ਕਹਾਉਤਾਂ 20
20
1ਮੈ ਇੱਕ ਮਜ਼ਾਕ ਹੈ ਅਤੇ ਸ਼ਰਾਬ ਇੱਕ ਝਗੜੇ ਵਾਲੀ ਚੀਜ਼ ਹੈ,
ਜੋ ਕੋਈ ਇਹਨਾਂ ਦੁਆਰਾ ਕੁਰਾਹੇ ਪਵੇ ਉਹ ਬੁੱਧੀਮਾਨ ਨਹੀਂ ਹੈ।
2ਇੱਕ ਰਾਜੇ ਦਾ ਕ੍ਰੋਧ ਬੱਬਰ ਸ਼ੇਰ ਦੀ ਗਰਜ ਵਰਗਾ ਹੈ,
ਜਿਹੜਾ ਉਸ ਨੂੰ ਗੁੱਸਾ ਚੜ੍ਹਾਉਂਦਾ ਹੈ ਉਹ ਆਪਣੀ ਹੀ ਜਾਨ ਗੁਆ ਲੈਂਦਾ ਹੈ।
3ਝਗੜੇ ਤੋਂ ਬਚਣਾ ਮਾਣ ਦੀ ਗੱਲ ਹੈ,
ਪਰ ਹਰੇਕ ਮੂਰਖ ਝਗੜਾ ਕਰਨ ਵਿੱਚ ਕਾਹਲਾ ਹੁੰਦਾ ਹੈ।
4ਆਲਸੀ ਠੰਡ ਦੇ ਮਾਰੇ ਹਲ ਨਹੀਂ ਵਾਹੁੰਦਾ,
ਇਸ ਲਈ ਉਹ ਵਾਢੀ ਦੇ ਸਮੇਂ ਦੇਖਣਗੇ ਪਰ ਕੁਝ ਨਹੀਂ ਲੱਭੇਗਾ।
5ਮਨੁੱਖ ਦੇ ਮਨ ਦੇ ਮਕਸਦ ਡੂੰਘੇ ਪਾਣੀ ਵਰਗੇ ਹਨ,
ਪਰ ਜਿਸ ਕੋਲ ਸਮਝ ਹੈ ਉਹ ਉਹਨਾਂ ਨੂੰ ਕੱਢ ਲੈਂਦਾ ਹੈ।
6ਬਹੁਤ ਸਾਰੇ ਅਟੱਲ ਪਿਆਰ ਦਾ ਦਾਅਵਾ ਕਰਦੇ ਹਨ,
ਪਰ ਇੱਕ ਵਫ਼ਾਦਾਰ ਵਿਅਕਤੀ ਕੌਣ ਲੱਭ ਸਕਦਾ ਹੈ?
7ਧਰਮੀ ਲੋਕ ਨਿਰਦੋਸ਼ ਜੀਵਨ ਜੀਉਂਦੇ ਹਨ,
ਉਹਨਾਂ ਦੇ ਮਗਰੋਂ ਉਹਨਾਂ ਦੇ ਪੁੱਤਰ ਧੰਨ ਹੁੰਦੇ ਹਨ!
8ਜਦੋਂ ਇੱਕ ਰਾਜਾ ਨਿਆਂ ਕਰਨ ਲਈ ਆਪਣੇ ਸਿੰਘਾਸਣ ਉੱਤੇ ਬੈਠਦਾ ਹੈ,
ਉਹ ਆਪਣੀਆਂ ਅੱਖਾਂ ਨਾਲ ਸਾਰੀਆਂ ਬੁਰਾਈਆਂ ਨੂੰ ਜਿੱਤ ਲੈਂਦਾ ਹੈ।
9ਕੌਣ ਆਖ ਸਕਦਾ ਹੈ, “ਮੈਂ ਆਪਣੇ ਮਨ ਨੂੰ ਸ਼ੁੱਧ ਰੱਖਿਆ ਹੈ,
ਮੈਂ ਸ਼ੁੱਧ ਅਤੇ ਪਾਪ ਰਹਿਤ ਹਾਂ”?
10ਘੱਟ ਵੱਧ ਵੱਟੇ ਅਤੇ ਘੱਟ ਵੱਧ ਨਾਪ,
ਯਾਹਵੇਹ ਦੋਵਾਂ ਨੂੰ ਨਫ਼ਰਤ ਕਰਦਾ ਹੈ।
11ਛੋਟੇ ਬੱਚੇ ਵੀ ਆਪਣੇ ਕੰਮਾਂ ਤੋਂ ਜਾਣੇ ਜਾਂਦੇ ਹਨ,
ਕੀ ਉਹਨਾਂ ਦੇ ਚਾਲ-ਚਲਣ ਸੱਚ-ਮੁੱਚ ਸ਼ੁੱਧ ਅਤੇ ਨੇਕ ਹਨ ਜਾਂ ਨਹੀਂ?
12ਸੁਣਨ ਵਾਲੇ ਕੰਨ ਅਤੇ ਵੇਖਣ ਵਾਲੀਆਂ ਅੱਖਾਂ,
ਯਾਹਵੇਹ ਨੇ ਦੋਹਾਂ ਨੂੰ ਬਣਾਇਆ ਹੈ।
13ਨੀਂਦ ਨੂੰ ਪਿਆਰ ਨਾ ਕਰ ਕਿਤੇ ਤੂੰ ਗਰੀਬ ਨਾ ਹੋ ਜਾਵੇ,
ਜਾਗਦੇ ਰਹੋ ਕਿ ਤੁਹਾਡੇ ਕੋਲ ਭੋਜਨ ਬਹੁਤ ਹੋਵੇ।
14“ਇਹ ਚੰਗਾ ਨਹੀਂ ਹੈ, ਇਹ ਚੰਗਾ ਨਹੀਂ ਹੈ!” ਖਰੀਦਦਾਰ ਕਹਿੰਦਾ ਹੈ,
ਫਿਰ ਚਲਾ ਜਾਂਦਾ ਹੈ ਅਤੇ ਖਰੀਦਦਾਰੀ ਬਾਰੇ ਸ਼ੇਖੀ ਮਾਰਦਾ ਹੈ।
15ਸੋਨਾ ਅਤੇ ਹੀਰੇ ਮੋਤੀ ਬਹੁਤ ਹਨ,
ਪਰ ਗਿਆਨ ਬੋਲਣ ਵਾਲੇ ਬੁੱਲ ਇੱਕ ਦੁਰਲੱਭ ਗਹਿਣਾ ਹਨ।
16ਜਿਹੜਾ ਪਰਦੇਸੀ ਦਾ ਜ਼ਮਾਨਤੀ ਹੋਵੇ ਉਹ ਦੇ ਕੱਪੜੇ ਲਾਹ ਲੈ,
ਅਤੇ ਜਿਹੜਾ ਓਪਰੀ ਔਰਤ ਦਾ ਜ਼ਮਾਨਤੀ ਹੋਵੇ ਉਹ ਦਾ ਕੁਝ ਗਹਿਣੇ ਰੱਖ ਲੈ।
17ਧੋਖੇ ਨਾਲ ਕਮਾਇਆ ਹੋਇਆ ਭੋਜਨ ਮਿੱਠਾ ਹੁੰਦਾ ਹੈ,
ਪਰ ਅੰਤ ਵਿੱਚ ਉਸਦਾ ਮੂੰਹ ਕੰਕਰਾਂ ਨਾਲ ਭਰ ਜਾਂਦਾ ਹੈ।
18ਯੋਜਨਾਵਾਂ ਸਲਾਹ ਲੈ ਕੇ ਸਥਾਪਿਤ ਕੀਤੀਆਂ ਜਾਂਦੀਆਂ ਹਨ,
ਸੋ ਤੂੰ ਚੰਗੀ ਸਲਾਹ ਲੈ ਕੇ ਯੁੱਧ ਕਰ।
19ਇੱਕ ਚੁਗ਼ਲੀ ਇੱਕ ਵਿਸ਼ਵਾਸ ਨੂੰ ਧੋਖਾ ਦਿੰਦੀ ਹੈ,
ਇਸ ਲਈ ਉਸ ਵਿਅਕਤੀ ਤੋਂ ਬਚੋ ਜੋ ਬਹੁਤ ਜ਼ਿਆਦਾ ਬੋਲਦਾ ਹੈ।
20ਜੇ ਕੋਈ ਆਪਣੇ ਪਿਤਾ ਜਾਂ ਮਾਤਾ ਨੂੰ ਸਰਾਪ ਦੇਵੇ,
ਹਨੇਰੇ ਵਿੱਚ ਉਹ ਦਾ ਦੀਵਾ ਬੁੱਝ ਜਾਵੇਗਾ।
21ਜਲਦੀ ਨਾਲ ਮਿਲੀ ਹੋਈ ਮਿਰਾਸ,
ਅੰਤ ਵਿੱਚ ਮੁਬਾਰਕ ਨਹੀਂ ਹੋਵੇਗੀ।
22ਇਹ ਨਾ ਕਹੋ, “ਮੈਂ ਤੁਹਾਨੂੰ ਇਸ ਗਲਤੀ ਦਾ ਬਦਲਾ ਦਿਆਂਗਾ!”
ਯਾਹਵੇਹ ਦੀ ਉਡੀਕ ਕਰੋ, ਅਤੇ ਉਹ ਤੁਹਾਡਾ ਬਦਲਾ ਲਵੇਗਾ।
23ਘੱਟ ਵੱਧ ਤੋਲਣ ਨੂੰ ਯਾਹਵੇਹ ਨਫ਼ਰਤ ਕਰਦਾ ਹੈ,
ਅਤੇ ਬੇਈਮਾਨ ਤੱਕੜੀ ਉਸਨੂੰ ਪ੍ਰਸੰਨ ਨਹੀਂ ਕਰਦੀ।
24ਮਨੁੱਖ ਦੇ ਕਦਮਾਂ ਨੂੰ ਯਾਹਵੇਹ ਹੀ ਚਲਾਉਂਦਾ ਹੈ,
ਤਾਂ ਕੋਈ ਆਪਣਾ ਰਾਹ ਕਿਵੇਂ ਸਮਝ ਸਕਦਾ ਹੈ?
25ਜੇ ਬਿਨ੍ਹਾਂ ਵਿਚਾਰੇ ਕੋਈ ਆਖੇ ਕਿ ਇਹ ਵਸਤ ਪਵਿੱਤਰ ਹੈ,
ਅਤੇ ਸੁੱਖਣਾ ਸੁੱਖ ਕੇ ਪੁੱਛਣ ਲੱਗੇ ਤਾਂ ਉਹ ਉਸ ਆਦਮੀ ਲਈ ਫਾਹੀ ਹੈ।
26ਇੱਕ ਬੁੱਧੀਮਾਨ ਰਾਜਾ ਦੁਸ਼ਟਾਂ ਨੂੰ ਜਿੱਤਦਾ ਹੈ,
ਅਤੇ ਉਹਨਾਂ ਉੱਤੇ ਪਹੀਆ ਚਲਾ ਦਿੰਦਾ ਹੈ।
27ਮਨੁੱਖ ਦੀ ਆਤਮਾ ਯਾਹਵੇਹ ਦਾ ਦੀਵਾ ਹੈ,
ਜਿਹੜਾ ਸਾਰੇ ਅੰਦਰਲੇ ਹਿੱਸਿਆਂ ਨੂੰ ਖੋਜਦਾ ਹੈ।
28ਪ੍ਰੇਮ ਅਤੇ ਵਫ਼ਾਦਾਰੀ ਰਾਜੇ ਨੂੰ ਸੁਰੱਖਿਅਤ ਰੱਖਦੀ ਹੈ।
ਪ੍ਰੇਮ ਦੁਆਰਾ ਉਸ ਦਾ ਸਿੰਘਾਸਣ ਸੁਰੱਖਿਅਤ ਬਣਿਆ ਰਹਿੰਦਾ ਹੈ।
29ਜੁਆਨਾਂ ਦੀ ਸ਼ਾਨ ਉਹਨਾਂ ਦੀ ਤਾਕਤ ਹੈ,
ਚਿੱਟੇ ਵਾਲ ਬੁੱਢਿਆਂ ਦੀ ਸ਼ਾਨ ਹਨ।
30ਸੱਟਾਂ ਲੱਗਣ ਨਾਲ ਜਿਹੜੇ ਜ਼ਖਮ ਹੁੰਦੇ ਹਨ ਉਹ ਬੁਰਿਆਈ ਨੂੰ ਸਾਫ਼ ਕਰਦੇ ਹਨ,
ਅਤੇ ਮਾਰ ਅੰਦਰਲੇ ਹਿੱਸਿਆਂ ਨੂੰ ਵੀ।
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.