ਕਹਾਉਤਾਂ 29
29
1ਜੋ ਕੋਈ ਬਹੁਤੀਆਂ ਝਿੜਕਾਂ ਦੇ ਬਾਅਦ ਵੀ ਅੜੀਅਲ ਰਹਿੰਦਾ ਹੈ,
ਉਹ ਬਿਨਾਂ ਕਿਸੇ ਉਪਾਅ ਦੇ ਅਚਾਨਕ ਤਬਾਹ ਹੋ ਜਾਵੇਗਾ।
2ਜਦੋਂ ਧਰਮੀ ਵਧਦੇ ਹਨ ਤਾਂ ਲੋਕ ਖੁਸ਼ ਹੁੰਦੇ ਹਨ,
ਜਦੋਂ ਦੁਸ਼ਟ ਰਾਜ ਕਰਦੇ ਹਨ ਤਾਂ ਲੋਕ ਹਉਕੇ ਭਰਦੇ ਹਨ।
3ਜਿਹੜਾ ਸਿਆਣਪ ਨੂੰ ਪਿਆਰ ਕਰਦਾ ਹੈ ਉਹ ਆਪਣੇ ਪਿਤਾ ਨੂੰ ਅਨੰਦ ਕਰਦਾ ਹੈ,
ਪਰ ਵੇਸਵਾਵਾਂ ਦਾ ਸਾਥੀ ਆਪਣਾ ਧਨ ਬਰਬਾਦ ਕਰਦਾ ਹੈ।
4ਨਿਆਉਂ ਨਾਲ ਇੱਕ ਰਾਜਾ ਦੇਸ਼ ਨੂੰ ਸਥਿਰ ਰੱਖਦਾ ਹੈ,
ਪਰ ਲੋਭੀ ਰਿਸ਼ਵਤ ਦੇ ਕੇ ਉਸ ਨੂੰ ਢਾਹ ਦਿੰਦੇ ਹਨ।
5ਜਿਹੜੇ ਆਪਣੇ ਗੁਆਂਢੀਆਂ ਦੀ ਚਾਪਲੂਸੀ ਕਰਦੇ ਹਨ,
ਉਹ ਉਸਦੇ ਪੈਰਾਂ ਲਈ ਜਾਲ ਵਿਛਾਉਂਦੇ ਹਨ।
6ਦੁਸ਼ਟ ਆਪਣੇ ਹੀ ਪਾਪ ਵਿੱਚ ਫਸ ਜਾਂਦੇ ਹਨ,
ਪਰ ਧਰਮੀ ਜੈਕਾਰਾ ਗਜਾਉਂਦੇ ਹਨ ਅਤੇ ਅਨੰਦ ਕਰਦੇ ਹਨ।
7ਧਰਮੀ ਨੂੰ ਗਰੀਬਾਂ ਦੇ ਨਿਆਂ ਦੀ ਚਿੰਤਾ ਹੁੰਦੀ ਹੈ,
ਪਰ ਦੁਸ਼ਟਾਂ ਨੂੰ ਅਜਿਹੀ ਚਿੰਤਾ ਨਹੀਂ ਹੁੰਦੀ ਹੈ।
8ਮਜ਼ਾਕ ਕਰਨ ਵਾਲੇ ਤਾਂ ਸ਼ਹਿਰ ਨੂੰ ਭੜਕਾਉਂਦੇ ਹਨ,
ਪਰ ਬੁੱਧਵਾਨ ਕ੍ਰੋਧ ਨੂੰ ਦੂਰ ਕਰਦੇ ਹਨ।
9ਜੇ ਕੋਈ ਬੁੱਧਵਾਨ ਮੂਰਖ ਦੇ ਨਾਲ ਅਦਾਲਤ ਵਿੱਚ ਜਾਂਦਾ ਹੈ,
ਮੂਰਖ ਗੁੱਸੇ ਵਿੱਚ ਆਉਂਦਾ ਹੈ ਅਤੇ ਮਖੌਲ ਕਰਦਾ ਹੈ ਅਤੇ ਉੱਥੇ ਸ਼ਾਂਤੀ ਨਹੀਂ ਰਹਿੰਦੀ।
10ਖੂਨ ਦੇ ਪਿਆਸੇ ਇਮਾਨਦਾਰ ਮਨੁੱਖ ਨੂੰ ਨਫ਼ਰਤ ਕਰਦੇ ਹਨ,
ਅਤੇ ਨੇਕ ਲੋਕਾਂ ਨੂੰ ਮਾਰਨ ਦੇ ਪਿੱਛੇ ਪਏ ਰਹਿੰਦੇ ਹਨ।
11ਮੂਰਖ ਆਪਣੇ ਗੁੱਸੇ ਵਿੱਚ ਸਾਰੀ ਗੱਲ ਖੋਲ ਦਿੰਦਾ ਹੈ,
ਪਰ ਬੁੱਧਵਾਨ ਆਪਣੇ ਮਨ ਨੂੰ ਰੋਕਦੇ ਅਤੇ ਸ਼ਾਂਤੀ ਲਿਆਉਂਦੇ ਹਨ।
12ਜੇਕਰ ਇੱਕ ਹਾਕਮ ਝੂਠ ਸੁਣਦਾ ਹੈ,
ਉਸ ਦੇ ਸਾਰੇ ਅਧਿਕਾਰੀ ਦੁਸ਼ਟ ਹੋ ਜਾਂਦੇ ਹਨ।
13ਗਰੀਬ ਅਤੇ ਜ਼ਾਲਮ ਇੱਕੋ ਸਮਾਨ ਹੈ,
ਯਾਹਵੇਹ ਦੋਹਾਂ ਦੀਆਂ ਅੱਖਾਂ ਨੂੰ ਚਾਨਣ ਦਿੰਦਾ ਹੈ।
14ਜੇ ਕੋਈ ਰਾਜਾ ਗਰੀਬਾਂ ਦਾ ਨਿਆਂ ਕਰਦਾ ਹੈ,
ਉਹ ਦੀ ਗੱਦੀ ਸਦਾ ਲਈ ਕਾਇਮ ਰਹੇਗੀ।
15ਇੱਕ ਡੰਡਾ ਅਤੇ ਇੱਕ ਝਿੜਕ ਬੁੱਧ ਦਿੰਦੀਆਂ ਹਨ,
ਪਰ ਜਿਹੜਾ ਬੱਚਾ ਬੇਮੁਹਾਰਾ ਛੱਡਿਆ ਜਾਂਦਾ ਹੈ, ਆਪਣੀ ਮਾਂ ਲਈ ਨਮੋਸ਼ੀ ਲਿਆਉਂਦਾ ਹੈ।
16ਜਦੋਂ ਦੁਸ਼ਟ ਪਰਬਲ ਹੁੰਦਾ ਹੈ ਤਾਂ ਪਾਪ ਵੀ ਕਰਦਾ ਹੈ,
ਪਰ ਧਰਮੀ ਉਹਨਾਂ ਦਾ ਡਿੱਗਣਾ ਵੇਖਣਗੇ।
17ਆਪਣੇ ਬੱਚਿਆਂ ਨੂੰ ਅਨੁਸ਼ਾਸਨ ਸਿਖਾ ਤਾਂ ਉਹ ਤੁਹਾਨੂੰ ਸੁੱਖ ਦੇਣਗੇ,
ਉਹ ਤੁਹਾਡੇ ਲਈ ਉਹ ਅਨੰਦ ਲਿਆਉਣਗੇ ਜੋ ਤੁਸੀਂ ਚਾਹੁੰਦੇ ਹੋ।
18ਜਿੱਥੇ ਦਰਸ਼ਨ ਨਹੀਂ ਉੱਥੇ ਲੋਕ ਬੇਮੋਹਾਰੇ ਹੋ ਜਾਂਦੇ ਹਨ,
ਪਰ ਜਿਹੜਾ ਬਿਵਸਥਾ ਦੀ ਪਾਲਣਾ ਕਰਦਾ ਹੈ ਉਹ ਧੰਨ ਹੈ।
19ਨੌਕਰਾਂ ਨੂੰ ਸਿਰਫ ਸ਼ਬਦਾਂ ਨਾਲ ਸੁਧਾਰਿਆ ਨਹੀਂ ਜਾ ਸਕਦਾ,
ਭਾਵੇਂ ਉਹ ਸਮਝਦੇ ਹਨ ਪਰ ਉਹ ਜਵਾਬ ਨਹੀਂ ਦੇਣਗੇ।
20ਕੀ ਤੁਸੀਂ ਕਿਸੇ ਨੂੰ ਵੇਖਦੇ ਹੋ ਜੋ ਜਲਦੀ ਨਾਲ ਬੋਲਦਾ ਹੈ?
ਮੂਰਖ ਤੋਂ ਉਹਨਾਂ ਨਾਲੋਂ ਵੱਧ ਆਸ ਹੈ।
21ਜਿਹੜਾ ਆਪਣੇ ਨੌਕਰ ਨੂੰ ਬਚਪਨ ਤੋਂ ਲਾਡਾਂ ਨਾਲ ਪਾਲਦਾ ਹੈ,
ਉਹ ਅਖ਼ੀਰ ਵਿੱਚ ਘਮੰਡੀ ਹੋ ਜਾਵੇਗਾ।
22ਕ੍ਰੋਧੀ ਵਿਅਕਤੀ ਝਗੜੇ ਨੂੰ ਭੜਕਾਉਂਦਾ ਹੈ,
ਅਤੇ ਗੁੱਸੇ ਵਾਲਾ ਵਿਅਕਤੀ ਬਹੁਤ ਸਾਰੇ ਪਾਪ ਕਰਦਾ ਹੈ।
23ਹੰਕਾਰ ਮਨੁੱਖ ਨੂੰ ਨੀਵਾਂ ਲਿਆਉਂਦਾ ਹੈ,
ਪਰ ਆਤਮਾ ਵਿੱਚ ਨੀਵਾਂ ਮਨੁੱਖ ਇੱਜ਼ਤ ਪਾਉਂਦਾ ਹੈ।
24ਚੋਰਾਂ ਦੇ ਸਾਥੀ ਆਪਣੇ ਹੀ ਦੁਸ਼ਮਣ ਹਨ,
ਉਹ ਸਹੁੰ ਖਾਂਦੇ ਹਨ ਪਰ ਗਵਾਹੀ ਦੇਣ ਦੀ ਹਿੰਮਤ ਨਹੀਂ ਕਰਦੇ।
25ਮਨੁੱਖ ਦਾ ਡਰ ਫਾਹੀ ਲਿਆਉਂਦਾ ਹੈ,
ਪਰ ਜੋ ਕੋਈ ਯਾਹਵੇਹ ਵਿੱਚ ਭਰੋਸਾ ਰੱਖਦਾ ਹੈ ਉਹ ਸੁਰੱਖਿਅਤ ਰਹਿੰਦਾ ਹੈ।
26ਬਹੁਤ ਸਾਰੇ ਇੱਕ ਸ਼ਾਸਕ ਦੇ ਨਾਲ ਸਰੋਤੇ ਭਾਲਦੇ ਹਨ,
ਪਰ ਮਨੁੱਖ ਦਾ ਨਿਆਂ ਯਾਹਵੇਹ ਵੱਲੋਂ ਕੀਤਾ ਜਾਂਦਾ ਹੈ।
27ਧਰਮੀ ਬੇਈਮਾਨ ਨੂੰ ਨਫ਼ਰਤ ਕਰਦਾ ਹੈ।
ਦੁਸ਼ਟ ਧਰਮੀ ਨੂੰ ਨਫ਼ਰਤ ਕਰਦਾ ਹੈ।
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.