ਕਹਾਉਤਾਂ 1
1
ਉਦੇਸ਼ ਅਤੇ ਵਿਸ਼ਾ
1ਇਸਰਾਏਲ ਦੇ ਰਾਜਾ ਦਾਵੀਦ ਦੇ ਪੁੱਤਰ ਸ਼ਲੋਮੋਨ ਦੀਆਂ ਕਹਾਉਤਾਂ
2ਬੁੱਧ ਅਤੇ ਸਿੱਖਿਆ ਪ੍ਰਾਪਤ ਕਰਨ ਲਈ,
ਸੂਝ ਦੇ ਸ਼ਬਦਾਂ ਨੂੰ ਸਮਝਣ ਲਈ,
3ਵਿਵੇਕਸ਼ੀਲ ਵਿਵਹਾਰ ਵਿੱਚ ਸਿੱਖਿਆ ਪ੍ਰਾਪਤ ਕਰਨ ਲਈ,
ਉਹ ਕਰਨਾ ਜੋ ਸਹੀ, ਜਾਇਜ਼ ਅਤੇ ਨਿਰਪੱਖ ਹੋਵੇ।
4ਸਧਾਰਨ ਲੋਕਾਂ ਨੂੰ ਸਮਝਦਾਰੀ
ਅਤੇ ਨੌਜਵਾਨਾਂ ਨੂੰ ਗਿਆਨ ਅਤੇ ਮੱਤ ਦੇਣ ਲਈ,
5ਤਾਂ ਜੋ ਬੁੱਧਵਾਨ ਸੁਣ ਕੇ ਆਪਣੇ ਗਿਆਨ ਨੂੰ ਵਧਾਵੇ,
ਅਤੇ ਸਮਝਦਾਰ ਬੁੱਧ ਦੀਆਂ ਜੁਗਤਾਂ ਪ੍ਰਾਪਤ ਕਰੇ।
6ਤਾਂ ਜੋ ਉਹ ਕਹਾਉਤਾਂ, ਦ੍ਰਿਸ਼ਟਾਂਤਾਂ
ਅਤੇ ਬੁੱਧਵਾਨਾਂ ਦੀਆਂ ਗੱਲਾਂ ਅਤੇ ਬੁਝਾਰਤਾਂ ਨੂੰ ਸਮਝਣ।
7ਯਾਹਵੇਹ ਦਾ ਡਰ ਗਿਆਨ ਦੀ ਸ਼ੁਰੂਆਤ ਹੈ,
ਪਰ ਮੂਰਖ ਬੁੱਧ ਅਤੇ ਸਿੱਖਿਆ ਨੂੰ ਤੁੱਛ ਜਾਣਦਾ ਹੈ।
ਭੂਮਿਕਾ: ਬੁੱਧ ਨੂੰ ਅਪਣਾਉਣ ਲਈ ਉਪਦੇਸ਼
ਪਾਪੀ ਮਨੁੱਖਾਂ ਦੇ ਸੱਦੇ ਦੇ ਵਿਰੁੱਧ ਚੇਤਾਵਨੀ
8ਹੇ ਮੇਰੇ ਪੁੱਤਰ, ਆਪਣੇ ਪਿਤਾ ਦਾ ਉਪਦੇਸ਼ ਸੁਣ,
ਅਤੇ ਆਪਣੀ ਮਾਂ ਦੀ ਸਿੱਖਿਆ ਨੂੰ ਨਾ ਛੱਡ;
9ਕਿਉਂਕਿ ਉਹ ਤੇਰੇ ਸਿਰ ਉੱਤੇ ਸ਼ਿੰਗਾਰਨ ਵਾਲਾ ਸਿਹਰਾ ਹੈ,
ਅਤੇ ਤੇਰੇ ਗਲੇ ਵਿੱਚ ਪਾਉਣ ਵਾਲਾ ਕੈਂਠਾ ਹੋਵੇਗਾ।
10ਹੇ ਮੇਰੇ ਪੁੱਤਰ, ਜੇ ਪਾਪੀ ਤੈਨੂੰ ਭਰਮਾਉਣ
ਉਹਨਾਂ ਦੀ ਗੱਲ ਨਾ ਮੰਨੀ।
11ਜੇਕਰ ਉਹ ਆਖਣ, “ਕਿ ਤੂੰ ਸਾਡੇ ਨਾਲ ਚੱਲ,
ਅਸੀਂ ਬੇਕਸੂਰ ਖੂਨ ਕਰਨ ਲਈ ਘਾਤ ਲਾਈਏ,
ਆਓ ਆਪਾਂ ਬੇਦੋਸ਼ਾਂ ਨੂੰ ਮਾਰਨ ਲਈ ਘਾਤ ਵਿੱਚ ਲੁੱਕ ਕੇ ਬੈਠੀਏ;
12ਆਓ, ਉਹਨਾਂ ਨੂੰ ਕਬਰ ਵਾਂਗੂੰ ਜੀਉਂਦਾ ਨਿਗਲ ਲਈਏ,
ਅਤੇ ਉਹਨਾਂ ਵਾਂਗੂੰ ਜਿਹੜੇ ਟੋਏ ਵਿੱਚ ਸਮਾ ਜਾਂਦੇ ਹਨ;
13ਅਸੀਂ ਹਰ ਤਰ੍ਹਾਂ ਦੀਆਂ ਕੀਮਤੀ ਵਸਤਾਂ ਪ੍ਰਾਪਤ ਕਰਾਂਗੇ
ਅਤੇ ਆਪਣੇ ਘਰਾਂ ਨੂੰ ਲੁੱਟ ਨਾਲ ਭਰ ਲਵਾਂਗੇ।
14ਸਾਡੇ ਨਾਲ ਗੁਣਾ ਪਾਓ;
ਅਸੀਂ ਸਾਰੇ ਲੁੱਟ ਵਿੱਚ ਸਾਂਝੇ ਹੋਵਾਂਗੇ”
15ਹੇ ਮੇਰੇ ਪੁੱਤਰ, ਉਹਨਾਂ ਦੇ ਨਾਲ ਨਾ ਜਾ
ਉਹਨਾਂ ਦੇ ਰਾਹਾਂ ਤੇ ਪੈਰ ਨਾ ਰੱਖ;
16ਕਿਉਂ ਜੋ ਉਹਨਾਂ ਦੇ ਪੈਰ ਬੁਰਿਆਈ ਕਰਨ ਲਈ ਦੋੜਦੇ ਹਨ,
ਅਤੇ ਖੂਨ ਕਰਨ ਨੂੰ ਫੁਰਤੀ ਕਰਦੇ ਹਨ।
17ਜਿੱਥੇ ਹਰ ਪੰਛੀ ਉਸ ਨੂੰ ਵੇਖਦਾ ਹੋਵੇ
ਉੱਥੇ ਜਾਲ ਵਿਛਾਉਣਾ ਕਿੰਨਾ ਵਿਅਰਥ ਹੈ!
18ਉਹ ਮਨੁੱਖ ਆਪਣੇ ਹੀ ਲਹੂ ਕਰਨ ਲਈ ਘਾਤ ਲਾਉਂਦੇ ਹਨ,
ਉਹ ਆਪਣੀਆਂ ਹੀ ਜਾਨਾਂ ਦੇ ਲਈ ਲੁੱਕ ਕੇ ਜਾਲ ਵਿਛਾਉਂਦੇ ਹਨ!
19ਇਹੀ ਚਾਲ ਹੈ ਹਰ ਉਸ ਮਨੁੱਖ ਦੀ ਜਿਹੜੇ ਨਫ਼ੇ ਦੇ ਲੋਭੀ ਹੁੰਦੇ ਹਨ;
ਇਹ ਆਪਣੇ ਹੀ ਮਾਲਕ ਦੀ ਜਾਨ ਲੈ ਲੈਂਦੇ ਹਨ।
ਸਿਆਣਪ ਦੀ ਝਿੜਕ
20ਬੁੱਧ ਗਲੀਆਂ ਵਿੱਚ ਉੱਚੀ-ਉੱਚੀ ਪੁਕਾਰਦੀ ਹੈ,
ਉਹ ਚੌਂਕਾਂ ਵਿੱਚ ਆਪਣੀ ਆਵਾਜ਼ ਉਠਾਉਂਦੀ ਹੈ।
21ਉਹ ਕੰਧ ਦੇ ਉੱਪਰੋ ਹੋਕਾ ਦਿੰਦੀ ਹੈ,
ਸ਼ਹਿਰ ਦੇ ਦਰਵਾਜ਼ੇ ਤੇ ਉਹ ਆਪਣਾ ਭਾਸ਼ਣ ਦਿੰਦੀ ਹੈ:
22“ਹੇ ਭੋਲਿਓ ਤੁਸੀਂ ਕਦੋਂ ਤੱਕ ਭੋਲੇਪਣ ਨਾਲ ਪ੍ਰੀਤ ਰੱਖੋਗੇ?
ਕਦੋਂ ਤੱਕ ਮਖ਼ੌਲੀਏ ਆਪਣੇ ਮਖ਼ੌਲਾਂ ਤੋਂ ਪ੍ਰਸੰਨ ਹੋਣਗੇ,
ਅਤੇ ਮੂਰਖ ਗਿਆਨ ਨਾਲ ਨਫ਼ਰਤ ਕਰਨਗੇ?
23ਮੇਰੀ ਝਿੜਕ ਸੁਣ ਕੇ ਤੋਬਾ ਕਰੋ!
ਤਦ ਮੈਂ ਆਪਣਾ ਆਤਮਾ ਤੁਹਾਡੇ ਉੱਤੇ ਵਹਾ ਦਿਆਂਗੀ,
ਮੈਂ ਤੁਹਾਨੂੰ ਆਪਣੀਆਂ ਸਿੱਖਿਆਵਾਂ ਦੱਸਾਂਗੀ।
24ਪਰ ਕਿਉਂਕਿ ਜਦੋਂ ਮੈਂ ਪੁਕਾਰਦਾ ਹਾਂ ਤਾਂ ਤੁਸੀਂ ਸੁਣਨ ਤੋਂ ਇਨਕਾਰ ਕਰਦੇ ਹੋ,
ਅਤੇ ਜਦੋਂ ਮੈਂ ਹੱਥ ਪਸਾਰਦਾ ਹਾਂ ਤਾਂ ਕੋਈ ਧਿਆਨ ਨਹੀਂ ਦਿੰਦਾ,
25ਕਿਉਂਕਿ ਤੁਸੀਂ ਮੇਰੀਆਂ ਸਾਰੀਆਂ ਸਲਾਹਾਂ ਨੂੰ ਅਣਦੇਖਿਆ ਕਰ ਦਿੱਤਾ
ਅਤੇ ਮੇਰੀ ਝਿੜਕ ਨੂੰ ਨਹੀਂ ਮੰਨਿਆ,
26ਜਦੋਂ ਤੁਹਾਡੇ ਉੱਤੇ ਬਿਪਤਾ ਆਵੇਗੀ ਤਾਂ ਮੈਂ ਹੱਸਾਂਗੀ
ਜਦੋਂ ਬਿਪਤਾ ਤੁਹਾਡੇ ਉੱਤੇ ਆਵੇਗੀ ਤਾਂ ਮੈਂ ਮਜ਼ਾਕ ਕਰਾਂਗੀ,
27ਜਦੋਂ ਬਿਪਤਾ ਤੂਫ਼ਾਨ ਵਾਂਗ
ਅਤੇ ਤਬਾਹੀ ਵਾਵਰੋਲੇ ਵਾਂਗ ਤੁਹਾਡੇ ਉੱਤੇ ਆਵੇਗੀ;
ਜਦੋਂ ਕਸ਼ਟ ਅਤੇ ਮੁਸੀਬਤਾਂ ਤੁਹਾਡੇ ਉੱਤੇ ਭਾਰੀ ਹੋ ਜਾਣਗੀਆਂ।
28“ਉਸ ਵੇਲੇ ਉਹ ਮੈਨੂੰ ਪੁਕਾਰਣਗੇ ਪਰ ਮੈਂ ਉੱਤਰ ਨਾ ਦਿਆਂਗੀ;
ਉਹ ਮਨ ਲਾ ਕੇ ਮੈਨੂੰ ਭਾਲਣਗੇ, ਪਰ ਮੈਂ ਉਨ੍ਹਾਂ ਨੂੰ ਨਾ ਲੱਭਾਂਗੀ,
29ਕਿਉਂਕਿ ਉਹਨਾਂ ਨੇ ਗਿਆਨ ਨਾਲ ਨਫ਼ਰਤ ਕੀਤੀ
ਅਤੇ ਯਾਹਵੇਹ ਤੋਂ ਡਰਨਾ ਨਹੀਂ ਚੁਣਿਆ।
30ਕਿਉਂਕਿ ਉਹਨਾਂ ਨੇ ਮੇਰੀ ਸਲਾਹ ਨਹੀਂ ਮੰਨੀ
ਅਤੇ ਮੇਰੀ ਝਿੜਕ ਨੂੰ ਠੁਕਰਾ ਦਿੱਤਾ,
31ਉਹ ਆਪਣੇ ਰਾਹਾਂ ਦਾ ਫਲ ਖਾਣਗੇ
ਅਤੇ ਆਪਣੀਆਂ ਹੀ ਚਾਲਾਂ ਦੇ ਫਲ ਨਾਲ ਰੱਜ ਜਾਣਗੇ।
32ਕਿਉਂ ਜੋ ਭੋਲੇ ਲੋਕ ਭਟਕ ਜਾਣ ਦੇ ਕਾਰਨ ਮਾਰੇ ਜਾਣਗੇ,
ਅਤੇ ਮੂਰਖਾਂ ਦੀ ਖੁਸ਼ਹਾਲੀ ਉਹਨਾਂ ਨੂੰ ਤਬਾਹ ਕਰ ਦੇਵੇਗੀ;
33ਪਰ ਜੋ ਕੋਈ ਮੇਰੀ ਗੱਲ ਸੁਣਦਾ ਹੈ, ਉਹ ਸੁਰੱਖਿਅਤ ਵਿੱਚ ਰਹੇਗਾ
ਅਤੇ ਬਿਨਾਂ ਕਿਸੇ ਨੁਕਸਾਨ ਦੇ ਡਰ ਤੋਂ ਆਰਾਮ ਵਿੱਚ ਰਹੇਗਾ।”
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.