ਮੱਤੀਯਾਹ 3
3
ਯੋਹਨ ਬਪਤਿਸਮਾ ਦੇਣ ਵਾਲੇ ਦਾ ਉਪਦੇਸ਼
1ਉਹਨਾਂ ਦਿਨਾਂ ਵਿੱਚ ਯੋਹਨ ਬਪਤਿਸਮਾ ਦੇਣ ਵਾਲਾ ਆਇਆ ਅਤੇ ਯਹੂਦਿਯਾ ਪ੍ਰਦੇਸ਼ ਦੇ ਉਜਾੜ ਵਿੱਚ ਪ੍ਰਚਾਰ ਕਰਦਾ 2ਅਤੇ ਆਖਦਾ, ਇਸ ਲਈ “ਤੋਬਾ ਕਰੋ, ਕਿਉਂ ਜੋ ਸਵਰਗ ਦਾ ਰਾਜ ਨੇੜੇ ਆ ਗਿਆ ਹੈ।” 3ਇਹ ਉਹ ਹੀ ਹੈ ਜਿਸਦੇ ਵਿਸ਼ੇ ਵਿੱਚ ਯਸ਼ਾਯਾਹ ਨਬੀ ਨੇ ਆਖਿਆ ਸੀ:
“ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਆਵਾਜ਼,
‘ਪ੍ਰਭੂ ਲਈ ਰਸਤੇ ਨੂੰ ਤਿਆਰ ਕਰੋ,
ਉਸ ਲਈ ਰਸਤਾ ਸਿੱਧਾ ਬਣਾਓ।’ ”#3:3 ਯਸ਼ਾ 40:3
4ਯੋਹਨ ਬਪਤਿਸਮਾ ਦੇਣ ਵਾਲੇ ਦੇ ਕੱਪੜੇ ਊਠ ਦੇ ਵਾਲਾਂ ਤੋਂ ਬਣੇ ਹੋਏ ਸਨ ਅਤੇ ਉਸਦੀ ਕਮਰ ਉੱਤੇ ਚਮੜੇ ਦਾ ਕਮਰਬੰਧ ਸੀ ਅਤੇ ਉਸ ਦਾ ਭੋਜਨ ਟਿੱਡੀਆਂ ਅਤੇ ਜੰਗਲੀ ਸ਼ਹਿਦ ਸੀ। 5ਯੇਰੂਸ਼ਲੇਮ ਨਗਰ, ਸਾਰੇ ਯਹੂਦਿਯਾ ਪ੍ਰਦੇਸ਼ ਅਤੇ ਯਰਦਨ ਨਦੀ ਦੇ ਨਜ਼ਦੀਕੀ ਖੇਤਰ ਵਿਚੋਂ ਵੱਡੀ ਗਿਣਤੀ ਵਿੱਚ ਲੋਕ ਉਸਦੇ ਕੋਲ ਆਉਂਦੇ ਸਨ। 6ਆਪਣੇ ਪਾਪਾਂ ਨੂੰ ਮੰਨ ਕੇ, ਉਹ ਦੇ ਕੋਲੋ ਯਰਦਨ ਨਦੀ ਵਿੱਚ ਬਪਤਿਸਮਾ ਲੈਂਦੇ ਸਨ।
7ਜਦੋਂ ਯੋਹਨ ਨੇ ਵੇਖਿਆ ਕਿ ਬਹੁਤ ਸਾਰੇ ਫ਼ਰੀਸੀ ਅਤੇ ਸਦੂਕੀ ਜੋ ਉਸ ਕੋਲੋਂ ਬਪਤਿਸਮਾ ਲੈਣ ਲਈ ਆ ਰਹੇ ਹਨ, ਤਾਂ ਉਸ ਨੇ ਉਹਨਾਂ ਨੂੰ ਕਿਹਾ, “ਹੇ ਸੱਪਾਂ ਦੇ ਬੱਚਿਓ! ਤੁਹਾਨੂੰ ਆਉਣ ਵਾਲੇ ਕ੍ਰੋਧ ਤੋਂ ਭੱਜਣ ਦੀ ਚੇਤਾਵਨੀ ਕਿਸ ਨੇ ਦਿੱਤੀ? 8ਸੱਚੇ ਮਨ ਨਾਲ ਤੋਬਾ ਕਰਦੇ ਹੋਏ ਫ਼ਲ ਲਿਆਓ। 9ਅਤੇ ਆਪਣੇ ਮਨ ਵਿੱਚ ਅਜਿਹਾ ਨਾ ਸੋਚੋ, ‘ਕਿ ਅਸੀਂ ਅਬਰਾਹਾਮ ਦੀ ਸੰਤਾਨ ਹਾਂ।’ ਮੈਂ ਤੁਹਾਨੂੰ ਆਖਦਾ ਹਾਂ ਕਿ ਪਰਮੇਸ਼ਵਰ ਇਹਨਾਂ ਪੱਥਰਾਂ ਵਿੱਚੋਂ ਵੀ ਅਬਰਾਹਾਮ ਲਈ ਔਲਾਦ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ। 10ਕੁਹਾੜੀ ਪਹਿਲਾਂ ਹੀ ਰੁੱਖਾਂ ਦੀ ਜੜ੍ਹ ਉੱਤੇ ਰੱਖੀ ਹੋਈ ਹੈ। ਹਰ ਇੱਕ ਰੁੱਖ, ਜੋ ਚੰਗਾ ਫ਼ਲ ਨਹੀਂ ਦਿੰਦਾ, ਉਸ ਨੂੰ ਵੱਢ ਕੇ ਅੱਗ ਵਿੱਚ ਸੁੱਟ ਦਿੱਤਾ ਜਾਵੇਗਾ।
11“ਮੈਂ ਤਾਂ ਤੁਹਾਨੂੰ ਮਨ ਫ਼ਿਰਾਉਣ ਦੇ ਲਈ ਪਾਣੀ ਵਿੱਚ ਬਪਤਿਸਮਾ ਦਿੰਦਾ ਹਾਂ। ਪਰ ਉਹ ਜੋ ਮੇਰੇ ਤੋਂ ਬਾਅਦ ਆ ਰਿਹਾ ਹੈ, ਉਹ ਮੇਰੇ ਤੋਂ ਵੀ ਜ਼ਿਆਦਾ ਬਲਵੰਤ ਹੈ। ਮੈਂ ਤਾਂ ਇਸ ਯੋਗ ਵੀ ਨਹੀਂ ਕਿ ਉਸ ਦੀ ਜੁੱਤੀ ਵੀ ਉੱਠਾ ਸਕਾ। ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ। 12ਤੰਗਲੀ ਉਸਦੇ ਹੱਥ ਵਿੱਚ ਹੈ ਅਤੇ ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ਼ ਕਰੇਂਗਾ, ਆਪਣੀ ਕਣਕ ਨੂੰ ਭੜੋਲਿਆਂ ਵਿੱਚ ਇਕੱਠਾ ਕਰੇਂਗਾ ਅਤੇ ਤੂੜੀ ਨੂੰ ਕਦੇ ਨਾ ਬੁਝਨ ਵਾਲੀ ਅੱਗ ਵਿੱਚ ਸਾੜ ਦੇਵੇਗਾ।”
ਮਸੀਹ ਯਿਸ਼ੂ ਦਾ ਬਪਤਿਸਮਾ
13ਤਦ ਯਿਸ਼ੂ ਯੋਹਨ ਤੋਂ ਬਪਤਿਸਮਾ ਲੈਣ ਲਈ ਗਲੀਲ ਤੋਂ ਯਰਦਨ ਨਦੀ ਤੱਕ ਆਇਆ। 14ਪਰ ਯੋਹਨ ਨੇ ਇਸਦਾ ਇਨਕਾਰ ਕਰਦੇ ਹੋਏ ਕਿਹਾ, “ਜ਼ਰੂਰੀ ਤਾਂ ਇਹ ਹੈ ਕਿ ਮੈਂ ਤੁਹਾਡੇ ਕੋਲੋਂ ਬਪਤਿਸਮਾ ਲਵਾਂ। ਪਰ ਤੁਸੀਂ ਮੇਰੇ ਕੋਲੋਂ ਬਪਤਿਸਮਾ ਲੈਣ ਆਏ ਹੋ?”
15ਯਿਸ਼ੂ ਨੇ ਜਵਾਬ ਵਿੱਚ ਕਿਹਾ, “ਹੁਣ ਇਹੀ ਹੋਣ ਦਿਓ; ਕਿਉਂ ਜੋ ਇਹ ਯੋਗ ਹੈ ਅਸੀਂ ਸਾਰੇ ਧਾਰਮਿਕਤਾ ਨੂੰ ਇਸੇ ਰੀਤੀ ਨਾਲ ਪੂਰਾ ਕਰੀਏ।” ਇਸ ਉੱਤੇ ਯੋਹਨ ਸਹਿਮਤ ਹੋ ਗਿਆ।
16ਜਿਵੇਂ ਹੀ ਯਿਸ਼ੂ ਬਪਤਿਸਮਾ ਦੇ ਬਾਅਦ ਪਾਣੀ ਵਿੱਚੋਂ ਬਾਹਰ ਆਇਆ। ਉਸ ਸਮੇਂ ਸਵਰਗ ਖੁੱਲ੍ਹ ਗਿਆ ਅਤੇ ਉਹ ਨੇ ਪਰਮੇਸ਼ਵਰ ਦੇ ਆਤਮਾ ਨੂੰ ਕਬੂਤਰ ਦੇ ਸਮਾਨ ਉੱਤਰਦਾ ਅਤੇ ਉਸ ਦੇ ਉੱਤੇ ਠਹਿਰਦਾ ਹੋਇਆ ਵੇਖਿਆ। 17ਅਤੇ ਸਵਰਗ ਤੋਂ ਇੱਕ ਆਵਾਜ਼ ਸੁਣਾਈ ਦਿੱਤੀ, “ਇਹ ਮੇਰਾ ਪੁੱਤਰ ਹੈ, ਜਿਸ ਨੂੰ ਮੈਂ ਪਿਆਰ ਕਰਦਾ ਹਾਂ ਅਤੇ ਮੈਂ ਇਸ ਤੋਂ ਪੂਰੀ ਤਰ੍ਹਾਂ ਖੁਸ਼ ਹਾਂ।”
Àwon tá yàn lọ́wọ́lọ́wọ́ báyìí:
ਮੱਤੀਯਾਹ 3: PCB
Ìsàmì-sí
Pín
Daako
Ṣé o fẹ́ fi àwọn ohun pàtàkì pamọ́ sórí gbogbo àwọn ẹ̀rọ rẹ? Wọlé pẹ̀lú àkántì tuntun tàbí wọlé pẹ̀lú àkántì tí tẹ́lẹ̀
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.