ਯਸ਼ਾਯਾਹ 44
44
ਚੁਣਿਆ ਹੋਇਆ ਇਸਰਾਏਲ
1“ਪਰ ਹੁਣ ਹੇ ਯਾਕੋਬ ਮੇਰੇ ਸੇਵਕ,
ਹੇ ਇਸਰਾਏਲ ਜਿਸ ਨੂੰ ਮੈਂ ਚੁਣਿਆ, ਸੁਣ।
2ਇਹੀ ਹੈ ਜੋ ਯਾਹਵੇਹ ਆਖਦਾ ਹੈ,
ਜਿਸ ਨੇ ਤੈਨੂੰ ਸਾਜਿਆ, ਜਿਸ ਨੇ ਤੈਨੂੰ ਕੁੱਖ ਵਿੱਚ ਰਚਿਆ,
ਅਤੇ ਜੋ ਤੇਰੀ ਸਹਾਇਤਾ ਕਰੇਗਾ;
ਹੇ ਯਾਕੋਬ ਮੇਰੇ ਸੇਵਕ, ਨਾ ਡਰ!
ਯਸ਼ੁਰੂਨ#44:2 ਯਸ਼ੁਰੂਨ ਅਰਥਾਤ: ਧਰਮੀ; ਇਹ ਇਸਰਾਏਲ ਹੈ, ਜਿਸ ਨੂੰ ਮੈਂ ਚੁਣਿਆ ਹੈ।
3ਕਿਉਂ ਜੋ ਮੈਂ ਪਿਆਸੀ ਧਰਤੀ ਉੱਤੇ ਪਾਣੀ ਡੋਲ੍ਹਾਂਗਾ,
ਅਤੇ ਸੁੱਕੀ ਜ਼ਮੀਨ ਉੱਤੇ ਨਦੀਆਂ ਵਹਾਵਾਂਗਾ।
ਮੈਂ ਆਪਣਾ ਆਤਮਾ ਤੁਹਾਡੀ ਅੰਸ ਉੱਤੇ,
ਅਤੇ ਤੁਹਾਡੀ ਸੰਤਾਨ ਉੱਤੇ ਆਪਣੀ ਬਰਕਤ ਪਾਵਾਂਗਾ।
4ਉਹ ਘਾਹ ਦੇ ਮੈਦਾਨ ਵਿੱਚ ਘਾਹ ਵਾਂਗ ਉੱਗਣਗੇ,
ਵਗਦੀਆਂ ਨਦੀਆਂ ਵਿੱਚ ਚਿਨਾਰ ਦੇ ਰੁੱਖਾਂ ਵਾਂਗੂੰ।
5ਕੁਝ ਆਖਣਗੇ, ‘ਮੈਂ ਯਾਹਵੇਹ ਦਾ ਹਾਂ’;
ਦੂਸਰੇ ਆਪਣੇ ਆਪ ਨੂੰ ਯਾਕੋਬ ਦੇ ਨਾਮ ਨਾਲ ਬੁਲਾਉਣਗੇ;
ਅਜੇ ਵੀ ਦੂਸਰੇ ਆਪਣੇ ਹੱਥ ਉੱਤੇ ਲਿਖਣਗੇ, ‘ਯਾਹਵੇਹ ਦਾ,’
ਅਤੇ ਇਸਰਾਏਲ ਦਾ ਨਾਮ ਲੈਣਗੇ।”
ਯਾਹਵੇਹ ਮੂਰਤ ਨਹੀਂ ਹੈ
6ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ:
“ਇਸਰਾਏਲ ਦਾ ਰਾਜਾ ਅਤੇ ਮੁਕਤੀਦਾਤਾ, ਯਾਹਵੇਹ ਸਰਬਸ਼ਕਤੀਮਾਨ,#44:6 ਸਰਬਸ਼ਕਤੀਮਾਨ ਅਰਥਾਤ: ਸੈਨਾ ਦਾ ਯਾਹਵੇਹ ਪਰਮੇਸ਼ਵਰ
ਮੈਂ ਪਹਿਲਾ ਹਾਂ ਅਤੇ ਮੈਂ ਆਖਰੀ ਹਾਂ;
ਮੇਰੇ ਤੋਂ ਬਿਨਾਂ ਕੋਈ ਪਰਮੇਸ਼ਵਰ ਨਹੀਂ ਹੈ।
7ਮੇਰੇ ਵਰਗਾ ਕੌਣ ਹੈ? ਜੋ ਇਸ ਦਾ ਐਲਾਨ ਕਰੇ।
ਉਹ ਮੇਰੇ ਸਾਮ੍ਹਣੇ ਬਿਆਨ ਕਰੇ ਅਤੇ ਦੱਸੇ
ਜਦੋਂ ਤੋਂ ਮੈਂ ਆਪਣੇ ਪ੍ਰਾਚੀਨ ਲੋਕਾਂ ਨੂੰ ਸਥਾਪਿਤ ਕੀਤਾ ਹੈ ਉਸ ਸਮੇਂ ਤੋਂ ਕੀ ਹੋਇਆ,
ਅਤੇ ਕੀ ਆਉਣਾ ਹੈ, ਹਾਂ ਉਹ ਭਵਿੱਖਬਾਣੀ ਕਰੇ
ਕਿ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ।
8ਨਾ ਡਰ, ਨਾ ਘਬਰਾ।
ਕੀ ਮੈਂ ਇਸ ਗੱਲ ਦਾ ਪ੍ਰਚਾਰ ਅਤੇ ਸ਼ੁਰੂ ਤੋਂ ਨਹੀਂ ਸੁਣਾਇਆ ਸੀ?
ਤੁਸੀਂ ਮੇਰੇ ਗਵਾਹ ਹੋ। ਕੀ ਮੇਰੇ ਤੋਂ ਇਲਾਵਾ ਕੋਈ ਪਰਮੇਸ਼ਵਰ ਹੈ?
ਹੋਰ ਕੋਈ ਚੱਟਾਨ ਨਹੀਂ ਹੈ; ਮੈਂ ਕਿਸੇ ਨੂੰ ਨਹੀਂ ਜਾਣਦਾ।”
9ਮੂਰਤੀਆਂ ਬਣਾਉਣ ਵਾਲੇ ਕੁਝ ਵੀ ਨਹੀਂ ਹਨ,
ਅਤੇ ਜਿਹੜੀਆਂ ਚੀਜ਼ਾਂ ਉਹ ਸ਼ਿੰਗਾਰਦੇ ਹਨ ਉਹ ਬੇਕਾਰ ਹਨ।
ਜਿਹੜੇ ਉਨ੍ਹਾਂ ਲਈ ਬੋਲਣਾ ਚਾਹੁੰਦੇ ਹਨ ਉਹ ਅੰਨ੍ਹੇ ਹਨ;
ਇਸ ਲਈ ਉਹ ਸ਼ਰਮਿੰਦੇ ਹੋਣਗੇ।
10ਕੌਣ ਇੱਕ ਦੇਵਤੇ ਨੂੰ ਸਰੂਪ ਦਿੰਦਾ ਹੈ ਅਤੇ ਇੱਕ ਮੂਰਤੀ ਬਣਾਉਂਦਾ ਹੈ,
ਜਿਸ ਦਾ ਕੋਈ ਲਾਭ ਨਹੀਂ ਹੁੰਦਾ?
11ਜੋ ਲੋਕ ਅਜਿਹਾ ਕਰਦੇ ਹਨ, ਉਹ ਸ਼ਰਮਿੰਦਾ ਹੋਣਗੇ;
ਅਜਿਹੇ ਕਾਰੀਗਰ ਕੇਵਲ ਮਨੁੱਖ ਹਨ।
ਉਹ ਸਾਰੇ ਇਕੱਠੇ ਹੋਣ ਅਤੇ ਆਪਣਾ ਪੱਖ ਰੱਖਣ;
ਉਹ ਭੈਅ ਖਾਣਗੇ, ਉਹ ਇਕੱਠੇ ਸ਼ਰਮਿੰਦੇ ਹੋਣਗੇ।
12ਲੁਹਾਰ ਆਪਣਾ ਸੰਦ ਤਿੱਖਾ ਕਰਦਾ ਹੈ
ਅਤੇ ਕੋਲਿਆਂ ਨਾਲ ਕੰਮ ਕਰਦਾ ਹੈ;
ਉਹ ਹਥੌੜਿਆਂ ਨਾਲ ਮੂਰਤੀ ਬਣਾਉਂਦਾ ਹੈ,
ਉਹ ਆਪਣੀ ਬਾਂਹ ਦੀ ਤਾਕਤ ਨਾਲ ਇਸ ਨੂੰ ਘੜਦਾ ਹੈ।
ਉਹ ਭੁੱਖਾ ਰਹਿੰਦਾ ਹੈ ਅਤੇ ਆਪਣੀ ਤਾਕਤ ਗੁਆ ਲੈਂਦਾ ਹੈ;
ਉਹ ਪਾਣੀ ਨਹੀਂ ਪੀਂਦਾ ਅਤੇ ਥੱਕ ਜਾਂਦਾ ਹੈ।
13ਤਰਖਾਣ ਇੱਕ ਸੂਤ ਨਾਲ ਮਾਪਦਾ ਹੈ
ਉਹ ਕਲਮ ਨਾਲ ਉਸ ਉੱਤੇ ਨਿਸ਼ਾਨ ਲਾਉਂਦਾ ਹੈ;
ਉਹ ਉਸ ਨੂੰ ਰੰਦਿਆਂ ਨਾਲ ਬਣਾਉਂਦਾ,
ਅਤੇ ਪ੍ਰਕਾਰ ਨਾਲ ਉਸ ਦੇ ਨਿਸ਼ਾਨ ਲਾਉਂਦਾ,
ਉਹ ਉਸ ਨੂੰ ਮਨੁੱਖ ਦੇ ਰੂਪ ਵਿੱਚ
ਆਦਮੀ ਦੇ ਸੁਹੱਪਣ ਵਾਂਗੂੰ,
ਮੰਦਰ ਵਿੱਚ ਬਿਰਾਜਮਾਨ ਹੋਣ ਲਈ ਬਣਾਉਂਦਾ ਹੈ।
14ਉਹ ਦਿਆਰ ਨੂੰ ਵੱਢਦਾ,
ਉਹ ਸਰੂ ਜਾਂ ਬਲੂਤ ਲੈਂਦਾ ਹੈ।
ਉਹ ਉਸ ਨੂੰ ਜੰਗਲ ਦੇ ਰੁੱਖਾਂ ਵਿੱਚ ਉੱਗਣ ਦਿੰਦਾ,
ਉਹ ਚੀਲ ਦਾ ਰੁੱਖ ਲਾਉਂਦਾ ਅਤੇ ਮੀਂਹ ਉਹ ਨੂੰ ਵਧਾਉਂਦਾ ਹੈ।
15ਇਹ ਬਲਣ ਲਈ ਬਾਲਣ ਵਜੋਂ ਵਰਤਿਆ ਜਾਂਦਾ ਹੈ;
ਉਸ ਵਿੱਚੋਂ ਕੁਝ ਲੈ ਕੇ ਅੱਗ ਸੇਕਦਾ ਹੈ,
ਉਹ ਅੱਗ ਬਾਲ ਕੇ ਰੋਟੀ ਪਕਾਉਂਦੇ ਹੈ।
ਪਰ ਉਸ ਦੇ ਵਿੱਚੋਂ ਇੱਕ ਦੇਵਤਾ ਵੀ ਬਣਾਉਂਦਾ ਹੈ ਅਤੇ ਉਸ ਦੀ ਪੂਜਾ ਕਰਦਾ ਹੈ;
ਉਹ ਇੱਕ ਮੂਰਤੀ ਬਣਾਉਂਦਾ ਹੈ ਅਤੇ ਉਸ ਅੱਗੇ ਮੱਥਾ ਟੇਕਦਾ ਹੈ।
16ਅੱਧੀ ਲੱਕੜ ਉਹ ਅੱਗ ਵਿੱਚ ਸਾੜ ਦਿੰਦਾ ਹੈ;
ਉਸ ਉੱਤੇ ਉਹ ਆਪਣਾ ਭੋਜਨ ਤਿਆਰ ਕਰਦਾ ਹੈ,
ਉਹ ਆਪਣਾ ਮਾਸ ਭੁੰਨਦਾ ਹੈ ਅਤੇ ਰੱਜ ਕੇ ਖਾਂਦਾ ਹੈ।
ਨਾਲੇ ਉਹ ਅੱਗ ਸੇਕਦਾ ਅਤੇ ਆਖਦਾ ਹੈ,
“ਆਹਾ! ਮੈਂ ਗਰਮ ਹੋ ਗਿਆ, ਮੈਂ ਅੱਗ ਵੇਖੀ।”
17ਉਸੇ ਦਾ ਬਚਿਆ ਹੋਇਆ ਟੁੱਕੜਾ ਲੈ ਕੇ ਉਹ ਇੱਕ ਦੇਵਤਾ, ਇੱਕ ਬੁੱਤ ਬਣਾਉਂਦਾ ਹੈ;
ਉਹ ਇਸ ਨੂੰ ਮੱਥਾ ਟੇਕਦਾ ਹੈ ਅਤੇ ਪੂਜਾ ਕਰਦਾ ਹੈ।
ਉਹ ਇਸ ਅੱਗੇ ਪ੍ਰਾਰਥਨਾ ਕਰਦਾ ਹੈ ਅਤੇ ਕਹਿੰਦਾ ਹੈ,
“ਮੈਨੂੰ ਬਚਾ ਲੈ! ਤੂੰ ਮੇਰਾ ਦੇਵਤਾ ਹੈ!”
18ਉਹ ਕੁਝ ਨਹੀਂ ਜਾਣਦੇ, ਉਹ ਕੁਝ ਨਹੀਂ ਸਮਝਦੇ।
ਉਹਨਾਂ ਦੀਆਂ ਅੱਖਾਂ ਨੂੰ ਬੰਦ ਕੀਤਾ ਗਿਆ ਹੈ ਤਾਂ ਜੋ ਉਹ ਵੇਖ ਨਹੀਂ ਸਕਦੇ,
ਅਤੇ ਉਹਨਾਂ ਦੇ ਮਨ ਬੰਦ ਹਨ ਇਸ ਲਈ ਉਹ ਸਮਝ ਨਹੀਂ ਸਕਦੇ।
19ਕੋਈ ਉਸ ਉੱਤੇ ਧਿਆਨ ਨਹੀਂ ਦਿੰਦਾ,
ਨਾ ਕਿਸੇ ਨੂੰ ਗਿਆਨ ਹੈ, ਨਾ ਸਮਝ, ਕਿ ਉਹ ਆਖੇ,
“ਇਸ ਦਾ ਅੱਧਾ ਮੈਂ ਬਾਲਣ ਲਈ ਵਰਤਿਆ;
ਮੈਂ ਉਸ ਦੇ ਕੋਲਿਆਂ ਉੱਤੇ ਰੋਟੀ ਵੀ ਪਕਾਈ,
ਮੈਂ ਮਾਸ ਭੁੰਨਿਆ ਅਤੇ ਖਾਧਾ।
ਕੀ ਮੈਂ ਬਚੀ ਹੋਈ ਚੀਜ਼ ਤੋਂ ਘਿਣਾਉਣੀ ਚੀਜ਼ ਬਣਾਵਾਂ?
ਕੀ ਮੈਂ ਲੱਕੜ ਦੇ ਇੱਕ ਟੁਕੜੇ ਨੂੰ ਮੱਥਾ ਟੇਕਾਂ?”
20ਅਜਿਹਾ ਮਨੁੱਖ ਸੁਆਹ ਖਾਂਦਾ ਹੈ।
ਭਰਮਾਇਆ ਹੋਇਆ ਦਿਲ ਉਸ ਨੂੰ ਗੁਮਰਾਹ ਕਰਦਾ ਹੈ;
ਉਹ ਆਪਣੇ ਆਪ ਨੂੰ ਬਚਾ ਨਹੀਂ ਸਕਦਾ, ਜਾਂ ਕਹਿ ਸਕਦਾ ਹੈ,
“ਕੀ ਇਹ ਮੇਰੇ ਸੱਜੇ ਹੱਥ ਦੀ ਗੱਲ ਝੂਠ ਨਹੀਂ ਹੈ?”
21“ਹੇ ਯਾਕੋਬ, ਇਹ ਗੱਲਾਂ ਚੇਤੇ ਰੱਖ,
ਹੇ ਇਸਰਾਏਲ, ਤੂੰ ਮੇਰਾ ਸੇਵਕ ਜੋ ਹੈ,
ਮੈਂ ਤੈਨੂੰ ਬਣਾਇਆ ਹੈ, ਤੂੰ ਮੇਰਾ ਸੇਵਕ ਹੈ।
ਹੇ ਇਸਰਾਏਲ, ਮੈਂ ਤੈਨੂੰ ਨਹੀਂ ਭੁੱਲਾਂਗਾ।
22ਮੈਂ ਤੁਹਾਡੇ ਅਪਰਾਧਾਂ ਨੂੰ ਬੱਦਲ ਵਾਂਙੁ,
ਤੁਹਾਡੇ ਪਾਪਾਂ ਨੂੰ ਸਵੇਰ ਦੀ ਧੁੰਦ ਵਾਂਗੂੰ ਦੂਰ ਕਰ ਦਿੱਤਾ ਹੈ।
ਮੇਰੇ ਕੋਲ ਵਾਪਸ ਆ,
ਕਿਉਂ ਜੋ ਮੈਂ ਤੈਨੂੰ ਛੁਡਾਇਆ ਹੈ।”
23ਹੇ ਅਕਾਸ਼ੋਂ, ਖੁਸ਼ੀ ਦੇ ਗੀਤ ਗਾਓ ਕਿਉਂਕਿ ਯਾਹਵੇਹ ਨੇ ਇਹ ਕੀਤਾ ਹੈ;
ਹੇ ਧਰਤੀ ਹੇਠਲੇ ਸਥਾਨੋਂ, ਉੱਚੀ ਆਵਾਜ਼ ਵਿੱਚ ਬੋਲੋ।
ਹੇ ਪਹਾੜੋ ਖੁੱਲ੍ਹ ਕੇ ਜੈ-ਜੈਕਾਰ ਕਰੋ,
ਹੇ ਜੰਗਲ ਅਤੇ ਉਸਦੇ ਸਾਰੇ ਰੁੱਖ, ਗੀਤ ਗਾਓ,
ਕਿਉਂਕਿ ਯਾਹਵੇਹ ਨੇ ਯਾਕੋਬ ਨੂੰ ਛੁਡਾਇਆ ਹੈ,
ਉਹ ਇਸਰਾਏਲ ਵਿੱਚ ਆਪਣੀ ਮਹਿਮਾ ਪ੍ਰਗਟ ਕਰਦਾ ਹੈ।
ਯੇਰੂਸ਼ਲੇਮ ਵਿੱਚ ਵੱਸਣ ਲਈ
24ਯਾਹਵੇਹ ਇਹੀ ਆਖਦਾ ਹੈ,
ਤੇਰਾ ਛੁਡਾਉਣ ਵਾਲਾ, ਜਿਸ ਨੇ ਤੈਨੂੰ ਕੁੱਖ ਵਿੱਚ ਰਚਿਆ:
“ਮੈਂ ਯਾਹਵੇਹ ਹਾਂ,
ਸਭਨਾਂ ਵਸਤਾਂ ਦਾ ਸਿਰਜਣਹਾਰ,
ਜਿਹੜਾ ਅਕਾਸ਼ ਨੂੰ ਫੈਲਾਉਂਦਾ ਹੈ,
ਜੋ ਆਪਣੇ ਆਪ ਤੋਂ ਧਰਤੀ ਨੂੰ ਫੈਲਾਉਂਦਾ ਹੈ,
25ਜੋ ਝੂਠੇ ਨਬੀਆਂ ਦੀਆਂ ਨਿਸ਼ਾਨੀਆਂ ਨੂੰ ਨਾਕਾਮ ਕਰਦਾ ਹੈ
ਅਤੇ ਭਵਿੱਖ ਦੱਸਣ ਵਾਲਿਆ ਨੂੰ ਮੂਰਖ ਬਣਾਉਂਦਾ ਹੈ,
ਮੈਂ ਸਿਆਣਿਆਂ ਨੂੰ ਪਿੱਛੇ ਹਟਾਉਂਦਾ,
ਅਤੇ ਉਹਨਾਂ ਦਾ ਗਿਆਨ ਬੇਵਕੂਫ਼ੀ ਬਣਾ ਦਿੰਦਾ ਹਾਂ,
26ਜੋ ਆਪਣੇ ਸੇਵਕਾਂ ਦੀਆਂ ਗੱਲਾਂ ਨੂੰ ਕਾਇਮ ਰੱਖਦਾ ਹਾਂ
ਅਤੇ ਆਪਣੇ ਸੰਦੇਸ਼ਵਾਹਕਾਂ ਦੀਆਂ ਯੋਜਨਾ ਨੂੰ ਪੂਰਾ ਕਰਦਾ ਹੈ।
“ਅਤੇ ਮੈਂ ਯੇਰੂਸ਼ਲੇਮ ਬਾਰੇ ਆਖਦਾ ਹੈ, ‘ਇਹ ਆਬਾਦ ਹੋਵੇਗਾ,’
ਯਹੂਦਾਹ ਦੇ ਕਸਬਿਆਂ ਦੇ ਵਿਖੇ, ‘ਉਹ ਮੁੜ ਬਣਾਏ ਜਾਣਗੇ,’
ਅਤੇ ਉਨ੍ਹਾਂ ਦੇ ਖੰਡਰਾਂ ਨੂੰ, ‘ਮੈਂ ਉਨ੍ਹਾਂ ਨੂੰ ਮੁੜ ਸਥਾਪਿਤ ਕਰਾਂਗਾ,’
27ਜੋ ਡੂੰਘੇ ਪਾਣੀਆਂ ਨੂੰ ਆਖਦਾ ਹੈ, ‘ਸੁੱਕ ਜਾ,
ਅਤੇ ਮੈਂ ਤੁਹਾਡੀਆਂ ਨਦੀਆਂ ਨੂੰ ਸੁਕਾ ਦਿਆਂਗਾ,’
28ਜੋ ਕੋਰੇਸ਼ ਬਾਰੇ ਕਹਿੰਦਾ ਹੈ, ‘ਉਹ ਮੇਰਾ ਅਯਾਲੀ ਹੈ
ਅਤੇ ਉਹ ਸਭ ਕੁਝ ਪੂਰਾ ਕਰੇਗਾ ਜੋ ਮੈਂ ਚਾਹਾਂਗਾ;
ਉਹ ਯੇਰੂਸ਼ਲੇਮ ਬਾਰੇ ਕਹੇਗਾ, “ਇਸ ਨੂੰ ਮੁੜ ਉਸਾਰਿਆ ਜਾਵੇ,”
ਅਤੇ ਹੈਕਲ#44:28 ਹੈਕਲ ਅਰਥਾਤ: ਯਹੂਦਿਆਂ ਦਾ ਮੰਦਰ ਬਾਰੇ, “ਇਸਦੀ ਨੀਂਹ ਰੱਖੀ ਜਾਵੇ।” ’
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.