ਯੋਹਨ 18

18
ਯਿਸ਼ੂ ਦਾ ਗ੍ਰਿਫ਼ਤਾਰ ਕੀਤਾ ਜਾਣਾ
1ਜਦੋਂ ਉਹ ਪ੍ਰਾਰਥਨਾ ਕਰ ਚੁੱਕੇ ਸਨ, ਤਾਂ ਯਿਸ਼ੂ ਆਪਣੇ ਚੇਲਿਆਂ ਨਾਲ ਕਿਦਰੋਨ ਘਾਟੀ ਨੂੰ ਪਾਰ ਕਰ ਇੱਕ ਬਾਗ਼ ਵਿੱਚ ਗਏ।
2ਹੁਣ ਯਹੂਦਾਹ, ਜਿਸ ਨੇ ਉਸ ਨੂੰ ਧੋਖਾ ਦਿੱਤਾ ਸੀ, ਉਸ ਜਗ੍ਹਾ ਬਾਰੇ ਜਾਣਦਾ ਸੀ, ਕਿਉਂਕਿ ਯਿਸ਼ੂ ਅਕਸਰ ਆਪਣੇ ਚੇਲਿਆਂ ਨਾਲ ਉੱਥੇ ਮਿਲਦੇ ਸਨ। 3ਇਸ ਲਈ ਯਹੂਦਾਹ ਬਾਗ਼ ਵਿੱਚ ਆਇਆ ਅਤੇ ਉਸ ਨਾਲ ਸਿਪਾਹੀਆਂ ਦਾ ਇੱਕ ਕਾਫ਼ਲਾ ਅਤੇ ਕੁਝ ਅਧਿਕਾਰੀ ਮੁੱਖ ਜਾਜਕਾਂ ਵੱਲੋਂ ਅਤੇ ਕੁਝ ਫ਼ਰੀਸੀ ਸਨ। ਉਹ ਦੀਵਿਆਂ, ਮਸ਼ਾਲਾਂ ਅਤੇ ਹਥਿਆਰਾਂ ਨੂੰ ਲੈ ਕੇ ਆਏ ਸਨ।
4ਯਿਸ਼ੂ ਜਾਣਦਾ ਸੀ ਕਿ ਉਸ ਨਾਲ ਕੀ ਵਾਪਰਨ ਵਾਲਾ ਹੈ, ਉਹ ਬਾਹਰ ਆਏ ਅਤੇ ਉਹਨਾਂ ਨੂੰ ਪੁੱਛਿਆ, “ਤੁਸੀਂ ਕਿਸ ਨੂੰ ਲੱਭ ਰਹੇ ਹੋ?”
5ਉਹਨਾਂ ਨੇ ਜਵਾਬ ਦਿੱਤਾ, “ਯਿਸ਼ੂ ਨਾਸਰੀ ਨੂੰ।”
ਯਿਸ਼ੂ ਨੇ ਕਿਹਾ, “ਉਹ ਮੈਂ ਹਾਂ।” (ਅਤੇ ਗੱਦਾਰ ਯਹੂਦਾਹ ਉੱਥੇ ਉਹਨਾਂ ਦੇ ਨਾਲ ਖੜ੍ਹਾ ਸੀ)। 6ਜਦੋਂ ਯਿਸ਼ੂ ਨੇ ਕਿਹਾ, “ਮੈਂ ਉਹ ਹਾਂ,” ਤਾਂ ਉਹ ਪਿੱਛੇ ਹਟ ਗਏ ਅਤੇ ਧਰਤੀ ਤੇ ਡਿੱਗ ਪਏ।
7ਯਿਸ਼ੂ ਨੇ ਉਹਨਾਂ ਨੂੰ ਦੁਬਾਰਾ ਪੁੱਛਿਆ, “ਤੁਸੀਂ ਕਿਸ ਨੂੰ ਲੱਭ ਰਹੇ ਹੋ?”
ਉਹਨਾਂ ਨੇ ਕਿਹਾ, “ਯਿਸ਼ੂ ਨਾਸਰੀ ਨੂੰ।”
8ਯਿਸ਼ੂ ਨੇ ਜਵਾਬ ਦਿੱਤਾ, “ਮੈਂ ਤੁਹਾਨੂੰ ਦੱਸਿਆ ਹੈ ਕਿ ਮੈਂ ਉਹ ਹਾਂ। ਜੇ ਤੁਸੀਂ ਮੈਨੂੰ ਲੱਭ ਰਹੇ ਹੋ, ਤਾਂ ਇਨ੍ਹਾਂ ਚੇਲਿਆਂ ਨੂੰ ਜਾਣ ਦਿਓ।” 9ਇਹ ਇਸ ਲਈ ਹੋਇਆ ਸੀ ਕਿ ਯਿਸ਼ੂ ਦੇ ਸ਼ਬਦ ਪੂਰੇ ਹੋ ਜਾਣ: “ਮੈਂ ਉਹਨਾਂ ਵਿੱਚੋਂ ਇੱਕ ਨੂੰ ਵੀ ਨਹੀਂ ਗੁਆਇਆ ਜੋ ਤੁਸੀਂ ਮੈਨੂੰ ਦਿੱਤੇ ਹਨ।”#18:9 ਯੋਹ 6:39; 17:12
10ਤਦ ਸ਼ਿਮਓਨ ਪਤਰਸ ਨੇ ਤਲਵਾਰ ਨੂੰ ਜੋ ਉਸ ਕੋਲ ਸੀ, ਖਿੱਚਿਆ ਅਤੇ ਮਹਾਂ ਜਾਜਕ ਦੇ ਨੌਕਰ ਨੂੰ ਮਾਰਿਆ ਅਤੇ ਉਸ ਦਾ ਸੱਜਾ ਕੰਨ ਵੱਢ ਸੁੱਟਿਆ। ਨੌਕਰ ਦਾ ਨਾਮ ਮਾਲਖਾਸ ਸੀ।
11ਯਿਸ਼ੂ ਨੇ ਪਤਰਸ ਨੂੰ ਹੁਕਮ ਦਿੱਤਾ, “ਆਪਣੀ ਤਲਵਾਰ ਨੂੰ ਮਿਆਨ ਵਿੱਚ ਰੱਖ ਦੇ! ਕੀ ਮੈਂ ਉਹ ਪਿਆਲਾ ਨਾ ਪੀਵਾਂ ਜੋ ਪਿਤਾ ਨੇ ਮੈਨੂੰ ਦਿੱਤਾ ਹੈ?”
12ਤਦ ਸਿਪਾਹੀਆਂ ਨੇ ਅਤੇ ਫ਼ੌਜ ਦੇ ਸਰਦਾਰ ਅਤੇ ਯਹੂਦੀ ਅਧਿਕਾਰੀਆਂ ਨੇ ਯਿਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ। ਉਹਨਾਂ ਨੇ ਉਸ ਨੂੰ ਬੰਨ ਲਿਆ, 13ਅਤੇ ਉਸ ਨੂੰ ਪਹਿਲਾਂ ਹੰਨਾ ਦੇ ਕੋਲ ਲੈ ਗਏ, ਜਿਹੜਾ ਉਸ ਸਾਲ ਦਾ ਮਹਾਂ ਜਾਜਕ ਕਯਾਫ਼ਾਸ ਦਾ ਸਹੁਰਾ ਸੀ। 14ਕਯਾਫ਼ਾਸ ਉਹ ਸੀ ਜਿਸ ਨੇ ਯਹੂਦੀ ਆਗੂਆਂ ਨੂੰ ਸਲਾਹ ਦਿੱਤੀ ਸੀ ਕਿ ਚੰਗਾ ਹੋਵੇਗਾ ਜੇ ਇੱਕ ਮਨੁੱਖ ਲੋਕਾਂ ਦੇ ਬਦਲੇ ਮਰ ਜਾਵੇ।
ਪਤਰਸ ਦਾ ਪਹਿਲਾਂ ਇਨਕਾਰ
15ਸ਼ਿਮਓਨ ਪਤਰਸ ਅਤੇ ਇੱਕ ਹੋਰ ਚੇਲਾ ਯਿਸ਼ੂ ਦਾ ਪਿੱਛਾ ਕਰ ਰਹੇ ਸਨ। ਕਿਉਂਕਿ ਇਹ ਚੇਲਾ ਮਹਾਂ ਜਾਜਕ ਨੂੰ ਜਾਣਦਾ ਸੀ, ਉਹ ਯਿਸ਼ੂ ਦੇ ਨਾਲ ਸਰਦਾਰ ਜਾਜਕ ਦੇ ਵਿਹੜੇ ਵਿੱਚ ਗਿਆ, 16ਪਰ ਪਤਰਸ ਨੂੰ ਬਾਹਰ ਦਰਵਾਜ਼ੇ ਤੇ ਇੰਤਜ਼ਾਰ ਕਰਨਾ ਪਿਆ। ਦੂਸਰਾ ਚੇਲਾ, ਜਿਹੜਾ ਮਹਾਂ ਜਾਜਕ ਨੂੰ ਜਾਣਦਾ ਸੀ, ਵਾਪਸ ਆਇਆ, ਉੱਥੇ ਕੰਮ ਕਰਦੀ ਨੌਕਰ ਲੜਕੀ ਨਾਲ ਗੱਲ ਕੀਤੀ ਅਤੇ ਪਤਰਸ ਨੂੰ ਅੰਦਰ ਲੈ ਆਇਆ।
17ਉਸ ਦਾਸੀ ਨੇ ਪਤਰਸ ਨੂੰ ਪੁੱਛਿਆ, “ਕੀ ਤੂੰ ਵੀ ਇਸ ਆਦਮੀ ਦਾ ਚੇਲਾ ਨਹੀਂ ਹੈ?”
ਪਤਰਸ ਨੇ ਜਵਾਬ ਦਿੱਤਾ, “ਮੈਂ ਨਹੀਂ ਹਾਂ।”
18ਠੰਡ ਹੋਣ ਕਾਰਣ ਸੇਵਕ ਅਤੇ ਅਧਿਕਾਰੀ ਅੱਗ ਦੇ ਦੁਆਲੇ ਖੜ੍ਹੇ, ਅੱਗ ਸੇਕ ਰਹੇ ਸਨ ਅਤੇ ਪਤਰਸ ਵੀ ਉਹਨਾਂ ਨਾਲ ਖੜ੍ਹਾ ਆਪਣੇ ਆਪ ਨੂੰ ਗਰਮ ਰੱਖਣ ਲਈ ਅੱਗ ਸੇਕਣ ਲੱਗਾ।
ਮਹਾਂ ਜਾਜਕ ਦਾ ਯਿਸ਼ੂ ਨੂੰ ਪ੍ਰਸ਼ਨ
19ਇਸੇ ਦੌਰਾਨ, ਮਹਾਂ ਜਾਜਕ ਨੇ ਯਿਸ਼ੂ ਨੂੰ ਉਸ ਦੇ ਚੇਲਿਆਂ ਅਤੇ ਉਸ ਦੀ ਸਿੱਖਿਆ ਬਾਰੇ ਪੁੱਛ-ਗਿੱਛ ਕੀਤੀ।
20ਯਿਸ਼ੂ ਨੇ ਜਵਾਬ ਦਿੱਤਾ, “ਮੈਂ ਦੁਨੀਆਂ ਨਾਲ ਖੁੱਲ੍ਹ ਕੇ ਬੋਲਿਆ, ਮੈਂ ਹਮੇਸ਼ਾ ਪ੍ਰਾਰਥਨਾ ਸਥਾਨਾਂ ਜਾਂ ਹੈਕਲ ਵਿੱਚ ਉਪਦੇਸ਼ ਦਿੱਤਾ, ਜਿੱਥੇ ਸਾਰੇ ਯਹੂਦੀ ਇਕੱਠੇ ਹੁੰਦੇ ਹਨ। ਮੈਂ ਗੁਪਤ ਰੂਪ ਵਿੱਚ ਕੁਝ ਨਹੀਂ ਕਿਹਾ। 21ਮੇਰੇ ਤੋਂ ਪ੍ਰਸ਼ਨ ਕਿਉਂ? ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਮੈਨੂੰ ਸੁਣਿਆ ਹੈ। ਯਕੀਨਣ ਉਹ ਜਾਣਦੇ ਹਨ ਕਿ ਮੈਂ ਕੀ ਕਿਹਾ ਹੈ।”
22ਜਦੋਂ ਯਿਸ਼ੂ ਨੇ ਇਹ ਕਿਹਾ, ਤਾਂ ਨੇੜੇ ਖੜ੍ਹੇ ਇੱਕ ਅਧਿਕਾਰੀ ਨੇ ਉਹਨਾਂ ਦੇ ਮੂੰਹ ਤੇ ਥੱਪੜ ਮਾਰ ਦਿੱਤਾ ਅਤੇ ਪੁੱਛਿਆ, “ਕੀ ਮਹਾਂ ਜਾਜਕ ਨੂੰ ਜਵਾਬ ਦੇਣ ਦਾ ਇਹ ਸਹੀ ਤਰੀਕਾ ਹੈ?”
23ਯਿਸ਼ੂ ਨੇ ਜਵਾਬ ਦਿੱਤਾ, “ਜੇ ਮੈਂ ਕੁਝ ਗਲਤ ਕਿਹਾ ਤਾਂ ਗਵਾਹੀ ਦੇਵੋ ਕਿ ਕੀ ਗਲਤ ਹੈ। ਪਰ ਜੇ ਮੈਂ ਸੱਚ ਬੋਲਦਾ ਹਾਂ, ਤਾਂ ਤੁਸੀਂ ਮੈਨੂੰ ਕਿਉਂ ਕੁੱਟਿਆ?” 24ਤਦ ਹੰਨਾ ਨੇ ਯਿਸ਼ੂ ਨੂੰ ਬੰਨ ਕੇ ਕਯਾਫ਼ਾਸ ਮਹਾਂ ਜਾਜਕ ਕੋਲ ਭੇਜ ਦਿੱਤਾ।
ਪਤਰਸ ਦਾ ਦੂਜਾ ਅਤੇ ਤੀਜਾ ਇਨਕਾਰ
25ਇਸ ਦੌਰਾਨ, ਸ਼ਿਮਓਨ ਪਤਰਸ ਅਜੇ ਵੀ ਉੱਥੇ ਅੱਗ ਸੇਕ ਰਿਹਾ ਸੀ ਤਾਂ ਹੋਰਾਂ ਨੇ ਜੋ ਉੱਥੇ ਖੜ੍ਹੇ ਸਨ ਉਸ ਨੂੰ ਪੁੱਛਿਆ, “ਕੀ ਤੂੰ ਵੀ ਕਿਤੇ ਉਸ ਦਾ ਚੇਲਾ ਤਾਂ ਨਹੀਂ?”
ਉਸ ਨੇ ਇਸ ਤੋਂ ਇਨਕਾਰ ਕਰਦਿਆਂ ਕਿਹਾ, “ਮੈਂ ਨਹੀਂ ਹਾਂ।”
26ਮਹਾਂ ਜਾਜਕ ਦੇ ਇੱਕ ਸੇਵਕ ਨੇ ਜੋ ਉਸ ਆਦਮੀ ਦਾ ਰਿਸ਼ਤੇਦਾਰ ਸੀ, ਜਿਸ ਦਾ ਕੰਨ ਪਤਰਸ ਨੇ ਵੱਢਿਆ ਸੀ, ਉਸ ਨੂੰ ਲਲਕਾਰਿਆ, “ਕੀ ਤੂੰ ਉਹ ਨਹੀਂ ਜਿਸ ਨੂੰ ਮੈਂ ਬਗੀਚੇ ਵਿੱਚ ਉਸ ਨਾਲ ਵੇਖਿਆ ਸੀ?” 27ਫਿਰ ਪਤਰਸ ਨੇ ਇਸ ਤੋਂ ਇਨਕਾਰ ਕਰ ਦਿੱਤਾ, ਅਤੇ ਉਸੇ ਵੇਲੇ ਕੁੱਕੜ ਨੇ ਬਾਂਗ ਦੇ ਦਿੱਤੀ।
ਯਿਸ਼ੂ ਪਿਲਾਤੁਸ ਦੇ ਸਾਹਮਣੇ
28ਤਦ ਯਹੂਦੀ ਆਗੂਵੇ ਯਿਸ਼ੂ ਨੂੰ ਕਯਾਫ਼ਾਸ ਤੋਂ ਰੋਮੀ ਰਾਜਪਾਲ ਦੇ ਮਹਿਲ ਵਿੱਚ ਲੈ ਗਏ। ਇਹ ਤੜਕੇ ਸਵੇਰ ਦਾ ਵੇਲਾ ਸੀ, ਅਤੇ ਰਸਮੀ ਅਸ਼ੁੱਧਤਾ ਤੋਂ ਬਚਣ ਲਈ ਉਹ ਮਹਿਲ ਵਿੱਚ ਦਾਖਲ ਨਹੀਂ ਹੋਏ, ਕਿਉਂਕਿ ਉਹ ਪਸਾਹ ਦਾ ਭੋਜਨ ਖਾਣ ਦੇ ਯੋਗ ਹੋਣਾ ਚਾਹੁੰਦੇ ਸਨ। 29ਇਸ ਲਈ ਪਿਲਾਤੁਸ ਉਹਨਾਂ ਕੋਲ ਆਇਆ ਅਤੇ ਪੁੱਛਿਆ, “ਤੁਸੀਂ ਇਸ ਆਦਮੀ ਦੇ ਵਿਰੁੱਧ ਕੀ ਦੋਸ਼ ਲਾ ਰਹੇ ਹੋ?”
30ਉਹਨਾਂ ਨੇ ਉੱਤਰ ਦਿੱਤਾ, “ਜੇ ਉਹ ਅਪਰਾਧੀ ਨਾ ਹੁੰਦਾ, ਤਾਂ ਅਸੀਂ ਉਸ ਨੂੰ ਤੁਹਾਡੇ ਹਵਾਲੇ ਨਹੀਂ ਕਰਦੇ।”
31ਪਿਲਾਤੁਸ ਨੇ ਕਿਹਾ, “ਤੁਸੀਂ ਉਸ ਨੂੰ ਲੈ ਜਾਓ ਅਤੇ ਆਪਣੇ ਨਿਯਮਾਂ ਅਨੁਸਾਰ ਉਸ ਦਾ ਨਿਆਂ ਕਰੋ।”
“ਪਰ ਸਾਨੂੰ ਕਿਸੇ ਨੂੰ ਮਾਰਨ ਦਾ ਅਧਿਕਾਰ ਨਹੀਂ ਹੈ,” ਯਹੂਦੀਆਂ ਨੇ ਇਤਰਾਜ਼ ਜਤਾਇਆ। 32ਇਹ ਉਸ ਗੱਲ ਨੂੰ ਪੂਰਾ ਕਰਨ ਲਈ ਵਾਪਰਿਆ ਜਿਸ ਬਾਰੇ ਯਿਸ਼ੂ ਨੇ ਕਿਹਾ ਸੀ ਕਿ ਉਸ ਦੀ ਮੌਤ ਕਿਸ ਤਰ੍ਹਾਂ ਦੀ ਹੋਵੇਗੀ।
33ਪਿਲਾਤੁਸ ਫਿਰ ਮਹਿਲ ਦੇ ਅੰਦਰ ਵਾਪਸ ਗਿਆ, ਯਿਸ਼ੂ ਨੂੰ ਬੁਲਾਇਆ ਅਤੇ ਉਸ ਨੂੰ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈ?”
34ਯਿਸ਼ੂ ਨੇ ਪੁੱਛਿਆ, “ਕੀ ਇਹ ਤੁਹਾਡਾ ਆਪਣਾ ਵਿਚਾਰ ਹੈ, ਜਾਂ ਹੋਰਾਂ ਨੇ ਮੇਰੇ ਬਾਰੇ ਤੁਹਾਡੇ ਨਾਲ ਗੱਲ ਕੀਤੀ?”
35ਪਿਲਾਤੁਸ ਨੇ ਜਵਾਬ ਦਿੱਤਾ, “ਕੀ ਮੈਂ ਇੱਕ ਯਹੂਦੀ ਹਾਂ? ਤੁਹਾਡੇ ਆਪਣੇ ਲੋਕਾਂ ਅਤੇ ਮੁੱਖ ਜਾਜਕਾਂ ਨੇ ਤੈਨੂੰ ਮੇਰੇ ਹਵਾਲੇ ਕੀਤਾ ਹੈ। ਤੂੰ ਅਜਿਹਾ ਕੀ ਕੀਤਾ ਹੈ?”
36ਯਿਸ਼ੂ ਨੇ ਕਿਹਾ, “ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ। ਜੇ ਅਜਿਹਾ ਹੁੰਦਾ ਤਾਂ ਮੇਰੇ ਸੇਵਕ ਯਹੂਦੀ ਅਧਿਕਾਰੀਆਂ ਦੁਆਰਾ ਮੇਰੀ ਗ੍ਰਿਫ਼ਤਾਰੀ ਨੂੰ ਰੋਕਣ ਲਈ ਲੜਦੇ। ਪਰ ਹੁਣ ਮੇਰਾ ਰਾਜ ਇੱਕ ਹੋਰ ਜਗ੍ਹਾ ਤੋਂ ਹੈ।”
37ਪਿਲਾਤੁਸ ਨੇ ਕਿਹਾ, “ਤਾਂ ਤੂੰ ਇੱਕ ਰਾਜਾ ਹੈ!”
ਯਿਸ਼ੂ ਨੇ ਜਵਾਬ ਦਿੱਤਾ, “ਤੁਸੀਂ ਕਹਿੰਦੇ ਹੋ ਕਿ ਮੈਂ ਰਾਜਾ ਹਾਂ। ਅਸਲ ਵਿੱਚ, ਮੇਰਾ ਜਨਮ ਅਤੇ ਸੰਸਾਰ ਵਿੱਚ ਆਉਣ ਦਾ ਕਾਰਨ ਸੱਚ ਦੀ ਗਵਾਹੀ ਦੇਣਾ ਹੈ। ਹਰ ਕੋਈ ਜੋ ਸੱਚਾਈ ਦੇ ਪੱਖ ਵਿੱਚ ਹੈ ਉਹ ਮੇਰੀ ਸੁਣਦਾ ਹੈ।”
38ਪਿਲਾਤੁਸ ਨੇ ਪੁੱਛਿਆ, “ਸੱਚ ਕੀ ਹੈ?” ਫਿਰ ਉਹ ਉੱਥੇ ਇਕੱਠੇ ਹੋਏ ਯਹੂਦੀਆਂ ਕੋਲ ਗਿਆ ਅਤੇ ਕਿਹਾ, “ਮੈਨੂੰ ਉਸ ਦੇ ਵਿਰੁੱਧ ਦੋਸ਼ ਦਾ ਕੋਈ ਅਧਾਰ ਨਹੀਂ ਮਿਲਿਆ। 39ਪਰ ਇਹ ਤੁਹਾਡਾ ਰਿਵਾਜ਼ ਹੈ ਕਿ ਪਸਾਹ ਦੇ ਤਿਉਹਾਰ ਵੇਲੇ ਤੁਹਾਡੇ ਲਈ ਇੱਕ ਕੈਦੀ ਨੂੰ ਰਿਹਾ ਕੀਤਾ ਜਾਵੇ। ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ‘ਯਹੂਦੀਆਂ ਦੇ ਰਾਜੇ,’ ਨੂੰ ਛੱਡ ਦੇਵਾਂ?”
40ਉਹ ਫਿਰ ਚੀਕਣ ਲੱਗੇ, “ਨਹੀਂ, ਉਸ ਨੂੰ ਨਹੀਂ! ਸਾਨੂੰ ਬਾਰ-ਅੱਬਾਸ ਦੇ ਦਿਓ!” ਅਤੇ ਬਾਰ-ਅੱਬਾਸ ਇੱਕ ਵਿਦਰੋਹੀ ਸੀ।

Àwon tá yàn lọ́wọ́lọ́wọ́ báyìí:

ਯੋਹਨ 18: OPCV

Ìsàmì-sí

Pín

Daako

None

Ṣé o fẹ́ fi àwọn ohun pàtàkì pamọ́ sórí gbogbo àwọn ẹ̀rọ rẹ? Wọlé pẹ̀lú àkántì tuntun tàbí wọlé pẹ̀lú àkántì tí tẹ́lẹ̀

Àwọn fídíò fún ਯੋਹਨ 18