ਕੂਚ 2

2
ਮੂਸਾ ਦਾ ਜਨਮ
1ਲੇਵੀ ਦੇ ਘਰਾਣੇ ਦੇ ਇੱਕ ਮਨੁੱਖ ਨੇ ਲੇਵੀ ਦੀ ਧੀ ਨਾਲ ਵਿਆਹ ਕਰ ਲਿਆ 2ਉਹ ਔਰਤ ਗਰਭਵਤੀ ਹੋਈ ਅਤੇ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਉਸ ਨੂੰ ਤਿੰਨ ਮਹੀਨੇ ਤੱਕ ਲੁਕਾ ਕੇ ਰੱਖਿਆ ਕਿਉਂਕਿ ਉਹ ਵੇਖਣ ਵਿੱਚ ਬਹੁਤ ਸੋਹਣਾ ਸੀ। 3ਜਦ ਉਹ ਉਸ ਨੂੰ ਹੋਰ ਲੁਕਾ ਨਾ ਸਕੀ ਤਦ ਉਸ ਨੇ ਕਾਨਿਆਂ ਦੀ ਇੱਕ ਟੋਕਰੀ ਬਣਾ ਕੇ ਉਸ ਨੂੰ ਰਾਲ ਮਿੱਟੀ ਨਾਲ ਲਿੱਪਿਆ ਅਤੇ ਉਸ ਵਿੱਚ ਬੱਚੇ ਨੂੰ ਰੱਖ ਦਿੱਤਾ ਅਤੇ ਨੀਲ ਨਦੀ ਦੇ ਕੰਢੇ ਪਿਲਛੀ ਵਿੱਚ ਰੱਖ ਦਿੱਤਾ। 4ਉਸ ਦੀ ਭੈਣ ਦੂਰ ਖੜ੍ਹੀ ਇਹ ਦੇਖ ਰਹੀ ਸੀ ਕਿ ਉਸ ਨਾਲ ਕੀ ਬੀਤ ਰਹੀ ਹੈ। 5ਫ਼ਿਰਊਨ ਦੀ ਧੀ ਨਹਾਉਣ ਲਈ ਨੀਲ ਨਦੀ ਵਿੱਚ ਉੱਤਰੀ, ਜਦ ਉਸ ਦੀਆਂ ਸਹੇਲੀਆਂ ਦਰਿਆ ਦੇ ਕੰਢੇ-ਕੰਢੇ ਫਿਰਦੀਆਂ ਸਨ ਤਦ ਉਸ ਨੇ ਝਾੜੀਆਂ ਵਿੱਚ ਟੋਕਰੀ ਵੇਖੀ। ਉਸ ਨੇ ਆਪਣੀ ਦਾਸੀ ਨੂੰ ਉਹ ਟੋਕਰੀ ਲਿਆਉਣ ਲਈ ਭੇਜਿਆ। 6ਜਦ ਉਸ ਨੇ ਉਸ ਨੂੰ ਖੋਲ੍ਹਿਆ ਤਦ ਉਸ ਨੇ ਬੱਚੇ ਨੂੰ ਵੇਖਿਆ ਅਤੇ ਉਹ ਮੁੰਡਾ ਰੋ ਰਿਹਾ ਸੀ। ਉਸ ਨੂੰ ਉਸ ਬੱਚੇ ਉੱਤੇ ਤਰਸ ਆਇਆ, ਉਸ ਨੇ ਆਖਿਆ ਕਿ ਇਹ ਇਬਰਾਨੀਆਂ ਦੇ ਬੱਚਿਆਂ ਵਿੱਚੋਂ ਹੈ। 7ਤਦ ਉਸ ਦੀ ਭੈਣ ਨੇ ਫ਼ਿਰਊਨ ਦੀ ਧੀ ਨੂੰ ਆਖਿਆ, “ਮੈਂ ਜਾ ਕੇ ਇਬਰਾਨਣਾਂ ਵਿੱਚੋਂ ਕਿਸੇ ਦੁੱਧ ਚੁੰਘਾਉਣ ਵਾਲੀ ਔਰਤ ਨੂੰ ਤੁਹਾਡੇ ਕੋਲ ਲਿਆਵਾਂ ਤਾਂ ਜੋ ਉਹ ਤੁਹਾਡੇ ਲਈ ਇਸ ਬੱਚੇ ਨੂੰ ਦੁੱਧ ਚੁੰਘਾਇਆ ਕਰੇ?” 8ਤਦ ਫ਼ਿਰਊਨ ਦੀ ਧੀ ਨੇ ਆਖਿਆ, “ਜਾ।” ਉਹ ਲੜਕੀ ਜਾ ਕੇ ਬੱਚੇ ਦੀ ਮਾਂ ਨੂੰ ਸੱਦ ਲਿਆਈ। 9ਤਦ ਫ਼ਿਰਊਨ ਦੀ ਧੀ ਨੇ ਉਸ ਨੂੰ ਆਖਿਆ, ਇਸ ਬੱਚੇ ਨੂੰ ਲੈ ਅਤੇ ਮੇਰੇ ਲਈ ਦੁੱਧ ਪਿਲਾ, ਮੈਂ ਤੈਨੂੰ ਮਜ਼ਦੂਰੀ ਦੇਵਾਂਗੀ। ਤਦ ਉਸ ਔਰਤ ਨੇ ਬੱਚੇ ਨੂੰ ਲੈ ਕੇ ਦੁੱਧ ਪਿਲਾਇਆ। 10ਜਦ ਬੱਚਾ ਵੱਡਾ ਹੋ ਗਿਆ ਤਦ ਉਹ ਉਸ ਨੂੰ ਫ਼ਿਰਊਨ ਦੀ ਧੀ ਕੋਲ ਲੈ ਆਈ। ਉਹ ਉਸ ਦਾ ਪੁੱਤਰ ਅਖਵਾਇਆ ਅਤੇ ਉਸ ਨੇ ਇਹ ਕਹਿ ਕੇ ਉਸ ਦਾ ਨਾਮ ਮੂਸਾ#2:10 ਬਾਹਰ ਨਿਕਾਲਿਆ ਹੋਇਆ ਰੱਖਿਆ ਕਿ ਮੈਂ ਇਸ ਨੂੰ ਪਾਣੀ ਵਿੱਚੋਂ ਕੱਢਿਆ ਹੈ।
ਮੂਸਾ ਮਿਦਯਾਨ ਦੇਸ਼ ਨੂੰ ਭੱਜ ਜਾਂਦਾ ਹੈ
11ਫਿਰ ਅਜਿਹਾ ਹੋਇਆ ਕਿ ਉਨ੍ਹਾਂ ਦਿਨਾਂ ਵਿੱਚ ਜਦ ਮੂਸਾ ਵੱਡਾ ਹੋਇਆ ਤਦ ਉਸ ਨੇ ਆਪਣੇ ਭਰਾਵਾਂ ਕੋਲ ਬਾਹਰ ਜਾ ਕੇ ਉਨ੍ਹਾਂ ਦੇ ਦੁੱਖਾਂ ਨੂੰ ਵੇਖਿਆ ਅਤੇ ਇੱਕ ਮਿਸਰੀ ਨੂੰ ਵੇਖਿਆ ਜੋ ਉਸ ਦੇ ਭਰਾਵਾਂ ਵਿੱਚੋਂ ਇੱਕ ਇਬਰਾਨੀ ਨੂੰ ਮਾਰ ਰਿਹਾ ਸੀ। 12ਉਸ ਨੇ ਇੱਧਰ-ਉੱਧਰ ਵੇਖਿਆ ਅਤੇ ਜਦ ਵੇਖਿਆ ਕਿ ਕੋਈ ਨਹੀਂ ਹੈ ਤਦ ਉਸ ਨੇ ਉਸ ਮਿਸਰੀ ਨੂੰ ਮਾਰ ਦਿੱਤਾ ਅਤੇ ਉਸ ਨੂੰ ਰੇਤ ਵਿੱਚ ਲੁਕਾ ਦਿੱਤਾ। 13ਜਦ ਮੂਸਾ ਦੂਜੇ ਦਿਨ ਬਾਹਰ ਗਿਆ ਤਾਂ ਵੇਖੋ, ਦੋ ਇਬਰਾਨੀ ਆਪਸ ਵਿੱਚ ਲੜ ਰਹੇ ਸਨ, ਉਸ ਨੇ ਦੋਸ਼ੀ ਨੂੰ ਆਖਿਆ, ਤੂੰ ਆਪਣੇ ਸਾਥੀ ਨੂੰ ਕਿਉਂ ਮਾਰਦਾ ਹੈਂ? 14ਤਦ ਉਸ ਨੇ ਆਖਿਆ, ਤੈਨੂੰ ਕਿਸ ਨੇ ਸਾਡੇ ਉੱਤੇ ਸਰਦਾਰ ਅਤੇ ਨਿਆਈਂ ਬਣਾ ਦਿੱਤਾ? ਕੀ ਤੂੰ ਇਹ ਸੋਚਦਾ ਹੈਂ ਕਿ ਜਿਵੇਂ ਤੂੰ ਉਸ ਮਿਸਰੀ ਨੂੰ ਮਾਰ ਸੁੱਟਿਆ ਉਸੇ ਤਰ੍ਹਾਂ ਹੀ ਮੈਨੂੰ ਵੀ ਮਾਰ ਸੁੱਟੇਂਗਾ? ਤਦ ਮੂਸਾ ਡਰ ਗਿਆ ਅਤੇ ਉਸ ਨੇ ਆਖਿਆ, ਇਹ ਗੱਲ ਜ਼ਰੂਰ ਖੁੱਲ੍ਹ ਗਈ ਹੈ। 15ਜਦ ਫ਼ਿਰਊਨ ਨੇ ਇਹ ਗੱਲ ਸੁਣੀ ਤਦ ਮੂਸਾ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੂਸਾ ਫ਼ਿਰਊਨ ਦੇ ਅੱਗੋਂ ਭੱਜ ਕੇ ਮਿਦਯਾਨ ਦੇ ਦੇਸ ਵਿੱਚ ਰਹਿਣ ਲੱਗਾ ਅਤੇ ਇੱਕ ਖੂਹ ਦੇ ਕੋਲ ਬੈਠ ਗਿਆ। 16ਮਿਦਯਾਨ ਦੇ ਜਾਜਕ ਦੀਆਂ ਸੱਤ ਧੀਆਂ ਸਨ। ਉਨ੍ਹਾਂ ਨੇ ਆ ਕੇ ਪਾਣੀ ਕੱਢਿਆ ਅਤੇ ਆਪਣੇ ਪਿਤਾ ਦੇ ਇੱਜੜ ਨੂੰ ਪਿਲਾਉਣ ਲਈ ਚੁਬੱਚਿਆਂ ਨੂੰ ਭਰ ਲਿਆ। 17ਅਯਾਲੀਆਂ ਨੇ ਆਣ ਕੇ ਉਨ੍ਹਾਂ ਨੂੰ ਧੱਕੇ ਨਾਲ ਪਰ੍ਹੇ ਹਟਾ ਦਿੱਤਾ, ਪਰ ਮੂਸਾ ਨੇ ਉੱਠ ਕੇ ਉਨ੍ਹਾਂ ਨੂੰ ਬਚਾਇਆ ਅਤੇ ਉਨ੍ਹਾਂ ਦੇ ਇੱਜੜ ਨੂੰ ਪਾਣੀ ਪਿਲਾਇਆ। 18ਜਦ ਉਹ ਆਪਣੇ ਪਿਤਾ ਰਊਏਲ ਕੋਲ ਆਈਆਂ ਤਦ ਉਸ ਨੇ ਪੁੱਛਿਆ, ਤੁਸੀਂ ਅੱਜ ਕਿਵੇਂ ਛੇਤੀ ਮੁੜ ਆਈਆਂ ਹੋ? 19ਉਨ੍ਹਾਂ ਨੇ ਆਖਿਆ, ਇੱਕ ਮਿਸਰੀ ਨੇ ਸਾਨੂੰ ਅਯਾਲੀਆਂ ਦੇ ਹੱਥੋਂ ਛੁਡਾਇਆ ਅਤੇ ਸਾਡੇ ਲਈ ਪਾਣੀ ਕੱਢ-ਕੱਢ ਕੇ ਇੱਜੜ ਨੂੰ ਪਿਲਾਇਆ। 20ਤਦ ਉਸ ਨੇ ਆਪਣੀਆਂ ਧੀਆਂ ਨੂੰ ਆਖਿਆ, ਉਹ ਮਨੁੱਖ ਕਿੱਥੇ ਹੈ? ਤੁਸੀਂ ਉਸ ਨੂੰ ਕਿਉਂ ਛੱਡ ਆਈਆਂ ਹੋ? ਉਸ ਨੂੰ ਬੁਲਾਓ ਤਾਂ ਜੋ ਉਹ ਰੋਟੀ ਖਾਵੇ। 21ਤਦ ਮੂਸਾ ਉਸ ਮਨੁੱਖ ਕੋਲ ਰਹਿਣ ਲਈ ਮੰਨ ਗਿਆ ਅਤੇ ਉਸ ਨੇ ਆਪਣੀ ਧੀ ਸਿੱਪੋਰਾਹ ਮੂਸਾ ਨਾਲ ਵਿਆਹ ਦਿੱਤੀ 22ਉਸ ਨੇ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਨੇ ਉਸ ਦਾ ਨਾਮ ਗੇਰਸ਼ੋਮ ਰੱਖਿਆ ਕਿਉਂ ਜੋ ਉਸ ਨੇ ਆਖਿਆ, “ਮੈਂ ਪਰਦੇਸ ਵਿੱਚ ਪਰਦੇਸੀ ਹੋਇਆ ਹਾਂ।” 23ਅਜਿਹਾ ਹੋਇਆ ਕਿ ਬਹੁਤ ਦਿਨਾਂ ਬਾਅਦ ਮਿਸਰ ਦਾ ਰਾਜਾ ਮਰ ਗਿਆ, ਇਸਰਾਏਲੀਆਂ ਨੇ ਗ਼ੁਲਾਮੀ ਦੇ ਕਾਰਨ ਹਾਉਂਕੇ ਲਏ ਅਤੇ ਧਾਹਾਂ ਮਾਰ-ਮਾਰ ਕੇ ਰੋਏ ਅਤੇ ਇਨ੍ਹਾਂ ਦੀ ਦੁਹਾਈ ਜੋ ਗ਼ੁਲਾਮੀ ਦੇ ਕਾਰਨ ਸੀ, ਪਰਮੇਸ਼ੁਰ ਤੱਕ ਪਹੁੰਚੀ। 24ਤਦ ਪਰਮੇਸ਼ੁਰ ਨੇ ਉਨ੍ਹਾਂ ਦੇ ਹਾਉਂਕਿਆਂ ਨੂੰ ਸੁਣਿਆ ਅਤੇ ਪਰਮੇਸ਼ੁਰ ਨੇ ਆਪਣੇ ਨੇਮ ਨੂੰ ਜਿਹੜਾ ਅਬਰਾਹਾਮ, ਇਸਹਾਕ ਅਤੇ ਯਾਕੂਬ ਦੇ ਨਾਲ ਸੀ, ਯਾਦ ਕੀਤਾ। 25ਤਦ ਪਰਮੇਸ਼ੁਰ ਨੇ ਇਸਰਾਏਲੀਆਂ ਵੱਲ ਨਿਗਾਹ ਕੀਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਦੀ ਖ਼ਬਰ ਲਈ।

S'ha seleccionat:

ਕੂਚ 2: IRVPun

Subratllat

Copia

Compara

Comparteix

None

Vols que els teus subratllats es desin a tots els teus dispositius? Registra't o inicia sessió