ਮੱਤੀਯਾਹ 18

18
ਸਵਰਗ ਰਾਜ ਵਿੱਚ ਮਹਾਨ
1ਉਸ ਸਮੇਂ ਚੇਲੇ ਯਿਸ਼ੂ ਕੋਲ ਆਏ ਅਤੇ ਪੁੱਛਣ ਲੱਗੇ, “ਸਵਰਗ ਰਾਜ ਵਿੱਚ ਵੱਡਾ ਕੌਣ ਹੈ?”
2ਤਦ ਉਹਨਾਂ ਨੇ ਇੱਕ ਛੋਟੇ ਬੱਚੇ ਨੂੰ ਕੋਲ ਬੁਲਾ ਕੇ, ਉਸਨੂੰ ਉਹਨਾਂ ਦੇ ਵਿਚਕਾਰ ਖੜ੍ਹਾ ਕਰ ਦਿੱਤਾ। 3ਅਤੇ ਉਸ ਨੇ ਆਖਿਆ: “ਮੈਂ ਤੁਹਾਨੂੰ ਸੱਚ ਆਖਦਾ ਹਾਂ, ਜਦ ਤੱਕ ਤੁਸੀਂ ਆਪਣੇ ਆਪ ਨੂੰ ਨਹੀਂ ਬਦਲ ਲੈਂਦੇ ਅਤੇ ਛੋਟੇ ਬੱਚਿਆਂ ਵਰਗੇ ਨਹੀਂ ਬਣ ਜਾਂਦੇ, ਤੁਸੀਂ ਸਵਰਗ ਦੇ ਰਾਜ ਵਿੱਚ ਕਦੀ ਵੀ ਪ੍ਰਵੇਸ਼ ਨਹੀਂ ਕਰੋਗੇ। 4ਉਪਰੰਤ ਜੋ ਕੋਈ ਵੀ ਆਪਣੇ ਆਪ ਨੂੰ ਇਸ ਬੱਚੇ ਦੀ ਤਰ੍ਹਾਂ ਛੋਟਾ ਸਮਝੇ, ਉਹੀ ਸਵਰਗ ਦੇ ਰਾਜ ਵਿੱਚ ਸਭ ਤੋਂ ਵੱਡਾ ਹੈ। 5ਅਤੇ ਜੋ ਕੋਈ ਮੇਰੇ ਨਾਮ ਵਿੱਚ ਅਜਿਹੇ ਇੱਕ ਬੱਚੇ ਨੂੰ ਕਬੂਲ ਕਰਦਾ ਹੈ ਉਹ ਮੈਨੂੰ ਕਬੂਲ ਕਰਦਾ ਹੈ।
ਠੋਕਰ ਖਾਣ ਦਾ ਕਾਰਨ
6“ਜੇ ਕੋਈ ਇਨ੍ਹਾਂ ਛੋਟੇ ਬੱਚਿਆਂ ਵਿੱਚੋਂ, ਜਿਹੜੇ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ, ਠੋਕਰ ਦਾ ਕਾਰਨ ਬਣਨ, ਤਾਂ ਉਹਨਾਂ ਲਈ ਚੰਗਾ ਹੋਵੇਗਾ ਕਿ ਉਹਨਾਂ ਦੇ ਗਲੇ ਵਿੱਚ ਇੱਕ ਵੱਡਾ ਚੱਕੀ ਦਾ ਪੁੜਾ ਬੰਨ੍ਹ ਕੇ, ਉਸਨੂੰ ਸਮੁੰਦਰ ਦੀ ਡੂੰਘਾਈ ਵਿੱਚ ਡੁਬੋ ਦਿੱਤਾ ਜਾਵੇ। 7ਹਾਏ ਇਸ ਸੰਸਾਰ ਉੱਤੇ, ਜਿਸ ਕਾਰਨ ਲੋਕ ਠੋਕਰ ਖਾਂਦੇ ਹਨ! ਕਿਉ ਜੋ ਠੋਕਰ ਦਾ ਲੱਗਣਾ ਤਾਂ ਜ਼ਰੂਰੀ ਹੈ, ਪਰ ਹਾਏ ਉਸ ਮਨੁੱਖ ਉੱਤੇ ਜਿਹੜਾ ਠੋਕਰ ਦਾ ਕਾਰਨ ਬਣਦਾ ਹੈ! 8ਜੇ ਤੇਰਾ ਹੱਥ ਜਾਂ ਤੇਰਾ ਪੈਰ ਠੋਕਰ ਖੁਆਵੇ, ਤਾਂ ਉਸ ਨੂੰ ਵੱਢ ਕੇ ਕਿਤੇ ਸੁੱਟ ਦੇ। ਕਿਉਂ ਜੋ ਤੁਹਾਡੇ ਲਈ ਟੁੰਡਾ ਜਾਂ ਲੰਗੜਾ ਹੋ ਕੇ ਸਦੀਪਕ ਜੀਵਨ ਵਿੱਚ ਦਾਖਲ ਹੋਣਾ ਇਸ ਨਾਲੋਂ ਚੰਗਾ ਹੈ, ਜੋ ਦੋ ਹੱਥ ਜਾਂ ਦੋ ਪੈਰ ਹੁੰਦਿਆਂ ਹੋਇਆ ਵੀ ਤੁਸੀਂ ਸਦੀਪਕ ਅੱਗ ਵਿੱਚ ਸੁੱਟੇ ਜਾਵੋਂ। 9ਅਤੇ ਜੇ ਤੇਰੀ ਅੱਖ ਤੈਨੂੰ ਠੋਕਰ ਖੁਵਾਉਂਦੀ ਹੈ, ਤਾਂ ਉਸ ਨੂੰ ਬਾਹਰ ਕੱਢ ਕੇ ਸੁੱਟ ਦੇ। ਦੋ ਅੱਖਾਂ ਹੁੰਦੇ ਹੋਏ ਨਰਕ ਦੀ ਅੱਗ ਵਿੱਚ ਸੁੱਟੇ ਜਾਣ ਨਾਲੋਂ ਤੁਹਾਡੇ ਲਈ ਇੱਕ ਅੱਖ ਨਾਲ ਜੀਵਨ ਵਿੱਚ ਦਾਖਲ ਹੋਣਾ ਚੰਗਾ ਹੈ।
ਗੁਆਚੀ ਹੋਈ ਭੇਡ ਦਾ ਦ੍ਰਿਸ਼ਟਾਂਤ
10“ਵੇਖੋ, ਤੁਸੀਂ ਇਨ੍ਹਾਂ ਛੋਟਿਆਂ ਬੱਚਿਆਂ ਵਿੱਚੋਂ ਕਿਸੇ ਨੂੰ ਤੁੱਛ ਨਾ ਜਾਣੋ। ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਸਵਰਗ ਵਿੱਚ ਉਹਨਾਂ ਦੇ ਦੂਤ ਮੇਰੇ ਪਿਤਾ ਦਾ ਜਿਹੜਾ ਸਵਰਗ ਵਿੱਚ ਹੈ ਮੂੰਹ ਹਮੇਸ਼ਾ ਵੇਖਦੇ ਹਨ। 11ਕਿਉਂਕਿ ਮਨੁੱਖ ਦਾ ਪੁੱਤਰ ਗੁਆਚੇ ਹੋਏ ਲੋਕਾਂ ਨੂੰ ਬਚਾਉਣ ਆਇਆ ਹੈ।”#18:11 ਕੁਝ ਲਿਖਤਾਂ ਵਿੱਚ ਇਹ ਸ਼ਬਦ ਸ਼ਾਮਲ ਨਹੀਂ ਹਨ।
12“ਤੁਸੀਂ ਕੀ ਸੋਚਦੇ ਹੋ? ਅਗਰ ਕਿਸੇ ਮਨੁੱਖ ਕੋਲ ਸੌ ਭੇਡਾਂ ਹੋਣ ਅਤੇ ਜੇ ਉਹਨਾਂ ਵਿੱਚੋਂ ਇੱਕ ਗੁਆਚ ਜਾਵੇ, ਤਾਂ ਕੀ ਉਹ ਨੜਿੰਨਵਿਆਂ ਨੂੰ ਪਹਾੜ ਉੱਤੇ ਛੱਡ ਕੇ ਉਸ ਗੁਆਚੀ ਹੋਈ ਨੂੰ ਲੱਭਣ ਲਈ ਨਹੀਂ ਜਾਵੇਗਾ? 13ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੇ ਉਸਨੂੰ ਉਹ ਲੱਭ ਲੈਦਾ ਹੈ, ਤਾਂ ਉਹਨਾਂ ਨੜਿੰਨਵਿਆਂ ਜਿਹੜੀਆਂ ਗੁਆਚੀਆਂ ਨਹੀਂ ਸਨ, ਉਹਨਾਂ ਨਾਲੋਂ ਵਧੇਰੇ ਇੱਕ ਭੇਡ ਤੇ ਖੁਸ਼ ਹੁੰਦਾ ਹੈ। 14ਇਸੇ ਤਰ੍ਹਾਂ ਸਵਰਗ ਵਿੱਚ ਤੁਹਾਡਾ ਪਿਤਾ ਵੀ ਨਹੀਂ ਚਾਹੁੰਦਾ, ਕਿ ਇਨ੍ਹਾਂ ਛੋਟਿਆਂ ਵਿੱਚੋਂ ਕੋਈ ਵੀ ਨਾਸ਼ ਹੋ ਜਾਵੇ।
ਅਪਰਾਧੀਆਂ ਦੇ ਪ੍ਰਤੀ ਵਿਵਹਾਰ
15“ਅਗਰ ਤੁਹਾਡਾ ਭਰਾ ਜਾਂ ਭੈਣ ਪਾਪ ਕਰੇ, ਤਾਂ ਇਕੱਲਾ ਜਾ ਕੇ ਉਸ ਨਾਲ ਗੱਲਬਾਤ ਕਰਕੇ ਉਸਨੂੰ ਸਮਝਾ ਅਤੇ ਉਸਦਾ ਅਪਰਾਧ ਉਸਨੂੰ ਦੱਸ, ਅਗਰ ਉਹ ਤੁਹਾਡੀ ਸੁਣਨ, ਤਾਂ ਤੁਸੀਂ ਉਹਨਾਂ ਨੂੰ ਬਚਾ ਲਿਆ। 16ਅਗਰ ਉਹ ਤੁਹਾਡੀ ਨਾ ਸੁਣਨ, ਤਾਂ ਆਪਣੇ ਨਾਲ ਇੱਕ ਜਾਂ ਦੋ ਲੋਕਾਂ ਨੂੰ ਲੈ ਜਾਓ, ‘ਤਾਂ ਜੋ ਹਰ ਇੱਕ ਗੱਲ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਦੁਆਰਾ ਸਾਬਤ ਹੋ ਸਕੇ।’#18:16 ਬਿਵ 19:15 17ਜੇ ਉਹ ਉਹਨਾਂ ਦੀ ਵੀ ਨਾ ਸੁਣਨ, ਤਾਂ ਕਲੀਸਿਆ ਨੂੰ ਦੱਸ ਅਤੇ ਜੇ ਉਹ ਕਲੀਸਿਆ ਦੀ ਵੀ ਨਾ ਸੁਣਨ, ਤਾਂ ਉਨ੍ਹਾਂ ਨਾਲ ਉਵੇਂ ਪੇਸ਼ ਆਓ ਜਿਵੇਂ ਇੱਕ ਮੂਰਤੀ ਪੂਜਕ ਜਾਂ ਚੁੰਗੀ ਲੈਣ ਵਾਲੇ ਹੋਣ।
18“ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਤੂੰ ਧਰਤੀ ਉੱਤੇ ਬੰਨ੍ਹੇਗਾ ਉਹ ਸਵਰਗ ਵਿੱਚ ਬੰਨ੍ਹਿਆ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲ੍ਹੇਗਾ ਸੋ ਸਵਰਗ ਵਿੱਚ ਖੋਲ੍ਹਿਆ ਜਾਵੇਗਾ।
19“ਫਿਰ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੇ ਤੁਹਾਡੇ ਵਿੱਚੋਂ ਦੋ ਜਣੇ ਧਰਤੀ ਉੱਤੇ ਕਿਸੇ ਕੰਮ ਲਈ ਮਿਲ ਕੇ ਬੇਨਤੀ ਕਰਨ ਤਾਂ ਮੇਰੇ ਪਿਤਾ ਵੱਲੋ ਜਿਹੜਾ ਸਵਰਗ ਵਿੱਚ ਹੈ ਉਹ ਬੇਨਤੀ ਪੂਰੀ ਹੋ ਜਾਵੇਗੀ। 20ਕਿਉਂਕਿ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਵਿੱਚ ਇਕੱਠੇ ਹੋਣ, ਉੱਥੇ ਮੈਂ ਉਹਨਾਂ ਦੇ ਵਿਚਕਾਰ ਹਾਂ।”
ਬੇਰਹਿਮ ਨੌਕਰ ਦਾ ਦ੍ਰਿਸ਼ਟਾਂਤ
21ਤਦ ਪਤਰਸ ਯਿਸ਼ੂ ਕੋਲ ਆਇਆ ਅਤੇ ਪੁੱਛਿਆ, “ਪ੍ਰਭੂ ਜੀ, ਕਿੰਨੀ ਵਾਰ ਮੈਂ ਆਪਣੇ ਭਰਾ ਜਾਂ ਭੈਣ ਨੂੰ ਮਾਫ਼ ਕਰਾਂਂ ਜੋ ਮੇਰੇ ਵਿਰੁੱਧ ਪਾਪ ਕਰਦੇ ਹਨ? ਕੀ ਸੱਤ ਵਾਰ?”
22ਯਿਸ਼ੂ ਨੇ ਉਹ ਨੂੰ ਉੱਤਰ ਦਿੱਤਾ, “ਮੈਂ ਤੈਨੂੰ ਇਹ ਨਹੀਂ ਕਹਿੰਦਾ ਕਿ ਸੱਤ ਵਾਰ ਪਰ ਸੱਤਰ ਦਾ ਸੱਤ ਗੁਣਾ ਤੱਕ।
23“ਇਸ ਲਈ, ਸਵਰਗ ਦਾ ਰਾਜ ਇੱਕ ਰਾਜੇ ਵਰਗਾ ਹੈ, ਜਿਸ ਨੇ ਆਪਣੇ ਨੌਕਰ ਕੋਲੋ ਹਿਸਾਬ ਲੈਣਾ ਚਾਹਿਆ। 24ਜਦ ਉਹ ਹਿਸਾਬ ਲੈਣ ਲੱਗਾ ਤਾਂ ਇੱਕ ਮਨੁੱਖ ਨੂੰ ਉਸ ਕੋਲ ਲਿਆਏ ਜਿਸ ਨੇ ਦਸ ਹਜ਼ਾਰ ਤੋੜੇ ਸੋਨੇ#18:24 ਮੂਲ ਵਿੱਚ: ਦਸ ਹਜ਼ਾਰ ਤਾਲਂਤ ਇੱਕ ਤਾਲਂਤ ਲਗਭਗ ਵੀਹ ਸਾਲ ਮਿਹਨਤ ਦੀ ਤਨਖਾਹ ਹੈ ਦਾ ਕਰਜ਼ਾ ਦੇਣਾ ਸੀ। 25ਪਰ ਉਸਦੇ ਕੋਲ ਦੇਣ ਨੂੰ ਕੁਝ ਨਹੀਂ ਸੀ, ਤਾਂ ਉਸਦੇ ਮਾਲਕ ਨੇ ਹੁਕਮ ਦਿੱਤਾ ਜੋ ਉਸਦੀ ਪਤਨੀ, ਬਾਲ ਬੱਚੇ ਅਤੇ ਸਭ ਕੁਝ ਉਸਦਾ ਵੇਚਿਆ ਜਾਵੇ ਅਤੇ ਕਰਜ਼ਾ ਭਰ ਲਿਆ ਜਾਵੇ।
26“ਤਦ ਉਸ ਨੌਕਰ ਨੇ ਗੋਡੇ ਟੇਕ ਕੇ ਬੇਨਤੀ ਕੀਤੀ, ਸੁਆਮੀ ਜੀ ਕ੍ਰਿਪਾ ਕਰਕੇ ਧੀਰਜ ਰੱਖੋ, ‘ਮੈਂ ਤੁਹਾਡਾ ਸਾਰਾ ਕਰਜ਼ਾ ਮੋੜ ਦਿਆਂਗਾ।’ 27ਤਦ ਉਸ ਨੌਕਰ ਦੇ ਮਾਲਕ ਨੇ ਉਸ ਦੇ ਉੱਤੇ ਤਰਸ ਖਾ ਕੇ ਉਸ ਨੂੰ ਛੱਡ ਦਿੱਤਾ ਅਤੇ ਉਸ ਦਾ ਸਾਰਾ ਕਰਜ਼ਾ ਮਾਫ਼ ਕਰ ਦਿੱਤਾ।
28“ਪਰ ਜਦੋਂ ਉਹ ਨੌਕਰ ਬਾਹਰ ਆਇਆ, ਤਦ ਉਸ ਨੂੰ ਆਪਣੇ ਨਾਲ ਦੇ ਨੌਕਰਾਂ ਵਿੱਚੋਂ ਇੱਕ ਨੂੰ ਮਿਲਿਆ, ਜਿਸਦੇ ਕੋਲੋ ਉਸ ਨੇ ਚਾਂਦੀ ਦੇ ਸੌ ਦੀਨਾਰ#18:28 ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ ਹੈ (ਦੇਖੋ 20:2)। ਦਾ ਕਰਜ਼ਾ ਲੈਣਾ ਸੀ। ਉਸ ਨੇ ਉਸ ਨੂੰ ਗਲੇ ਤੋਂ ਫੜ੍ਹ ਕੇ ਕਹਿਣਾ ਸ਼ੁਰੂ ਕੀਤਾ, ਜੋ ਕੁਝ ਮੈਂ ਤੇਰੇ ਤੋਂ ਲੈਣਾ ਹੈ ਉਹ ਮੈਨੂੰ ਵਾਪਸ ਕਰ।
29“ਤਦ ਉਸਦੇ ਨਾਲ ਦਾ ਨੌਕਰ ਉਸਦੇ ਪੈਰਾਂ ਵਿੱਚ ਡਿੱਗ ਕੇ ਬੇਨਤੀ ਕਰਨ ਲੱਗਾ, ‘ਧੀਰਜ ਰੱਖ, ਮੈਂ ਤੇਰਾ ਸਭ ਕੁਝ ਵਾਪਸ ਦੇ ਦੇਵੇਂਗਾ।’
30“ਪਰ ਉਸਨੇ ਉਸਦੀ ਨਹੀਂ ਸੁਣੀ ਸਗੋਂ ਜਾ ਕੇ ਉਸ ਨੂੰ ਉਸ ਸਮੇਂ ਤੱਕ ਕੈਦ ਵਿੱਚ ਪਾ ਦਿੱਤਾ ਜਦੋਂ ਤੱਕ ਉਹ ਕਰਜ਼ ਨਾ ਮੋੜ ਦੇਵੇ। 31ਜਦੋਂ ਦੂਸਰਿਆ ਨੌਕਰਾਂ ਨੇ ਇਹ ਸਭ ਵੇਖਿਆ ਜੋ ਉੱਥੇ ਹੋਇਆ ਸੀ, ਤਾਂ ਉਹ ਬਹੁਤ ਉਦਾਸ ਹੋਏ ਅਤੇ ਜਾ ਕੇ ਸਭ ਕੁਝ ਆਪਣੇ ਸੁਆਮੀ ਨੂੰ ਦੱਸ ਦਿੱਤਾ ਜੋ ਕੁਝ ਉੱਥੇ ਹੋਇਆ।
32“ਤਦ ਉਸਦੇ ਮਾਲਕ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, ‘ਉਏ ਦੁਸ਼ਟ ਨੌਕਰ ਮੈਂ ਤੈਨੂੰ ਉਹ ਸਾਰਾ ਕਰਜ਼ ਮਾਫ਼ ਕਰ ਦਿੱਤਾ ਕਿਉਂਕਿ ਤੂੰ ਮੇਰੀ ਮਿੰਨਤ ਕੀਤੀ ਸੀ। 33ਫਿਰ ਜਿਸ ਤਰ੍ਹਾਂ ਮੈਂ ਤੇਰੇ ਉੱਤੇ ਦਯਾ ਕੀਤੀ ਕੀ ਤੈਨੂੰ ਆਪਣੇ ਨਾਲ ਦੇ ਨੌਕਰ ਉੱਤੇ ਵੀ ਉਸੇ ਤਰ੍ਹਾਂ ਦਯਾ ਨਹੀਂ ਸੀ ਕਰਨੀ ਚਾਹੀਦੀ?’ 34ਉਸਦੇ ਮਾਲਕ ਨੇ ਕ੍ਰੋਧੀ ਹੋ ਕੇ ਉਸਨੂੰ ਦੁੱਖ ਦੇਣ ਵਾਲਿਆਂ ਦੇ ਹਵਾਲੇ ਕਰ ਦਿੱਤਾ, ਜਦੋਂ ਤੱਕ ਉਹ ਸਾਰਾ ਕਰਜ਼ਾ ਵਾਪਸ ਨਾ ਦੇਵੇ।
35“ਇਸੇ ਤਰ੍ਹਾਂ ਮੇਰਾ ਸਵਰਗੀ ਪਿਤਾ ਵੀ ਤੁਹਾਡੇ ਨਾਲ ਕਰੇਂਗਾ, ਜੇ ਤੁਸੀਂ ਆਪਣੇ ਭੈਣ-ਭਰਾਵਾਂ ਨੂੰ ਦਿਲੋਂ ਮਾਫ਼ ਨਾ ਕਰੋ।”

Àwon tá yàn lọ́wọ́lọ́wọ́ báyìí:

ਮੱਤੀਯਾਹ 18: OPCV

Ìsàmì-sí

Pín

Daako

None

Ṣé o fẹ́ fi àwọn ohun pàtàkì pamọ́ sórí gbogbo àwọn ẹ̀rọ rẹ? Wọlé pẹ̀lú àkántì tuntun tàbí wọlé pẹ̀lú àkántì tí tẹ́lẹ̀

Àwọn fídíò fún ਮੱਤੀਯਾਹ 18