ਕੂਚ 7

7
1ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਵੇਖ, ਮੈਂ ਤੈਨੂੰ ਫ਼ਿਰਾਊਨ ਲਈ ਪਰਮੇਸ਼ਵਰ ਵਰਗਾ ਬਣਾ ਦਿੱਤਾ ਹੈ ਅਤੇ ਤੇਰਾ ਭਰਾ ਹਾਰੋਨ ਤੇਰਾ ਨਬੀ ਹੋਵੇਗਾ। 2ਜੋ ਮੈਂ ਤੈਨੂੰ ਹੁਕਮ ਦਿੰਦਾ ਹਾਂ ਤੂੰ ਉਹ ਸਭ ਕੁਝ ਕਹਿਣਾ ਅਤੇ ਤੇਰੇ ਭਰਾ ਹਾਰੋਨ ਫ਼ਿਰਾਊਨ ਨੂੰ ਆਖੇ ਕਿ ਉਹ ਇਸਰਾਏਲੀਆਂ ਨੂੰ ਉਸਦੇ ਦੇਸ਼ ਵਿੱਚੋਂ ਬਾਹਰ ਜਾਣ ਦੇਵੇ। 3ਭਾਵੇਂ ਮੈਂ ਮਿਸਰ ਵਿੱਚ ਆਪਣੇ ਨਿਸ਼ਾਨ ਅਤੇ ਅਚੰਭੇ ਦਿਖਾਵਾਂਗਾ, ਪਰ ਮੈਂ ਫ਼ਿਰਾਊਨ ਦੇ ਦਿਲ ਨੂੰ ਕਠੋਰ ਕਰਾਂਗਾ 4ਫ਼ਿਰਾਊਨ ਤੁਹਾਡੀ ਗੱਲ ਨਹੀਂ ਸੁਣੇਗਾ। ਤਦ ਮੈਂ ਮਿਸਰ ਉੱਤੇ ਆਪਣਾ ਹੱਥ ਰੱਖਾਂਗਾ ਅਤੇ ਨਿਆਉਂ ਦੇ ਸ਼ਕਤੀਸ਼ਾਲੀ ਕੰਮਾਂ ਨਾਲ ਮੈਂ ਆਪਣੇ ਦਲਾਂ ਨੂੰ ਆਪਣੀ ਪਰਜਾ ਇਸਰਾਏਲੀਆਂ ਨੂੰ ਬਾਹਰ ਲਿਆਵਾਂਗਾ। 5ਅਤੇ ਜਦੋਂ ਮੈਂ ਮਿਸਰ ਦੇ ਵਿਰੁੱਧ ਆਪਣਾ ਹੱਥ ਵਧਾਵਾਂਗਾ ਅਤੇ ਇਸਰਾਏਲੀਆਂ ਨੂੰ ਉਸ ਵਿੱਚੋਂ ਬਾਹਰ ਲਿਆਵਾਂਗਾ ਤਾਂ ਮਿਸਰੀ ਜਾਣ ਲੈਣਗੇ ਕਿ ਮੈਂ ਹੀ ਯਾਹਵੇਹ ਹਾਂ।”
6ਮੋਸ਼ੇਹ ਅਤੇ ਹਾਰੋਨ ਨੇ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ। 7ਜਦੋਂ ਉਹਨਾਂ ਨੇ ਫ਼ਿਰਾਊਨ ਨਾਲ ਗੱਲ ਕੀਤੀ ਤਾਂ ਮੋਸ਼ੇਹ ਅੱਸੀ ਸਾਲਾਂ ਦਾ ਸੀ ਅਤੇ ਹਾਰੋਨ ਤਿਰਾਸੀਆਂ ਸਾਲਾਂ ਦਾ ਸੀ।
ਹਾਰੋਨ ਦੀ ਸੋਟੀ ਦਾ ਸੱਪ ਬਣ ਜਾਣਾ
8ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, 9“ਜਦੋਂ ਫ਼ਿਰਾਊਨ ਤੈਨੂੰ ਕਹੇ, ‘ਚਮਤਕਾਰ ਕਰ,’ ਤਾਂ ਹਾਰੋਨ ਨੂੰ ਆਖ, ‘ਆਪਣੀ ਸੋਟੀ ਲੈ ਕੇ ਫ਼ਿਰਾਊਨ ਅੱਗੇ ਸੁੱਟ ਦੇ,’ ਤਾਂ ਉਹ ਸੱਪ ਬਣ ਜਾਵੇਗਾ।”
10ਇਸ ਲਈ ਮੋਸ਼ੇਹ ਅਤੇ ਹਾਰੋਨ ਫ਼ਿਰਾਊਨ ਕੋਲ ਗਏ ਅਤੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਹੁਕਮ ਦਿੱਤਾ ਸੀ। ਹਾਰੋਨ ਨੇ ਆਪਣੀ ਸੋਟੀ ਫ਼ਿਰਾਊਨ ਅਤੇ ਉਸਦੇ ਅਧਿਕਾਰੀਆਂ ਦੇ ਸਾਹਮਣੇ ਸੁੱਟ ਦਿੱਤੀ ਅਤੇ ਉਹ ਸੱਪ ਬਣ ਗਿਆ। 11ਫਿਰ ਫ਼ਿਰਾਊਨ ਨੇ ਬੁੱਧੀਮਾਨਾਂ ਅਤੇ ਜਾਦੂਗਰਾਂ ਨੂੰ ਬੁਲਾਇਆ, ਅਤੇ ਮਿਸਰੀ ਜਾਦੂਗਰਾਂ ਨੇ ਵੀ ਆਪਣੀਆਂ ਗੁਪਤ ਕਲਾਵਾਂ ਦੁਆਰਾ ਉਹੀ ਕੰਮ ਕੀਤੇ। 12ਹਰ ਇੱਕ ਨੇ ਆਪਣੀ ਸੋਟੀ ਸੁੱਟ ਦਿੱਤੀ ਅਤੇ ਉਹ ਸੱਪ ਬਣ ਗਿਆ। ਪਰ ਹਾਰੋਨ ਦੀ ਸੋਟੀ ਉਹਨਾਂ ਦੀਆਂ ਸੋਟੀਆਂ ਨੂੰ ਨਿਗਲ ਗਈ। 13ਫਿਰ ਵੀ ਫ਼ਿਰਾਊਨ ਦਾ ਮਨ ਕਠੋਰ ਹੋ ਗਿਆ ਅਤੇ ਉਸ ਨੇ ਉਹਨਾਂ ਦੀ ਨਾ ਸੁਣੀ, ਜਿਵੇਂ ਕਿ ਯਾਹਵੇਹ ਨੇ ਕਿਹਾ ਸੀ।
ਖੂਨ ਦੀ ਮਹਾਂਮਾਰੀ
14ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਫ਼ਿਰਾਊਨ ਦਾ ਦਿਲ ਕਠੋਰ ਹੋ ਗਿਆ ਹੈ, ਉਹ ਲੋਕਾਂ ਨੂੰ ਜਾਣ ਦੇਣ ਤੋਂ ਇਨਕਾਰ ਕਰਦਾ ਹੈ। 15ਸਵੇਰੇ ਫ਼ਿਰਾਊਨ ਕੋਲ ਜਾਉ ਜਦ ਉਹ ਨਦੀ ਵੱਲ ਜਾਂਦਾ ਹੈ। ਨੀਲ ਨਦੀ ਦੇ ਕੰਢੇ ਤੇ ਉਸਨੂੰ ਮਿਲੋ ਅਤੇ ਆਪਣੇ ਹੱਥ ਵਿੱਚ ਉਹ ਡੰਡਾ ਲਓ ਜੋ ਸੱਪ ਵਿੱਚ ਬਦਲ ਗਿਆ ਸੀ। 16ਫਿਰ ਉਸ ਨੂੰ ਆਖੋ, ‘ਯਾਹਵੇਹ, ਇਬਰਾਨੀਆਂ ਦੇ ਪਰਮੇਸ਼ਵਰ ਨੇ ਮੈਨੂੰ ਤੇਰੇ ਕੋਲ ਇਹ ਕਹਿਣ ਲਈ ਭੇਜਿਆ ਹੈ ਕਿ ਮੇਰੇ ਲੋਕਾਂ ਨੂੰ ਜਾਣ ਦੇ ਤਾਂ ਜੋ ਉਹ ਉਜਾੜ ਵਿੱਚ ਮੇਰੀ ਉਪਾਸਨਾ ਕਰਨ, ਪਰ ਹੁਣ ਤੱਕ ਤੂੰ ਨਹੀਂ ਸੁਣੀ। 17ਇਹ ਉਹ ਹੈ ਜੋ ਯਾਹਵੇਹ ਆਖਦਾ ਹੈ ਕਿ ਇਸ ਦੁਆਰਾ ਤੁਸੀਂ ਜਾਣੋਗੇ ਕਿ ਮੈਂ ਯਾਹਵੇਹ ਹਾਂ ਅਤੇ ਮੇਰੇ ਹੱਥ ਵਿੱਚ ਸੋਟੀ ਨਾਲ ਮੈਂ ਨੀਲ ਦੇ ਪਾਣੀ ਨੂੰ ਮਾਰਾਂਗਾ ਅਤੇ ਉਹ ਖੂਨ ਵਿੱਚ ਬਦਲ ਜਾਵੇਗਾ। 18ਨੀਲ ਨਦੀ ਦੀਆਂ ਮੱਛੀਆਂ ਮਰ ਜਾਣਗੀਆਂ ਅਤੇ ਨਦੀ ਤੋਂ ਬਦਬੂ ਆਵੇਗੀ ਅਤੇ ਮਿਸਰੀ ਇਸ ਦਾ ਪਾਣੀ ਨਹੀਂ ਪੀ ਸਕਣਗੇ।’ ”
19ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਹਾਰੋਨ ਨੂੰ ਆਖ, ‘ਆਪਣੀ ਸੋਟੀ ਲੈ ਅਤੇ ਮਿਸਰ ਦੇ ਪਾਣੀਆਂ ਉੱਤੇ, ਨਦੀਆਂ, ਨਹਿਰਾਂ, ਤਾਲਾਬਾਂ ਅਤੇ ਸਾਰੇ ਜਲ ਭੰਡਾਰਾਂ ਉੱਤੇ ਆਪਣਾ ਹੱਥ ਵਧਾ ਅਤੇ ਉਹ ਲਹੂ ਵਿੱਚ ਬਦਲ ਜਾਣਗੇ।’ ਮਿਸਰ ਵਿੱਚ ਹਰ ਥਾਂ ਲਹੂ ਹੋਵੇਗਾ, ਇੱਥੋਂ ਤੱਕ ਕਿ ਲੱਕੜ ਅਤੇ ਪੱਥਰ ਦੇ ਭਾਂਡੇ#7:19 ਭਾਂਡੇ ਅਰਥ ਮੂਰਤੀਆਂ ਵਿੱਚ ਵੀ।”
20ਮੋਸ਼ੇਹ ਅਤੇ ਹਾਰੋਨ ਨੇ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਹੁਕਮ ਦਿੱਤਾ ਸੀ। ਉਸਨੇ ਫ਼ਿਰਾਊਨ ਅਤੇ ਉਸਦੇ ਅਧਿਕਾਰੀਆਂ ਦੇ ਸਾਹਮਣੇ ਆਪਣੀ ਸੋਟੀ ਖੜੀ ਕੀਤੀ ਅਤੇ ਨੀਲ ਨਦੀ ਦੇ ਪਾਣੀ ਨੂੰ ਮਾਰਿਆ ਅਤੇ ਸਾਰਾ ਪਾਣੀ ਲਹੂ ਵਿੱਚ ਬਦਲ ਗਿਆ। 21ਨੀਲ ਨਦੀ ਦੇ ਵਿਚਲੀਆਂ ਮੱਛੀਆਂ ਮਰ ਗਈਆਂ ਅਤੇ ਨਦੀ ਵਿੱਚ ਇੰਨੀ ਬਦਬੂ ਆਉਂਦੀ ਸੀ ਕਿ ਮਿਸਰੀ ਇਸ ਦਾ ਪਾਣੀ ਨਹੀਂ ਪੀ ਸਕਦੇ ਸਨ ਅਤੇ ਮਿਸਰ ਵਿੱਚ ਹਰ ਪਾਸੇ ਲਹੂ ਸੀ।
22ਪਰ ਮਿਸਰੀ ਜਾਦੂਗਰਾਂ ਨੇ ਆਪਣੀਆਂ ਗੁਪਤ ਕਲਾਵਾਂ ਨਾਲ ਉਹੀ ਕੰਮ ਕੀਤੇ ਅਤੇ ਫ਼ਿਰਾਊਨ ਦਾ ਦਿਲ ਕਠੋਰ ਹੋ ਗਿਆ, ਉਸਨੇ ਮੋਸ਼ੇਹ ਅਤੇ ਹਾਰੋਨ ਦੀ ਗੱਲ ਨਹੀਂ ਸੁਣੀ, ਜਿਵੇਂ ਕਿ ਯਾਹਵੇਹ ਨੇ ਕਿਹਾ ਸੀ। 23ਇਸ ਦੀ ਬਜਾਏ, ਫ਼ਿਰਾਊਨ ਮੁੜਿਆ ਅਤੇ ਆਪਣੇ ਮਹਿਲ ਵਿੱਚ ਚਲਾ ਗਿਆ, ਅਤੇ ਇਸ ਗੱਲ ਨੂੰ ਵੀ ਦਿਲ ਵਿੱਚ ਨਾ ਲਿਆ। 24ਅਤੇ ਸਾਰੇ ਮਿਸਰੀਆਂ ਨੇ ਪੀਣ ਦਾ ਪਾਣੀ ਲੈਣ ਲਈ ਨੀਲ ਨਦੀ ਦੇ ਕੰਢੇ ਪੁੱਟੇ, ਕਿਉਂਕਿ ਉਹ ਨਦੀ ਦਾ ਪਾਣੀ ਨਹੀਂ ਪੀ ਸਕਦੇ ਸਨ।
ਡੱਡੂਆਂ ਦੀ ਮਹਾਂਮਾਰੀ
25ਯਾਹਵੇਹ ਰਾਹੀਂ ਨੀਲ ਨਦੀ ਦੇ ਪਾਣੀ ਨੂੰ ਲਹੂ ਵਿੱਚ ਬਦਲੇ ਸੱਤ ਦਿਨ ਹੋ ਗਏ ਸਨ।

Àwon tá yàn lọ́wọ́lọ́wọ́ báyìí:

ਕੂਚ 7: OPCV

Ìsàmì-sí

Pín

Daako

None

Ṣé o fẹ́ fi àwọn ohun pàtàkì pamọ́ sórí gbogbo àwọn ẹ̀rọ rẹ? Wọlé pẹ̀lú àkántì tuntun tàbí wọlé pẹ̀lú àkántì tí tẹ́lẹ̀