ਰਸੂਲਾਂ 7
7
ਸਟੀਫਨ ਦਾ ਮਹਾਂ ਸਭਾ ਵਿੱਚ ਪ੍ਰਚਾਰ ਕਰਨ
1ਤਦ ਮਹਾਂ ਜਾਜਕ ਨੇ ਸਟੀਫਨ ਨੂੰ ਪੁੱਛਿਆ, “ਕੀ ਇਹ ਇਲਜ਼ਾਮ ਸੱਚੇ ਹਨ?”
2ਇਸ ਬਾਰੇ ਉਸ ਨੇ ਜਵਾਬ ਦਿੱਤਾ, “ਹੇ ਭਰਾਵੋ ਅਤੇ ਬਜ਼ੁਰਗੋ, ਮੇਰੀ ਗੱਲ ਸੁਣੋ! ਅੱਤ ਮਹਾਨ ਪਰਮੇਸ਼ਵਰ ਸਾਡੇ ਅਬਰਾਹਾਮ ਉੱਤੇ ਉਸ ਸਮੇਂ ਪ੍ਰਗਟ ਹੋਇਆ ਜਦੋਂ ਉਹ ਮੈਸੋਪਟਾਮਿਆ ਦੇਸ਼ ਹਾਰਾਨ ਪਿੰਡ ਵਿੱਚ ਵੱਸ ਰਿਹਾ ਸੀ। 3ਪਰਮੇਸ਼ਵਰ ਨੇ ਕਿਹਾ, ‘ਤੂੰ ਆਪਣਾ ਦੇਸ਼ ਅਤੇ ਆਪਣੇ ਲੋਕਾਂ ਨੂੰ ਛੱਡ, ਅਤੇ ਉਸ ਭੂਮੀ ਵੱਲ ਜਾ ਜਿਹੜੀ ਮੈਂ ਤੈਨੂੰ ਵਿਖਾਵਾਂਗਾ।’#7:3 ਉਤ 12:1
4“ਸੋ ਅਬਰਾਹਾਮ ਕਸਦੀਆਂ ਦੇ ਦੇਸ਼ ਤੋਂ ਨਿੱਕਲ ਕੇ ਹਾਰਾਨ ਵਿੱਚ ਜਾ ਵੱਸਿਆ। ਅਤੇ ਉਹ ਦੇ ਪਿਤਾ ਦੇ ਮਰਨ ਪਿੱਛੋਂ, ਪਰਮੇਸ਼ਵਰ ਨੇ ਉਹ ਨੂੰ ਉੱਥੋਂ ਲਿਆ ਕੇ ਇਸ ਦੇਸ਼ ਵਿੱਚ ਵਸਾਇਆ ਜਿੱਥੇ ਹੁਣ ਤੁਸੀਂ ਰਹਿੰਦੇ ਹੋ।#7:4 ਉਤ 12:5 5ਉਸ ਨੇ ਉਸ ਨੂੰ ਇੱਥੇ ਕੋਈ ਵਿਰਾਸਤ ਨਹੀਂ ਦਿੱਤੀ, ਇੱਥੋਂ ਤੱਕ ਉਸ ਦੇ ਪੈਰ ਰੱਖਣ ਦੇ ਲਈ ਕਾਫ਼ੀ ਜ਼ਮੀਨ ਵੀ ਨਹੀਂ ਸੀ। ਪਰ ਪਰਮੇਸ਼ਵਰ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਹ ਅਤੇ ਉਸ ਦੇ ਬਾਅਦ ਉਸ ਦੀ ਅੰਸ ਜ਼ਮੀਨ ਉੱਤੇ ਕਬਜ਼ਾ ਕਰੇਗੀ, ਹਾਲਾਂਕਿ ਉਸ ਸਮੇਂ ਅਬਰਾਹਾਮ ਕੋਲ ਕੋਈ ਔਲਾਦ ਨਹੀਂ ਸੀ। 6ਪਰਮੇਸ਼ਵਰ ਨੇ ਉਸ ਨੂੰ ਇਸ ਤਰ੍ਹਾਂ ਬੋਲਿਆ: ‘ਕਿ ਤੇਰਾ ਵੰਸ਼ ਪਰਾਏ ਦੇਸ਼ ਵਿੱਚ ਪਰਦੇਸੀ ਹੋ ਕੇ ਰਹੇਗਾ, ਅਤੇ ਉਹ ਉਨ੍ਹਾਂ ਨੂੰ ਗੁਲਾਮ ਬਣਾ ਕੇ ਰੱਖਣਗੇ ਅਤੇ ਚਾਰ ਸੌ ਸਾਲ ਤੱਕ ਉਨ੍ਹਾਂ ਨੂੰ ਦੁੱਖ ਦੇਣਗੇ। 7ਪਰ ਮੈਂ ਉਸ ਕੌਮ ਨੂੰ ਵੀ ਜਿਸ ਦੇ ਉਹ ਗੁਲਾਮ ਹੋਣਗੇ ਸਜ਼ਾ ਦਿਆਂਗਾ,’ ਪਰਮੇਸ਼ਵਰ ਨੇ ਆਖਿਆ, ‘ਅਤੇ ਉਸ ਤੋਂ ਬਾਅਦ ਤੇਰਾ ਵੰਸ਼ ਅਜ਼ਾਦ ਹੋ ਜਾਵੇਗਾ ਅਤੇ ਇਸੇ ਥਾਂ ਵਿੱਚ ਮੇਰੀ ਉਪਾਸਨਾ ਕਰਨਗੇ।’#7:7 ਉਤ 15:13,14 8ਫਿਰ ਉਸ ਨੇ ਅਬਰਾਹਾਮ ਨੂੰ ਸੁੰਨਤ ਦਾ ਨੇਮ ਦਿੱਤਾ ਅਤੇ ਅਬਰਾਹਾਮ ਦੇ ਘਰ ਇਸਹਾਕ ਹੋਇਆ ਅਤੇ ਉਸ ਦੇ ਜਨਮ ਤੋਂ ਅੱਠ ਦਿਨਾਂ ਬਾਅਦ ਉਸ ਦੀ ਸੁੰਨਤ ਕੀਤੀ ਗਈ। ਬਾਅਦ ਵਿੱਚ ਇਸਹਾਕ ਦੇ ਘਰ ਯਾਕੋਬ ਜੰਮਿਆ, ਅਤੇ ਯਾਕੋਬ ਸਾਡੇ ਬਾਰ੍ਹਾਂ ਗੋਤਾਂ ਦੇ ਪੁਰਖਿਆਂ ਦਾ ਪਿਤਾ ਹੋਇਆ।
9“ਕਿਉਂਕਿ ਯੋਸੇਫ਼ ਦੇ ਆਪਣੇ ਭਰਾਵਾਂ ਨੇ ਉਸ ਨਾਲ ਈਰਖਾ ਕੀਤੀ, ਇਸ ਲਈ ਉਨ੍ਹਾਂ ਨੇ ਉਸ ਨੂੰ ਮਿਸਰ ਵਿੱਚ ਇੱਕ ਗੁਲਾਮ ਵਜੋਂ ਵੇਚ ਦਿੱਤਾ। ਪਰ ਪਰਮੇਸ਼ਵਰ ਉਸ ਦੇ ਨਾਲ ਸੀ 10ਅਤੇ ਪਰਮੇਸ਼ਵਰ ਨੇ ਉਸ ਨੂੰ ਉਸ ਦੀਆਂ ਸਾਰੀਆਂ ਮੁਸੀਬਤਾਂ ਤੋਂ ਬਚਾ ਲਿਆ। ਉਸ ਨੇ ਯੋਸੇਫ਼ ਨੂੰ ਬੁੱਧ ਦਿੱਤੀ ਅਤੇ ਉਸ ਨੂੰ ਮਿਸਰ ਦੇ ਰਾਜਾ ਫ਼ਿਰਾਊਨ ਦੀ ਸਦਭਾਵਨਾ ਪ੍ਰਾਪਤ ਕਰਨ ਦੇ ਯੋਗ ਬਣਾਇਆ। ਇਸ ਲਈ ਫ਼ਿਰ ਫ਼ਿਰਾਊਨ ਪਾਤਸ਼ਾਹ ਨੇ ਉਸ ਨੂੰ ਮਿਸਰ ਅਤੇ ਉਸ ਦੇ ਸਾਰੇ ਮਹਿਲ ਉੱਤੇ ਹਾਕਮ ਬਣਾਇਆ।
11“ਫਿਰ ਸਾਰੇ ਮਿਸਰ ਅਤੇ ਕਨਾਨ ਦੇਸ਼ ਵਿੱਚ ਕਾਲ ਆਇਆ, ਬੜਾ ਵੱਡਾ ਕਸ਼ਟ ਹੋਇਆ, ਅਤੇ ਸਾਡੇ ਪੂਰਵਜਾਂ ਨੂੰ ਅਨਾਜ ਨਾ ਮਿਲਿਆ। 12ਜਦੋਂ ਯਾਕੋਬ ਨੇ ਸੁਣਿਆ ਕਿ ਮਿਸਰ ਵਿੱਚ ਅਨਾਜ ਹੈ, ਤਾਂ ਉਸ ਨੇ ਸਾਡੇ ਪਿਉ-ਦਾਦਿਆਂ ਨੂੰ ਪਹਿਲੀ ਵਾਰ ਮਿਸਰ ਵਿੱਚ ਭੇਜਿਆ। 13ਆਪਣੇ ਦੂਸਰੇ ਦੌਰੇ ਤੇ, ਯੋਸੇਫ਼ ਨੇ ਆਪਣੇ ਭਰਾਵਾਂ ਨੂੰ ਦੱਸਿਆ ਕਿ ਉਹ ਕੌਣ ਹੈ, ਅਤੇ ਫ਼ਿਰਾਊਨ ਨੇ ਯੋਸੇਫ਼ ਦੇ ਪਰਿਵਾਰ ਬਾਰੇ ਜਾਣ ਲਿਆ। 14ਇਸ ਤੋਂ ਬਾਅਦ, ਯੋਸੇਫ਼ ਨੇ ਆਪਣੇ ਪਿਤਾ ਯਾਕੋਬ ਅਤੇ ਆਪਣੇ ਸਾਰੇ ਘਰਾਣੇ ਸਮੇਤ, ਜੋ ਪੰਝੱਤਰ ਜਣੇ ਸਨ ਮਿਸਰ ਆਉਣ ਲਈ ਬੁਲਾਇਆ। 15ਫਿਰ ਯਾਕੋਬ ਮਿਸਰ ਨੂੰ ਚਲਾ ਗਿਆ, ਅਤੇ ਉਸ ਦੀ ਮੌਤ ਹੋ ਗਈ ਜਿੱਥੇ ਸਾਡੇ ਪਿਉ-ਦਾਦਿਆਂ ਦੀ ਵੀ ਮੌਤ ਹੋਈ ਸੀ। 16ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਵਾਪਸ ਸ਼ਕਮ ਵਿੱਚ ਲਿਆਂਦਾ ਗਿਆ ਅਤੇ ਉਸ ਕਬਰਸਤਾਨ ਵਿੱਚ ਦਫ਼ਨਾ ਦਿੱਤਾ ਗਿਆ ਜੋ ਅਬਰਾਹਾਮ ਨੇ ਸ਼ਕਮ ਵਿਖੇ ਹਮੋਰ ਦੇ ਪੁੱਤਰਾਂ ਤੋਂ ਇੱਕ ਤੈਅ ਰਕਮ ਤੇ ਖਰੀਦੀ ਸੀ।
17“ਜਦੋਂ ਪਰਮੇਸ਼ਵਰ ਦਾ ਅਬਰਾਹਾਮ ਨਾਲ ਕੀਤਾ ਆਪਣਾ ਵਾਇਦਾ ਪੂਰਾ ਕਰਨ ਦਾ ਸਮਾਂ ਨੇੜੇ ਆਇਆ, ਮਿਸਰ ਵਿੱਚ ਸਾਡੇ ਲੋਕਾਂ ਦੀ ਗਿਣਤੀ ਬਹੁਤ ਵਧ ਗਈ ਸੀ। 18ਤਦ ‘ਇੱਕ ਨਵਾਂ ਰਾਜਾ ਉੱਠਿਆ, ਜਿਹੜਾ ਯੋਸੇਫ਼ ਨੂੰ ਨਹੀਂ ਜਾਣਦਾ ਸੀ, ਉਹ ਮਿਸਰ ਵਿੱਚ ਰਾਜ ਕਰਨ ਲੱਗਾ।’#7:18 ਕੂਚ 1:18 19ਉਹ ਨੇ ਸਾਡੀ ਕੌਮ ਨਾਲ ਚਲਾਕੀ ਕਰਕੇ ਸਾਡੇ ਪਿਉ-ਦਾਦਿਆਂ ਨੂੰ ਤੰਗ ਕੀਤਾ ਕਿ ਉਹ ਆਪਣੇ ਨਵ-ਜੰਮੇ ਬਾਲਕਾਂ ਨੂੰ ਬਾਹਰ ਸੁੱਟ ਦੇਣ ਤਾਂ ਜੋ ਉਹ ਜਿਉਂਦੇ ਨਾ ਰਹਿਣ।
20“ਉਸ ਸਮੇਂ ਮੋਸ਼ੇਹ ਦਾ ਜਨਮ ਹੋਇਆ, ਅਤੇ ਉਹ ਪਰਮੇਸ਼ਵਰ ਦੀਆਂ ਨਜ਼ਰਾਂ ਵਿੱਚ ਬਹੁਤ ਸੋਹਣਾ ਸੀ। ਤਿੰਨ ਮਹੀਨਿਆਂ ਤੱਕ ਉਸ ਦੀ ਉਸ ਦੇ ਪਰਿਵਾਰ ਦੁਆਰਾ ਦੇਖਭਾਲ ਕੀਤੀ ਗਈ। 21ਜਦੋਂ ਮੋਸ਼ੇਹ ਨੂੰ ਉਸ ਦੇ ਘਰ ਤੋਂ ਬਾਹਰ ਰੱਖ ਦਿੱਤਾ ਗਿਆ ਸੀ, ਤਾਂ ਫ਼ਿਰਾਊਨ ਦੀ ਧੀ ਉਹ ਨੂੰ ਲੈ ਗਈ ਅਤੇ ਉਹ ਨੂੰ ਆਪਣਾ ਪੁੱਤਰ ਬਣਾ ਕੇ ਪਾਲਿਆ। 22ਮੋਸ਼ੇਹ ਨੇ ਮਿਸਰੀਆਂ ਦੀ ਸਾਰੀ ਵਿੱਦਿਆ ਸਿੱਖੀ ਅਤੇ ਉਹ ਸਭ ਕੰਮ ਕਰਨ ਅਤੇ ਬੋਲਣ ਵਿੱਚ ਸ਼ਕਤੀਸ਼ਾਲੀ ਸੀ।
23“ਜਦੋਂ ਮੋਸ਼ੇਹ ਚਾਲੀ ਸਾਲਾਂ ਦਾ ਹੋਇਆ ਸੀ, ਉਸ ਨੇ ਮਨ ਵਿੱਚ ਆਪਣੇ ਲੋਕ ਯਾਨੀ ਇਸਰਾਏਲੀਆਂ ਨੂੰ ਮਿਲਣ ਦਾ ਫ਼ੈਸਲਾ ਕੀਤਾ। 24ਇੱਕ ਦਿਨ ਉਸ ਨੇ ਇੱਕ ਮਿਸਰੀ ਨੂੰ ਉਨ੍ਹਾਂ ਵਿੱਚੋਂ ਇੱਕ ਨਾਲ ਬੇਇਨਸਾਫ਼ੀ ਕਰਦੇ ਵੇਖਿਆ, ਇਸ ਲਈ ਉਸ ਦੇ ਬਚਾਉਣ ਲਈ ਗਿਆ ਅਤੇ ਮਿਸਰੀ ਦਾ ਕਤਲ ਕਰਕੇ ਉਸ ਦਾ ਬਦਲਾ ਲਿਆ। 25ਮੋਸ਼ੇਹ ਨੇ ਸੋਚਿਆ ਕਿ ਉਸ ਦੇ ਆਪਣੇ ਭਾਈਬੰਦ-ਇਸਰਾਏਲੀ ਲੋਕ ਸਮਝ ਲੈਣਗੇ ਕਿ ਪਰਮੇਸ਼ਵਰ ਉਨ੍ਹਾਂ ਨੂੰ ਬਚਾਉਣ ਲਈ ਉਸ ਨੂੰ ਇਸਤੇਮਾਲ ਕਰ ਰਿਹਾ ਹੈ, ਪਰ ਉਹ ਅਜਿਹਾ ਨਾ ਸਮਝੇ। 26ਅਗਲੇ ਹੀ ਦਿਨ ਮੋਸ਼ੇਹ ਨੇ ਦੋ ਇਸਰਾਏਲੀਆਂ ਨੂੰ ਆਪਸ ਵਿੱਚ ਲੜਦੇ ਵੇਖਿਆ। ਅਤੇ ਉਨ੍ਹਾਂ ਵਿੱਚ ਮੇਲ-ਮਿਲਾਪ ਕਰਾਉਣਾ ਚਾਹਿਆ ਇਹ ਕਹਿ ਕੇ, ‘ਹੇ ਪੁਰਖੋ, ਤੁਸੀਂ ਤਾਂ ਆਪਸ ਵਿੱਚ ਭਰਾ ਹੋ; ਫਿਰ ਕਿਉਂ ਇੱਕ-ਦੂਜੇ ਨੂੰ ਨਸ਼ਟ ਕਰਨਾ ਚਾਉਦੇ ਹੋ?’
27“ਪਰ ਦੂਸਰੇ ਨਾਲ ਬੇਇਨਸਾਫ਼ੀ ਕਰਨ ਵਾਲੇ ਆਦਮੀ ਨੇ ਮੋਸ਼ੇਹ ਨੂੰ ਇੱਕ ਪਾਸੇ ਧੱਕਾ ਮਾਰਿਆਂ ਅਤੇ ਕਿਹਾ, ‘ਤੈਨੂੰ ਕਿਸ ਨੇ ਸਾਡੇ ਉੱਤੇ ਹਾਕਮ ਅਤੇ ਨਿਆਂਕਾਰ ਬਣਾਇਆ? 28ਕੀ ਤੂੰ ਮੈਨੂੰ ਵੀ ਮਾਰਨਾ ਚਾਹੁੰਦਾ ਹੈ ਜਿਸ ਤਰ੍ਹਾਂ ਤੂੰ ਕੱਲ ਉਸ ਮਿਸਰੀ ਨੂੰ ਮਾਰਿਆ ਸੀ?’#7:28 ਕੂਚ 2:14 29ਜਦੋਂ ਮੋਸ਼ੇਹ ਨੇ ਇਹ ਸੁਣਿਆ, ਤਾਂ ਉਹ ਮਿਦਯਾਨ ਦੇਸ਼ ਵੱਲ ਨੂੰ ਭੱਜ ਗਿਆ, ਅਤੇ ਜਿੱਥੇ ਉਹ ਇੱਕ ਅਜਨਬੀ ਹੋ ਕੇ ਰਹਿਣ ਲੱਗਾ ਅਤੇ ਉੱਥੇ ਉਹ ਦੇ ਦੋ ਪੁੱਤਰ ਹੋਏ।
30“ਅਤੇ ਜਦੋਂ ਚਾਲੀ ਸਾਲ ਬੀਤ ਗਏ, ਤਾਂ ਸੀਨਈ ਦੇ ਪਹਾੜ ਦੇ ਉਜਾੜ ਵਿੱਚ ਇੱਕ ਸਵਰਗਦੂਤ ਅੱਗ ਦੀ ਲਾਟ ਵਿੱਚ ਝਾੜੀ ਵਿੱਚ ਮੋਸ਼ੇਹ ਨੂੰ ਦਰਸ਼ਣ ਦਿੱਤਾ। 31ਜਦੋਂ ਮੋਸ਼ੇਹ ਨੇ ਇਹ ਵੇਖਿਆ, ਤਾਂ ਉਹ ਵੇਖ ਕੇ ਹੈਰਾਨ ਰਹਿ ਗਿਆ। ਜਦੋਂ ਉਹ ਨੇੜਿਓਂ ਦੇਖਣ ਲਈ ਗਿਆ, ਉਸ ਨੇ ਪ੍ਰਭੂ ਨੂੰ ਇਹ ਕਹਿੰਦੇ ਸੁਣਿਆ: 32‘ਕਿ ਮੈਂ ਤੇਰੇ ਪਿਉ-ਦਾਦਿਆਂ ਦਾ ਪਰਮੇਸ਼ਵਰ ਹਾਂ, ਅਬਰਾਹਾਮ ਦਾ ਪਰਮੇਸ਼ਵਰ, ਇਸਹਾਕ ਦਾ ਪਰਮੇਸ਼ਵਰ ਅਤੇ ਯਾਕੋਬ ਦਾ ਪਰਮੇਸ਼ਵਰ ਹਾਂ।’#7:32 ਕੂਚ 3:6 ਤਦ ਮੋਸ਼ੇਹ ਡਰ ਦੇ ਮਾਰੇ ਕੰਬ ਉੱਠਿਆ ਅਤੇ ਦੇਖਣ ਦਾ ਹੌਸਲਾ ਨਾ ਕਰ ਸਕਿਆ।
33“ਤਦ ਪ੍ਰਭੂ ਨੇ ਉਹ ਨੂੰ ਆਖਿਆ, ‘ਤੂੰ ਆਪਣੀ ਜੁੱਤੀ ਲਾਹ ਦੇ, ਕਿਉਂ ਜੋ ਇਹ ਥਾਂ ਜਿੱਥੇ ਤੂੰ ਖਲੋਤਾ ਇਹ ਪਵਿੱਤਰ ਜਗ੍ਹਾ ਹੈ। 34ਮੈਂ ਸੱਚ-ਮੁੱਚ ਮਿਸਰ ਵਿੱਚ ਆਪਣੇ ਲੋਕਾਂ ਉੱਤੇ ਜ਼ੁਲਮ ਵੇਖੇ ਹਨ। ਮੈਂ ਉਨ੍ਹਾਂ ਦੇ ਹੌਂਕੇ ਸੁਣੇ ਹਨ ਅਤੇ ਉਨ੍ਹਾਂ ਨੂੰ ਅਜ਼ਾਦ ਕਰਨ ਲਈ ਉਤਰ ਆਇਆ ਹਾਂ। ਸੋ ਹੁਣ ਤੂੰ ਆ, ਅਤੇ ਮੈਂ ਤੈਨੂੰ ਮਿਸਰ ਵਿੱਚ ਵਾਪਸ ਭੇਜਾਂਗਾ।’#7:34 ਕੂਚ 3:5,7,8,10
35“ਇਹ ਉਹੀ ਮੋਸ਼ੇਹ ਹੈ ਜਿਸ ਦਾ ਇਸਰਾਏਲੀਆਂ ਨੇ ਇਨਕਾਰ ਕਰਕੇ ਕਿਹਾ, ‘ਤੈਨੂੰ ਕਿਸ ਨੇ ਸਾਡੇ ਉੱਤੇ ਹਾਕਮ ਅਤੇ ਨਿਆਂਕਾਰ ਬਣਾਇਆ?’ ਉਸ ਨੂੰ ਪਰਮੇਸ਼ਵਰ ਨੇ ਉਸ ਸਵਰਗਦੂਤ ਦੇ ਰਾਹੀ ਜੋ ਉਸ ਨੂੰ ਝਾੜੀ ਵਿੱਚ ਵਿਖਾਈ ਦਿੱਤਾ ਸੀ, ਅਧਿਕਾਰੀ ਅਤੇ ਅਜ਼ਾਦੀ ਦੇਣ ਵਾਲਾ ਕਰਕੇ ਭੇਜਿਆ। 36ਉਹ ਉਨ੍ਹਾਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਕੱਢ ਲਿਆਇਆ ਅਤੇ ਮਿਸਰ ਵਿੱਚ, ਲਾਲ ਸਾਗਰ ਵਿੱਚ ਅਤੇ ਚਾਲੀ ਸਾਲ ਜੰਗਲ ਵਿੱਚ ਅਚਰਜ਼ ਕੰਮ ਅਤੇ ਚਿੰਨ੍ਹ ਵੇਖੇ।
37“ਇਹ ਮੋਸ਼ੇਹ ਹੈ ਜਿਸ ਨੇ ਇਸਰਾਏਲੀਆਂ ਨੂੰ ਕਿਹਾ, ‘ਪਰਮੇਸ਼ਵਰ ਤੁਹਾਡੇ ਲਈ ਮੇਰੇ ਵਰਗੇ ਨਬੀ ਨੂੰ ਤੁਹਾਡੇ ਆਪਣੇ ਲੋਕਾਂ ਵਿੱਚੋਂ ਖੜ੍ਹਾ ਕਰੇਗਾ।’#7:37 ਬਿਵ 18:15 38ਇਹ ਉਹ ਹੀ ਹੈ ਜੋ ਉਜਾੜ ਦੀ ਸਭਾ ਵਿੱਚ, ਉਸ ਸਵਰਗਦੂਤ ਦੇ ਨਾਲ ਜਿਹੜਾ ਸੀਨਈ ਦੇ ਪਹਾੜ ਉੱਤੇ ਉਹ ਦੇ ਨਾਲ ਬੋਲਿਆ, ਅਤੇ ਸਾਡੇ ਪਿਉ-ਦਾਦਿਆਂ ਦੇ ਨਾਲ ਸੀ; ਅਤੇ ਉਸ ਨੇ ਪਰਮੇਸ਼ਵਰ ਦੇ ਜਿਉਂਦੇ ਬਚਨ ਪਾਏ ਕਿ ਸਾਨੂੰ ਦੇਵੇ।
39“ਪਰ ਸਾਡੇ ਪਿਉ-ਦਾਦਿਆਂ ਨੇ ਉਹ ਦੇ ਅਧੀਨ ਹੋਣਾ ਨਾ ਚਾਹਿਆ। ਸਗੋਂ, ਉਹ ਨੂੰ ਠੁਕਰਾ ਦਿੱਤਾ ਅਤੇ ਉਨ੍ਹਾਂ ਦਾ ਦਿਲ ਮਿਸਰ ਦੀ ਵੱਲ ਫਿਰਿਆ। 40ਅਤੇ ਉਨ੍ਹਾਂ ਨੇ ਹਾਰੋਨ ਨੂੰ ਆਖਿਆ, ‘ਕਿ ਸਾਡੇ ਲਈ ਦੇਵਤਾ ਬਣਾ ਜਿਹੜਾ ਸਾਡੇ ਅੱਗੇ-ਅੱਗੇ ਚੱਲੇ। ਕਿਉਂ ਜੋ ਇਹ ਮੋਸ਼ੇਹ ਜਿਹੜਾ ਸਾਨੂੰ ਮਿਸਰ ਦੇਸ਼ ਵਿੱਚੋਂ ਤਾਂ ਕੱਢ ਲਿਆਇਆ ਪਰ ਸਾਨੂੰ ਨਹੀਂ ਪਤਾ ਕਿ ਉਸ ਨੂੰ ਕੀ ਹੋਇਆ ਹੈ!’#7:40 ਕੂਚ 32:1 41ਇਹ ਉਹ ਸਮਾਂ ਸੀ ਜਦੋਂ ਉਨ੍ਹਾਂ ਨੇ ਵੱਛੇ ਦੇ ਰੂਪ ਵਿੱਚ ਇੱਕ ਮੂਰਤੀ ਬਣਾਈ। ਅਤੇ ਉਸ ਮੂਰਤੀ ਅੱਗੇ ਬਲੀ ਚੜਾਈ ਅਤੇ ਆਪਣੇ ਹੱਥਾਂ ਦੇ ਕੰਮ ਉੱਤੇ ਖੁਸ਼ੀ ਮਨਾਈ। 42ਪਰ ਪਰਮੇਸ਼ਵਰ ਨੇ ਉਨ੍ਹਾਂ ਤੋਂ ਮੁੱਖ ਮੋੜ ਲਿਆ ਅਤੇ ਉਨ੍ਹਾਂ ਨੂੰ ਸੂਰਜ, ਚੰਦ ਅਤੇ ਤਾਰਿਆਂ ਦੀ ਪੂਜਾ ਕਰਨ ਲਈ ਦੇ ਦਿੱਤਾ। ਜਿਵੇਂ ਕਿ ਇਹ ਨਬੀਆਂ ਦੀ ਪੋਥੀ ਵਿੱਚ ਲਿਖੀਆਂ ਗੱਲਾਂ ਨਾਲ ਮੇਲ ਖਾਧੀ ਹੈ:
“ਹੇ ਇਸਰਾਏਲ ਦੇ ਘਰਾਣੇ,
ਕੀ ਤੁਸੀਂ ਉਜਾੜ ਵਿੱਚ ਚਾਲੀ ਸਾਲਾਂ ਤੱਕ ਭੇਟਾਂ ਅਤੇ ਬਲੀਦਾਨ ਮੈਨੂੰ ਹੀ ਚੜ੍ਹਾਏ?”
43ਅਤੇ ਤੁਸੀਂ ਮੋਲੋਕ ਦੀ ਮੂਰਤੀ ਦੇ ਤੰਬੂ ਨੂੰ ਚੁੱਕ ਲਿਆ ਹੈ,
ਅਤੇ ਤੁਹਾਡਾ ਤਾਰੇ ਦਾ ਦੇਵਤਾ ਰਿਫ਼ਾਨ,
ਅਰਥਾਤ ਤੁਸੀਂ ਆਪਣੇ ਪੂਜਣ ਲਈ ਉਨ੍ਹਾਂ ਮੂਰਤਾਂ ਨੂੰ ਬਣਾਇਆ।
ਇਸ ਲਈ ਮੈਂ ਤੁਹਾਨੂੰ ਕੱਢ#7:43 ਆਮੋ 5:25-27 (ਸੈਪਟੁਜਿੰਟ ਦੇਖੋ) ਕੇ ਬਾਬੇਲ ਤੋਂ ਪਰੇ ਲੈ ਜਾ ਕੇ ਵਸਾਵਾਂਗਾ।#7:43 ਮੋਲੋਕ ਸੂਰਜ ਅਤੇ ਅਕਾਸ਼ ਦਾ ਕਨਾਨੀ ਦੇਵਤਾ ਸੀ, ਅਤੇ ਰਿਫ਼ਾਨ ਸ਼ਾਇਦ ਸ਼ਨੀਵਾਰ ਗ੍ਰਹਿ ਦਾ ਮਿਸਰੀ ਦੇਵਤਾ ਸੀ।
44“ਸਾਡੇ ਪੂਰਵਜਾਂ ਕੋਲ ਉਜਾੜ ਵਿੱਚ ਕਾਨੂੰਨ ਦੇ ਨੇਮ ਦਾ ਤੰਬੂ ਸੀ। ਇਹ ਉਸ ਰੂਪ ਵਿੱਚ ਬਣਾਇਆ ਗਿਆ ਜਿਵੇਂ ਪਰਮੇਸ਼ਵਰ ਨੇ ਮੋਸ਼ੇਹ ਨੂੰ ਨਿਰਦੇਸ਼ ਦਿੱਤੇ ਸੀ, ਉਸ ਨਮੂਨੇ ਦੇ ਅਨੁਸਾਰ ਜੋ ਉਸ ਨੇ ਵੇਖਿਆ ਸੀ। 45ਤੰਬੂ ਪ੍ਰਾਪਤ ਕਰਨ ਤੋਂ ਬਾਅਦ, ਸਾਡੇ ਪੂਰਵਜਾਂ ਤੋਂ ਲੈ ਕੇ ਯੇਹੋਸ਼ੁਆ ਦੇ ਨਾਲ ਇਸ ਜਗ੍ਹਾ ਤੇ ਲਿਆਏ, ਜਿਸ ਸਮੇਂ ਉਹਨਾਂ ਨੇ ਉਨ੍ਹਾਂ ਕੌਮਾਂ ਉੱਤੇ ਅਧਿਕਾਰ ਪਾਇਆ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਸਾਡੇ ਪਿਉ-ਦਾਦਿਆਂ ਦੇ ਅੱਗਿਓਂ ਕੱਢ ਦਿੱਤਾ। ਅਤੇ ਉਹ ਤੰਬੂ ਰਾਜਾ ਦਾਵੀਦ ਦੇ ਦਿਨਾਂ ਤੱਕ ਰਿਹਾ, 46ਦਾਵੀਦ ਉੱਤੇ ਪਰਮੇਸ਼ਵਰ ਦੀ ਕਿਰਪਾ ਹੋਈ ਤਾਂ ਦਾਵੀਦ ਨੇ ਪ੍ਰਾਰਥਨਾ ਕੀਤੀ ਕਿ ਉਹ ਯਾਕੋਬ ਦੇ ਲਈ ਇੱਕ ਨਿਵਾਸ ਸਥਾਨ ਬਣਾਵੇ। 47ਪਰ ਉਹ ਸ਼ਲੋਮੋਨ ਰਾਜਾ ਹੀ ਸੀ ਜਿਸ ਨੇ ਉਸ ਦੇ ਲਈ ਇੱਕ ਭਵਨ ਬਣਾਇਆ।
48“ਪਰ, ਅੱਤ ਮਹਾਨ ਪਰਮੇਸ਼ਵਰ ਮਨੁੱਖਾਂ ਦੇ ਹੱਥਾਂ ਦੇ ਬਣਾਏ ਹੋਏ ਮੰਦਰਾਂ ਵਿੱਚ ਨਹੀਂ ਰਹਿੰਦਾ।” ਜਿਸ ਤਰ੍ਹਾਂ ਨਬੀ ਕਹਿੰਦਾ ਹੈ:
49“ ‘ਸਵਰਗ ਮੇਰਾ ਸਿੰਘਾਸਣ ਹੈ,
ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ।
ਤੁਸੀਂ ਮੇਰੇ ਲਈ ਕਿਹੋ ਜਿਹਾ ਭਵਨ ਬਣਾਓਗੇ?
ਪ੍ਰਭੂ ਆਖਦਾ ਹੈ।
ਅਤੇ ਜਾਂ ਮੇਰਾ ਆਰਾਮ ਕਰਨ ਦਾ ਸਥਾਨ ਕਿੱਥੇ ਹੋਵੇਗਾ?
50ਕੀ ਮੇਰੇ ਹੀ ਹੱਥਾਂ ਨੇ ਇਹ ਸਭ ਵਸਤਾਂ ਨਹੀਂ ਬਣਾਈਆਂ?’#7:50 ਯਸ਼ਾ 66:1,2
51“ਹੇ ਕਠੋਰ ਦਿਲ ਵਾਲੇ ਲੋਕੋ! ਤੁਸੀਂ ਜੋ ਪਰਮੇਸ਼ਵਰ ਦੇ ਸੰਦੇਸ਼ ਨੂੰ ਨਹੀਂ ਸੁਣਿਆ। ਤੁਸੀਂ ਵੀ ਉਸ ਤਰ੍ਹਾਂ ਕਰਦੇ ਹੋ ਜਿਵੇਂ ਤੁਹਾਡੇ ਪਿਉ-ਦਾਦਿਆਂ ਨੇ ਕੀਤਾ: ਤੁਸੀਂ ਸਦਾ ਪਵਿੱਤਰ ਆਤਮਾ ਦਾ ਵਿਰੋਧ ਕਰਦੇ ਆਏ ਹੋ! 52ਨਬੀਆਂ ਵਿੱਚੋਂ ਕਿਸਨੂੰ ਤੁਹਾਡੇ ਪਿਉ-ਦਾਦਿਆਂ ਨੇ ਨਹੀਂ ਸਤਾਇਆ? ਸਗੋਂ ਉਨ੍ਹਾਂ ਨੇ ਉਸ ਧਰਮੀ ਦਾਸ#7:52 ਯਿਸ਼ੂ ਦੇ ਆਉਣ ਦੀ ਖ਼ਬਰ ਦੇਣ ਵਾਲਿਆਂ ਨੂੰ ਵੱਢ ਸੁੱਟਿਆ। ਜਿਸ ਦੇ ਹੁਣ ਤੁਸੀਂ ਫੜਵਾਉਣ ਵਾਲੇ ਅਤੇ ਖੂਨੀ ਹੋਏ। 53ਤੁਸੀਂ ਬਿਵਸਥਾ ਨੂੰ ਜਿਹੜੀ ਸਵਰਗਦੂਤਾਂ ਦੇ ਰਾਹੀਂ ਠਹਿਰਾਈ ਗਈ ਸੀ ਪਾਇਆ ਪਰ ਉਹ ਦੀ ਪਾਲਨਾ ਨਾ ਕੀਤੀ।”
ਸਟੀਫਨ ਉੱਤੇ ਪਥਰਾਓ
54ਜਦੋਂ ਮਹਾਂ ਸਭਾ ਦੇ ਮੈਂਬਰਾਂ ਨੇ ਇਹ ਸੁਣਿਆ, ਤਾਂ ਉਹ ਬੜੇ ਗੁੱਸੇ ਵਿੱਚ ਆਏ ਅਤੇ ਉਹ ਉਸ ਦੇ ਵਿਰੁੱਧ ਆਪਣੇ ਦੰਦ ਪੀਹਣ ਲੱਗੇ। 55ਪਰ ਸਟੀਫਨ, ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ, ਅਕਾਸ਼ ਦੀ ਵੱਲ ਦੇਖਿਆ ਅਤੇ ਪਰਮੇਸ਼ਵਰ ਦੀ ਮਹਿਮਾ, ਅਤੇ ਯਿਸ਼ੂ ਨੂੰ ਪਰਮੇਸ਼ਵਰ ਦੇ ਸੱਜੇ ਹੱਥ ਖੜ੍ਹਾ ਵੇਖਿਆ। 56“ਵੇਖੋ,” ਉਸ ਨੇ ਕਿਹਾ, “ਮੈਂ ਅਕਾਸ਼ ਨੂੰ ਖੁੱਲ੍ਹਾ ਅਤੇ ਮਨੁੱਖ ਦੇ ਪੁੱਤਰ ਨੂੰ ਪਰਮੇਸ਼ਵਰ ਦੇ ਸੱਜੇ ਹੱਥ ਖੜ੍ਹਾ ਵੇਖਦਾ ਹਾਂ।”
57ਪਰ ਉਨ੍ਹਾਂ ਨੇ ਉੱਚੀ ਆਵਾਜ਼ ਨਾਲ ਡੰਡ ਪਾ ਕੇ ਆਪਣੇ ਕੰਨ ਬੰਦ ਕਰ ਲਏ, ਅਤੇ ਇੱਕ ਮਨ ਹੋ ਕੇ ਉਹ ਦੇ ਉੱਤੇ ਟੁੱਟ ਪਏ। 58ਅਤੇ ਉਸ ਨੂੰ ਸ਼ਹਿਰ ਵਿੱਚੋਂ ਬਾਹਰ ਕੱਢ ਕੇ ਉਸ ਉੱਤੇ ਪਥਰਾਹ ਕੀਤਾ। ਇਸ ਦੌਰਾਨ, ਗਵਾਹਾਂ ਨੇ ਆਪਣੇ ਕੱਪੜੇ ਸੌਲੁਸ ਨਾਮ ਦੇ ਇੱਕ ਜਵਾਨ ਦੇ ਪੈਰਾਂ ਕੋਲ ਲਾਹ ਕੇ ਰੱਖ ਦਿੱਤੇ।
59ਜਦੋਂ ਉਹ ਉਸ ਨੂੰ ਪੱਥਰ ਮਾਰ ਰਹੇ ਸਨ, ਸਟੀਫਨ ਨੇ ਪ੍ਰਾਰਥਨਾ ਕੀਤੀ, “ਹੇ ਪ੍ਰਭੂ ਯਿਸ਼ੂ, ਮੇਰੀ ਆਤਮਾ ਨੂੰ ਆਪਣੇ ਕੋਲ ਲੈ ਲਵੋ।” 60ਫਿਰ ਉਹ ਗੋਡਿਆਂ ਤੇ ਆ ਕੇ ਉੱਚੀ ਆਵਾਜ਼ ਨਾਲ ਬੋਲਿਆ, “ਹੇ ਪ੍ਰਭੂ, ਇਹ ਪਾਪ ਉਨ੍ਹਾਂ ਦੇ ਉੱਪਰ ਨਾ ਆਵੇ।” ਅਤੇ ਇਹ ਕਹਿ ਕੇ, ਉਹ ਮਰ ਗਿਆ।
Àwon tá yàn lọ́wọ́lọ́wọ́ báyìí:
ਰਸੂਲਾਂ 7: OPCV
Ìsàmì-sí
Pín
Daako

Ṣé o fẹ́ fi àwọn ohun pàtàkì pamọ́ sórí gbogbo àwọn ẹ̀rọ rẹ? Wọlé pẹ̀lú àkántì tuntun tàbí wọlé pẹ̀lú àkántì tí tẹ́lẹ̀
Biblica® Open ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
Biblica® Open Punjabi Contemporary Version™
Copyright © 2022, 2025 by Biblica, Inc.
“Biblica” ਸੰਯੁਕਤ ਰਾਜ ਅਮਰੀਕਾ ਦੇ ਪੇਟੈਂਟ ਅਤੇ ਟ੍ਰੇਡਮਾਰਕ ਦਫ਼ਤਰ ਵਿੱਚ Biblica, Inc. ਵੱਲੋਂ ਰਜਿਸਟਰਡ ਟ੍ਰੇਡਮਾਰਕ ਹੈ।
“Biblica” is a trademark registered in the United States Patent and Trademark Office by Biblica, Inc.
See promoVersionInfo in metadata.xml for Creative Commons license.