ਯਸ਼ਾਯਾਹ 65
65
ਨਿਆਂ ਅਤੇ ਮੁਕਤੀ
1“ਮੈਂ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਲਈ ਪ੍ਰਗਟ ਕੀਤਾ ਜਿਨ੍ਹਾਂ ਨੇ ਮੈਨੂੰ ਨਹੀਂ ਮੰਗਿਆ;
ਉਹਨਾਂ ਲੋਕਾਂ ਨੇ ਮੈਨੂੰ ਪਾ ਲਿਆ ਜਿਨ੍ਹਾਂ ਨੇ ਮੈਨੂੰ ਨਹੀਂ ਭਾਲਿਆ।
ਉਸ ਕੌਮ ਨੂੰ ਜੋ ਮੇਰਾ ਨਾਮ ਨਹੀਂ ਲੈਂਦੀ ਸੀ,
ਮੈਂ ਕਿਹਾ, ‘ਮੈਂ ਹਾਂ, ਮੈਂ ਹਾਂ।’
2ਸਾਰਾ ਦਿਨ ਮੈਂ ਆਪਣਾ ਹੱਥ
ਬੁਰੇ ਲੋਕਾਂ ਲਈ ਪਸਾਰਿਆ ਹੋਇਆ ਸੀ।
ਜਿਹੜੇ ਚੰਗੇ ਮਾਰਗਾਂ ਉੱਤੇ ਚੱਲਦੇ ਹਨ,
ਆਪਣੀਆਂ ਹੀ ਕਲਪਨਾਵਾਂ ਦਾ ਪਿੱਛਾ ਕਰਦੇ ਹਨ,
3ਇੱਕ ਅਜਿਹੀ ਪਰਜਾ ਜਿਸ ਨੇ ਲਗਾਤਾਰ
ਮੇਰੇ ਚਿਹਰੇ ਦੇ ਗੁੱਸੇ ਨੂੰ ਭੜਕਾਇਆ,
ਬਾਗਾਂ ਵਿੱਚ ਬਲੀਆਂ ਚੜ੍ਹਾ ਕੇ
ਅਤੇ ਇੱਟਾਂ ਦੀਆਂ ਜਗਵੇਦੀਆਂ ਉੱਤੇ ਧੂਪ ਧੁਖਾਈ;
4ਜਿਹੜੇ ਕਬਰਾਂ ਵਿੱਚ ਬੈਠਦੇ ਹਨ
ਅਤੇ ਆਪਣੀਆਂ ਰਾਤਾਂ ਗੁਪਤ ਥਾਵਾਂ ਤੇ ਜਾਗਦੇ ਹੋਏ ਕੱਟਦੇ ਹਨ;
ਜੋ ਸੂਰਾਂ ਦਾ ਮਾਸ ਖਾਂਦੇ ਹਨ,
ਅਤੇ ਜਿਨ੍ਹਾਂ ਦੇ ਬਰਤਨਾਂ ਵਿੱਚ ਅਸ਼ੁੱਧ ਮਾਸ ਦਾ ਰਸ ਹੁੰਦਾ ਹੈ।
5ਜਿਹੜੇ ਆਖਦੇ ਹਨ, ‘ਦੂਰ ਰਹੋ; ਮੇਰੇ ਨੇੜੇ ਨਾ ਆਓ,
ਕਿਉਂਕਿ ਮੈਂ ਤੇਰੇ ਤੋਂ ਬਹੁਤ ਪਵਿੱਤਰ ਹਾਂ!’
ਅਜਿਹੇ ਲੋਕ ਮੇਰੇ ਨੱਕ ਵਿੱਚ ਧੂੰਆਂ ਹਨ,
ਅਤੇ ਉਹ ਉਸ ਅੱਗ ਵਾਂਗੂੰ ਹਨ, ਜੋ ਸਾਰਾ ਦਿਨ ਬਲਦੀ ਰਹਿੰਦੀ ਹੈ।
6“ਵੇਖੋ, ਇਹ ਮੇਰੇ ਸਾਮ੍ਹਣੇ ਲਿਖਿਆ ਹੋਇਆ ਹੈ:
ਮੈਂ ਚੁੱਪ ਨਹੀਂ ਰਹਾਂਗਾ, ਪਰ ਮੈਂ ਪੂਰਾ ਬਦਲਾ ਲਵਾਂਗਾ।
ਮੈਂ ਇਸ ਨੂੰ ਉਨ੍ਹਾਂ ਦੀਆਂ ਝੋਲੀਆਂ ਵਿੱਚ ਮੋੜ ਦਿਆਂਗਾ,
7ਤੁਹਾਡੇ ਪਾਪ ਅਤੇ ਤੁਹਾਡੇ ਪੁਰਖਿਆਂ ਦੇ ਪਾਪ ਦਾ ਬਦਲਾ ਲਵਾਂਗਾ”
ਯਾਹਵੇਹ ਆਖਦਾ ਹੈ।
“ਕਿਉਂਕਿ ਉਨ੍ਹਾਂ ਨੇ ਪਹਾੜਾਂ ਉੱਤੇ ਬਲੀਆਂ ਚੜ੍ਹਾਈਆਂ,
ਅਤੇ ਪਹਾੜੀਆਂ ਉੱਤੇ ਮੇਰੀ ਨਿੰਦਿਆ ਕੀਤੀ,
ਇਸ ਲਈ ਮੈਂ ਉਹਨਾਂ ਦੇ ਪਹਿਲੇ ਕੰਮਾਂ ਦੇ ਫਲ ਅਨੁਸਾਰ,
ਉਹਨਾਂ ਦੀ ਝੋਲੀ ਵਿੱਚ ਮਿਣ ਕੇ ਪਾਵਾਂਗਾ।”
8ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ:
“ਜਿਵੇਂ ਅੰਗੂਰਾਂ ਦੇ ਗੁੱਛੇ ਵਿੱਚ ਨਵਾਂ ਰਸ ਪਾਇਆ ਜਾਂਦਾ ਹੈ,
ਅਤੇ ਲੋਕ ਆਖਦੇ ਹਨ, ‘ਇਸ ਨੂੰ ਨਸ਼ਟ ਨਾ ਕਰੋ,
ਕਿਉ ਜੋ ਇਸ ਵਿੱਚ ਅਜੇ ਵੀ ਬਰਕਤ ਹੈ।’
ਉਸੇ ਤਰ੍ਹਾਂ ਹੀ ਮੈਂ ਆਪਣੇ ਸੇਵਕਾਂ ਲਈ ਅਜਿਹਾ ਹੀ ਕਰਾਂਗਾ;
ਮੈਂ ਉਨ੍ਹਾਂ ਸਾਰਿਆਂ ਨੂੰ ਨਾਸ਼ ਨਹੀਂ ਕਰਾਂਗਾ।
9ਮੈਂ ਯਾਕੋਬ ਵਿੱਚੋਂ ਉੱਤਰਾਧਿਕਾਰੀ ਪੈਦਾ ਕਰਾਂਗਾ।
ਅਤੇ ਯਹੂਦਾਹ ਵਿੱਚੋਂ ਜਿਹੜੇ ਮੇਰੇ ਪਹਾੜਾਂ ਉੱਤੇ ਕਬਜ਼ਾ ਕਰਨ ਵਾਲੇ ਕੱਢਾਂਗਾ;
ਮੇਰੇ ਚੁਣੇ ਹੋਏ ਲੋਕ ਉਨ੍ਹਾਂ ਦੇ ਵਾਰਸ ਹੋਣਗੇ,
ਅਤੇ ਉੱਥੇ ਮੇਰੇ ਸੇਵਕ ਰਹਿਣਗੇ।
10ਮੇਰੀ ਪਰਜਾ ਲਈ ਜਿਨ੍ਹਾਂ ਨੇ ਮੈਨੂੰ ਭਾਲਿਆ ਹੈ,
ਉਨ੍ਹਾਂ ਲਈ ਸ਼ਰੋਨ ਇੱਜੜਾਂ ਦਾ ਵਾੜਾ
ਅਤੇ ਆਕੋਰ ਦੀ ਘਾਟੀ ਚੌਣੇ ਦੇ ਬੈਠਣ ਦਾ ਥਾਂ ਹੋਵੇਗੀ।
11“ਪਰ ਤੁਸੀਂ ਜੋ ਯਾਹਵੇਹ ਨੂੰ ਤਿਆਗ ਦਿੰਦੇ ਹੋ,
ਅਤੇ ਮੇਰੇ ਪਵਿੱਤਰ ਪਰਬਤਾਂ ਨੂੰ ਭੁੱਲ ਜਾਂਦੇ ਹੋ,
ਜੋ ਕਿਸਮਤ ਦੀ ਦੇਵੀ ਲਈ ਮੇਜ਼ ਸੁਆਰਦੇ ਹੋ,
ਅਤੇ ਭਾਗ ਦੀ ਦੇਵੀ ਲਈ ਰਲਵੀਂ ਦਾਖ਼ਰਸ ਭਰਦੇ ਹੋ।
12ਮੈਂ ਤਲਵਾਰ ਨੂੰ ਤੁਹਾਡਾ ਭਾਗ ਠਹਿਰਾਵਾਂਗਾ,
ਅਤੇ ਤੁਸੀਂ ਸਾਰੇ ਵੱਢੇ ਜਾਵੋਂਗੇ।
ਕਿਉਂ ਜੋ ਮੈਂ ਪੁਕਾਰਿਆ ਪਰ ਤੁਸੀਂ ਉੱਤਰ ਨਾ ਦਿੱਤਾ,
ਮੈਂ ਬੋਲਿਆ ਪਰ ਤੁਸੀਂ ਨਾ ਸੁਣੀ।
ਤੁਸੀਂ ਮੇਰੀ ਨਿਗਾਹ ਵਿੱਚ ਬੁਰਿਆਈ ਕੀਤੀ,
ਅਤੇ ਉਸ ਨੂੰ ਚੁਣਿਆ ਜੋ ਮੈਨੂੰ ਪਸੰਦ ਨਹੀਂ ਸੀ।”
13ਇਸ ਲਈ ਪ੍ਰਭੂ ਯਾਹਵੇਹ ਇਹ ਆਖਦਾ ਹੈ:
“ਮੇਰੇ ਸੇਵਕ ਖਾਣਗੇ,
ਪਰ ਤੁਸੀਂ ਭੁੱਖੇ ਰਹੋਗੇ।
ਮੇਰੇ ਸੇਵਕ ਪੀਣਗੇ,
ਪਰ ਤੁਸੀਂ ਪਿਆਸੇ ਹੋਵੋਗੇ।
ਮੇਰੇ ਸੇਵਕ ਅਨੰਦ ਕਰਨਗੇ,
ਪਰ ਤੁਸੀਂ ਸ਼ਰਮਿੰਦਾ ਹੋਵੋਗੇ।
14ਮੇਰੇ ਸੇਵਕ ਆਪਣੇ
ਦਿਲਾਂ ਦੀ ਖੁਸ਼ੀ ਵਿੱਚ ਗਾਉਣਗੇ,
ਪਰ ਤੁਸੀਂ ਸੋਗ ਨਾਲ ਚਿੱਲਾਓਗੇ,
ਅਤੇ ਦੁਖੀ ਆਤਮਾ ਨਾਲ ਚੀਕਾਂ ਮਾਰੋਗੇ।
15ਮੇਰੇ ਚੁਣੇ ਹੋਏ ਲੋਕ
ਤੁਹਾਡਾ ਨਾਮ ਲੈ-ਲੈ ਕੇ ਸਰਾਪ ਦੇਣਗੇ,
ਅਤੇ ਪ੍ਰਭੂ ਯਾਹਵੇਹ ਤੁਹਾਨੂੰ ਮਰਵਾ ਸੁੱਟੇਗਾ,
ਪਰ ਉਹ ਆਪਣੇ ਦਾਸਾਂ ਨੂੰ ਦੂਸਰੇ ਨਾਮ ਤੋਂ ਬੁਲਾਵੇਗਾ।
16ਜੋ ਕੋਈ ਧਰਤੀ ਵਿੱਚ ਅਸੀਸ ਮੰਗਦਾ ਹੈ,
ਉਹ ਇੱਕ ਸੱਚੇ ਪਰਮੇਸ਼ਵਰ ਦੁਆਰਾ ਅਜਿਹਾ ਕਰੇਗਾ;
ਜੋ ਕੋਈ ਦੇਸ਼ ਵਿੱਚ ਸਹੁੰ ਖਾਂਦਾ ਹੈ,
ਇੱਕ ਸੱਚੇ ਪਰਮੇਸ਼ਵਰ ਦੀ ਸਹੁੰ ਖਾਵੇਗਾ।
ਕਿਉਂਕਿ ਪਿਛਲੀਆਂ ਮੁਸੀਬਤਾਂ ਭੁਲਾਈਆ ਜਾਣਗੀਆਂ,
ਅਤੇ ਮੇਰੀਆਂ ਅੱਖਾਂ ਤੋਂ ਲੁਕਾਏ ਜਾਣਗੇ।
ਨਵਾਂ ਅਕਾਸ਼ ਅਤੇ ਨਵੀਂ ਧਰਤੀ
17“ਵੇਖੋ, ਮੈਂ
ਨਵਾਂ ਅਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ।
ਪਹਿਲੀਆਂ ਗੱਲਾਂ ਚੇਤੇ ਨਹੀਂ ਰਹਿਣਗੀਆਂ,
ਨਾ ਸੋਚ ਵਿਚਾਰਾ ਵਿੱਚ ਆਉਣਗੀਆਂ।
18ਪਰ ਖੁਸ਼ ਰਹੋ ਅਤੇ ਸਦਾ ਲਈ ਅਨੰਦ ਕਰੋ
ਜੋ ਮੈਂ ਉਤਪੰਨ ਕਰਦਾ ਹਾਂ,
ਕਿਉਂ ਜੋ ਮੈਂ ਯੇਰੂਸ਼ਲੇਮ ਨੂੰ ਅਨੰਦ ਲਈ ਬਣਾਵਾਂਗਾ।
ਇਸ ਵਿੱਚ ਹੋਰ ਨਹੀਂ ਸੁਣਿਆ ਜਾਵੇਗਾ।
19ਮੈਂ ਯੇਰੂਸ਼ਲੇਮ ਵਿੱਚ ਅਨੰਦ ਕਰਾਂਗਾ
ਅਤੇ ਮੈਂ ਆਪਣੇ ਲੋਕਾਂ ਨਾਲ ਖੁਸ਼ ਹੋਵਾਂਗਾ।
ਤਦ ਯੇਰੂਸ਼ਲੇਮ ਵਿੱਚ ਨਾ
ਰੋਣਾ ਨਾ ਰੋਣਾ ਸੁਣਿਆ ਜਾਵੇਗਾ।
20“ਉੱਥੇ ਫੇਰ ਕੋਈ ਥੋੜ੍ਹੇ ਦਿਨਾਂ ਦਾ ਬੱਚਾ ਨਾ ਹੋਵੇਗਾ,
ਨਾ ਕੋਈ ਬਜ਼ੁਰਗ
ਜਿਸ ਨੇ ਆਪਣੇ ਦਿਨ ਪੂਰੇ ਨਾ ਕੀਤੇ ਹੋਣ,
ਕਿਉਂਕਿ ਸੌ ਸਾਲ ਦੀ ਉਮਰ ਵਿੱਚ ਮਰੇਗਾ,
ਉਸ ਨੂੰ ਬੱਚਾ ਹੀ ਮੰਨਿਆ ਜਾਵੇਗਾ, ਪਰ ਸੌ ਸਾਲ ਦਾ ਪਾਪੀ ਸਰਾਪੀ ਹੋਵੇਗਾ।
21ਉਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ।
ਉਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ।
22ਉਹ ਹੁਣ ਘਰ ਨਹੀਂ ਬਣਾਉਣਗੇ ਕਿ ਕੋਈ ਦੂਸਰਾ ਉਸ ਵਿੱਚ ਵੱਸੇ,
ਉਹ ਨਾ ਲਾਉਣਗੇ ਕਿ ਦੂਸਰੇ ਖਾਣ।
ਕਿਉਂਕਿ ਜਿਵੇਂ ਰੁੱਖ ਦੇ ਦਿਨ,
ਉਸੇ ਤਰ੍ਹਾਂ ਮੇਰੇ ਲੋਕਾਂ ਦੇ ਦਿਨ ਹੋਣਗੇ।
ਮੇਰੇ ਚੁਣੇ ਹੋਏ ਆਪਣੇ ਹੱਥਾਂ ਦੇ ਕੰਮ ਦਾ
ਲੰਬੇ ਸਮੇਂ ਤੱਕ ਅਨੰਦ ਲੈਣਗੇ।
23ਉਹ ਵਿਅਰਥ ਦੀ ਮਿਹਨਤ ਨਹੀਂ ਕਰਨਗੇ,
ਨਾ ਉਹ ਬੱਚੇ ਪੈਦਾ ਕਰਨਗੇ ਜੋ ਮੁਸੀਬਤ ਦੇ ਮਾਰੇ ਹੋਏ ਹਨ।
ਕਿਉਂ ਜੋ ਉਹ ਅਤੇ ਉਹਨਾਂ ਦੀ ਸੰਤਾਨ,
ਯਾਹਵੇਹ ਦੀ ਮੁਬਾਰਕ ਅੰਸ ਹੋਣਗੇ।
24ਉਹਨਾਂ ਦੇ ਪੁਕਾਰਣ ਤੋਂ ਪਹਿਲਾਂ ਮੈਂ ਉੱਤਰ ਦਿਆਂਗਾ,
ਅਤੇ ਉਹ ਅਜੇ ਗੱਲਾਂ ਹੀ ਕਰਦੇ ਹੋਣਗੇ, ਕਿ ਮੈਂ ਸੁਣ ਲਵਾਂਗਾ।
25ਬਘਿਆੜ ਅਤੇ ਲੇਲਾ ਇਕੱਠੇ ਚਰਨਗੇ,
ਅਤੇ ਸ਼ੇਰ ਬਲਦ ਵਾਂਗ ਘਾਹ ਖਾਵੇਗਾ,
ਅਤੇ ਮਿੱਟੀ ਸੱਪ ਦੀ ਖੁਰਾਕ ਹੋਵੇਗੀ।
ਉਹ ਮੇਰੇ ਸਾਰੇ ਪਵਿੱਤਰ ਪਰਬਤ ਉੱਤੇ
ਨਾ ਤਾਂ ਨੁਕਸਾਨ ਕਰਨਗੇ ਦੁੱਖ ਦੇਣਗੇ,”
ਯਾਹਵੇਹ ਆਖਦਾ ਹੈ।
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.