ਯੋਹਨ 4
4
ਯਿਸ਼ੂ ਅਤੇ ਸਾਮਰੀ ਔਰਤ
1ਯਿਸ਼ੂ ਨੂੰ ਇਹ ਪਤਾ ਲੱਗਾ ਕਿ ਫ਼ਰੀਸੀਆਂ ਨੇ ਸੁਣਿਆ ਹੈ ਕਿ ਯਿਸ਼ੂ ਯੋਹਨ ਨਾਲੋਂ ਵੱਧ ਚੇਲੇ ਬਣਾ ਰਿਹਾ ਹੈ ਤੇ ਉਹ ਬਪਤਿਸਮਾ ਵੀ ਦਿੰਦਾ ਹੈ। 2ਭਾਵੇਂ ਯਿਸ਼ੂ ਆਪ ਬਪਤਿਸਮਾ ਨਹੀਂ ਦੇ ਰਹੇ ਸਨ, ਸਗੋਂ ਉਹ ਦੇ ਚੇਲੇ ਲੋਕਾਂ ਨੂੰ ਬਪਤਿਸਮਾ ਦਿੰਦੇ ਸਨ। 3ਫਿਰ ਯਿਸ਼ੂ ਯਹੂਦਿਯਾ ਨੂੰ ਛੱਡ ਕੇ ਮੁੜ ਗਲੀਲ ਦੇ ਸੂਬੇ ਨੂੰ ਚਲੇ ਗਏ।
4ਗਲੀਲ ਨੂੰ ਜਾਣ ਲੱਗਿਆਂ ਯਿਸ਼ੂ ਦਾ ਸਾਮਰਿਯਾ ਦੇ ਇਲਾਕੇ ਵਿੱਚੋਂ ਦੀ ਲੰਘਣਾ ਜ਼ਰੂਰੀ ਸੀ। 5ਯਿਸ਼ੂ ਸਾਮਰਿਯਾ ਦੇ ਇਲਾਕੇ ਸੁਖਾਰ ਨਗਰ ਕੋਲ ਆਏ। ਇਹ ਨਗਰ ਉਸ ਜ਼ਮੀਨ ਦੇ ਨੇੜੇ ਸੀ, ਜੋ ਯਾਕੋਬ ਨੇ ਆਪਣੇ ਪੁੱਤਰ ਯੋਸੇਫ਼ ਨੂੰ ਦਿੱਤੀ ਸੀ। 6ਯਾਕੋਬ ਦਾ ਖੂਹ ਉੱਥੇ ਸੀ। ਯਿਸ਼ੂ ਆਪਣੀ ਲੰਮੀ ਯਾਤਰਾ ਤੋਂ ਥੱਕ ਗਏ ਅਤੇ ਉੱਥੇ ਬੈਠ ਗਏ। ਇਹ ਲਗਭਗ ਦੁਪਹਿਰ ਦਾ ਸਮਾਂ ਸੀ।
7ਇੱਕ ਸਾਮਰਿਯਾ ਵਾਸੀ ਔਰਤ ਪਾਣੀ ਭਰਨ ਲਈ ਖੂਹ ਤੇ ਆਈ। ਯਿਸ਼ੂ ਨੇ ਉਸ ਨੂੰ ਕਿਹਾ, “ਕਿ ਤੂੰ ਮੈਨੂੰ ਪੀਣ ਲਈ ਪਾਣੀ ਦੇਵੇਗੀ।” 8ਪਰ ਉਸ ਸਮੇਂ ਯਿਸ਼ੂ ਦੇ ਚੇਲੇ ਨਗਰ ਵਿੱਚੋਂ ਭੋਜਨ ਖਰੀਦਣ ਗਏ ਹੋਏ ਸਨ।
9ਉਹ ਸਾਮਰਿਯਾ ਵਾਸੀ ਔਰਤ ਨੇ ਯਿਸ਼ੂ ਨੂੰ ਆਖਿਆ, “ਮੈਂ ਸਾਮਰਿਯਾ ਵਾਸੀ ਹਾਂ ਅਤੇ ਤੁਸੀਂ ਇੱਕ ਯਹੂਦੀ ਹੋ, ਫਿਰ ਤੁਸੀਂ ਕਿਵੇਂ ਮੇਰੇ ਕੋਲੋਂ ਪੀਣ ਲਈ ਪਾਣੀ ਮੰਗ ਰਹੇ ਹੋ।” ਕਿਉਂਕਿ ਯਹੂਦੀ ਸਾਮਰਿਯਾ ਵਾਸੀਆਂ ਨਾਲ ਕੋਈ ਮੇਲ ਨਹੀਂ ਰੱਖਦੇ।
10ਯਿਸ਼ੂ ਨੇ ਉਸ ਔਰਤ ਨੂੰ ਆਖਿਆ, “ਜੇ ਤੂੰ ਪਰਮੇਸ਼ਵਰ ਦੇ ਵਰਦਾਨ ਨੂੰ ਜਾਣਦੀ ਅਤੇ ਇਹ ਵੀ ਜਾਣਦੀ ਕਿ ਜੋ ਤੇਰੇ ਕੋਲੋਂ ਪਾਣੀ ਮੰਗ ਰਿਹਾ ਹੈ, ਉਹ ਕੌਣ ਹੈ ਤਾਂ ਤੂੰ ਉਸ ਕੋਲੋਂ ਪਾਣੀ ਮੰਗਦੀ ਅਤੇ ਉਹ ਤੈਨੂੰ ਜੀਵਨ ਦਾ ਜਲ ਦਿੰਦਾ।”
11ਉਸ ਔਰਤ ਨੇ ਕਿਹਾ, “ਸ਼੍ਰੀਮਾਨ ਜੀ, ਤੁਹਾਡੇ ਕੋਲ ਕੋਈ ਬਰਤਨ ਵੀ ਨਹੀਂ ਅਤੇ ਖੂਹ ਬਹੁਤ ਡੂੰਘਾ ਹੈ। ਤੁਸੀਂ ਜੀਵਨ ਦਾ ਜਲ ਕਿੱਥੋਂ ਲਿਆਓਗੇ? 12ਕਿ ਤੁਸੀਂ ਸਾਡੇ ਪਿਤਾ ਯਾਕੋਬ ਨਾਲੋਂ ਵੀ ਮਹਾਨ ਹੋ ਜਿਨ੍ਹਾਂ ਨੇ ਸਾਨੂੰ ਇਹ ਖੂਹ ਦਿੱਤਾ ਹੈ? ਉਸ ਨੇ ਆਪ ਅਤੇ ਉਸ ਦੇ ਪੁੱਤਰਾਂ ਤੇ ਡੰਗਰਾਂ ਨੇ ਵੀ ਇਸ ਤੋਂ ਪਾਣੀ ਪੀਤਾ ਸੀ।”
13ਯਿਸ਼ੂ ਨੇ ਉੱਤਰ ਦਿੱਤਾ, “ਜਿਹੜਾ ਕੋਈ ਵੀ ਇਸ ਖੂਹ ਦਾ ਪਾਣੀ ਪੀਵੇਗਾ ਉਹ ਦੁਬਾਰਾ ਪਿਆਸਾ ਹੋਵੇਗਾ। 14ਪਰ ਜੋ ਕੋਈ ਵੀ ਉਹ ਪਾਣੀ ਪੀਵੇਗਾ ਜੋ ਮੈਂ ਉਸ ਨੂੰ ਦਿੰਦਾ ਹਾਂ ਉਹ ਕਦੇ ਪਿਆਸਾ ਨਹੀਂ ਹੋਵੇਗਾ ਅਤੇ ਉਹ ਪਾਣੀ ਜੋ ਮੈਂ ਦਿੰਦਾ ਹਾਂ ਉਸ ਦੇ ਅੰਦਰ ਅਨੰਤ ਕਾਲ ਦੇ ਜੀਵਨ ਤੱਕ ਪਾਣੀ ਦਾ ਚਸ਼ਮਾ ਬਣ ਜਾਵੇਗਾ।”
15ਉਸ ਔਰਤ ਨੇ ਕਿਹਾ, “ਸ਼੍ਰੀਮਾਨ ਜੀ, ਮੈਨੂੰ ਇਹ ਪਾਣੀ ਦਿਓ ਤਾਂ ਜੋ ਮੈਨੂੰ ਪਿਆਸ ਨਾ ਲੱਗੇ ਅਤੇ ਮੈਂ ਫਿਰ ਇੱਥੇ ਪਾਣੀ ਭਰਨ ਨਾ ਆਵਾਂ।”
16ਯਿਸ਼ੂ ਨੇ ਉਸ ਔਰਤ ਨੂੰ ਕਿਹਾ, “ਜਾ ਅਤੇ ਆਪਣੇ ਪਤੀ ਨੂੰ ਇੱਥੇ ਸੱਦ ਲਿਆ।”
17ਔਰਤ ਨੇ ਜਵਾਬ ਦਿੱਤਾ, “ਮੇਰਾ ਕੋਈ ਪਤੀ ਨਹੀਂ ਹੈ।”
ਯਿਸ਼ੂ ਨੇ ਕਿਹਾ, “ਤੂੰ ਸੱਚ ਬੋਲਿਆ ਜਦੋਂ ਤੂੰ ਕਿਹਾ ਕਿ ਤੇਰਾ ਪਤੀ ਨਹੀਂ ਹੈ।” 18ਅਸਲ ਵਿੱਚ ਤੇਰੇ ਪੰਜ ਪਤੀ ਸਨ ਅਤੇ ਹੁਣ ਉਹ ਆਦਮੀ ਜਿਸ ਨਾਲ ਤੂੰ ਰਹਿ ਰਹੀ ਹੈ ਉਹ ਵੀ ਤੇਰਾ ਪਤੀ ਨਹੀਂ ਹੈ। ਜੋ ਤੂੰ ਹੁਣੇ ਕਿਹਾ ਹੈ ਬਿਲਕੁਲ ਸਹੀ ਹੈ।
19ਉਸ ਔਰਤ ਨੇ ਕਿਹਾ, “ਸ਼੍ਰੀਮਾਨ ਜੀ, ਮੈਨੂੰ ਲੱਗਦਾ ਹੈ ਕਿ ਤੁਸੀਂ ਇੱਕ ਨਬੀ ਹੋ। 20ਸਾਡੇ ਪਿਉ-ਦਾਦੇ ਇਸ ਪਹਾੜ ਉੱਤੇ ਬੰਦਗੀ ਕਰਦੇ ਸਨ, ਪਰ ਤੁਸੀਂ ਯਹੂਦੀ ਇਹ ਆਖਦੇ ਹੋ ਕਿ ਜਿਸ ਸਥਾਨ ਤੇ ਅਰਾਧਨਾ ਕਰਨੀ ਚਾਹੀਦੀ ਹੈ ਉਹ ਯੇਰੂਸ਼ਲੇਮ ਹੈ।”
21ਯਿਸ਼ੂ ਨੇ ਜਵਾਬ ਦਿੱਤਾ, “ਹੇ ਔਰਤ, ਮੇਰੇ ਤੇ ਵਿਸ਼ਵਾਸ ਕਰ, ਉਹ ਸਮਾਂ ਆ ਰਿਹਾ ਹੈ ਜਦੋਂ ਤੁਸੀਂ ਪਿਤਾ ਪਰਮੇਸ਼ਵਰ ਦੀ ਬੰਦਗੀ ਨਾ ਇਸ ਪਹਾੜ ਤੇ ਨਾ ਹੀ ਯੇਰੂਸ਼ਲੇਮ ਵਿੱਚ ਕਰੋਗੇ। 22ਤੁਸੀਂ ਸਾਮਰੀ ਲੋਕ ਉਸ ਦੀ ਬੰਦਗੀ ਕਰਦੇ ਹੋ ਜਿਸ ਨੂੰ ਤੁਸੀਂ ਨਹੀਂ ਜਾਣਦੇ; ਅਸੀਂ ਉਸ ਦੀ ਬੰਦਗੀ ਕਰਦੇ ਹਾਂ ਜਿਸ ਨੂੰ ਅਸੀਂ ਜਾਣਦੇ ਹਾਂ ਕਿਉਂਕਿ ਮੁਕਤੀ ਯਹੂਦੀਆਂ ਵੱਲੋਂ ਹੈ। 23ਉਹ ਸਮਾਂ ਆ ਰਿਹਾ ਹੈ ਅਤੇ ਸਗੋਂ ਆ ਚੁੱਕਾ ਹੈ ਜਦੋਂ ਸੱਚੇ ਭਗਤ ਆਤਮਾ ਅਤੇ ਸਚਿਆਈ ਨਾਲ ਪਿਤਾ ਦੀ ਬੰਦਗੀ ਕਰਨਗੇ। ਕਿਉਂਕਿ ਪਰਮੇਸ਼ਵਰ ਅਜਿਹੇ ਅਰਾਧਕਾਂ ਨੂੰ ਭਾਲਦਾ ਹੈ। 24ਪਰਮੇਸ਼ਵਰ ਆਤਮਾ ਹੈ, ਅਤੇ ਉਸ ਦੇ ਭਗਤਾਂ ਨੂੰ ਆਤਮਾ ਅਤੇ ਸੱਚਾਈ ਵਿੱਚ ਬੰਦਗੀ ਕਰਨੀ ਚਾਹੀਦੀ ਹੈ।”
25ਉਸ ਔਰਤ ਨੇ ਕਿਹਾ, “ਮੈਂ ਜਾਣਦੀ ਹਾਂ ਕਿ ਮਸੀਹਾ (ਜਿਸ ਨੂੰ ਮਸੀਹ ਕਹਿੰਦੇ ਹਨ) ਆ ਰਿਹਾ ਹੈ। ਜਦੋਂ ਉਹ ਆਉਣਗੇ, ਉਹ ਸਾਨੂੰ ਸਭ ਕੁਝ ਦੱਸ ਦੇਣਗੇ।”
26ਤਦ ਯਿਸ਼ੂ ਨੇ ਕਿਹਾ, “ਮੈਂ ਉਹੀ ਹਾਂ ਜੋ ਤੇਰੇ ਨਾਲ ਗੱਲ ਕਰ ਰਿਹਾ ਹਾਂ, ਮੈਂ ਮਸੀਹ ਹਾਂ।”
ਚੇਲਿਆਂ ਦਾ ਵਾਪਸ ਆਉਣਾ
27ਤਦ ਯਿਸ਼ੂ ਦੇ ਚੇਲੇ ਵਾਪਸ ਆਏ ਅਤੇ ਉਸ ਨੂੰ ਔਰਤ ਨਾਲ ਗੱਲ ਕਰਦਿਆਂ ਵੇਖ ਕੇ ਹੈਰਾਨ ਹੋਏ। ਫਿਰ ਵੀ ਕਿਸੇ ਨੇ ਉਸ ਨੂੰ ਇਹ ਪੁੱਛਣ ਦੀ ਹਿੰਮਤ ਨਹੀਂ ਕੀਤੀ ਕਿ ਉਹ ਔਰਤ ਨਾਲ ਕਿਉਂ ਗੱਲ ਕਰ ਰਿਹਾ ਸੀ ਜਾਂ ਉਹ ਔਰਤ ਤੋਂ ਕੀ ਜਾਣਨਾ ਚਾਹੁੰਦਾ ਸੀ।
28ਪਰ ਉਹ ਔਰਤ ਆਪਣੇ ਘੜੇ ਨੂੰ ਛੱਡ ਕੇ ਵਾਪਸ ਸ਼ਹਿਰ ਵੱਲ ਗਈ ਅਤੇ ਲੋਕਾਂ ਨੂੰ ਕਿਹਾ, 29“ਆਓ, ਇੱਕ ਆਦਮੀ ਨੂੰ ਵੇਖੋ ਜਿਸ ਨੇ ਮੈਨੂੰ ਸਭ ਕੁਝ ਦੱਸਿਆ ਜੋ ਮੈਂ ਕੀਤਾ ਸੀ। ਕਿਤੇ ਉਹ ਮਸੀਹ ਤਾਂ ਨਹੀਂ?” 30ਤਦ ਲੋਕ ਸ਼ਹਿਰ ਵਿੱਚੋਂ ਬਾਹਰ ਆ ਗਏ ਅਤੇ ਯਿਸ਼ੂ ਵੱਲ ਚੱਲ ਪਏ।
31ਇਸੇ ਦੌਰਾਨ ਉਸ ਦੇ ਚੇਲਿਆਂ ਨੇ ਉਸ ਨੂੰ ਬੇਨਤੀ ਕੀਤੀ, “ਰੱਬੀ ਕੁਝ ਖਾ ਲਓ।”
32ਪਰ ਯਿਸ਼ੂ ਨੇ ਚੇਲਿਆਂ ਨੂੰ ਕਿਹਾ, “ਮੇਰੇ ਕੋਲ ਖਾਣ ਲਈ ਉਹ ਭੋਜਨ ਹੈ ਜਿਹਦੇ ਬਾਰੇ ਤੁਹਾਨੂੰ ਕੁਝ ਨਹੀਂ ਪਤਾ।”
33ਤਦ ਉਸ ਦੇ ਚੇਲਿਆਂ ਨੇ ਇੱਕ-ਦੂਜੇ ਨੂੰ ਕਿਹਾ, “ਸ਼ਾਇਦ ਉਸ ਲਈ ਕਿਸੇ ਨੇ ਭੋਜਨ ਲਿਆਦਾਂ ਹੋਵੇ?”
34ਯਿਸ਼ੂ ਨੇ ਕਿਹਾ, “ਮੇਰਾ ਭੋਜਨ ਪਰਮੇਸ਼ਵਰ ਦੀ ਇੱਛਾ ਪੂਰੀ ਕਰਨਾ ਹੈ ਜਿਸ ਨੇ ਮੈਨੂੰ ਭੇਜਿਆ ਹੈ ਉਸ ਦੇ ਕੰਮ ਨੂੰ ਸੰਪੂਰਨ ਕਰਨਾ ਹੀ ਮੇਰਾ ਭੋਜਨ ਹੈ। 35ਕੀ ਤੁਸੀਂ ਇਸ ਤਰ੍ਹਾਂ ਨਹੀਂ ਆਖਦੇ, ‘ਫ਼ਸਲ ਹੋਣ ਤੱਕ ਅਜੇ ਚਾਰ ਮਹੀਨੇ ਹੋਰ ਹਨ,’ ਮੈਂ ਤੁਹਾਨੂੰ ਕਹਿੰਦਾ ਹਾਂ ਆਪਣੀਆਂ ਅੱਖਾਂ ਖੋਲ੍ਹੋ ਅਤੇ ਵੇਖੋ! ਉਹ ਖੇਤ ਫ਼ਸਲ ਲਈ ਪੱਕ ਗਏ ਹਨ। 36ਹੁਣ ਉਹ ਜਿਹੜਾ ਫਸਲ ਵੱਢਦਾ ਹੈ ਉਹ ਆਪਣੀ ਮਜ਼ਦੂਰੀ ਲੈਂਦਾ ਹੈ ਅਤੇ ਅਨੰਤ ਜੀਵਨ ਲਈ ਫਸਲ ਇਕੱਠੀ ਕਰਦਾ ਹੈ ਤਾਂ ਜੋ ਬੀਜਣ ਵਾਲਾ ਅਤੇ ਵੱਢਣ ਵਾਲਾ ਦੋਵੇਂ ਇਕੱਠੇ ਖੁਸ਼ ਹੋ ਸਕਣ। 37ਇਸ ਕਾਰਣ ਇਹ ਕਹਾਵਤ ਸੱਚ ਹੈ ਕਿ ਇੱਕ ਬੀਜਦਾ ਹੈ ਅਤੇ ਦੂਜਾ ਵੱਢਦਾ ਹੈ। 38ਮੈਂ ਤੁਹਾਨੂੰ ਉਹ ਫ਼ਸਲ ਵੱਢਣ ਲਈ ਭੇਜਿਆ, ਜਿਸ ਲਈ ਤੁਸੀਂ ਕੰਮ ਨਹੀਂ ਕੀਤਾ ਹੈ। ਹੋਰਨਾਂ ਨੇ ਸਖ਼ਤ ਮਿਹਨਤ ਕੀਤੀ ਹੈ, ਅਤੇ ਤੁਸੀਂ ਉਹਨਾਂ ਦੀ ਮਿਹਨਤ ਦਾ ਲਾਭ ਪ੍ਰਾਪਤ ਕਰ ਰਹੇ ਹੋ।”
ਸਾਮਰਿਯਾ ਦੇ ਲੋਕਾਂ ਦਾ ਯਿਸ਼ੂ ਮਸੀਹ ਤੇ ਵਿਸ਼ਵਾਸ
39ਉਸ ਸ਼ਹਿਰ ਦੇ ਬਹੁਤ ਸਾਰੇ ਸਾਮਰਿਯਾ ਵਾਸੀਆਂ ਨੇ ਯਿਸ਼ੂ ਉੱਤੇ ਵਿਸ਼ਵਾਸ ਕੀਤਾ ਕਿਉਂਕਿ ਉਸ ਔਰਤ ਨੇ ਇਹ ਗਵਾਹੀ ਦਿੱਤੀ, “ਯਿਸ਼ੂ ਨੇ ਮੈਨੂੰ ਉਹ ਸਭ ਕੁਝ ਦੱਸਿਆ ਜੋ ਮੈਂ ਕੀਤਾ ਸੀ।” 40ਜਦੋਂ ਸਾਮਰਿਯਾ ਵਾਸੀ ਯਿਸ਼ੂ ਕੋਲ ਆਏ, ਉਹਨਾਂ ਨੇ ਯਿਸ਼ੂ ਦੇ ਅੱਗੇ ਬੇਨਤੀ ਕੀਤੀ ਕਿ ਉਹ ਉਹਨਾਂ ਦੇ ਨਾਲ ਰਹਿਣ ਅਤੇ ਯਿਸ਼ੂ ਉੱਥੇ ਦੋ ਦਿਨ ਠਹਿਰੇ। 41ਬਹੁਤ ਸਾਰੇ ਹੋਰ ਸਾਮਰੀ ਲੋਕਾਂ ਨੇ ਯਿਸ਼ੂ ਦੇ ਸ਼ਬਦਾਂ ਨੂੰ ਸੁਣ ਕੇ ਵਿਸ਼ਵਾਸ ਕੀਤਾ।
42ਉਹਨਾਂ ਲੋਕਾਂ ਨੇ ਉਸ ਔਰਤ ਨੂੰ ਕਿਹਾ, “ਅਸੀਂ ਹੁਣ ਸਿਰਫ ਤੇਰੇ ਕਹਿਣ ਦੇ ਕਾਰਨ ਵਿਸ਼ਵਾਸ ਨਹੀਂ ਕਰਦੇ; ਹੁਣ ਅਸੀਂ ਆਪ ਉਹ ਨੂੰ ਸੁਣਿਆ ਹੈ, ਅਤੇ ਅਸੀਂ ਜਾਣ ਗਏ ਹਾਂ ਕਿ ਇਹ ਮਨੁੱਖ ਸੱਚ-ਮੁੱਚ ਹੀ ਸੰਸਾਰ ਦਾ ਮੁਕਤੀਦਾਤਾ ਹੈ।”
ਇੱਕ ਸਰਕਾਰੀ ਅਫ਼ਸਰ ਦੇ ਪੁੱਤਰ ਨੂੰ ਚੰਗਾ ਕਰਨਾ
43ਦੋ ਦਿਨਾਂ ਬਾਅਦ ਯਿਸ਼ੂ ਗਲੀਲ ਨੂੰ ਚਲੇ ਗਏ। 44(ਪਹਿਲਾਂ ਯਿਸ਼ੂ ਇਹ ਕਹਿ ਚੁੱਕਿਆ ਸੀ ਕਿ ਕਿਸੇ ਨਬੀ ਦਾ ਉਸ ਦੇ ਆਪਣੇ ਦੇਸ਼ ਵਿੱਚ ਸਤਿਕਾਰ ਨਹੀਂ ਹੁੰਦਾ।) 45ਜਦੋਂ ਉਹ ਗਲੀਲ ਵਿੱਚ ਪਹੁੰਚੇ, ਤਾਂ ਗਲੀਲ ਵਾਸੀਆਂ ਨੇ ਉਸ ਦਾ ਸਵਾਗਤ ਕੀਤਾ। ਕਿਉਂਕਿ ਉਹਨਾਂ ਨੇ ਉਹ ਸਭ ਕੁਝ ਵੇਖਿਆ ਜੋ ਯਿਸ਼ੂ ਨੇ ਯੇਰੂਸ਼ਲੇਮ ਵਿੱਚ ਪਸਾਹ ਦੇ ਤਿਉਹਾਰ ਤੇ ਕੀਤਾ ਸੀ, ਕਿਉਂਕਿ ਉਹ ਵੀ ਉੱਥੇ ਗਏ ਹੋਏ ਸਨ।
46ਯਿਸ਼ੂ ਫੇਰ ਗਲੀਲ ਦੇ ਕਾਨਾ ਨਗਰ ਨੂੰ ਗਏ, ਜਿੱਥੇ ਉਹ ਨੇ ਪਾਣੀ ਨੂੰ ਦਾਖਰਸ ਵਿੱਚ ਬਦਲ ਦਿੱਤਾ ਸੀ। ਉੱਥੇ ਇੱਕ ਸਰਕਾਰੀ ਅਫ਼ਸਰ ਸੀ ਜਿਸ ਦਾ ਪੁੱਤਰ ਕਫ਼ਰਨਹੂਮ ਵਿੱਚ ਬਿਮਾਰ ਸੀ। 47ਜਦੋਂ ਇਸ ਆਦਮੀ ਨੇ ਸੁਣਿਆ ਕਿ ਯਿਸ਼ੂ ਯਹੂਦਿਯਾ ਤੋਂ ਗਲੀਲ ਆਏ ਹਨ ਤਾਂ ਉਹ ਯਿਸ਼ੂ ਕੋਲ ਗਿਆ ਅਤੇ ਉਸ ਦੇ ਅੱਗੇ ਬੇਨਤੀ ਕੀਤੀ ਕਿ ਉਹ ਆਉਣ ਅਤੇ ਉਹ ਦੇ ਪੁੱਤਰ ਨੂੰ ਚੰਗਾ ਕਰ ਦੇਣ, ਉਸ ਦਾ ਪੁੱਤਰ ਮਰਨ ਵਾਲਾ ਸੀ।
48ਯਿਸ਼ੂ ਨੇ ਉਸ ਨੂੰ ਕਿਹਾ, “ਜਦੋਂ ਤੱਕ ਤੁਸੀਂ ਲੋਕ ਚਿੰਨ੍ਹ ਅਤੇ ਚਮਤਕਾਰ ਨਹੀਂ ਦੇਖਦੇ, ਤੁਸੀਂ ਕਦੇ ਵਿਸ਼ਵਾਸ ਨਹੀਂ ਕਰੋਗੇ।”
49ਸਰਕਾਰੀ ਅਫ਼ਸਰ ਨੇ ਕਿਹਾ, “ਸ਼੍ਰੀਮਾਨ ਜੀ, ਮੇਰੇ ਪੁੱਤਰ ਦੇ ਮਰਨ ਤੋਂ ਪਹਿਲਾਂ ਮੇਰੇ ਘਰ ਚੱਲੋ।”
50ਯਿਸ਼ੂ ਨੇ ਉੱਤਰ ਦਿੱਤਾ, “ਜਾ, ਤੇਰਾ ਪੁੱਤਰ ਜਿਉਂਦਾ ਹੈ।”
ਉਸ ਆਦਮੀ ਨੇ ਯਿਸ਼ੂ ਦੇ ਸ਼ਬਦਾਂ ਤੇ ਵਿਸ਼ਵਾਸ ਕੀਤਾ ਅਤੇ ਚਲਾ ਗਿਆ। 51ਜਦੋਂ ਉਹ ਰਸਤੇ ਵਿੱਚ ਹੀ ਸੀ, ਉਸ ਦੇ ਨੌਕਰਾਂ ਨੇ ਉਸ ਨੂੰ ਇਹ ਖ਼ਬਰ ਦਿੱਤੀ ਕਿ ਉਸ ਦਾ ਪੁੱਤਰ ਚੰਗਾ ਹੋ ਗਿਆ ਹੈ। 52ਜਦੋਂ ਉਸ ਨੇ ਪੁੱਛਿਆ ਕਿ ਕਿਸ ਸਮੇਂ ਉਸ ਦਾ ਪੁੱਤਰ ਠੀਕ ਹੋ ਗਿਆ, ਤਾਂ ਉਹਨਾਂ ਨੇ ਉਸ ਨੂੰ ਕਿਹਾ, “ਕੱਲ੍ਹ ਦੁਪਹਿਰ ਦੇ ਇੱਕ ਵਜੇ ਉਸ ਦਾ ਬੁਖ਼ਾਰ ਉਤਰ ਗਿਆ ਸੀ।”
53ਤਦ ਪਿਤਾ ਨੂੰ ਪਤਾ ਚੱਲਿਆ ਕਿ ਇਹ ਉਹੀ ਸਮਾਂ ਸੀ ਜਦੋਂ ਯਿਸ਼ੂ ਨੇ ਉਸ ਨੂੰ ਕਿਹਾ ਸੀ, “ਤੇਰਾ ਪੁੱਤਰ ਜਿਉਂਦਾ ਹੈ।” ਇਸ ਲਈ ਉਸ ਨੇ ਅਤੇ ਉਸ ਦੇ ਸਾਰੇ ਘਰ ਵਾਲਿਆਂ ਨੇ ਵਿਸ਼ਵਾਸ ਕੀਤਾ।
54ਯਹੂਦਿਯਾ ਤੋਂ ਗਲੀਲ ਆਉਣ ਤੋਂ ਬਾਅਦ ਇਹ ਦੂਜਾ ਚਿੰਨ੍ਹ ਸੀ ਜੋ ਯਿਸ਼ੂ ਨੇ ਕੀਤਾ ਸੀ।
Àwon tá yàn lọ́wọ́lọ́wọ́ báyìí:
ਯੋਹਨ 4: OPCV
Ìsàmì-sí
Pín
Daako

Ṣé o fẹ́ fi àwọn ohun pàtàkì pamọ́ sórí gbogbo àwọn ẹ̀rọ rẹ? Wọlé pẹ̀lú àkántì tuntun tàbí wọlé pẹ̀lú àkántì tí tẹ́lẹ̀
Biblica® Open ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
Biblica® Open Punjabi Contemporary Version™
Copyright © 2022, 2025 by Biblica, Inc.
“Biblica” ਸੰਯੁਕਤ ਰਾਜ ਅਮਰੀਕਾ ਦੇ ਪੇਟੈਂਟ ਅਤੇ ਟ੍ਰੇਡਮਾਰਕ ਦਫ਼ਤਰ ਵਿੱਚ Biblica, Inc. ਵੱਲੋਂ ਰਜਿਸਟਰਡ ਟ੍ਰੇਡਮਾਰਕ ਹੈ।
“Biblica” is a trademark registered in the United States Patent and Trademark Office by Biblica, Inc.
See promoVersionInfo in metadata.xml for Creative Commons license.