YouVersion 標識
搜索圖示

ਮੱਤੀ 16

16
ਫ਼ਰੀਸੀਆਂ ਅਤੇ ਸਦੂਕੀਆਂ ਦੇ ਖ਼ਮੀਰ ਤੋਂ ਖ਼ਬਰਦਾਰ
1ਫ਼ਰੀਸੀਆਂ ਅਤੇ ਸਦੂਕੀਆਂ ਨੇ ਕੋਲ ਆ ਕੇ ਉਸ ਨੂੰ ਪਰਖਣ ਲਈ ਇਹ ਮੰਗ ਕੀਤੀ ਕਿ ਉਹ ਉਨ੍ਹਾਂ ਨੂੰ ਅਕਾਸ਼ ਤੋਂ ਕੋਈ ਚਿੰਨ੍ਹ ਵਿਖਾਵੇ। 2ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ,“ਸ਼ਾਮ ਹੋਣ 'ਤੇ ਤੁਸੀਂ ਕਹਿੰਦੇ ਹੋ ਕਿ ਮੌਸਮ ਚੰਗਾ ਰਹੇਗਾ, ਕਿਉਂਕਿ ਅਕਾਸ਼ ਲਾਲ ਹੈ; 3ਅਤੇ ਤੜਕੇ ਕਹਿੰਦੇ ਹੋ, ‘ਅੱਜ ਝੱਖੜ ਚੱਲੇਗਾ, ਕਿਉਂਕਿ ਅਕਾਸ਼ ਲਾਲ ਅਤੇ ਗਹਿਰਾ ਹੈ’। ਅਕਾਸ਼#16:3 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਹੇ ਪਖੰਡੀਓ, ਅਕਾਸ਼” ਲਿਖਿਆ ਹੈ।ਦੇ ਲੱਛਣਾਂ ਨੂੰ ਸਮਝਣਾ ਤੁਹਾਨੂੰ ਆਉਂਦਾ ਹੈ ਪਰ ਸਮੇਂ ਦੇ ਚਿੰਨ੍ਹਾਂ ਤੋਂ ਤੁਸੀਂ ਅਣਜਾਣ ਹੋ। 4ਬੁਰੀ ਅਤੇ ਵਿਭਚਾਰੀ ਪੀੜ੍ਹੀ ਚਿੰਨ੍ਹ ਚਾਹੁੰਦੀ ਹੈ, ਪਰ ਯੂਨਾਹ#16:4 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਨਬੀ” ਲਿਖਿਆ ਹੈ।ਦੇ ਚਿੰਨ੍ਹ ਤੋਂ ਇਲਾਵਾ ਇਸ ਨੂੰ ਹੋਰ ਕੋਈ ਚਿੰਨ੍ਹ ਨਹੀਂ ਦਿੱਤਾ ਜਾਵੇਗਾ।” ਤਦ ਉਹ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ।
5ਫਿਰ ਚੇਲੇ ਝੀਲ ਦੇ ਪਾਰ ਪਹੁੰਚੇ ਪਰ ਉਹ ਰੋਟੀਆਂ ਲੈਣਾ ਭੁੱਲ ਗਏ ਸਨ। 6ਯਿਸੂ ਨੇ ਉਨ੍ਹਾਂ ਨੂੰ ਕਿਹਾ,“ਵੇਖੋ, ਫ਼ਰੀਸੀਆਂ ਅਤੇ ਸਦੂਕੀਆਂ ਦੇ ਖ਼ਮੀਰ ਤੋਂ ਖ਼ਬਰਦਾਰ ਰਹੋ।” 7ਉਹ ਆਪਸ ਵਿੱਚ ਵਿਚਾਰ ਕਰਦੇ ਹੋਏ ਕਹਿਣ ਲੱਗੇ, “ਅਸੀਂ ਰੋਟੀਆਂ ਜੋ ਨਹੀਂ ਲਿਆਏ।” 8ਪਰ ਇਹ ਜਾਣ ਕੇ ਯਿਸੂ ਨੇ ਉਨ੍ਹਾਂ ਨੂੰ ਕਿਹਾ,“ਹੇ ਥੋੜ੍ਹੇ ਵਿਸ਼ਵਾਸ ਵਾਲਿਓ, ਤੁਸੀਂ ਆਪਸ ਵਿੱਚ ਇਹ ਵਿਚਾਰ ਕਿਉਂ ਕਰਦੇ ਹੋ ਕਿ ਤੁਹਾਡੇ ਕੋਲ ਰੋਟੀਆਂ ਨਹੀਂ ਹਨ? 9ਕੀ ਤੁਸੀਂ ਅਜੇ ਵੀ ਨਹੀਂ ਸਮਝਦੇ ਅਤੇ ਕੀ ਤੁਹਾਨੂੰ ਪੰਜ ਹਜ਼ਾਰ ਲੋਕਾਂ ਦੀਆਂ ਪੰਜ ਰੋਟੀਆਂ ਯਾਦ ਨਹੀਂ ਅਤੇ ਇਹ ਕਿ ਤੁਸੀਂ ਕਿੰਨੀਆਂ ਟੋਕਰੀਆਂ ਚੁੱਕੀਆਂ? 10ਅਤੇ ਨਾ ਹੀ ਚਾਰ ਹਜ਼ਾਰ ਲੋਕਾਂ ਦੀਆਂ ਸੱਤ ਰੋਟੀਆਂ ਅਤੇ ਨਾ ਇਹ ਕਿ ਤੁਸੀਂ ਕਿੰਨੇ ਟੋਕਰੇ ਚੁੱਕੇ? 11ਤੁਸੀਂ ਕਿਉਂ ਨਹੀਂ ਸਮਝਦੇ ਕਿ ਮੈਂ ਤੁਹਾਨੂੰ ਰੋਟੀਆਂ ਬਾਰੇ ਨਹੀਂ ਕਿਹਾ ਸੀ? ਪਰ ਇਹ ਕਿ ਫ਼ਰੀਸੀਆਂ ਅਤੇ ਸਦੂਕੀਆਂ ਦੇ ਖ਼ਮੀਰ ਤੋਂ ਖ਼ਬਰਦਾਰ ਰਹੋ।” 12ਤਦ ਉਨ੍ਹਾਂ ਨੂੰ ਸਮਝ ਆਇਆ ਕਿ ਉਸ ਨੇ ਰੋਟੀ ਦੇ ਖ਼ਮੀਰ ਤੋਂ ਨਹੀਂ, ਸਗੋਂ ਫ਼ਰੀਸੀਆਂ ਅਤੇ ਸਦੂਕੀਆਂ ਦੀ ਸਿੱਖਿਆ ਤੋਂ ਖ਼ਬਰਦਾਰ ਰਹਿਣ ਲਈ ਕਿਹਾ ਸੀ।
ਪਤਰਸ ਦਾ ਯਿਸੂ ਨੂੰ ਮਸੀਹ ਮੰਨਣਾ
13ਜਦੋਂ ਯਿਸੂ ਕੈਸਰਿਯਾ ਫ਼ਿਲਿੱਪੀ ਦੇ ਇਲਾਕੇ ਵਿੱਚ ਆਇਆ ਤਾਂ ਉਸ ਨੇ ਆਪਣੇ ਚੇਲਿਆਂ ਨੂੰ ਪੁੱਛਿਆ,“ਲੋਕ ਕੀ ਕਹਿੰਦੇ ਹਨ ਕਿ ਮਨੁੱਖ ਦਾ ਪੁੱਤਰ ਕੌਣ ਹੈ?” 14ਉਨ੍ਹਾਂ ਉੱਤਰ ਦਿੱਤਾ, “ਕਈ ਤਾਂ ਯੂਹੰਨਾ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ ਅਤੇ ਕਈ ਏਲੀਯਾਹ ਅਤੇ ਕਈ ਯਿਰਮਿਯਾਹ ਜਾਂ ਨਬੀਆਂ ਵਿੱਚੋਂ ਕੋਈ।” 15ਉਸ ਨੇ ਉਨ੍ਹਾਂ ਨੂੰ ਕਿਹਾ,“ਪਰ ਤੁਸੀਂ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ?” 16ਸ਼ਮਊਨ ਪਤਰਸ ਨੇ ਉੱਤਰ ਦਿੱਤਾ, “ਤੂੰ ਜੀਉਂਦੇ ਪਰਮੇਸ਼ਰ ਦਾ ਪੁੱਤਰ, ਮਸੀਹ ਹੈਂ।” 17ਯਿਸੂ ਨੇ ਉਸ ਨੂੰ ਕਿਹਾ,“ਯੋਨਾਹ ਦੇ ਪੁੱਤਰ ਸ਼ਮਊਨ, ਤੂੰ ਧੰਨ ਹੈਂ! ਕਿਉਂਕਿ ਇਹ ਗੱਲ ਤੇਰੇ ਉੱਤੇ ਲਹੂ ਅਤੇ ਮਾਸ ਨੇ ਨਹੀਂ#16:17 ਅਰਥਾਤ ਮਨੁੱਖ ਨੇ ਨਹੀਂਸਗੋਂ ਮੇਰੇ ਪਿਤਾ ਨੇ ਜਿਹੜਾ ਸਵਰਗ ਵਿੱਚ ਹੈ,ਪਰਗਟ ਕੀਤੀ ਹੈ। 18ਮੈਂ ਵੀ ਤੈਨੂੰ ਕਹਿੰਦਾ ਹਾਂ ਕਿ ਤੂੰ ਪਤਰਸ#16:18 ਅਰਥਾਤ ਚਟਾਨਹੈਂ ਅਤੇ ਮੈਂ ਇਸ ਚਟਾਨ ਉੱਤੇ ਆਪਣੀ ਕਲੀਸਿਯਾ ਬਣਾਵਾਂਗਾ ਅਤੇ ਪਤਾਲ ਦੇ ਫਾਟਕ ਇਸ ਉੱਤੇ ਪਰਬਲ ਨਾ ਹੋਣਗੇ। 19ਮੈਂ ਤੈਨੂੰ ਸਵਰਗ ਦੇ ਰਾਜ ਦੀਆਂ ਕੁੰਜੀਆਂ ਦਿਆਂਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਬੰਨ੍ਹੇਂਗਾ ਉਹ ਸਵਰਗ ਵਿੱਚ ਬੰਨ੍ਹਿਆ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲ੍ਹੇਂਗਾ ਉਹ ਸਵਰਗ ਵਿੱਚ ਖੋਲ੍ਹਿਆ ਜਾਵੇਗਾ।” 20ਤਦ ਯਿਸੂ ਨੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਉਹ ਕਿਸੇ ਨੂੰ ਨਾ ਦੱਸਣ ਕਿ ਉਹ ਮਸੀਹ ਹੈ।
ਯਿਸੂ ਮਸੀਹ ਦੁਆਰਾ ਆਪਣੀ ਮੌਤ ਅਤੇ ਫਿਰ ਜੀ ਉੱਠਣ ਬਾਰੇ ਭਵਿੱਖਬਾਣੀ
21ਉਸ ਸਮੇਂ ਤੋਂ ਯਿਸੂ ਆਪਣੇ ਚੇਲਿਆਂ ਨੂੰ ਦੱਸਣ ਲੱਗਾ ਕਿ ਜ਼ਰੂਰ ਹੈ ਜੋ ਮੈਂ ਯਰੂਸ਼ਲਮ ਨੂੰ ਜਾਵਾਂ ਅਤੇ ਬਜ਼ੁਰਗਾਂ#16:21 ਅਰਥਾਤ ਯਹੂਦੀ ਆਗੂਆਂ, ਪ੍ਰਧਾਨ ਯਾਜਕਾਂ ਅਤੇ ਸ਼ਾਸਤਰੀਆਂ ਹੱਥੋਂ ਬਹੁਤ ਦੁੱਖ ਝੱਲਾਂ ਅਤੇ ਮਾਰ ਦਿੱਤਾ ਜਾਵਾਂ ਪਰ ਤੀਜੇ ਦਿਨ ਮੁਰਦਿਆਂ ਵਿੱਚੋਂ ਜਿਵਾਇਆ ਜਾਵਾਂ। 22ਤਦ ਪਤਰਸ ਉਸ ਨੂੰ ਅਲੱਗ ਲਿਜਾ ਕੇ ਝਿੜਕਣ ਲੱਗਾ, “ਪ੍ਰਭੂ, ਪਰਮੇਸ਼ਰ ਤੇਰੇ ਉੱਤੇ ਦਇਆ ਕਰੇ, ਤੇਰੇ ਨਾਲ ਇਹ ਕਦੇ ਵੀ ਨਾ ਹੋਵੇ।” 23ਪਰ ਉਸ ਨੇ ਮੁੜ ਕੇ ਪਤਰਸ ਨੂੰ ਕਿਹਾ,“ਹੇ ਸ਼ੈਤਾਨ, ਮੇਰੇ ਤੋਂ ਪਿੱਛੇ ਹਟ! ਤੂੰ ਮੇਰੇ ਲਈ ਠੋਕਰ ਦਾ ਕਾਰਨ ਹੈਂ, ਕਿਉਂਕਿ ਤੂੰ ਪਰਮੇਸ਼ਰ ਦੀਆਂ ਗੱਲਾਂ 'ਤੇ ਨਹੀਂ, ਸਗੋਂ ਮਨੁੱਖਾਂ ਦੀਆਂ ਗੱਲਾਂ 'ਤੇ ਮਨ ਲਾਉਂਦਾ ਹੈਂ।”
ਆਪਣੀ ਸਲੀਬ ਚੁੱਕਣਾ
24ਫਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ,“ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ। 25ਕਿਉਂਕਿ ਜੋ ਕੋਈ ਆਪਣੀ ਜਾਨ ਬਚਾਉਣੀ ਚਾਹੇ, ਉਹ ਉਸ ਨੂੰ ਗੁਆਵੇਗਾ; ਪਰ ਜੋ ਕੋਈ ਮੇਰੇ ਲਈ ਆਪਣੀ ਜਾਨ ਗੁਆਵੇ, ਉਹ ਉਸ ਨੂੰ ਪ੍ਰਾਪਤ ਕਰੇਗਾ। 26ਜੇ ਮਨੁੱਖ ਸਾਰੇ ਜਗਤ ਨੂੰ ਕਮਾਵੇ, ਪਰ ਆਪਣੀ ਜਾਨ ਗੁਆ ਬੈਠੇ ਤਾਂ ਉਸ ਨੂੰ ਕੀ ਲਾਭ ਹੋਵੇਗਾ? ਜਾਂ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ? 27ਕਿਉਂਕਿ ਮਨੁੱਖ ਦਾ ਪੁੱਤਰ ਆਪਣੇ ਦੂਤਾਂ ਨਾਲ ਆਪਣੇ ਪਿਤਾ ਦੇ ਤੇਜ ਵਿੱਚ ਆਵੇਗਾ ਅਤੇ ਉਸ ਸਮੇਂ ਉਹ ਹਰੇਕ ਨੂੰ ਉਸ ਦੇ ਕੰਮਾਂ ਦੇ ਅਨੁਸਾਰ ਫਲ ਦੇਵੇਗਾ। 28ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਇੱਥੇ ਖੜ੍ਹੇ ਹਨ ਇਨ੍ਹਾਂ ਵਿੱਚੋਂ ਕੁਝ ਉਹ ਹਨ ਜਿਹੜੇ ਉਦੋਂ ਤੱਕ ਮੌਤ ਦਾ ਸੁਆਦ ਨਾ ਚੱਖਣਗੇ ਜਦੋਂ ਤੱਕ ਉਹ ਮਨੁੱਖ ਦੇ ਪੁੱਤਰ ਨੂੰ ਉਸ ਦੇ ਰਾਜ ਵਿੱਚ ਆਉਂਦਾ ਨਾ ਵੇਖ ਲੈਣ।”

目前選定:

ਮੱਤੀ 16: PSB

醒目顯示

分享

複製

None

想要在所有設備上保存你的醒目顯示嗎? 註冊或登入