ਯਸ਼ਾਯਾਹ 63
63
ਬਦਲਾ ਲੈਣ ਅਤੇ ਛੁਟਕਾਰਾ ਪਾਉਣ ਦਾ ਪਰਮੇਸ਼ਵਰ ਦਾ ਦਿਨ
1ਇਹ ਕੌਣ ਹੈ ਜਿਹੜਾ ਅਦੋਮ ਦੇ ਦੇਸ਼ ਤੋਂ,
ਬੋਸਰਾਹ ਨਗਰ ਤੋਂ, ਲਾਲ ਰੰਗ ਦੇ ਕੱਪੜੇ ਪਾ ਕੇ ਤੁਰਿਆਂ ਆਉਂਦਾ ਹੈ।
ਇਹ ਕੌਣ ਹੈ, ਜੋ ਪਰਤਾਪ ਦਾ ਲਿਬਾਸ ਪਹਿਨਿਆ ਹੋਇਆ ਹੈ,
ਆਪਣੀ ਤਾਕਤ ਦੀ ਮਹਾਨਤਾ ਵਿੱਚ ਅੱਗੇ ਵਧਦਾ ਹੈ?
“ਇਹ ਮੈਂ ਹਾਂ, ਜਿੱਤ ਦਾ ਐਲਾਨ ਕਰਦਾ ਹਾਂ,
ਬਚਾਉਣ ਲਈ ਸ਼ਕਤੀਸ਼ਾਲੀ ਹਾਂ।”
2ਤੇਰੇ ਕੱਪੜੇ ਲਾਲ ਕਿਉਂ ਹਨ?
ਅਤੇ ਤੇਰਾ ਬਸਤਰ ਹੌਦ ਵਿੱਚ ਦਾਖਾਂ ਲਤਾੜਨ ਵਾਲੇ ਜਿਹਾ ਕਿਉਂ ਹੈ?
3“ਮੈਂ ਇਕੱਲੇ ਹੀ ਦਾਖ਼ ਦੇ ਹੋਂਦ ਵਿੱਚ ਲਤਾੜਿਆ,
ਕੌਮਾਂ ਵਿੱਚੋਂ ਕੋਈ ਵੀ ਮੇਰੇ ਨਾਲ ਨਹੀਂ ਸੀ।
ਮੈਂ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਲਤਾੜਿਆ,
ਅਤੇ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਮਿੱਧਿਆ।
ਮੇਰੇ ਬਸਤਰ ਉੱਤੇ ਉਹਨਾਂ ਦਾ ਲਹੂ ਛਿੜਕਿਆ ਗਿਆ,
ਅਤੇ ਮੈਂ ਆਪਣੇ ਸਾਰੇ ਲਿਬਾਸ ਨੂੰ ਲਬੇੜਿਆ ਹੈ।
4ਇਹ ਮੇਰੇ ਲਈ ਬਦਲਾ ਲੈਣ ਦਾ ਦਿਨ ਸੀ;
ਮੇਰੇ ਲਈ ਛੁਡਾਉਣ ਦਾ ਸਾਲ ਆ ਗਿਆ ਸੀ।
5ਮੈਂ ਵੇਖਿਆ, ਪਰ ਮਦਦ ਕਰਨ ਵਾਲਾ ਕੋਈ ਨਹੀਂ ਸੀ,
ਮੈਂ ਘਬਰਾ ਗਿਆ ਕਿ ਕਿਸੇ ਨੇ ਸਹਾਰਾ ਨਹੀਂ ਦਿੱਤਾ।
ਇਸ ਲਈ ਮੇਰੀ ਆਪਣੀ ਬਾਂਹ ਨੇ ਮੇਰੇ ਲਈ ਮੁਕਤੀ ਪ੍ਰਾਪਤ ਕੀਤੀ,
ਅਤੇ ਮੇਰੇ ਆਪਣੇ ਕ੍ਰੋਧ ਨੇ ਮੈਨੂੰ ਸੰਭਾਲਿਆ।
6ਮੈਂ ਆਪਣੇ ਕ੍ਰੋਧ ਵਿੱਚ ਕੌਮਾਂ ਨੂੰ ਲਤਾੜਿਆ,
ਆਪਣੇ ਕ੍ਰੋਧ ਵਿੱਚ ਮੈਂ ਉਨ੍ਹਾਂ ਨੂੰ ਮਤਵਾਲੇ ਕਰ ਦਿੱਤਾ,
ਅਤੇ ਉਨ੍ਹਾਂ ਦਾ ਲਹੂ ਜ਼ਮੀਨ ਉੱਤੇ ਡੋਲ੍ਹ ਦਿੱਤਾ।”
ਉਸਤਤ ਅਤੇ ਪ੍ਰਾਰਥਨਾ
7ਮੈਂ ਯਾਹਵੇਹ ਦੀਆਂ ਮਿਹਰਬਾਨੀਆਂ ਬਾਰੇ ਦੱਸਾਂਗਾ,
ਉਨ੍ਹਾਂ ਕੰਮਾਂ ਬਾਰੇ ਦੱਸਾਂਗਾ ਜਿਨ੍ਹਾਂ ਲਈ ਉਸ ਦੀ ਉਸਤਤ ਕੀਤੀ ਜਾਣੀ ਹੈ,
ਸਭ ਦੇ ਅਨੁਸਾਰ ਯਾਹਵੇਹ ਸਾਡੇ ਲਈ ਕੀਤਾ,
ਹਾਂ, ਬਹੁਤ ਸਾਰੀਆਂ ਚੰਗੀਆਂ ਚੀਜ਼ਾਂ
ਉਸਨੇ ਇਸਰਾਏਲ ਲਈ ਕੀਤੀਆਂ ਹਨ,
ਉਸਦੀ ਦਇਆ ਅਤੇ ਬਹੁਤ ਸਾਰੀਆਂ ਦਿਆਲਤਾਵਾਂ ਦੇ ਅਨੁਸਾਰ।
8ਉਸ ਨੇ ਕਿਹਾ, “ਯਕੀਨਨ ਉਹ ਮੇਰੇ ਲੋਕ ਹਨ,
ਬੱਚੇ ਜੋ ਮੇਰੇ ਨਾਲ ਸੱਚੇ ਹੋਣਗੇ।”
ਅਤੇ ਇਸ ਤਰ੍ਹਾਂ ਉਹ ਉਹਨਾਂ ਦਾ ਮੁਕਤੀਦਾਤਾ ਬਣ ਗਿਆ।
9ਉਹਨਾਂ ਦੇ ਸਾਰੇ ਦੁੱਖਾਂ ਵਿੱਚ ਉਹ ਵੀ ਦੁਖੀ ਹੋਇਆ,
ਅਤੇ ਉਸ ਦੇ ਮੌਜੂਦਗੀ ਦੇ ਦੂਤ ਨੇ ਉਨ੍ਹਾਂ ਨੂੰ ਬਚਾਇਆ।
ਆਪਣੇ ਪਿਆਰ ਅਤੇ ਉਸਦੀ ਕਿਰਪਾ ਨਾਲ
ਉਸਨੇ ਉਨ੍ਹਾਂ ਨੂੰ ਬਚਾਇਆ;
ਅਤੇ ਉਨ੍ਹਾਂ ਨੂੰ ਪਹਿਲਾਂ ਹੀ ਸੰਭਾਲ ਕੇ ਰੱਖਿਆ।
10ਤਾਂ ਵੀ ਉਨ੍ਹਾਂ ਨੇ ਬਗਾਵਤ ਕੀਤੀ
ਅਤੇ ਉਹ ਦੇ ਪਵਿੱਤਰ ਆਤਮਾ ਨੂੰ ਉਦਾਸ ਕੀਤਾ।
ਸੋ ਉਹ ਮੁੜਿਆ ਅਤੇ ਉਨ੍ਹਾਂ ਦਾ ਦੁਸ਼ਮਣ ਬਣ ਗਿਆ,
ਅਤੇ ਉਹ ਆਪ ਉਨ੍ਹਾਂ ਦੇ ਵਿਰੁੱਧ ਲੜਿਆ।
11ਤਦ ਉਹ ਦੇ ਲੋਕਾਂ ਨੇ ਪੁਰਾਣੇ ਦਿਨਾਂ ਨੂੰ ਚੇਤੇ ਕੀਤਾ,
ਮੋਸ਼ੇਹ ਅਤੇ ਉਸ ਦੀ ਪਰਜਾ ਦੇ ਦਿਨ,
ਉਹ ਕਿੱਥੇ ਹੈ ਜੋ ਉਨ੍ਹਾਂ ਨੂੰ ਆਪਣੇ ਇੱਜੜ ਦੇ ਚਰਵਾਹੇ ਨਾਲ ਸਮੁੰਦਰ ਵਿੱਚੋਂ ਦੀ ਲੰਘਾਇਆ?
ਆਪਣੇ ਇੱਜੜ ਦੇ ਚਰਵਾਹੇ ਨਾਲ?
ਉਹ ਕਿੱਥੇ ਹੈ ਜਿਸ ਨੇ
ਆਪਣਾ ਪਵਿੱਤਰ ਆਤਮਾ ਉਨ੍ਹਾਂ ਵਿੱਚ ਰੱਖਿਆ,
12ਜਿਸ ਨੇ ਆਪਣੀ ਸ਼ਕਤੀ ਦੀ ਸ਼ਾਨਦਾਰ ਬਾਂਹ ਨੂੰ
ਮੋਸ਼ੇਹ ਦੇ ਸੱਜੇ ਪਾਸੇ ਹੋਣ ਲਈ ਭੇਜਿਆ,
ਜਿਸ ਨੇ ਪਾਣੀਆਂ ਨੂੰ ਉਨ੍ਹਾਂ ਦੇ ਅੱਗੇ ਵੰਡਿਆ,
ਤਾਂ ਜੋ ਉਹ ਆਪਣੇ ਲਈ ਇੱਕ ਸਦੀਪਕ ਨਾਮ ਬਣਾਵੇ?
13ਕਿਸ ਨੇ ਉਨ੍ਹਾਂ ਦੀ ਡੂੰਘਾਈ ਵਿੱਚ ਅਗਵਾਈ ਕੀਤੀ?
ਖੁੱਲ੍ਹੇ ਦੇਸ਼ ਵਿੱਚ ਘੋੜੇ ਵਾਂਗ,
ਉਨ੍ਹਾਂ ਨੇ ਠੋਕਰ ਨਾ ਖਾਧੀ।
14ਉਨ੍ਹਾਂ ਪਸ਼ੂਆਂ ਵਾਂਗ ਜੋ ਮੈਦਾਨ ਵਿੱਚ ਜਾਂਦੇ ਹਨ,
ਉਨ੍ਹਾਂ ਨੂੰ ਯਾਹਵੇਹ ਦੇ ਆਤਮਾ ਦੁਆਰਾ ਅਰਾਮ ਦਿੱਤਾ ਗਿਆ ਸੀ।
ਇਸ ਤਰ੍ਹਾਂ ਤੂੰ ਆਪਣੇ ਲੋਕਾਂ ਦੀ ਅਗਵਾਈ ਕੀਤੀ,
ਆਪਣੇ ਲਈ ਇੱਕ ਸ਼ਾਨਦਾਰ ਨਾਮ ਬਣਾਉਣ ਲਈ।
15ਸਵਰਗ ਤੋਂ ਹੇਠਾਂ ਤੱਕ ਕੇ ਵੇਖੋ,
ਆਪਣੇ ਪਵਿੱਤਰ ਅਤੇ ਸ਼ਾਨਦਾਰ ਭਵਨ ਤੋਂ,
ਤੇਰੀ ਅਣਖ ਅਤੇ ਤੇਰੀਆਂ ਸ਼ਕਤੀਆਂ ਕਿੱਥੇ ਹਨ?
ਤੇਰੀ ਅਣਖ ਅਤੇ ਤੇਰਾ ਰਹਮ ਜੋ ਸਾਡੇ ਲਈ ਸੀ, ਰੁੱਕ ਗਿਆ ਹੈ।
16ਪਰ ਤੂੰ ਸਾਡਾ ਪਿਤਾ ਹੈ,
ਭਾਵੇਂ ਅਬਰਾਹਾਮ ਸਾਨੂੰ ਨਹੀਂ ਜਾਣਦਾ
ਜਾਂ ਇਸਰਾਏਲ ਸਾਨੂੰ ਨਹੀਂ ਪਹਿਚਾਣਦਾ ਹੈ;
ਪਰ ਤੂੰ ਯਾਹਵੇਹ ਸਾਡਾ ਪਿਤਾ ਹੈ,
ਪੁਰਾਣੇ ਸਮੇਂ ਤੋਂ ਸਾਡਾ ਛੁਡਾਉਣ ਵਾਲਾ ਤੇਰਾ ਨਾਮ ਹੈ।
17ਹੇ ਯਾਹਵੇਹ, ਤੂੰ ਸਾਨੂੰ ਆਪਣੇ ਰਾਹਾਂ ਤੋਂ ਕਿਉਂ ਭਟਕਣ ਦਿੱਤਾ,
ਅਤੇ ਸਾਡੇ ਦਿਲਾਂ ਨੂੰ ਕਠੋਰ ਕਿਉਂ ਕਰਦਾ ਹੈ ਤਾਂ ਜੋ ਅਸੀਂ ਤੇਰਾ ਸਤਿਕਾਰ ਨਾ ਕਰੀਏ?
ਆਪਣੇ ਸੇਵਕਾਂ ਦੀ ਖਾਤਰ
ਅਤੇ ਆਪਣੀ ਵਿਰਾਸਤ ਦੇ ਖਾਤਰ ਵਾਪਸ ਮੁੜ।
18ਥੋੜ੍ਹੇ ਚਿਰ ਲਈ ਤੁਹਾਡੇ ਲੋਕਾਂ ਨੇ ਤੁਹਾਡੇ ਪਵਿੱਤਰ ਸਥਾਨ ਉੱਤੇ ਕਬਜ਼ਾ ਕਰ ਲਿਆ,
ਪਰ ਹੁਣ ਸਾਡੇ ਵੈਰੀਆਂ ਨੇ ਤੁਹਾਡੇ ਪਵਿੱਤਰ ਸਥਾਨ ਨੂੰ ਮਿੱਧਿਆ ਹੈ।
19ਅਸੀਂ ਪੁਰਾਣੇ ਸਮੇਂ ਤੋਂ ਤੁਹਾਡੇ ਹਾਂ;
ਪਰ ਤੁਸੀਂ ਉਨ੍ਹਾਂ ਉੱਤੇ ਰਾਜ ਨਹੀਂ ਕੀਤਾ,
ਉਹ ਤੁਹਾਡੇ ਨਾਮ ਨਾਲ ਨਹੀਂ ਬੁਲਾਏ ਗਏ ਹਨ।
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.