲ ਤੂੰ ਆਪਣੀ ਹੀ ਸਹੁੰ ਖਾ ਕੇ ਆਖਿਆ ਸੀ ਕਿ ਮੈਂ ਤੁਹਾਡੀ ਸੰਤਾਨ ਅਕਾਸ਼ ਦੇ ਤਾਰਿਆਂ ਵਾਂਗੂੰ ਵਧਾਵਾਂਗਾ ਅਤੇ ਇਹ ਸਾਰਾ ਦੇਸ ਜਿਸ ਦੇ ਲਈ ਮੈਂ ਆਖਿਆ ਹੈ ਮੈਂ ਉਹ ਤੁਹਾਡੀ ਸੰਤਾਨ ਨੂੰ ਦੇਵਾਂਗਾ ਅਤੇ ਉਹ ਸਦਾ ਲਈ ਉਹ ਦੇ ਅਧਿਕਾਰੀ ਹੋਣਗੇ। 14ਤਾਂ ਯਹੋਵਾਹ ਉਸ ਬੁਰਿਆਈ ਤੋਂ ਹਟ ਗਿਆ ਜਿਹੜੀ ਆਪਣੇ ਲੋਕਾਂ ਨਾਲ ਕਰਨ ਲਈ ਬੋਲਿਆ ਸੀ। 15ਤਾਂ ਮੂਸਾ ਮੁੜ ਕੇ ਪਰਬਤ ਤੋਂ ਹੇਠਾਂ ਨੂੰ ਆਇਆ ਅਤੇ ਨੇਮ ਦੀਆਂ ਦੋ ਫੱਟੀਆਂ ਉਸ ਦੇ ਹੱਥ ਵਿੱਚ ਸਨ। ਉਹ ਫੱਟੀਆਂ ਦੋਹਾਂ ਪਾਸਿਆਂ ਤੋਂ ਲਿਖੀਆਂ ਹੋਈਆਂ ਸਨ ਇੱਕ ਪਾਸਿਓਂ ਅਤੇ ਦੂਜੇ ਪਾਸਿਓਂ ਵੀ ਲਿਖੀਆਂ ਹੋਈਆਂ ਸਨ 16ਅਤੇ ਫੱਟੀਆਂ ਪਰਮੇਸ਼ੁਰ ਦਾ ਕੰਮ ਸੀ ਅਤੇ ਉਨ੍ਹਾਂ ਦੀ ਲਿਖਤ ਪਰਮੇਸ਼ੁਰ ਦੀ ਲਿਖਤ ਸੀ ਜਿਹੜੀ ਫੱਟੀਆਂ ਉੱਤੇ ਉੱਕਰੀ ਹੋਈ ਸੀ। 17ਤਾਂ ਯਹੋਸ਼ੁਆ ਨੇ ਲੋਕਾਂ ਦੀ ਅਵਾਜ਼ ਸੁਣੀ ਜਿਹੜੇ ਡੰਡ ਪਾਉਂਦੇ ਸਨ ਤਾਂ ਉਸ ਨੇ ਮੂਸਾ ਨੂੰ ਆਖਿਆ, ਡੇਰੇ ਵਿੱਚ ਲੜਾਈ ਦੀ ਅਵਾਜ਼ ਹੈ। 18ਤਾਂ ਉਸ ਆਖਿਆ, ਇਹ ਰੌਲ਼ਾ ਨਾ ਤਾਂ ਫਤਹ ਪਾਉਣ ਵਾਲਿਆਂ ਦਾ ਹੈ ਅਤੇ ਨਾ ਇਹ ਰੌਲ਼ਾ ਹਾਰਨ ਵਾਲਿਆਂ ਦਾ ਹੈ ਪਰ ਮੈਂ ਗਾਉਣ ਵਾਲਿਆਂ ਦੀ ਅਵਾਜ਼ ਸੁਣਦਾ ਹਾਂ। 19ਤਾਂ ਇਸ ਤਰ੍ਹਾਂ ਹੋਇਆ ਜਦੋਂ ਉਹ ਡੇਰੇ ਦੇ ਨੇੜੇ ਆਇਆ ਤਾਂ ਉਸ ਨੇ ਵੱਛੇ ਅਤੇ ਨੱਚਣ ਨੂੰ ਵੇਖਿਆ ਤਾਂ ਮੂਸਾ ਦਾ ਕ੍ਰੋਧ ਬਹੁਤ ਭੜਕ ਉੱਠਿਆ ਅਤੇ ਉਸ ਨੇ ਫੱਟੀਆਂ ਆਪਣੇ ਹੱਥਾਂ ਤੋਂ ਸੁੱਟ ਦਿੱਤੀਆਂ ਪਰਬਤ ਦੇ ਹੇਠ ਉਹਨਾਂ ਨੂੰ ਭੰਨ ਸੁੱਟਿਆ 20ਅਤੇ ਉਸ ਵੱਛੇ ਨੂੰ ਜਿਹੜਾ ਉਨ੍ਹਾਂ ਨੇ ਬਣਾਇਆ ਸੀ ਲੈ ਕੇ ਅੱਗ ਵਿੱਚ ਸਾੜ ਸੁੱਟਿਆ ਅਤੇ ਪੀਹ ਕੇ ਧੂੜ ਜਿਹਾ ਮਹੀਨ ਕਰ ਦਿੱਤਾ ਅਤੇ ਪਾਣੀ ਉੱਤੇ ਖਿਲਾਰ ਦਿੱਤਾ ਅਤੇ ਇਸਰਾਏਲੀਆਂ ਨੂੰ ਪਿਲਾ ਛੱਡਿਆ। 21ਤਾਂ ਮੂਸਾ ਨੇ ਹਾਰੂਨ ਨੂੰ ਆਖਿਆ, ਤੈਨੂੰ ਇਨ੍ਹਾਂ ਲੋਕਾਂ ਨੇ ਕੀ ਕਰ ਦਿੱਤਾ ਜੋ ਤੂੰ ਉਨ੍ਹਾਂ ਉੱਤੇ ਵੱਡਾ ਪਾਪ ਲਿਆਇਆ? 22ਅੱਗੋਂ ਹਾਰੂਨ ਨੇ ਆਖਿਆ, ਮੇਰੇ ਸੁਆਮੀ ਦਾ ਕ੍ਰੋਧ ਨਾ ਭੜਕੇ। ਤੂੰ ਲੋਕਾਂ ਨੂੰ ਜਾਣਦਾ ਹੈਂ ਕਿ ਉਹ ਬੁਰਿਆਈ ਉੱਤੇ ਤਿਆਰ ਹਨ 23ਕਿਉਂ ਜੋ ਉਨ੍ਹਾਂ ਨੇ ਮੈਨੂੰ ਆਖਿਆ, ਸਾਡੇ ਲਈ ਦੇਵਤੇ ਬਣਾ ਜਿਹੜੇ ਸਾਡੇ ਅੱਗੇ ਚੱਲਣ ਕਿਉਂ ਜੋ ਇਹ ਮਰਦ ਮੂਸਾ ਜਿਹੜਾ ਸਾਨੂੰ ਮਿਸਰ ਦੇਸ ਤੋਂ ਉਤਾਹਾਂ ਲੈ ਆਇਆ ਅਸੀਂ ਨਹੀਂ ਜਾਣਦੇ ਕਿ ਉਹ ਨੂੰ ਕੀ ਹੋਇਆ। 24ਤਾਂ ਮੈਂ ਉਨ੍ਹਾਂ ਨੂੰ ਆਖਿਆ, ਜਿਨ੍ਹਾਂ ਕੋਲ ਸੋਨਾ ਹੈ ਉਹ ਭੰਨਣ ਤੋੜਨ ਤਾਂ ਉਨ੍ਹਾਂ ਨੇ ਮੈਨੂੰ ਦਿੱਤਾ ਅਤੇ ਮੈਂ ਉਸ ਨੂੰ ਅੱਗ ਵਿੱਚ ਸੁੱਟ ਦਿੱਤਾ ਅਤੇ ਇਹ ਵੱਛਾ ਨਿੱਕਲ ਆਇਆ। 25ਤਦ ਮੂਸਾ ਨੇ ਲੋਕਾਂ ਨੂੰ ਵੇਖਿਆ ਕਿ ਉਹ ਬੇ-ਲਗ਼ਾਮ ਹਨ ਕਿਉਂ ਜੋ ਹਾਰੂਨ ਨੇ ਉਨ੍ਹਾਂ ਦੇ ਵੈਰੀਆਂ ਦੇ ਸਾਹਮਣੇ ਉਨ੍ਹਾਂ ਦਾ ਮਖ਼ੌਲ ਉਡਾਉਣ ਲਈ ਉਨ੍ਹਾਂ ਨੂੰ ਬੇ-ਲਗ਼ਾਮ ਕੀਤਾ। 26ਮੂਸਾ ਨੇ ਡੇਰੇ ਦੇ ਫਾਟਕ ਕੋਲ ਖੜੇ ਹੋ ਕੇ ਆਖਿਆ, ਜਿਹੜਾ ਯਹੋਵਾਹ ਦੇ ਪਾਸੇ ਵੱਲ ਹੈ ਉਹ ਮੇਰੇ ਕੋਲ ਆਵੇ ਤਾਂ ਸਾਰੇ ਲੇਵੀਆਂ ਨੇ ਆਪਣੇ ਆਪ ਨੂੰ ਉਸ ਦੇ ਕੋਲ ਇਕੱਠਾ ਕਰ ਲਿਆ। 27ਉਸ ਨੇ ਉਨ੍ਹਾਂ ਨੂੰ ਆਖਿਆ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਸਭ ਮਨੁੱਖ ਆਪਣੀਆਂ ਤਲਵਾਰਾਂ ਲੱਕ ਨਾਲ ਬੰਨ੍ਹ ਕੇ ਡੇਰੇ ਦੇ ਵਿੱਚ ਦੀ ਫਾਟਕ ਤੋਂ ਫਾਟਕ ਤੱਕ ਆਉਂਦੇ ਜਾਂਦੇ ਆਪਣੇ ਭਰਾ ਆਪਣੇ ਸਾਥੀ ਅਤੇ ਆਪਣੇ ਗੁਆਂਢੀ ਨੂੰ ਵੱਢ ਸੁੱਟਣ। 28ਤਾਂ ਲੇਵੀਆਂ ਨੇ ਮੂਸਾ ਦੇ ਬੋਲ ਅਨੁਸਾਰ ਕੀਤਾ ਅਤੇ ਉਸ ਦਿਨ ਲੋਕਾਂ ਵਿੱਚੋਂ ਤਿੰਨ ਹਜ਼ਾਰ ਮਨੁੱਖ ਡਿੱਗੇ। 29ਮੂਸਾ ਨੇ ਆਖਿਆ, ਅੱਜ ਤੁਸੀਂ ਆਪਣੇ ਆਪ ਨੂੰ ਯਹੋਵਾਹ ਲਈ ਅਰਪਣ ਕਰੋ। ਹਾਂ, ਹਰ ਇੱਕ ਮਨੁੱਖ ਆਪਣੇ ਪੁੱਤਰ ਅਤੇ ਆਪਣੇ ਭਰਾ ਦੇ ਵਿਰੁੱਧ ਹੋਵੇ ਤਾਂ ਜੋ ਉਹ ਅੱਜ ਤੁਹਾਨੂੰ ਬਰਕਤ ਦੇਵੇ। 30ਅਗਲੇ ਦਿਨ ਇਸ ਤਰ੍ਹਾਂ ਹੋਇਆ ਕਿ ਮੂਸਾ ਨੇ ਲੋਕਾਂ ਨੂੰ ਆਖਿਆ, ਤੁਸੀਂ ਵੱਡਾ ਪਾਪ ਕੀਤਾ ਅਤੇ ਮੈਂ ਹੁਣ ਯਹੋਵਾਹ ਦੇ ਕੋਲ ਉਤਾਹਾਂ ਜਾਂਦਾ ਹਾਂ। ਸ਼ਾਇਦ ਮੈਂ ਤੁਹਾਡੇ ਪਾਪ ਦਾ ਪ੍ਰਾਸਚਿਤ ਕਰਾਂ। 31ਸੋ ਮੂਸਾ ਯਹੋਵਾਹ ਦੇ ਕੋਲ ਮੁੜ ਗਿਆ ਅਤੇ ਆਖਿਆ, ਹਾਏ ਇਨ੍ਹਾਂ ਲੋਕਾਂ ਨੇ ਵੱਡਾ ਪਾਪ ਕੀਤਾ ਜੋ ਆਪਣੇ ਲਈ ਸੋਨੇ ਦੇ ਦੇਵਤੇ ਬਣਾਏ 32ਹੁਣ ਤੂੰ ਉਨ੍ਹਾਂ ਦਾ ਪਾਪ ਮਾਫ਼ ਕਰੀਂ ਅਤੇ ਜੇ ਨਹੀਂ ਤਾਂ ਆਪਣੀ ਪੋਥੀ ਵਿੱਚੋਂ ਜਿਹੜੀ ਤੂੰ ਲਿਖੀ ਹੈ ਮੈਨੂੰ ਮਿਟਾ ਸੁੱਟੀਂ। 33ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਜਿਸ ਮੇਰਾ ਪਾਪ ਕੀਤਾ ਮੈਂ ਉਸ ਨੂੰ ਆਪਣੀ ਪੋਥੀ ਵਿੱਚੋਂ ਮਿਟਾ ਸੁੱਟਾਂਗਾ। 34ਹੁਣ ਜਾ ਲੋਕਾਂ ਨੂੰ ਉੱਥੇ ਲੈ ਜਾ ਜਿਹ ਦੇ ਲਈ ਮੈਂ ਤੈਨੂੰ ਬੋਲਿਆ ਸੀ ਅਤੇ ਵੇਖ ਮੇਰਾ ਦੂਤ ਤੇਰੇ ਅੱਗੇ ਤੁਰੇਗਾ ਪਰ ਮੈਂ ਆਪਣੇ ਬਦਲੇ ਦੇ ਦਿਨ ਉਨ੍ਹਾਂ ਦੇ ਪਾਪ ਦਾ ਬਦਲਾ ਉਨ੍ਹਾਂ ਤੋਂ ਲਵਾਂਗਾ। 35ਅਤੇ ਯਹੋਵਾਹ ਨੇ ਵੱਛਾ ਬਣਾਉਣ ਦੇ ਕਾਰਨ ਜਿਹ ਨੂੰ ਹਾਰੂਨ ਨੇ ਬਣਾਇਆ ਸੀ ਲੋਕਾਂ ਨੂੰ ਮਾਰਿਆ।
S'ha seleccionat:
ਕੂਚ 32: IRVPun
Subratllat
Copia
Compara
Comparteix
Vols que els teus subratllats es desin a tots els teus dispositius? Registra't o inicia sessió
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.