Fò sí àkóónú

ਯਸ਼ਾਯਾਹ 26

26
ਉਸਤਤ ਦਾ ਗੀਤ
1ਉਸ ਦਿਨ ਯਹੂਦਾਹ ਦੀ ਧਰਤੀ ਵਿੱਚ ਇਹ ਗੀਤ ਗਾਇਆ ਜਾਵੇਗਾ:
ਸਾਡੇ ਕੋਲ ਇੱਕ ਮਜ਼ਬੂਤ ਸ਼ਹਿਰ ਹੈ;
ਉਸ ਦੀਆਂ ਕੰਧਾਂ ਅਤੇ ਸ਼ਹਿਰਪਨਾਹ ਨੂੰ
ਪਰਮੇਸ਼ਵਰ ਨੇ ਮੁਕਤੀ ਠਹਿਰਾਇਆ।
2ਦਰਵਾਜ਼ੇ ਖੋਲ੍ਹੋ
ਤਾਂ ਜੋ ਧਰਮੀ ਕੌਮ ਪ੍ਰਵੇਸ਼ ਕਰੇ,
ਉਹ ਕੌਮ ਜਿਹੜੀ ਨਿਹਚਾ ਰੱਖਦੀ ਹੈ।
3ਜਿਹੜਾ ਤੇਰੇ ਵਿੱਚ ਲਵਲੀਨ ਹੈ,
ਉਸ ਦੀ ਯਾਹਵੇਹ ਪੂਰੀ ਸ਼ਾਂਤੀ ਨਾਲ ਰਾਖੀ ਕਰਦਾ ਹੈ,
ਇਸ ਲਈ ਕਿ ਉਸ ਦਾ ਭਰੋਸਾ ਤੇਰੇ ਉੱਤੇ ਹੈ।
4ਯਾਹਵੇਹ ਉੱਤੇ ਸਦਾ ਲਈ ਭਰੋਸਾ ਰੱਖੋ,
ਕਿਉਂ ਜੋ ਪ੍ਰਭੂ ਯਾਹਵੇਹ ਸਨਾਤਨ ਚੱਟਾਨ ਹੈ।
5ਉਹ ਉੱਚੇ ਰਹਿਣ ਵਾਲਿਆਂ ਨੂੰ ਨੀਵਾਂ ਕਰਦਾ ਹੈ,
ਉਹ ਉੱਚੇ ਸ਼ਹਿਰ ਨੂੰ ਨੀਵਾਂ ਝੁਕਾਉਂਦਾ ਹੈ।
ਉਹ ਇਸ ਨੂੰ ਜ਼ਮੀਨ ਤੇ ਲੈ ਜਾਂਦਾ ਹੈ
ਅਤੇ ਇਸ ਨੂੰ ਮਿੱਟੀ ਵਿੱਚ ਸੁੱਟ ਦਿੰਦਾ ਹੈ।
6ਉਹ ਪੈਰਾਂ ਨਾਲ,
ਸਗੋਂ ਮਸਕੀਨਾਂ
ਅਤੇ ਗਰੀਬਾਂ ਦੇ ਪੈਰਾਂ ਨਾਲ ਮਿੱਧਿਆ ਜਾਵੇਗਾ।
7ਧਰਮੀ ਦਾ ਰਾਹ ਪੱਧਰਾ ਹੈ,
ਤੂੰ ਜੋ ਆਪ ਸਿੱਧਾ ਹੈ ਧਰਮੀ ਦਾ ਰਾਹ ਪੱਧਰਾ ਕਰਦਾ ਹੈ।
8ਹਾਂ, ਯਾਹਵੇਹ, ਤੇਰੇ ਨਿਆਂ ਦੇ ਰਾਹਾਂ ਵਿੱਚ,
ਅਸੀਂ ਤੇਰੀ ਉਡੀਕ ਕਰਦੇ ਹਾਂ;
ਤੇਰਾ ਨਾਮ ਅਤੇ ਪ੍ਰਸਿੱਧੀ
ਸਾਡੇ ਦਿਲ ਦੀ ਇੱਛਾ ਹੈ।
9ਮੇਰੀ ਜਾਨ ਰਾਤ ਨੂੰ ਤੇਰੇ ਲਈ ਤਰਸਦੀ ਹੈ।
ਸਵੇਰ ਨੂੰ ਮੇਰਾ ਆਤਮਾ ਤੇਰੇ ਲਈ ਤਰਸਦਾ ਹੈ।
ਜਦੋਂ ਤੇਰੇ ਨਿਆਂ ਧਰਤੀ ਉੱਤੇ ਆਉਂਦੇ ਹਨ,
ਦੁਨੀਆਂ ਦੇ ਲੋਕ ਧਰਮ ਸਿੱਖਦੇ ਹਨ।
10ਭਾਵੇਂ ਦੁਸ਼ਟ ਉੱਤੇ ਕਿਰਪਾ ਕੀਤੀ ਜਾਵੇ,
ਤਾਂ ਵੀ ਉਹ ਧਰਮ ਨਹੀਂ ਸਿੱਖੇਗਾ,
ਭਲੇ ਲੋਕਾਂ ਵਿੱਚ ਵੀ ਉਹ ਬੁਰਿਆਈ ਹੀ ਕਰੇਗਾ,
ਅਤੇ ਯਾਹਵੇਹ ਦੇ ਤੇਜ ਦੀ ਪਰਵਾਹ ਨਹੀਂ ਕਰਦਾ।
11ਹੇ ਯਾਹਵੇਹ, ਤੇਰਾ ਹੱਥ ਉੱਚਾ ਕੀਤਾ ਗਿਆ ਹੈ,
ਪਰ ਉਹ ਨਹੀਂ ਵੇਖਦੇ।
ਉਹ ਤੇਰੇ ਲੋਕਾਂ ਲਈ ਤੇਰਾ ਜੋਸ਼ ਵੇਖਣਗੇ ਅਤੇ ਸ਼ਰਮਿੰਦਾ ਹੋਣਗੇ;
ਤੁਹਾਡੇ ਦੁਸ਼ਮਣਾਂ ਲਈ ਰਾਖਵੀਂ ਅੱਗ ਉਨ੍ਹਾਂ ਨੂੰ ਭਸਮ ਕਰ ਦੇਵੇ।
12ਹੇ ਯਾਹਵੇਹ, ਤੂੰ ਸਾਡੇ ਲਈ ਸ਼ਾਂਤੀ ਸਥਾਪਿਤ ਕੀਤੀ;
ਸਾਡੇ ਸਾਰੇ ਕੰਮ ਜੋ ਅਸੀਂ ਕੀਤੇ, ਉਹ ਤੂੰ ਸਾਡੇ ਲਈ ਪੂਰੇ ਕੀਤੇ।
13ਹੇ ਯਾਹਵੇਹ ਸਾਡੇ ਪਰਮੇਸ਼ਵਰ, ਤੇਰੇ ਤੋਂ ਬਿਨ੍ਹਾਂ ਹੋਰ ਪ੍ਰਭੂਆਂ ਨੇ ਸਾਡੇ ਉੱਤੇ ਰਾਜ ਕੀਤਾ,
ਪਰ ਅਸੀਂ ਸਿਰਫ ਤੇਰੇ ਨਾਮ ਦਾ ਹੀ ਆਦਰ ਕਰਦੇ ਹਾਂ।
14ਉਹ ਹੁਣ ਮਰ ਚੁੱਕੇ ਹਨ, ਉਹ ਹੁਣ ਜੀਉਂਦੇ ਨਹੀਂ ਹਨ,
ਉਹਨਾਂ ਦੀ ਆਤਮਾ ਨਿਕਲ ਗਈ ਹੈ ਉਹ ਹੁਣ ਨਹੀਂ ਉੱਠਦੇ,
ਤੂੰ ਉਨ੍ਹਾਂ ਨੂੰ ਸਜ਼ਾ ਦਿੱਤੀ ਅਤੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ,
ਤੁਸੀਂ ਉਹਨਾਂ ਦੀ ਸਾਰੀ ਯਾਦ ਮਿਟਾ ਦਿੱਤੀ ਹੈ।
15ਯਾਹਵੇਹ, ਤੂੰ ਕੌਮ ਨੂੰ ਵਧਾਇਆ,
ਤੂੰ ਕੌਮ ਨੂੰ ਵਧਾਇਆ,
ਤੂੰ ਆਦਰ ਪਾਇਆ,
ਤੂੰ ਹੀ ਦੇਸ਼ ਦੀਆਂ ਹੱਦਾਂ ਨੂੰ ਦੂਰ-ਦੂਰ ਫ਼ੈਲਾਇਆ।
16ਹੇ ਯਾਹਵੇਹ, ਦੁੱਖ ਵਿੱਚ ਉਹਨਾਂ ਨੇ ਤੈਨੂੰ ਤੱਕਿਆ;
ਜਦ ਤੇਰਾ ਦਬਕਾ ਉਹਨਾਂ ਉੱਤੇ ਹੋਇਆ,
ਤਾਂ ਉਹ ਹੌਲੀ-ਹੌਲੀ ਪ੍ਰਾਰਥਨਾ ਕਰਨ ਲੱਗੇ।
17ਜਿਵੇਂ ਇੱਕ ਗਰਭਵਤੀ ਔਰਤ ਦੇ ਜਨਮ ਦੇ ਦਿਨ ਨੇੜੇ ਹੁੰਦੇ ਹਨ,
ਆਪਣੀਆਂ ਪੀੜਾਂ ਵਿੱਚ ਤੜਫ਼ਦੀ ਅਤੇ ਚਿੱਲਾਉਂਦੀ ਹੈ,
ਉਸੇ ਤਰ੍ਹਾਂ ਹੀ ਹੇ ਯਾਹਵੇਹ ਅਸੀਂ ਵੀ ਤੇਰੇ ਹਜ਼ੂਰ ਸੀ!
18ਅਸੀਂ ਗਰਭੀ ਹੋਏ, ਅਸੀਂ ਤੜਫ਼ੇ,
ਪਰ ਅਸੀਂ ਹਵਾ ਨੂੰ ਜਨਮ ਦਿੱਤਾ।
ਅਸੀਂ ਧਰਤੀ ਵਿੱਚ ਬਚਾਓ ਦਾ ਕੋਈ ਕੰਮ ਨਹੀਂ ਕੀਤਾ,
ਅਤੇ ਸੰਸਾਰ ਦੇ ਲੋਕ ਜੀਵਨ ਵਿੱਚ ਨਹੀਂ ਆਏ।
19ਹੇ ਯਾਹਵੇਹ, ਤੇਰੇ ਮੁਰਦੇ ਜੀਉਣਗੇ,
ਉਨ੍ਹਾਂ ਦੀਆਂ ਲੋਥਾਂ ਉੱਠਣਗੀਆਂ।
ਹੇ ਖ਼ਾਕ ਦੇ ਵਾਸੀਓ,
ਜਾਗੋ, ਜੈਕਾਰਾ ਗਜਾਓ!
ਕਿਉਂ ਜੋ ਤੇਰੀ ਤ੍ਰੇਲ ਬੂਟੀਆਂ ਦੀ ਤ੍ਰੇਲ ਵਰਗੀ ਹੈ,
ਅਤੇ ਧਰਤੀ ਮਰੇ ਹੋਇਆਂ ਨੂੰ ਮੋੜ ਦੇਵੇਗੀ।
20ਹੇ ਮੇਰੇ ਲੋਕੋ, ਆਪਣੀਆਂ ਕੋਠੜੀਆਂ ਵਿੱਚ ਵੜੋ
ਅਤੇ ਆਪਣੇ ਪਿੱਛੇ ਦਰਵਾਜ਼ੇ ਬੰਦ ਕਰੋ।
ਆਪਣੇ ਆਪ ਨੂੰ ਥੋੜੀ ਦੇਰ ਲਈ ਲੁਕਾ ਲੈ
ਜਦ ਤੱਕ ਉਸ ਦਾ ਕ੍ਰੋਧ ਨਾ ਲੰਘ ਜਾਵੇ।
21ਵੇਖੋ, ਯਾਹਵੇਹ ਧਰਤੀ ਦੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦੇਣ ਲਈ
ਆਪਣੇ ਨਿਵਾਸ ਸਥਾਨ ਤੋਂ ਬਾਹਰ ਆ ਰਿਹਾ ਹੈ।
ਧਰਤੀ ਆਪਣੇ ਉੱਤੇ ਵਹਾਏ ਗਏ ਲਹੂ ਨੂੰ ਪ੍ਰਗਟ ਕਰੇਗੀ;
ਧਰਤੀ ਆਪਣੇ ਵੱਢੇ ਹੋਏ ਲੋਕਾਂ ਨੂੰ ਫੇਰ ਨਹੀਂ ਢੱਕੇਗੀ।